ਗੁਲਜ਼ਾਰ ਸਿੰਘ ਸੰਧੂ
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੀ ਡਾਇਰੈਕਟਰ ਜਨਰਲ ਸਾਉਮੀਆ ਸਵਾਮੀਨਾਥਨ ਦੀ ਸੰਸਾਰ ਦੀ ਉਚਤਮ ਸਿਹਤ ਸੰਸਥਾ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵਿਖੇ ਡਿਪਟੀ ਡਾਕਟਰ ਇੰਸਪੈਕਟਰ ਜਨਰਲ (ਪ੍ਰੋਗਰਾਮਜ਼) ਵਜੋਂ ਨਿਯੁਕਤੀ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ। ਜੇ ਸਾਉਮੀਆ ਦੇ ਪਿਤਾ ਐਮæ ਐਸ਼ ਸਵਾਮੀਨਾਥਨ ਨੇ ਡਾæ ਐਮæ ਐਸ਼ ਰੰਧਾਵਾ ਨਾਲ ਮਿਲ ਕੇ ਦੇਸ਼ ਵਿਚ ਹਰੀ ਕ੍ਰਾਂਤੀ ਦੀ ਨੀਂਹ ਰੱਖੀ ਤਾਂ ਸਾਉਮੀਆ ਦੁਨੀਆਂ ਭਰ ਦੇ ਸਿਹਤ ਪ੍ਰੋਗਰਾਮਾਂ ਨੂੰ ਸੇਧ ਦੇਣ ਜਾ ਰਹੀ ਹੈ।
ਸਾਉਮੀਆ ਦਾ ਮੱਤ ਹੈ ਕਿ ਪੂਰੇ ਸੰਸਾਰ ਨੂੰ ਸੱਠ ਪ੍ਰਤੀਸ਼ਤ ਮੁਢਲੀਆਂ ਦਵਾਈਆਂ ਸਪਲਾਈ ਕਰਨ ਵਾਲਾ ਭਾਰਤ ਇਹੋ ਜਿਹੀਆਂ ਜੜ੍ਹੀ-ਬੂਟੀਆਂ ਦਾ ਦੇਸ਼ ਹੈ ਜੋ ਦੂਜੇ ਦੇਸ਼ਾਂ ਦੇ ਸਿਹਤ ਵਿਗਿਆਨੀਆਂ ਨਾਲ ਮਿਲ ਕੇ ਆਮ ਰੋਗਾਂ ਦੇ ਮੁਢਲੇ ਚਿੰਨ੍ਹ ਪਛਾਣਨ ਤੇ ਉਨ੍ਹਾਂ ਲਈ ਸਸਤੀਆਂ ਦਵਾਈਆਂ ਤਿਆਰ ਕਰਨ ਵਿਚ ਪਹਿਲਾਂ ਨਾਲੋਂ ਵਡੇਰਾ ਯੋਗਦਾਨ ਪਾ ਸਕਦਾ ਹੈ। ਖਾਸ ਕਰਕੇ ਅਜਿਹੇ ਰੋਗਾਂ ਲਈ ਜਿਹੜੇ ਘੜੀ-ਮੁੜੀ ਸਿਰ ਚੁੱਕਣ ਤੋਂ ਬਾਜ਼ ਨਹੀਂ ਆਉਂਦੇ। ਇਹ ਕੰਮ ਖੁੱਲ੍ਹੀ ਮਾਇਕ ਸਹਾਇਤਾ ਤੇ ਵਡੇਰੀ ਲਗਨ ਤੋਂ ਬਿਨਾ ਨਹੀਂ ਹੋ ਸਕਦਾ। ਡਬਲਯੂæ ਐਚæ ਓæ ਦੇ ਮਾਇਕ ਵਸੀਲਿਆਂ ਤੇ ਪੂੰਜੀਵਾਦੀ ਦੇਸ਼ਾਂ ਦੇ ਸਮਰਥਨ ਸਦਕਾ ਭਵਿੱਖ ਵਿਚ ਬਹੁਤ ਚੰਗੇ ਨਤੀਜੇ ਲਏ ਜਾ ਸਕਦੇ ਹਨ। ਉਹ ਇਹ ਮੰਨ ਕੇ ਚਲਦੀ ਹੈ ਕਿ ਸ਼ਹਿਰੀ ਪ੍ਰਯੋਗਸ਼ਾਲਾ ਨਾਲੋਂ ਦੂਰ-ਦੁਰੇਡੇ ਖੇਤਾਂ ਵਿਚ ਕੰਮ ਕੀਤਿਆਂ ਚੰਗੇਰੇ ਨਤੀਜੇ ਮਿਲਦੇ ਹਨ।
ਜੇ ਭਾਰਤੀ ਚਿਕਿਤਸਾ ਦੇ ਮਾਹਰ ਆਪਣੇ ਦੇਸ਼ ਨੂੰ ਪੋਲੀਓ ਮੁਕਤ ਕਰਨ ਵਿਚ ਸਫਲ ਹੋ ਸਕਦੇ ਹਨ ਤਾਂ ਮਾਇਕ ਵਸੀਲੇ ਮਿਲਣ ਨਾਲ ਤਪਦਿਕ ਵਰਗੇ ਗੰਭੀਰ ਰੋਗਾਂ ਉਤੇ ਵੀ ਕਾਬੂ ਪਾ ਸਕਦੇ ਹਨ। ਨਿਸ਼ਚੇ ਹੀ ਜੈਨੀਵਾ ਵਾਲੇ ਵੱਡੇ ਦਫਤਰ ਦੀ ਕਮਾਂਡ ਸੰਭਾਲਣ ਤੋਂ ਪਿਛੋਂ ਉਹ ਆਪਣੀ ਪਿੱਤਰੀ ਸੰਸਥਾ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੂੰ ਨਹੀਂ ਭੁਲਣ ਲੱਗੀ।
ਜੈਨੀਵਾ ਲਈ ਸਾਉਮੀਆ ਸਵਾਮੀਨਾਥਨ ਦਾ ਚਿਹਰਾ ਪਹਿਲਾ ਭਾਰਤੀ ਨਹੀਂ ਹੋਣ ਲੱਗਿਆ। ਚਾਰ ਦਹਾਕੇ ਪਹਿਲਾਂ ਸਵਰਗਵਾਸੀ ਪੰਜਾਬੀ ਕਵੀ ਦੀਵਾਨ ਸਿੰਘ ਕਾਲੇਪਾਣੀ ਦਾ ਬੇਟਾ ਡਾæ ਐਚæ ਐਸ਼ ਢਿੱਲੋਂ ਇਸ ਸੰਸਥਾ ਵਿਖੇ ਪਿਛਲੀ ਸਦੀ ਦੇ 7ਵੇਂ-8ਵੇਂ ਦਹਾਕੇ ਵਿਚ ਅਠਾਰਾਂ ਸਾਲ ਸਲਾਹਕਾਰ ਵਜੋਂ ਤਾਇਨਾਤ ਰਹਿ ਚੁਕਾ ਹੈ। ਉਹ ਦੁਨੀਆਂ ਭਰ ਦੇ ਸਿਹਤ ਵਿਦਿਆ ਸੰਗਠਨਾਂ ਦਾ ਕੰਮ ਦੇਖਦਾ ਸੀ। ਨਿਸ਼ਚੇ ਹੀ ਉਸ ਦਾ ਅਧਿਕਾਰ ਖੇਤਰ ਸਾਉਮੀਆ ਸਵਾਮੀਨਾਥਨ ਜਿੰਨਾ ਨਹੀਂ ਸੀ ਪਰ ਸਮੁੱਚੇ ਸੰਸਾਰ ਨੂੰ ਮੁਢਲੀ ਸਿਹਤ ਵਿਦਿਆ ਦੇਣਾ ਵੀ ਘਟ ਅਹਿਮ ਨਹੀਂ।
ਪੀਪਲਜ਼ ਫੋਰਮ ਬਰਗਾੜੀ ਦਾ ਸਾਹਿਤਕ ਉਦਮ: ਅੱਜ ਜਦੋਂ ਪੰਜਾਬੀ ਪ੍ਰਕਾਸ਼ਕ ਅਤੇ ਲੇਖਕ ਲਗਾਤਾਰ ਇਹ ਤੌਖਲਾ ਪ੍ਰਗਟ ਕਰ ਰਹੇ ਹਨ ਕਿ ਸਾਹਿਤਕ ਪਾਠਕ ਘੱਟ ਰਹੇ ਹਨ ਤਾਂ ਪੀਪਲਜ਼ ਫੋਰਮ (ਰਜਿ:) ਬਰਗਾੜੀ (ਜੈਤੋ) ਪੰਜਾਬੀ ਨੇ 600 ਤੋਂ ਵੱਧ ਪਾਠਕਾਂ ਦਾ ਇਕ ਅਜਿਹਾ ਗਰੁਪ ਕਾਇਮ ਕਰ ਲਿਆ ਹੈ ਜਿਸ ਦੇ ਹਰੇਕ ਮੈਂਬਰ ਨੂੰ ਸੰਸਥਾ ਵੱਲੋਂ ਹਰ ਦੋ ਮਹੀਨੇ ਬਾਅਦ ਪੰਜ ਸਾਹਿਤਕ ਪੁਸਤਕਾਂ ਦਾ ਇੱਕ ਸੈਟ 250 ਰੁਪਏ ਵਿਚ ਭੇਜਿਆ ਜਾਂਦਾ ਹੈ। ਫੋਰਮ ਦੀ ਕਮਾਂਡ ਉਦਮੀ ਨੌਜਵਾਨ ਖੁਸ਼ਵੰਤ ਬਰਗਾੜੀ ਦੇ ਹੱਥ ਹੈ।
ਅਕਤੂਬਰ 2013 ਤੋਂ ਸ਼ੁਰੂ ਕੀਤੀ ਇਸ ਮੁਹਿੰਮ ਅਧੀਨ ਹੁਣ ਤੱਕ ਭੇਜੇ ਗਏ 29 ਸੈਟਾਂ ਵਿਚ 140 ਵੱਖ-ਵੱਖ ਪੁਸਤਕਾਂ ਦੇਸ਼-ਵਿਦੇਸ਼ ਵਿਚ ਹਜ਼ਾਰਾਂ ਪੁਸਤਕ ਪ੍ਰੇਮੀਆਂ ਕੋਲ ਭੇਜੀਆ ਜਾ ਚੁਕੀਆਂ ਹਨ। ਇਸ ਮੁਹਿੰਮ ਦੀ ਖਾਸੀਅਤ ਇਹ ਹੈ ਕਿ ਵੱਖ-ਵੱਖ ਲੇਖਕਾਂ, ਪ੍ਰਕਾਸ਼ਕਾਂ ਅਤੇ ਵਿਧਾਵਾਂ ਦੀਆਂ ਪੁਸਤਕਾਂ ਘਰ ਬੈਠੇ ਹੀ ਪਾਠਕ ਨੂੰ ਸਿਰਫ ਲਾਗਤ ਮੁੱਲ ‘ਤੇ ਮਿਲ ਜਾਂਦੀਆਂ ਹਨ। ਅੱਜ ਦੇ ਦਿਨ ਪੰਜਾਬ, ਹਰਿਆਣਾ ਤੋਂ ਇਲਾਵਾ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ, ਇੰਗਲੈਂਡ, ਇਟਲੀ, ਸਪੇਨ, ਮਲੇਸ਼ੀਆ, ਹਾਂਗਕਾਂਗ ਵਿਚ ਬੈਠੇ ਪੰਜਾਬੀ ਪਾਠਕ ਇਸ ਮੁਹਿੰਮ ਨਾਲ ਜੁੜ ਚੁਕੇ ਹਨ। ਦੇਸ਼ ਭਰ ਵਿਚ ਪੰਜਾਬ ਤੇ ਹਰਿਆਣਾ ਤੋਂ ਬਾਹਰ ਦੇ ਵੱਡੇ ਅਫਸਰ ਹੀ ਨਹੀਂ, ਖੇਤ ਮਜ਼ਦੂਰ ਵੀ ਇਸ ਚੇਤਨਾ ਮੁਹਿੰਮ ਨਾਲ ਜੁੜ ਚੁਕੇ ਹਨ।
ਪਿਛਲੇ ਅੱਠ ਸਾਲਾਂ ਤੋਂ ਇਹ ਸੰਸਥਾ ਹਰ ਵਰ੍ਹੇ ਫਰੀਦਕੋਟ ਵਿਚ ਪੰਜ ਦਿਨਾ ਪੁਸਤਕ ਮੇਲਾ ਵੀ ਲਾਉਂਦੀ ਹੈ ਜਿਸ ਵਿਚ ਲੱਖਾਂ ਰੁਪਏ ਦੀਆਂ ਪੁਸਤਕਾਂ ਪਾਠਕ ਖਰੀਦਦੇ ਹਨ। ਪੁਸਤਕ ਸੱਭਿਆਚਾਰ ਪੈਦਾ ਕਰਨ ਵਿਚ ਪੀਪਲਜ਼ ਫੋਰਮ ਬਰਗਾੜੀ ਵੱਡਾ ਕੰਮ ਕਰ ਰਹੀ ਹੈ। ਇਥੇ ਹੀ ਬੱਸ ਨਹੀਂ, ਇਹ ਫੋਰਮ ਪੰਜਾਬੀ ਦੇ ਚੰਗੇ ਸਾਹਿਤਕ ਰਸਾਲਿਆਂ ਦੀਆਂ 650 ਕਾਪੀਆਂ ਲੱਗੇ ਮੁਲ ‘ਤੇ ਖਰੀਦ ਦੇ ਆਪਣੇ ਪਾਠਕਾਂ ਤੱਕ ਪਹੁੰਚਾਉਂਦੀ ਹੈ। ਫੋਰਮ ਨੇ ਇਸ ਮੁਹਿਮ ਦਾ ਨਾਂ ‘ਅੱਧਾ ਕੱਪ ਚਾਹ ਦੇ ਮੁੱਲ ਦੀ ਲਾਇਬਰੇਰੀ’ ਰੱਖਿਆ ਹੈ।
ਅੰਤਿਕਾ:
ਅਬ ਹਵਾਏਂ ਹੀ ਕਰੇਂਗੀ ਰੋਸ਼ਨੀ ਕਾ ਫੈਸਲਾ
ਜਿਸ ਦੀਏ ਮੇਂ ਜਾਨ ਹੋਗੀ
ਵੁਹ ਦੀਆ ਰਹਿ ਜਾਏਗਾ।