ਗੁਰਦਾਸਪੁਰ ਦੀ ਚੋਣ ਨੇ ਫਿਰ ਮਘਾਇਆ ਸਿਆਸੀ ਪਿੜ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਲੋਕ ਸਭਾ ਚੋਣਾਂ ਤੋਂ ਮਹਿਜ਼ ਡੇਢ ਸਾਲ ਪਹਿਲਾਂ ਗੁਰਦਾਸਪੁਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਵਿਚ ਅਕਾਲੀ ਭਾਜਪਾ ਗੱਠਜੋੜ ਨੂੰ ਨਮੋਸ਼ੀ ਵਾਲੀ ਹਾਰ ਨੇ ਸੂਬੇ ਵਿਚ ਵੱਡੀ ਸਿਆਸੀ ਹਿਲਜੁਲ ਦੇ ਸੰਕੇਤ ਦਿੱਤੇ ਹਨ। ਮੁਢਲੇ ਤੌਰ ‘ਤੇ ਇਸ ਹਾਰ ਨੂੰ ਅਕਾਲੀਆਂ ਦੇ ‘ਕਰਮਾਂ’ ਦਾ ਫਲ ਦੱਸਿਆ ਜਾ ਰਿਹਾ ਹੈ। ਇਸ ਹਾਰ ਪਿੱਛੋਂ ਪੰਜਾਬ ਭਾਜਪਾ ਵਿਚ ਅਕਾਲੀ ਦਲ ਨਾਲੋਂ ਤੋੜ ਵਿਛੋੜੇ ਦੀ ਚਰਚਾ ਵੀ ਮੁੜ ਸ਼ੁਰੂ ਹੋ ਗਈ ਹੈ।

ਗੁਰਦਾਸਪੁਰ ਸੰਸਦੀ ਹਲਕੇ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਮਰਹੂਮ ਫਿਲਮ ਕਲਾਕਾਰ ਅਤੇ ਸਿਆਸਤਦਾਨ ਵਿਨੋਦ ਖੰਨਾ ਚੌਥੀ ਵਾਰ ਇਸ ਹਲਕੇ ਵਿਚੋਂ ਲੋਕ ਸਭਾ ਲਈ ਚੋਣ ਜਿੱਤੇ ਸਨ। ਸਾਲ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਪਠਾਨਕੋਟ ਜ਼ਿਲ੍ਹੇ ਦੇ ਤਿੰਨੇ ਹਲਕਿਆਂ ਉਪਰ ਭਾਜਪਾ ਦਾ ਕਬਜ਼ਾ ਸੀ, ਪਰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ ਸੁਜਾਨਪੁਰ ਹਲਕਾ ਹੀ ਭਾਜਪਾ ਕੋਲ ਬਰਕਰਾਰ ਰਿਹਾ। ਹੁਣ ਵਿਧਾਨ ਸਭਾ ਚੋਣਾਂ ਦੇ 7 ਮਹੀਨਿਆਂ ਬਾਅਦ ਹੀ ਲੋਕ ਸਭਾ ਜ਼ਿਮਨੀ ਚੋਣ ਵਿਚ ਭਾਜਪਾ ਤਿੰਨੇ ਹਲਕਿਆਂ ਵਿਚੋਂ ਹਾਰ ਗਈ। ਕਾਂਗਰਸ ਨੂੰ ਵੀ ਆਸ ਨਹੀਂ ਸੀ ਕਿ ਉਸ ਨੂੰ 1æ93 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਮਿਲੇਗੀ। ਜ਼ਿਮਨੀ ਚੋਣ ਵਿਚ ਅਕਾਲੀ ਦਲ ਦੀ ਨੁਮਾਇੰਦਗੀ ਵਾਲੇ ਹਲਕਿਆਂ ਵਿਚ ਕਾਂਗਰਸੀ ਉਮੀਦਵਾਰ ਦਾ ਵੱਡੇ ਫਰਕ ਨਾਲ ਜਿੱਤਣ ਤੋਂ ਸੰਕੇਤ ਮਿਲਦਾ ਹੈ ਕਿ ਲੋਕ, ਵਿਧਾਨ ਸਭਾ ਚੋਣਾਂ ਵਾਂਗ ਅਜੇ ਵੀ ਅਕਾਲੀ ਲੀਡਰਸ਼ਿਪ ਦੇ ਖਿਲਾਫ ਹਨ। ਜਾਖੜ ਭਾਵੇਂ ਸਾਰੇ ਨੌਂ ਵਿਧਾਨ ਸਭਾ ਖੇਤਰਾਂ ਵਿਚ ਅੱਗੇ ਰਹੇ, ਪਰ ਵੱਡੀਆਂ ਲੀਡਾਂ ਉਨ੍ਹਾਂ ਨੂੰ ਅਕਾਲੀਆਂ ਵਾਲੇ ਖੇਤਰਾਂ ਵਿਚੋਂ ਮਿਲੀਆਂ।
ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦਾ ਨਤੀਜਾ ਤਾਂ ਅਕਾਲੀ ਲੀਡਰਸ਼ਿਪ ਲਈ ਖਤਰੇ ਦੀ ਘੰਟੀ ਵੀ ਹੈ। ਇਸ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਰੀਬੀ ਰਿਸ਼ਤੇਦਾਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਵੱਡੇ ਆਗੂਆਂ ਦੀ ਟੀਮ ਨੂੰ ਜ਼ਿੰਮੇਵਾਰੀ ਸੌਂਪੀ ਸੀ, ਪਰ ਇਸ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੇ ਸਭ ਤੋਂ ਵੱਡੀ 44074 ਵੋਟਾਂ ਦੀ ਲੀਡ ਪ੍ਰਾਪਤ ਕੀਤੀ। ਦੋ ਵਿਧਾਨ ਸਭਾ ਹਲਕਿਆਂ ਸੁਜਾਨਪੁਰ ਅਤੇ ਬਟਾਲਾ ਤੋਂ ਵਿਰੋਧੀ ਧਿਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਸਨ, ਪਰ ਦੋਵਾਂ ਹਲਕਿਆਂ ਕਾਂਗਰਸ ਨੇ ਵੱਡੀ ਲੀਡ ਲਈ ਹੈ। ਕਾਦੀਆਂ ਵਿਧਾਨ ਸਭਾ ਹਲਕੇ ਤੋਂ ਅਕਾਲੀਆਂ ਨੂੰ ਵੱਡੀ ਮਾਰ ਪਈ।
ਅਸਲ ਵਿਚ, ਅਕਾਲੀਆਂ ਵੱਲੋਂ ਚੋਣ ਪ੍ਰਚਾਰ ਦੀ ਸਾਰੀ ਜ਼ਿੰਮੇਵਾਰੀ ਸੁਖਬੀਰ ਤੇ ਮਜੀਠੀਆ ਦੇ ਜ਼ਿੰਮੇ ਸੀ, ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਚੋਣਾਂ ਤੋਂ ਦੂਰ ਹੀ ਰਹੇ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਚੋਣ ਪ੍ਰਚਾਰ ਵਿਚ ਨਹੀਂ ਕੁੱਦੇ, ਪਰ ਚਰਚਾ ਹੈ ਕਿ ਸੁੱਚਾ ਸਿੰਘ ਲੰਗਾਹ ਦੇ ਬਲਾਤਕਾਰ ਕੇਸ ਵਿਚ ਫਸਣ ਕਾਰਨ ਉਹ ਇਨ੍ਹਾਂ ਚੋਣਾਂ ਤੋਂ ਦੂਰ ਹੀ ਰਹੇ।
ਸੁਖਬੀਰ ਨੇ ਚੋਣ ਰੈਲੀਆਂ ਵਿਚ ਬਥੇਰੀਆਂ ਫੜ੍ਹਾਂ ਮਾਰੀਆਂ ਤੇ ਸਿਰਫ ਇਕ ਹਫਤੇ ਵਿਚ ਪੰਜਾਬ ਦਾ ਖਜ਼ਾਨਾ ਭਰਨ ਦਾ ਦਾਅਵਾ ਵੀ ਕਰ ਦਿੱਤਾ, ਪਰ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਉਕਾ ਹੀ ਮੂੰਹ ਨਾ ਲਾਇਆ। ਗੱਠਜੋੜ ਦੇ ਉਮੀਦਵਾਰ ਦਾ ਸਾਰਾ ਦਾਰੋਮਦਾਰ ਛੋਟੇ ਬਾਦਲ ਦੁਆਲੇ ਕੇਂਦਰਿਤ ਸੀ। ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਨੂੰ ਬਣਿਆਂ ਮਹਿਜ਼ ਸੱਤ ਮਹੀਨੇ ਦਾ ਸਮਾਂ ਹੋਇਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਲੋਕਾਂ ਦੀ ਕੈਪਟਨ ਸਰਕਾਰ ਪ੍ਰਤੀ ਨਿਰਾਸ਼ਾ ਵਧੀ ਹੈ।
ਲੋਕਾਂ ਵਿਚ ਵਧਦੀ ਨਿਰਾਸ਼ਾ ਕਾਰਨ ਹੀ ਅਕਾਲੀ ਦਲ ਦੇ ਨੇਤਾਵਾਂ ਖਾਸ ਕਰ ਸੁਖਬੀਰ ਅਤੇ ਮਜੀਠੀਆ ਨੇ ਸਰਗਰਮੀਆਂ ਵਧਾ ਦਿੱਤੀਆਂ ਸਨ, ਪਰ ਨਤੀਜੇ ਤੋਂ ਇਹ ਗੱਲ ਸਾਹਮਣੇ ਆਈ ਕਿ ਅਕਾਲੀ ਨੇਤਾਵਾਂ ਨੇ ਬੀਤੇ ਤੋਂ ਸਬਕ ਨਹੀਂ ਸਿੱਖਿਆ। ਸਪਸ਼ਟ ਹੈ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਤੋਂ ਨਿਰਾਸ਼ ਹਨ, ਪਰ ਹਾਲ ਦੀ ਘੜੀ ਲੋਕਾਂ ਦਾ ਅਕਾਲੀ ਦਲ ਵਿਚ ਵੀ ਭਰੋਸਾ ਵਧਿਆ ਨਹੀਂ। ਹਾਰ ਪਿੱਛੋਂ ਭਾਵੇਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਜਿੱਤ ਕਾਂਗਰਸ ਦੀ ਨਹੀਂ, ਸੁਨੀਲ ਜਾਖੜ ਦੀ ਹੈ, ਪਰ ਜਾਖੜ ਆਪਣੇ ਜੱਦੀ ਇਲਾਕੇ-ਫਿਰੋਜ਼ਪੁਰ ਲੋਕ ਸਭਾ ਹਲਕੇ ਤੇ ਅਬੋਹਰ ਵਿਧਾਨ ਸਭਾ ਸੀਟ ਤੋਂ ਪਿਛਲੀਆਂ ਦੋ ਚੋਣਾਂ ਹਾਰ ਗਏ ਸਨ, ਪਰ ਗੁਰਦਾਸਪੁਰ ਉਨ੍ਹਾਂ ਉਤੇ ਮਿਹਰਬਾਨ ਰਿਹਾ।
__________________________________________
‘ਆਪ’ ਵਾਲੇ ਤਾਂ ਗਏ!
ਚੰਡੀਗੜ੍ਹ: ਗੁਰਦਾਸਪੁਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦਾ ਗਰਾਫ ਪਿਛਲੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਹੋਰ ਹੇਠਾਂ ਗਿਆ ਹੈ। ਜ਼ਿਮਨੀ ਚੋਣ ਵਿਚ ‘ਆਪ’ ਉਮੀਦਵਾਰ ਸੁਰੇਸ਼ ਖਜੂਰੀਆ ਦੀ ਜ਼ਮਾਨਤ ਜ਼ਬਤ ਹੋ ਗਈ ਹੈ, ਜਦੋਂ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੁੱਚਾ ਸਿੰਘ ਛੋਟੇਪੁਰ ਨੇ ਇਸ ਹਲਕੇ ਵਿਚ ‘ਆਪ’ ਦੀ ਟਿਕਟ ਤੋਂ ਚੋਣ ਲੜ ਕੇ 1æ72 ਲੱਖ ਦੇ ਕਰੀਬ ਵੋਟਾਂ ਹਾਸਲ ਕੀਤੀਆਂ ਸਨ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜਿਥੇ ਹਾਈ ਕਮਾਂਡ ਦਾ ਦਿੱਲੀ ਪੱਤਾ ਨਹੀਂ ਚੱਲਿਆ ਸੀ, ਉਥੇ ਹੁਣ ‘ਆਪ’ ਲੀਡਰਸ਼ਿਪ ਦਾ ਸੂਬਾਈ ਪੱਤਾ ਵੀ ਝੜ ਗਿਆ।
ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਆਪ ਆਗੂ ਭਗਵੰਤ ਮਾਨ ਅਤੇ ਸੁਖਪਾਲ ਖਹਿਰਾ ਨੇ ਦੋਸ਼ ਲਾਏ ਸਨ ਕਿ ਸੂਬਾਈ ਸਿਆਸਤ ਵਿਚ ਹਾਈ ਕਮਾਨ ਦੀ ਵਾਧੂ ਦਖਲਅੰਦਾਜ਼ੀ ਤੇ ਟਿਕਟਾਂ ਦੀ ਗਲਤ ਵੰਡ ਕਾਰਨ ਹਾਰ ਹੋਈ ਹੈ।
ਹੁਣ ਗੁਰਦਾਸਪੁਰ ਚੋਣ ਦੌਰਾਨ ਪੰਜਾਬ ਲੀਡਰਸ਼ਿਪ ਨੇ ਹਾਈ ਕਮਾਨ ਨੂੰ ਪੂਰੀ ਤਰ੍ਹਾਂ ਲਾਂਭੇ ਕਰ ਕੇ ਸ੍ਰੀ ਖਜੂਰੀਆ ਨੂੰ ਉਮੀਦਵਾਰ ਚੁਣਿਆ ਸੀ ਤੇ ਚੋਣ ਪ੍ਰਚਾਰ ਦਾ ਬੀੜਾ ਵੀ ਆਪਣੇ ਮੋਢਿਆਂ ‘ਤੇ ਚੁੱਕਿਆ ਸੀ। ਇਸ ਕਾਰਨ ਪੰਜਾਬ ਇਕਾਈ ਦੇ ਤਿੰਨ ਸਿਖਰਲੇ ਆਗੂਆਂ ਲਈ ਇਹ ਹਾਰ ਵੱਡਾ ਸਿਆਸੀ ਝਟਕਾ ਹੈ। ਸ੍ਰੀ ਮਾਨ ਤਕਰੀਬਨ ਪੂਰੇ ਚੋਣ ਪ੍ਰਚਾਰ ਵਿਚ ਡਟੇ ਰਹੇ। ਯਾਦ ਰਹੇ ਕਿ ਦਹਾਕਿਆਂ ਤੋਂ ਇਕ-ਦੂਜੇ ਦਾ ਮੁਕਾਬਲਾ ਕਰਦੀਆਂ ਆ ਰਹੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਕਾਲੀ ਤੇ ਭਾਜਪਾ ਦੇ ਬਦਲ ਵਜੋਂ ਆਮ ਆਦਮੀ ਪਾਰਟੀ ਵੀ ਸੂਬੇ ਦੀ ਰਾਜਨੀਤੀ ਵਿਚ ਹਨੇਰੀ ਵਾਂਗ ਦਾਖਲ ਹੋਈ ਸੀ। 2014 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਪਾਰਟੀ ਨੇ ਆਪਣਾ ਪ੍ਰਭਾਵ ਬਣਾਇਆ ਸੀ।
ਪਾਰਟੀ ਵਲੋਂ ਚੁਣੇ ਗਏ ਦੋ ਮੈਂਬਰਾਂ ਨੇ ਦਿੱਲੀ ਬੈਠੀ ਲੀਡਰਸ਼ਿਪ ਪ੍ਰਤੀ ਨਿਰਾਸ਼ਾ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ ਸੀ, ਜਿਸ ਨਾਲ ਪਾਰਟੀ ਅੰਦਰ ਵੱਡੀਆਂ ਤਰੇੜਾਂ ਉਭਰ ਕੇ ਸਾਹਮਣੇ ਆ ਗਈਆਂ ਸਨ। ਇਸ ਦੇ ਆਗੂ ਇਕ-ਦੂਜੇ ਦੇ ਪਰ ਕੱਟਣ ਹੀ ਲੱਗੇ ਰਹੇ। ਬਹੁਤੇ ਆਗੂ ਨਿਰਾਸ਼ਾ ਦੇ ਆਲਮ ਵਿਚ ਪਾਰਟੀ ਛੱਡ ਗਏ।

ਭਾਜਪਾ ਦੇ ‘ਅੱਛੇ ਦਿਨ’ ਪੁੱਗਣ ਲੱਗੇ
ਚੰਡੀਗੜ੍ਹ: ਭਾਜਪਾ ਭਾਵੇਂ ਗੁਰਦਾਸਪੁਰ ਜ਼ਿਮਨੀ ਚੋਣ ਵਿਚ ਹਾਰ ਦਾ ਦੋਸ਼ ਅਕਾਲੀਆਂ ਸਿਰ ਮੜ੍ਹ ਰਹੀ ਹੈ, ਪਰ ਇਹ ਵੀ ਸੱਚ ਹੈ ਕਿ ਨੋਟਬੰਦੀ, ਜੀæਐਸ਼ਟੀæ, ਫਿਰਕੂ ਕੁੜੱਤਣ ਤੇ ਅੱਛੇ ਦਿਨਾਂ ਦਾ ਜੁਮਲਾ ਲੋਕਾਂ ਨੂੰ ਹਜ਼ਮ ਨਹੀਂ ਹੋਇਆ। ਪੰਜਾਬ ਵਿਚ ਭਾਜਪਾ ਦੇ ਸਿਰਫ ਦੋ ਹੀ ਸੰਸਦ ਮੈਂਬਰ ਸਨ ਜਿਨ੍ਹਾਂ ਵਿਚੋਂ ਇਕ ਦੀ ਹਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਅੱਗੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਅਕਾਲੀ-ਦਲ ਭਾਜਪਾ ਕੋਈ ਬਹੁਤੀ ਉਮੀਦ ਨਾ ਰੱਖੇ। ਸਿਰਫ ਪੰਜਾਬ ਹੀ ਨਹੀਂ ਇਸ ਤੋਂ ਪਹਿਲਾਂ ਕੁਝ ਸੂਬਿਆਂ ਵਿਚ ਹੋਈਆਂ ਜ਼ਿਮਨੀ ਚੋਣਾਂ ਵੀ ਭਾਜਪਾ ਲਈ ਨਮੋਸ਼ੀ ਵਾਲੀਆਂ ਰਹੀਆਂ। 2019 ਵਿਚ ਮੁੜ ਸੱਤਾ ਵਿਚ ਆਉਣ ਦੀਆਂ ਆਸਾਂ ਲਾਈ ਬੈਠੀ ਭਾਜਪਾ ਲਈ ਇਹ ਸ਼ੁਭ ਸੰਕੇਤ ਨਹੀਂ। ਹਾਲ ਹੀ ਵਿਚ ਨਾਂਦੇੜ-ਵਾਘਲਾ ਮਹਾਨਗਰ ਪਾਲਿਕਾ (ਐਨæਡਬਲਿਊæ ਸੀæਐਮæਸੀæ) ਦੀਆਂ 81 ਸੀਟਾਂ ਵਿਚੋਂ 73 ‘ਤੇ ਕਾਂਗਰਸ ਨੇ ਜਿੱਤ ਕਰ ਕੇ ਭਗਵਾ ਧਿਰ ਨੂੰ ਕਰਾਰਾ ਝਟਕਾ ਦਿੱਤਾ ਹੈ। ਸਭ ਤੋਂ ਵੱਧ ਰੋਹ ਨੌਜਵਾਨ ਵਰਗ ਵਿਚ ਹੈ। ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਅਤੇ ਹੋਰ ਸਿੱਖਿਅਕ ਅਦਾਰਿਆਂ ਵਿਚ ਪਿਛਲੇ ਦਿਨੀਂ ਹੋਈਆਂ ਚੋਣਾਂ ਇਸ ਦਾ ਸਪਸ਼ਟ ਸੰਕੇਤ ਹਨ। ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇæਐਨæਯੂæ) ਅਤੇ ਦਿੱਲੀ ਯੂਨੀਵਰਸਿਟੀ (ਡੀæਯੂæ) ਤੋਂ ਇਲਾਵਾ ਉਤਰ ਪ੍ਰਦੇਸ਼, ਪੰਜਾਬ, ਰਾਜਸਥਾਨ, ਉਤਰਾਖੰਡ, ਆਸਾਮ, ਤ੍ਰਿਪੁਰਾ ਆਦਿ ਸੂਬਿਆਂ ਵਿਚ ਹੋਈਆਂ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਦੇ ਨਤੀਜੇ ਇਕ ਵਾਰ ਫਿਰ ਦੇਸ਼ ਦੀ ਰਾਜਨੀਤਕ ਫ਼ਿਜ਼ਾ ਵਿਚ ਤਬਦੀਲੀ ਦਾ ਸੰਕੇਤ ਦੇ ਰਹੇ ਹਨ। ਜਿਹੜੇ ਸੂਬਿਆਂ ਵਿਚ ਵਿਦਿਆਰਥੀ ਯੂਨੀਅਨਾਂ ਦੀਆਂ ਚੋਣਾਂ ਹੋਈਆਂ ਹਨ, ਉਨ੍ਹਾਂ ਵਿਚ ਦਿੱਲੀ ਅਤੇ ਤ੍ਰਿਪੁਰਾ ਵਰਗੇ ਛੋਟੇ ਰਾਜਾਂ ਤੋਂ ਇਲਾਵਾ ਲਗਭਗ ਹਰ ਜਗ੍ਹਾ ‘ਤੇ ਭਾਜਪਾ ਦੀਆਂ ਸਰਕਾਰਾਂ ਹਨ। ਇਸ ਸਾਲ ਦੇ ਅੰਤ ਤੱਕ ਦੇਸ਼ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ 6 ਹੋਰ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਦਾ ਟਾਕਰਾ ਕਰਨਾ ਪੈ ਸਕਦਾ ਹੈ।