ਗੁਰਦਾਸਪੁਰ ਚੋਣ: ਕੈਪਟਨ ਸਰਕਾਰ ਨੇ ਪਾਸ ਕੀਤੀ ਪਹਿਲੀ ਪ੍ਰੀਖਿਆ

ਗੁਰਦਾਸਪੁਰ: ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਜਿੱਤ ਕੇ ਆਪਣੀ ਪਹਿਲੀ ਪ੍ਰੀਖਿਆ ਪਾਸ ਕਰ ਲਈ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਆਪਣੇ ਮੁੱਖ ਵਿਰੋਧੀ ਅਕਾਲੀ-ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ 1,93,219 ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ। ਲੋਕ ਸਭਾ ਹਲਕਾ ਗੁਰਦਾਸਪੁਰ ਦੀ ਹੋਈ ਚੋਣ ਵਿਚ ਕੁੱਲ 8,59,462 ਵੋਟਰਾਂ ਵੱਲੋਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਗਈ।

ਸ੍ਰੀ ਸੁਨੀਲ ਜਾਖੜ ਨੂੰ ਕੁੱਲ 4,99,452, ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ 3,06,533 ਵੋਟਾਂ ਅਤੇ ‘ਆਪ’ ਦੇ ਉਮੀਦਵਾਰ ਸੁਰੇਸ਼ ਖਜ਼ੂਰੀਆ ਨੂੰ 23579 ਵੋਟਾਂ ਮਿਲੀਆਂ ਹਨ। ਸਾਲ 2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਪਠਾਨਕੋਟ ਜ਼ਿਲ੍ਹੇ ਦੇ ਤਿੰਨੇ ਹਲਕਿਆਂ ਉਪਰ ਭਾਜਪਾ ਦਾ ਕਬਜ਼ਾ ਸੀ ਪਰ ਸਾਲ 2017 ਵਿਚ ਸਿਰਫ ਸੁਜਾਨਪੁਰ ਹਲਕਾ ਹੀ ਭਾਜਪਾ ਕੋਲ ਬਰਕਰਾਰ ਰਿਹਾ।
ਹੁਣ ਵਿਧਾਨ ਸਭਾ ਚੋਣਾਂ ਦੇ 7 ਮਹੀਨਿਆਂ ਬਾਅਦ ਹੀ ਲੋਕ ਸਭਾ ਜ਼ਿਮਨੀ ਚੋਣ ਵਿਚ ਭਾਜਪਾ ਤਿੰਨੇ ਹਲਕਿਆਂ ਵਿਚੋਂ ਹਾਰ ਗਈ। ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਹੁਕਮਰਾਨ ਪਾਰਟੀ ਅਤੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੂੰ ਮੈਦਾਨ ਵਿਚ ਉਤਾਰਨ ਦਾ ਲਾਭ ਮਿਲਿਆ। ਉਧਰ, ਸਲਾਰੀਆ ਦੀਆਂ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ ਵਿਚ ਨਸ਼ਰ ਹੋਣ ਨਾਲ ਉਸ ਦੀ ਚੋਣ ਮੁਹਿੰਮ ਨੂੰ ਝਟਕਾ ਲੱਗਾ। ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਸੀਡੀ ਵੀ ਲੋਕਾਂ ਵਿਚ ਖੂਬ ਚਰਚਾ ਦਾ ਵਿਸ਼ਾ ਬਣੀ ਜਿਸ ਦਾ ਉਸ ਨੂੰ ਬੇਹੱਦ ਨੁਕਸਾਨ ਹੋਇਆ। ਪਠਾਨਕੋਟ ਵਿਚ ਭਾਜਪਾ ਪੂਰੀ ਤਰ੍ਹਾਂ ਫੁੱਟ ਦਾ ਸ਼ਿਕਾਰ ਦਿਖਾਈ ਦਿੱਤੀ ਅਤੇ ਵਰਕਰ ਖੁੱਲ੍ਹ ਕੇ ਸਵਰਨ ਸਲਾਰੀਆ ਦੇ ਨਾਲ ਨਹੀਂ ਚੱਲੇ। ਇਸ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਸੁਨੀਲ ਜਾਖੜ ਵੱਲੋਂ ਹਾਸਲ ਕੀਤੀ 1,93,219 ਦੀ ਲੀਡ ਨੇ ਸਾਲ 2014 ਵਿਚ ਅਕਾਲੀ-ਭਾਜਪਾ ਦੇ ਉਮੀਦਵਾਰ ਵਿਨੋਦ ਖੰਨਾ ਵੱਲੋਂ ਹਾਸਲ ਕੀਤੀ ਲੀਡ 1,36,065 ਨੂੰ ਪਿੱਛੇ ਪਾ ਦਿੱਤਾ ਹੈ।
________________________________
ਨੌਂ ਉਮੀਦਵਾਰਾਂ ਦੀਆਂ ਹੋਈਆਂ ਜ਼ਮਾਨਤਾਂ ਜ਼ਬਤ
ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਚੋਣ ਮੈਦਾਨ ‘ਚ ਉਤਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੇਵਾ-ਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਸਮੇਤ ਕੁੱਲ 9 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਜਿਨ੍ਹਾਂ ‘ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਕੁਲਵੰਤ ਸਿੰਘ ਮਝੈਲ ਨੂੰ 3546, ਮੇਘ ਦੇਸ਼ਮ ਪਾਰਟੀ ਦੀ ਸੰਤੋਸ਼ ਕੁਮਾਰੀ ਨੂੰ 1011, ਹਿੰਦੁਸਤਾਨ ਸ਼ਿਵ ਸੈਨਾ ਦੇ ਰਜਿੰਦਰ ਸਿੰਘ ਨੂੰ 1891, ਆਜ਼ਾਦ ਉਮੀਦਵਾਰ ਸਤਨਾਮ ਸਿੰਘ ਨੂੰ 996, ਆਜ਼ਾਦ ਉਮੀਦਵਾਰ ਸੰਦੀਪ ਕੁਮਾਰ ਨੂੰ 1922, ਪ੍ਰਦੀਪ ਕੁਮਾਰ 2029, ਆਜ਼ਾਦ ਉਮੀਦਵਾਰ ਪਰਵਿੰਦਰ ਸਿੰਘ ਨੂੰ 6825 ਤੇ ਪਵਨ ਕੁਮਾਰ ਨੂੰ 3791 ਵੋਟਾਂ ਹੀ ਹਾਸਲ ਹੋਈਆਂ।
_____________________________________
ਕਾਂਗਰਸ ਦੀ ਬਹਾਲੀ ਦਾ ਦੌਰ ਸ਼ੁਰੂ: ਕੈਪਟਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗੁਰਦਾਸਪੁਰ ਸੰਸਦੀ ਹਲਕੇ ਦੇ ਮੈਂਬਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਇਸ ਜਿੱਤ ਨਾਲ ਕਾਂਗਰਸ ਪਾਰਟੀ ਦੀ ਬਹਾਲੀ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਲੋਕ ਸਭਾ ਦੀਆਂ 2019 ਦੀਆਂ ਚੋਣਾਂ ਦੌਰਾਨ ਕਾਂਗਰਸ ਦੀ ਜਿੱਤ ਦਾ ਰਾਹ ਪੱਧਰਾ ਹੋ ਗਿਆ ਹੈ। ਜਾਖੜ ਨੇ ਆਪਣੀ ਜਿੱਤ ਦੀ ਤੁਲਨਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਚਿੱਕ ਮੰਗਲੂਰ ਦੀ ਸੀਟ ਤੋਂ ਹੋਈ ਜਿੱਤ ਨਾਲ ਕੀਤੀ ਹੈ।
_________________________________
ਜਾਖੜ ਨੂੰ ਸੰਸਦ ਮੈਂਬਰ ਵਜੋਂ ਪਹਿਲੀ ਵਾਰ ਫਤਿਹ
ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ‘ਚ ਰਿਕਾਰਡ ਤੋੜ ਜਿੱਤ ਹਾਸਲ ਕਰਨ ਵਾਲੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਪਹਿਲੀ ਵਾਰ ਲੋਕ ਸਭਾ ਮੈਂਬਰ ਬਣੇ ਹਨ। ਜ਼ਿਕਰਯੋਗ ਹੈ ਕਿ ਜਾਖੜ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਸਾਲ 1996 ਵਿਚ ਆਪਣੇ ਜੱਦੀ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਚੋਣ ਲੜ ਕੇ ਕੀਤੀ ਸੀ। ਜਿਥੋਂ ਉਹ ਬਸਪਾ ਉਮੀਦਵਾਰ ਮੋਹਨ ਸਿੰਘ ਤੋਂ ਹਾਰੇ ਸਨ। ਇਸ ਦੇ ਬਾਅਦ ਆਪਣੇ ਜੱਦੀ ਵਿਧਾਨ ਸਭਾ ਹਲਕੇ ਅਬੋਹਰ ਤੋਂ 2002, 2007 ਅਤੇ 2012 ਵਿਚ ਬਤੌਰ ਵਿਧਾਇਕ ਰਹੇ ਪਰ ਮੁੜ 2014 ਦੀਆਂ ਲੋਕ ਸਭਾ ਚੋਣਾਂ ਵਿਚ ਫਿਰੋਜ਼ਪੁਰ ਤੋਂ ਦੂਜੀ ਵਾਰ ਅਕਾਲੀ ਦਲ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਤੋਂ ਹਾਰ ਗਏ ਸਨ। ਉਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਅਬੋਹਰ ਤੋਂ ਵੀ ਹਾਰ ਗਏ। ਇਸ ਵਾਰ ਆਪਣਾ ਹਲਕਾ ਛੱਡ ਕੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲੜ ਕੇ ਕਿਸਮਤ ਅਜ਼ਮਾਉਣ ਵਾਲੇ ਸੁਨੀਲ ਜਾਖੜ ਨੇ 193219 ਵੋਟਾਂ ਦੇ ਫਰਕ ਨਾਲ ਵਿਰੋਧੀ ਭਾਜਪਾ ਉਮੀਦਵਾਰ ਨੂੰ ਹਰਾਇਆ ਹੈ।
____________________________________
‘ਆਪ’ ਨੇ ਫਿਰ ਮਸ਼ੀਨਾਂ ਸਿਰ ਦੋਸ਼ ਮੜ੍ਹਿਆ
ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੇ ਨਤੀਜੇ ਆਉਣ ‘ਤੇ ਤੀਜੇ ਨੰਬਰ ‘ਤੇ ਰਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਮੇਜਰ ਜਨਰਲ ਸੁਰੇਸ਼ ਖਜੂਰੀਆ ਨੇ ਕਾਂਗਰਸੀਆਂ ਉਪਰ ਨਿਸ਼ਾਨਾ ਕੱਸਦੇ ਹੋਏ ਪੂਰੀ ਚੋਣ ਪ੍ਰਕਿਰਿਆ ਵਿਚ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ‘ਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ 11 ਅਕਤੂਬਰ ਨੂੰ ਵੋਟਾਂ ਵਾਲੇ ਦਿਨ ਸ਼ਾਮ 4 ਤੋਂ 5 ਵਜੇ ਤੱਕ ਇਕ ਲੱਖ ਦੇ ਕਰੀਬ ਜਾਅਲੀ ਵੋਟ ਪਾਈ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਵੀæਵੀæਪੈਟ ਮਸ਼ੀਨਾਂ ਸਬੰਧੀ ਕਿਹਾ ਕਿ ਕੁਝ ਮਸ਼ੀਨਾਂ ਨਾਲ ਵੀ ਛੇੜਛਾੜ ਕੀਤੀ ਹੋਈ ਸੀ ਅਤੇ ਚੋਣ ਨਿਸ਼ਾਨ ਝਾੜੂ ਵਾਲਾ ਬਟਨ ਦਬਾਉਣ ‘ਤੇ ਵੀ ਉਹ ਦੱਬਿਆ ਨਹੀਂ ਸੀ ਜਾਂਦਾ।