ਗੁਲਜ਼ਾਰ ਸਿੰਘ ਸੰਧੂ
ਮੇਰਾ ਐਸ ਏ ਐਸ ਨਗਰ ਉਰਫ ਅਜੀਤਗੜ੍ਹ ਵਿਚ ਉਦੋਂ ਦਾ ਆਉਣ ਜਾਣ ਹੈ ਜਦੋਂ ਇਹ ਇਕ ਨਿੱਕਾ ਜਿਹਾ ਪਿੰਡ ਹੁੰਦਾ ਸੀ, ਮੋਹਾਲੀ ਨਾਂ ਦਾ। ਖਰੜ ਨਾਂ ਦੇ ਕਸਬੇ ਦਾ ਇੱਕ ਪਿੰਡ ਜਿਹੜਾ ਖੁਦ ਰੋਪੜ ਦੀ ਤਹਿਸੀਲ ਵਿਚ ਪੈਂਦਾ ਸੀ। ਉਦੋਂ ਚੰਡੀਗੜ੍ਹ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ। ਤੇ ਜ਼ੀਰਕਪੁਰ ਨੂੰ ਅੰਬਾਲਾ ਤੋਂ ਰੋਪੜ ਜਾਣ ਵਾਲੀ ਸੜਕ ਦਾ ਪਟਿਆਲਾ ਮੋੜ ਕਹਿੰਦੇ ਸਨ, ਜਿੱਥੇ ਇੱਕ ਚਾਹ ਪਿਲਾਉਣ ਵਾਲਾ ਤੇ ਇੱਕ ਪੰਕਚਰ ਲਾਉਣ ਵਾਲਾ ਬਹਿੰਦਾ ਸੀ ਤੇ ਉਹ ਵੀ ਕੇਵਲ ਦਿਨ ਵੇਲੇ। ਖਰੜ ਤੇ ਮੋਹਾਲੀ ਪੰਚਕੂਲਾ ਸਮੇਤ ਅੰਬਾਲਾ ਜ਼ਿਲੇ ਦਾ ਅੰਗ ਸਨ। ਰੋਪੜ ਨਾਂ ਦੀ ਤਹਿਸੀਲ ਵਿਚ।
ਅੱਜ ਵਾਲੀ ਖਰੜ/ਮੋਹਾਲੀ ਉਸ ਵੇਲੇ ਦੇ ਰੱਖਿਆ ਮੰਤਰੀ ਬਲਦੇਵ ਸਿੰਘ ਦੀ ਦੇਣ ਹੈ। ਉਹਦਾ ਜੱਦੀ ਪਿੰਡ ਦੁੱਮਣਾ ਸੀ। ਮੋਰਿੰਡਾ ਦੀ ਬੁੱਕਲ ਵਿਚ ਚਮਕੌਰ ਸਾਹਿਬ ਵਾਲੇ ਪਾਸੇ ਜਿਸ ਦੀ ਵੱਸੋਂ ਹਾਲੀ ਵੀ 1080 ਹੈ। ਜਦੋਂ ਪਾਕਿਸਤਾਨੀ ਪੰਜਾਬ ਨਾਲੋਂ ਟੁੱਟੇ ਹਰਿਆਣਾ, ਪੰਜਾਬ ਤੇ ਹਿਮਾਚਲ ਵਾਲੇ ਪੰਜਾਬ ਨੂੰ ਰਾਜਧਾਨੀ ਬਣਾਉਣ ਵਾਸਤੇ ਥਾਂ ਦੀ ਲੋੜ ਪਈ ਤਾਂ ਦੁੱਮਣਾ ਵਾਲੇ ਦੀ ਸੁਣੀ ਗਈ। ਧਰਤੀ ਨੂੰ ਭਾਗ ਲਗਣੇ ਸੀ। ਲਾਉਣ ਵਾਲਾ ਪੰਡਤ ਨਹਿਰੂ ਦਾ ਨਿਕਟੀ ਸੀ। ਨੁਕਤਾ ਇਹ ਕਿ ਇਹ ਖੇਤਰ ਫਸਲਬਾੜੀ ਲਈ ਬਹੁਤ ਮਾੜਾ ਸੀ। ਇਮਾਰਤਾਂ ਲਈ ਠੀਕ ਸੀ।
ਇਸ ਨਗਰ ਆਉਣ ਲਈ ਹਿਮਾਚਲ ਵਾਲੇ ਪਿੰਜੌਰ/ਪੰਚਕੂਲਾ ਫਸ ਜਾਂਦੇ, ਹਰਿਆਣਾ ਵਾਲੇ ਜ਼ੀਰਕਪੁਰ, ਤੇ ਮਾਝੇ/ਦੁਆਬੇ ਵਾਲੇ ਖਰੜ ਜਾਂ ਲਾਂਡਰਾਂ। ਹਰਿਆਣਾ ਵਾਲਿਆਂ ਲਈ ਜ਼ੀਰਕਪੁਰ ਦਾ ਓਵਰ ਬਰਿੱਜ ਬਣ ਗਿਆ ਹੈ ਤੇ ਹਿਮਾਚਲ ਵਾਲਿਆਂ ਲਈ ਪਰਵਾਣੂ-ਪੰਚਕੂਲਾ ਸ਼ਾਹ-ਰਾਹ। ਮਾਝਾ ਤੇ ਦੁਆਬਾ ਵਾਲਿਆਂ ਨੂੰ ਕੋਈ ਸਰਕਾਰ ਢੋਈ ਨਹੀਂ ਦੇ ਰਹੀ-ਨਾ ਕੇਂਦਰ ਵਾਲੀ ਤੇ ਨਾ ਪੰਜਾਬ ਵਾਲੀ। ਫਤਿਹਗੜ੍ਹ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਵਿਕਾਸ ਅਤੇ ਬੰਦਾ ਬਹਾਦਰ ਵਾਲੀ ਚਪੜਚਿੜੀ ਵਾਲੀ ਯਾਦਗਾਰ ਨੇ ਉਧਰੋਂ ਆਉਣ ਵਾਲਿਆਂ ਦੀ ਭੀੜ ਹੋਰ ਵਧਾ ਦਿੱਤੀ ਹੈ। ਜਦੋਂ ਬਾਹਰੋਂ ਆਉਣ ਵਾਲੀਆਂ ਇਹ ਸੜਕਾਂ ਖੁਲ੍ਹੀਆਂ ਹੋ ਰਹੀਆਂ ਸਨ ਤਾਂ ਯਾਤਰੀ ਬੜੇ ਖੁਸ਼ ਸਨ। ਪਰ ਉਹ ਕੀ ਜਾਣਦੇ ਸਨ ਕਿ ਉਨ੍ਹਾਂ ਦੀ ਸੈਂਕੜੇ ਕਿਲੋਮੀਟਰਾਂ ਦੀ ਖੁਸ਼ੀਆਂ ਵਾਲੀ ਯਾਤਰਾ ਖਰੜ ਤੇ ਲਾਂਡਰਾਂ ਪ੍ਰਵੇਸ਼ ਕਰਦੇ ਸਮੇਂ ਗਡੀ-ਤੋੜ ਧਕ-ਮ-ਧੱਕੇ ਵਿਚ ਵਟ ਜਾਣੀ ਹੈ। ਗਰਮੀ ਦੀ ਰੁੱਤੇ ਹੋਰ ਵੀ ਬੁਰਾ ਹਾਲ ਹੋਵੇਗਾ। ਮੁੜਕਿਆਂ ਨਾਲ।
ਦੁੱਮਣੇ ਵਾਲੇ ਬਲਦੇਵ ਸਿੰਘ ਨੂੰ ਤੁਰਿਆਂ ਅੱਧੀ ਸਦੀ ਹੋ ਗਈ ਹੈ ਤੇ ਖਰੜ ਨੂੰ ਅਪਨਾਉਣ ਵਾਲੇ ਮਹਿੰਦਰ ਸਿੰਘ ਰੰਧਾਵਾ ਨੂੰ ਚੱਪਾ ਸਦੀ। ਗਿਆਨੀ ਜ਼ੈਲ ਸਿੰਘ ਦੀ ਸਰਪ੍ਰਸਤੀ ਵੀ ਕਦੋਂ ਦੀ ਚੁੱਕੀ ਜਾ ਚੁੱਕੀ ਹੈ। ਐਮ ਐਸ ਰੰਧਾਵਾ ਦੀ ਜਰਮਨ ਮੂਲ ਵਾਲੀ ਨੂੰਹ ਆਪਣੇ ਘਰ ਵਾਲੀ ਸੜਕ ‘ਤੇ ਕਿਸੇ ਵਾਹਨ ਦੀ ਲਪੇਟ ਵਿਚ ਆ ਕੇ ਸਾਲ ਭਰ ਹਸਪਤਾਲ ਰਹਿ ਕੇ ਖਤਮ ਹੋਈ। ਬਾਹਰੋਂ ਆਈ ਵੱਸੋਂ ਦੀ ਬਹੁਲਤਾ ਕਾਰਨ ਇਸ ਖੇਤਰ ਨੂੰ ਕੋਈ ਧੜੱਲੇਦਾਰ ਸਥਾਨਕ ਨੇਤਾ ਨਹੀਂ ਮਿਲ ਰਿਹਾ। ਮੁੱਖ ਮੰਤਰੀ ਤਾਂ ਕਿਸ ਨੇ ਬਣਨਾ ਹੋਇਆ? ਰਾਜ ਸਰਕਾਰ ਕੋਲ ਉਂਜ ਹੀ ਵਿਹਲ ਨਹੀਂ। ਜੇ ਅੱਜ ਮੋਗੇ ਬੈਠੀ ਹੈ ਤਾਂ ਕੱਲ੍ਹ ਨੂੰ ਹੋਰ ਦੂਰ ਜਾ ਸਕਦੀ ਹੈ। ਹੈ ਕੋਈ ਖਰੜ ਦੇ ਪ੍ਰਵੇਸ਼ ਮਾਰਗਾਂ ਦੀ ਸਾਰ ਲੈਣ ਵਾਲਾ? ਜੇ ਰਾਓ ਨਦੀ ਵਾਲਾ ਪੁੱਲ ਹੀ ਟੁੱਟ ਗਿਆ ਫੇਰ ਕੀ ਕਰਾਂਗੇ?
ਬਸੰਤ ਪੰਚਮੀ ਬਨਾਮ ਵੈਲੰਟਾਈਨ ਦਿਵਸ
ਇਸ ਵਰ੍ਹੇ ਵੈਲੰਟਾਈਨ ਦਿਵਸ ਤੇ ਬਸੰਤ ਪੰਚਮੀ ਉਪਰੋਥਲੀ ਆ ਪਏ ਨੇ। ਦੇਖਣ ਵਿਚ ਆਇਆ ਹੈ ਕਿ ਪੂਰਬ ਦੀ ਬਸੰਤ ਨੂੰ ਪੱਛਮ ਦੇ ਵੈਲੰਟਾਈਨ ਨੇ ਦਬਾ ਲਿਆ ਹੈ। ਮੇਰੀ ਪੀੜ੍ਹੀ ਦੇ ਲੋਕ ਜਿਹੜੇ ਸਰ੍ਹੋਂ ਦੇ ਫੁੱਲਾਂ ਨਾਲ ਬਸੰਤੀ ਪਗੜੀਆਂ ਤੇ ਇਸ ਹੀ ਰੰਗ ਦੇ ਦੁੱਪਟੇ ਦੇਖਣ ਦੇ ਆਦੀ ਸਨ, ਨਿਰਾਸ ਹਨ। ਸਕੂਲਾਂ-ਕਾਲਜਾਂ ਵਾਲਿਆਂ ਨੇ ਆਪਣੇ ਵਿਦਿਆਰਥੀਆਂ ਰਾਹੀਂ ਨਵੀਂ ਰੁੱਤ ਦਾ ਸਵਾਗਤ ਕਰਨ ਦੀ ਥਾਂ ਛੁਟੀ ਕਰ ਛੱਡੀ ਹੈ। ਦਫਤਰ ਵੀ ਬੰਦ ਹਨ। ਕੁਝ ਠੰਢ ਦਾ ਵੀ ਕਸੂਰ ਹੈ। ਮੌਸਮ ਖੁਲ੍ਹਣ ਦਾ ਨਾਂ ਨਹੀਂ ਲੈ ਰਿਹਾ। ਹਰ ਕੋਈ ਘਰ ਦੇ ਅੰਦਰ ਬਹਿ ਕੇ ਹੀ ਸੋਗ ਮਨਾ ਰਿਹਾ ਹੈ। ਬਸੰਤੀ ਚੋਲੇ ਦੀ ਮੰਗ ਪਾਉਣ ਵਾਲਾ ਕੋਈ ਵੀ ਨਹੀਂ।
ਇਸ ਦੇ ਉਲਟ ਇੱਕ ਦਿਨ ਪਹਿਲਾਂ ਵੈਲੰਟਾਈਨ ਦਿਵਸ ਮਨਾਉਣ ਵਾਲਿਆਂ ਦੀ ਆਵਾਜਾਈ ਨੇ ਸੜਕਾਂ ਨੀਵੀਆਂ ਕਰ ਰੱਖੀਆਂ ਸਨ। ਦੋ ਪਹੀਆ ਵਾਹਨਾਂ ਵਾਲੇ ਗਲਾਂ ਨਾਲ ਗੁਬਾਰੇ ਬੰਨ੍ਹੀ ਫਿਰਦੇ ਸਨ ਤੇ ਚਾਰ ਪਹੀਆਂ ਵਾਲਿਆਂ ਨੇ ਗਡੀ ਦੀਆਂ ਛੱਤਾਂ ਦੇ ਜੰਗਲੇ ਇਸ ਕੰਮ ਲਈ ਵਰਤ ਰੱਖੇ ਸਨ। ਨੱਚਣ ਕੁੱਦਣ ਦਾ ਚਾਅ ਏਨਾ ਸੀ ਕਿ ਚਲਾਨ ਕਰਨ ਵਾਲੇ ਸਿਪਾਹੀਆਂ ਨੂੰ ਪਰਚੀਆਂ ਕੱਟਣ ਤੋਂ ਵਿਹਲ ਨਹੀਂ ਸੀ ਲਗ ਰਹੀ। ਕੁੜੀਆਂ ਦੀ ਆਪਸੀ ਛੇੜ-ਛਾੜ ਦੇ ਅਵਸਰ ਵੀ ਘਟ ਨਹੀਂ ਸਨ।
ਵੈਲੰਟਾਈਨ ਦਿਵਸ ਦੇ ਟਾਕਰੇ ‘ਤੇ ਬਸੰਤ ਪੰਚਮੀ ਦਾ ਹਾਰਨਾ ਹੋਰ ਕੁਝ ਦੱਸੇ ਨਾ ਦੱਸੇ ਪੱਛਮੀ ਕਦਰਾਂ-ਕੀਮਤਾਂ ਲਈ ਵਧ ਰਹੇ ਝੁਕਾਅ ਦਾ ਲਖਾਇਕ ਤਾਂ ਹੈ ਹੀ। ਸਹਿਜ ਤੇ ਸੁੱਚਮ ਤਿਆਗੇ ਜਾ ਰਹੇ ਹਨ ਤੇ ਰੌਲਾ ਰੱਪਾ ਦਾ ਸਵਾਗਤ ਹੋ ਰਿਹਾ ਹੈ। ਇਹ ਨਚਣਾ ਗਾਉਣਾ ਤੇ ਛੇੜ-ਛਾੜ ਕਲ੍ਹ ਨੂੰ ਭੈੜਾ ਰੂਪ ਵੀ ਧਾਰ ਸਕਦਾ ਹੈ।
ਉਪਰ ਵਾਲਾ ਵੀ ਉੱਤਰੀ ਭਾਰਤ ਦਾ ਸਾਥ ਨਹੀਂ ਦੇ ਰਿਹਾ। ਉਸ ਦਾ ਚਲਾਨ ਕਰਨ ਵਾਲਾ ਵੀ ਕੋਈ ਨਹੀਂ।
ਅੰਤਿਕਾ: (ਟੀ ਐਨ ਰਾਜ਼)
ਸਾਧੂਓਂ ਕਾ ਹੋਗਾ ਸੰਗਮ
ਅਬ ਜੋ ਗੰਗਾ ਘਾਟ ਪਰ,
ਹੈ ਖਬਰ ਸਭ ਇਸ਼ਰਤੇਂ
ਵੁਹ ਟੈਂਟ ਹੀ ਮੇਂ ਪਾਏਂਗੇ।
ਯੋਗਾ ਆਸਨ ਔਰ
ਪਰਾਣਾਯਾਮ ਹੀ ਕੇ ਜ਼ੋਰ ਪਰ,
ਭਗਤਨੋਂ ਕੋ ਲੇ ਕੇ ਸਵਾਮੀ
ਏਕ ਦਿਨ ਉੜ ਜਾਏਂਗੇ।
Leave a Reply