ਕਈ ਲੋਕਾਂ ਨੂੰ ਚੁਬਾਰੇ ਚੜ੍ਹ ਕੇ ਹੀ ਇਉਂ ਲੱਗਣ ਲੱਗ ਪੈਂਦਾ ਹੈ, ‘ਲੈ ਹਿਮਾਲਾ ਪਰਬਤ ਕਿਤੇ ਬਹੁਤ ਉਚਾ ਹੋਣੈ!’ ਵਿਆਹ ਤੋਂ ਬਾਅਦ ਜਦੋਂ ਪਹਿਲੀ ਵਾਰ ਪਤਨੀ ਪੇਕੇ ਜਾਂਦੀ ਹੈ ਤਾਂ ਬੰਦਾ ਸਮਝਦੈ, ‘ਸੁਆਹ ਜ਼ਿੰਦਗੀ ਐ ‘ਕੱਲਿਆਂ ਦੀ।’ ਫਿਰ ਜਦੋਂ ਇਕ ਅੱਧਾ ਜੁਆਕ ਹੋ ਜਾਂਦੈ ਤਾਂ ਬੰਦਾ ਕਹਿਣ ਲੱਗਜੂ, ‘ਬੇਬੇ ਢਿੱਲੀ ਮੱਠੀ ਰਹਿੰਦੀ ਐ, ਚਾਰ ਦਿਨ ਪੇਕੇ ਜਾ ਆਉਂਦੀ, ਮਾਪੇ ਕਿਹੜਾ ਲੱਭਦੇ ਨੇ?’ ਤੰਗ ਕੱਪੜਾ ਪਾਉਣ ਦਾ ਰਿਵਾਜ਼ ਮੁੜ ਕੇ ਤਾਂ ਸ਼ੁਰੂ ਹੋ ਗਿਆ ਹੈ ਕਿ ਪਹਿਲਾਂ ਸਰੀਰ ਫਿੱਟ ਹੁੰਦੇ ਸਨ ਤੇ ਹੁਣ ਜਿਮ ਵਧੇਰੇ ਹੋ ਗਿਆ ਹੈ। ਉਂਜ ਵੀ ਮਨੁੱਖ ‘ਲੁੱਕ’ ਨੂੰ ਸਿਆਣਪ ਦੀ ਨਿਸ਼ਾਨੀ ਸਮਝਣ ਲੱਗ ਪਿਐ। ਮਿਰਗੀ ਦੇ ਰੋਗੀ ਨੂੰ ਡਾਕਟਰ ਦਰਿਆ ਕੰਢੇ ਸੈਰ ਕਰਨ ਦੀ ਸਲਾਹ ਨਹੀਂ ਦਿੰਦੇ।
ਪਰ ਕਈ ਘਰਾਂ ਵਿਚ ਆਥਣੇ ਠੇਕਿਆਂ ਤੋਂ ਮਿਰਗੀ ਬੋਤਲਾਂ ‘ਚ ਬੰਦ ਹੋ ਕੇ ਪ੍ਰਵੇਸ਼ ਕਰ ਗਈ ਹੁੰਦੀ ਹੈ। ਜਦੋਂ ਦੇ ਬੰਦੇ ਪਤਨੀਵਰਤਾ ਨਹੀਂ ਰਹੇ ਕਈਆਂ ਦਾ ਦੇਰ ਨਾਲ ਘਰ ਪਰਤਦੀ ਬੀਵੀ ਨੂੰ ਪੁੱਛਣ ਵੇਲੇ ਮੂੰਹ ਬੰਦ ਹੋ ਜਾਂਦਾ ਹੈ ਅਤੇ ਨੱਕ ਛਿੱਕ ਨਾਲ ਖੁੱਲ੍ਹ ਜਾਂਦਾ ਹੈ। ‘ਇਕ ਸੀ ਰਾਜਾ ਇਕ ਸੀ ਰਾਣੀ’ ਦੀਆਂ ਕਹਾਣੀਆਂ ਹਾਲੇ ਵੀ ਤਾਂ ਚੱਲਦੀਆਂ ਆ ਰਹੀਆਂ ਹਨ ਕਿਉਂਕਿ ਹੁਣ ਰਾਜੇ ਗੱਦੀਆਂ Ḕਤੇ ਬੈਠਦੇ ਹੀ ਨਹੀਂ, ਇਨ੍ਹਾਂ ‘ਤੇ ਬੇਈਮਾਨੀ ਦੀਆਂ ਬੱਤੀਆਂ ਤੇ ਭ੍ਰਿਸ਼ਟਾਚਾਰ ਦੇ ਦੀਵੇ ਬਲ ਰਹੇ ਹੁੰਦੇ ਨੇ। ਮੌਸਮ ਤੇ ਮਾਹੌਲ ਤਾਂ ਚਲੋ ਠੀਕ ਰਿਹਾ ਹੀ ਨਹੀਂ, ਖੁਰਾਕਾਂ ਵੀ ਹੁਣ ਤਾਕਤ ਨਹੀਂ ਕਾਮ ਵਧਾਉਣ ਲੱਗ ਪਈਆਂ ਹਨ। ਇਸੇ ਲਈ ਪੈਸੇ ਵਾਲੇ ਜ਼ੋਰਾਵਰ ਅਤੇ ਬੇਕਾਬੂ ਹੁੰਦੇ ਜਾ ਰਹੇ ਹਨ। ਬਲਾਤਕਾਰ ਪਿੱਛੋਂ ਸਭ ਕੁਝ ਉਜੜ ਜਾਣ ਕਰਕੇ ਔਰਤ ਰੋਂਦੀ ਹੈ ਤੇ ਮਰਦ ਹੱਸਦਾ ਹੈ ਪਰ ਜਦੋਂ ਦੇ ਦ੍ਰਿਸ਼ ਕੈਮਰਾਬੱਧ ਹੋਣ ਲੱਗੇ ਹਨ, ਔਰਤ ਤਾਂ ਚਲੋ ਸ਼ਰਮਿੰਦੀ ਹੀ ਹੋ ਰਹੀ ਹੈ ਪਰ ਮਰਦ ਬੇਸ਼ਰਮ ਹੋ ਕੇ ਕੈਮਰੇ ਨੂੰ ਗਾਲ੍ਹ ਕੱਢਦੈ, ‘ਸਾਲਾ ਝੂਠ ਬੋਲਦੈ।’ ਕੀ ਕਰੀਏ ਚੋਰੀ ਕਰਨਾ ਜਿਨ੍ਹਾਂ ਲਈ ਰੁਜ਼ਗਾਰ ਬਣ ਗਿਆ ਹੋਵੇ, ਉਨ੍ਹਾਂ ਲਈ ਛਿੱਤਰ ਮਿੱਠੇ ਪ੍ਰਸ਼ਾਦੇ ਹੀ ਹੁੰਦੇ ਹਨ। ਪੁਰਾਣੇ ਜ਼ਮਾਨਿਆਂ ‘ਚ ਮਨੁੱਖ ਸਿਹਤ ਭਾਲਦਾ ਸੀ, ਹੁਣ ਹਕੂਮਤ ਭਾਲਦੈ। ਇਸੇ ਕਰਕੇ ਦਿਨ ਢਲਣ ਨਾਲ ਦੋ-ਦੋ ਨਸ਼ੇ ਕਰਨ ਦੀ ਆਦਤ ਪੈਂਦੀ ਜਾ ਰਹੀ ਹੈ। ਸ਼ਰਾਬ ਤੇ ਸ਼ਬਾਬ ਕਿੱਕਲੀ ਪਾਉਂਦੀਆਂ ਹਨ। ਪਰਜਾ ਵੀ ਕੀ ਕਰੇ, ਸੌਣਾ ਚੁਬਾਰੇ Ḕਤੇ ਪਵੇ, ਭਾਵੇਂ ਵਿਹੜੇ ‘ਚ, ਮਕਾਨ ਬਦਲਣ ਦੀ ਹਿੰਮਤ ਝੂਠੇ ਲਾਰਿਆਂ ਨੇ ਛੱਡੀ ਹੀ ਕਿੱਥੇ ਹੈ? ਕਾਸ਼! ਕਿਤੇ ਰੁਜ਼ਗਾਰ ਦੇਣ ਵੇਲੇ ਅਜਿਹੀ ਦਿਮਾਗੀ ਕਸਰਤ ਵਾਲੇ ਪ੍ਰਸ਼ਨ ਪੁੱਛੇ ਜਾਣ ਲੱਗ ਪੈਣ। ਐਵੇਂ ਉਚੇ ਹੋਣ ਦੇ ਭਰਮ ਨੇ ਹੀ ਪੱਟੀ ਪਈ ਹੈ, ਸਾਰੀ ਦੁਨੀਆਂ। ਉਚੀਆਂ ਸਮਾਜ ਦੀਆਂ ਕੰਧਾਂ ਹੀ ਹੁੰਦੀਆਂ ਹਨ।
ਐਸ਼ ਅਸ਼ੋਕ ਭੌਰਾ
“ਜੁਆਨਾ ਕਿਹਦਾ ਮੁੰਡਾ ਐਂ?” ਬਸੰਤ ਸਿਹੁੰ ਨੇ ਬੱਸ ਵਿਚੋਂ ਉਤਰਦੇ ਗੱਭਰੂ ਨੂੰ ਆਵਾਜ਼ ਮਾਰ ਕੇ ਪੁੱਛਿਆ।
“ਤੂੰ ਸਿਆਣਿਆਂ ਨ੍ਹੀਂ? ਇਹ ਆਪਣੇ ਸੁਰਜਣ ਸੂੰ ਦਾ ਮੁਖਤਿਆਰ ਐ।” ਢਲਦੀ ਸ਼ਾਮ ਨੂੰ ਦਰਵਾਜ਼ੇ ਬੈਠੇ ਠਾਕੁਰ ਸਿਹੁੰ ਨੇ ਬਸੰਤ ਸਿਹੁੰ ਨੂੰ ਦੱਸਿਆ।
“ਹੱਲਾ ਬਈ, ਸੋਹਣਾ ਜੁਆਨ ਨਿੱਕਲਿਆਂ। ਕਿੱਧਰੋਂ ਆਇਆਂ?” ਠਾਕਰ ਸਿਹੁੰ ਨੇ ਵੀ ਸੁਆਲ ਕਰ ਦਿੱਤਾ।
“ਤਾਇਆ ਇਕ ਵੱਡੀ ਨੌਕਰੀ ਲਈ ਇੰਟਰਵਿਊ Ḕਤੇ ਗਿਆ ਸੀ, ਅਫਸਰ ਨੇ ਤਿੰਨ ਸੁਆਲ ਪੁੱਛੇ ਸੀ, ਪਰ ਲੱਗਦੈ ਇਕੋ ਹੀ ਠੀਕ ਹੋਣੈ।”
“ਬਈ ਜੁਆਨਾ ਦੱਸ ਤਾਂ ਸਹੀ ਸੁਆਲ ਕਿਹੜੇ ਸੀ?”
“ਤਾਇਆ, ਉਹ ਤਾਂ ਪੜ੍ਹਿਆਂ-ਲਿਖਿਆਂ ਵਾਲੇ ਸੀ।”
“ਉਹ ਮੁੰਡਿਆ ਜੇ ਜ਼ਮਾਨਾ ਬਦਲ ਗਿਆ ਤਾਂ ਤੂੰ ਸਾਨੂੰ ਐਵੇਂ ਸਮਝਦੈਂ, ਤੂੰ ਦੱਸ ਤਾਂ ਸਹੀਂ ਸ਼ਾਇਦ ਅਸੀਂ ਜੁਆਬ ਦੇ ਦਈਏ।” ਠਾਕੁਰ ਸਿਹੁੰ ਨੇ ਦੋਨਾਂ ਹੱਥਾਂ ਨਾਲ ਖੂੰਡੀ Ḕਤੇ ਭਾਰ ਦਿੰਦਿਆਂ ਕਿਹਾ।
“ਤਾਇਆ ਪਹਿਲਾ ਸੁਆਲ ਸੀ ਕਿ ਸੱਪ ਦੁੱਧ ਕਿਉਂ ਪੀਂਦਾ ਹੈ? ਦੂਜਾ ਸੁਆਲ ਸੀ, ਦੁਨੀਆਂ ਦੀ ਸਭ ਤੋਂ ਤੇਜ਼-ਤਰਾਰ, ਚੁਸਤ-ਫੁਰਤ ਬੱਚੀ ਕਿਹੜੀ ਹੈ? ਤੇ ਤੀਜਾ ਦੁਨੀਆਂ ਦਾ ਸਭ ਤੋਂ ਵੱਧ ਝੂਠ ਬੋਲਣ ਵਾਲਾ ਬਾਦਸ਼ਾਹ ਕਿਹੜਾ ਏ।”
“ਬਈ ਜੁਆਨਾ, ਦੋ ਸੁਆਲਾਂ ਦੇ ਜਵਾਬ ਤਾਂ ਮੇਰੇ ਕੋਲ ਹੈਗੇ ਆ, ਤੀਜੇ ਦਾ ਹੈਨੀ।” ਬਸੰਤ ਸਿਹੁੰ ਨੇ ਵੀ ਪੈਰਾਂ ਭਾਰ ਬੈਠੇ ਨੇ ਥੱਲਾ ਥੱਲੇ ਲਾ ਲਿਆ।
“ਚੱਲ ਤਾਇਆ ਦੱਸ ਫਿਰ।”
“ਸੱਪ ਖੁੱਡਾਂ ‘ਚ ਜੰਗਲਾਂ ‘ਚ ਰਹਿੰਦੈ। ਚੂਹੇ, ਸਿਉਂਕ, ਕੀੜੇ ਮਕੌੜੇ ਖਾਂਦੈ। ਫਿਰ ਦੁੱਧ ਉਹਦੀ ਖੁਰਾਕ ਕਿਵੇਂ ਹੋ ਸਕਦੈ? ਪਰ ਸੱਪ ਦੇ ਦੁੱਧ ਪੀਣ ਦੀ ਕਹਾਣੀ ਬੜੀ ਚਿਲਚਸਪ ਹੈ। ਬਈ ਕਾਕਾ ਇਕ ਬਾਦਸ਼ਾਹ ਦੀ ਕੁੜੀ ਤੇ ਗਰੀਬ ਘਰ ਦੇ ਮੁੰਡੇ ਦਾ ਪਿਆਰ ਹੋ ਗਿਆ। ਬਾਦਸ਼ਾਹ ਨੇ ਉਸ ਗਰੀਬ ਮੁੰਡੇ ਦਾ ਸਾਰਾ ਪਰਿਵਾਰ ਸ਼ਹਿਰੋਂ ਦੂਰ ਝੁੱਗੀਆਂ ਝੋਂਪੜੀਆਂ ‘ਚ ਛੱਡ ਆਂਦਾ ਤੇ ਆਪਣੀ ਲੜਕੀ ਦਾ ਵਿਆਹ ਇਕ ਹੋਰ ਰਿਆਸਤ ਦੇ ਰਾਜੇ ਦੇ ਪੁੱਤ ਨਾਲ ਕਰਨ ਦਾ ਫੈਸਲਾ ਕਰ ਲਿਆ। ਜਿਸ ਦਿਨ ਵਿਆਹ ਸੀ, ਗਰੀਬ ਮੁੰਡੇ ਨੂੰ ਵੀ ਖਬਰ ਲੱਗ ਗਈ। ਰੱਜ ਕੇ ਖੂਬਸੂਰਤ ਮੁੰਡਾ ਪਿਆਰ ‘ਚ ਹਾਰਿਆ ਹੋਣ ਕਰਕੇ ਉਦਾਸ ਮੂੰਹ ਲੈ ਕੇ, ਜਾਨ ਤਲੀ ‘ਤੇ ਧਰ ਕੇ ਬਾਦਸ਼ਾਹ ਦੇ ਮਹਿਲਾਂ ਵੱਲ ਪੈਦਲ ਚੱਲ ਪਿਆ। ਰਸਤੇ ‘ਚ ਜੰਗਲ ਨੂੰ ਅੱਗ ਲੱਗੀ ਹੋਈ ਸੀ ਤੇ ਅੱਗ ‘ਚ ਇਕ ਅਜ਼ਗਰ ਫਸਿਆ ਹੋਇਆ ਸੀ। ਮੁੰਡੇ ਨੂੰ ਲੱਗਾ ਕਿ ਅਜ਼ਗਰ ਜਾਨ ਬਚਾਉਣ ਲਈ ਹੀਲੇ ਕਰ ਰਿਹਾ ਹੈ। ਉਹ ਅੱਗੇ ਵਧ ਕੇ ਅਜ਼ਗਰ ਨੂੰ ਬਾਹਰ ਕੱਢਣ ਦਾ ਯਤਨ ਕਰਨ ਲੱਗਾ ਤਾਂ ਉਹਨੇ ਐਸਾ ਫਰਾਟਾ ਮਾਰਿਆ ਕਿ ਰਾਜ ਕੁਮਾਰਾਂ ਵਰਗੇ ਗੱਭਰੂ ਨੂੰ ਸਾੜ ਕੇ ਸੁਆਹ ਵਰਗਾ ਕਰ ਦਿੱਤਾ। ਉਹ ਮੁੰਡਾ ਉਚੀ ਉਚੀ ਰੋਣ ਲੱਗ ਪਿਆ ਕਿ ਹੁਣ ਤਾਂ ਮੇਰੀ ਪ੍ਰੇਮਿਕਾ ਮੈਨੂੰ ਪਛਾਣੇਗੀ ਵੀ ਨਹੀਂ। ਅਜ਼ਗਰ ਹੱਸ ਪਿਆ ਤੇ ਕਹਿਣ ਲੱਗਾ, ‘ਪੁੱਤਰਾ ਰੋ ਨਾ, ਮੈਂ ਜੋ ਕੀਤਾ ਚੰਗਾ ਕੀਤਾ। ਜਦੋਂ ਮੇਰੀ ਲੋੜ ਪਈ ਤਾਂ ਮੈਂ ਤੇਰੇ ਕੰਮ ਆਵਾਂਗਾ, ਫਿਰ ਤੂੰ ਖੁਸ਼ ਹੋਵੇਂਗਾ।’ ਉਦਾਸ ਹੋਇਆ ਉਹ ਗੱਭਰੂ ਵਾਪਿਸ ਘਰ ਨੂੰ ਪਰਤ ਆਇਆ। ਉਧਰ ਰਾਜਕੁਮਾਰੀ ਦੇ ਵਿਆਹ ਦੀਆਂ ਰਸਮਾ ਮੁਕੰਮਲ ਹੋਈਆਂ। ਸੁਹਾਗ ਰਾਤ ਵੇਲੇ ਭਾਗਾਂ ਵਾਲੇ ਰਾਜ ਕੁਮਾਰ ਨੇ ਜਿਉਂ ਹੀ ਬੂਹਾ ਢੋਇਆ, ਅਜ਼ਗਰ ਨੇ ਡੱਸ ਲਿਆ, ਉਸ ਦੀ ਥਾਂਏਂ ਮੌਤ ਹੋ ਗਈ। ਰਾਜ ਕੁਮਾਰੀ ਡਰ ਨਾਲ ਪਾਗਲ ਹੋ ਗਈ। ਬੜਾ ਇਲਾਜ ਕਰਵਾਇਆ ਬਾਦਸ਼ਾਹ ਨੇ ਪਰ ਵੱਸਣ ਤੋਂ ਪਹਿਲਾਂ ਵਿਧਵਾ ਹੋਈ ਧੀ ਤੰਦਰੁਸਤ ਨਾ ਹੋਈ। ਇਕ ਸਿਆਣੇ ਫਕੀਰ ਕੋਲ ਲੈ ਕੇ ਗਏ ਤਾਂ ਉਸ ਨੇ ਕਿਹਾ ਕਿ ਇਸ ਲੜਕੀ ਨੂੰ ਅਜ਼ਗਰ ਦੀ ਕੁੰਜ ਦੁੱਧ ‘ਚ ਭਿਉਂ ਕੇ ਉਸ ਦੁੱਧ ਨਾਲ ਨੁਹਾਓ। ਇਸੇ ਦੁੱਧ ਨੂੰ ਇਕ ਬਰਤਨ ‘ਚ ਇਕੱਠਾ ਕਰਕੇ ਉਸੇ ਅਜ਼ਗਰ ਨੂੰ ਪਿਆਓ, ਜਿਸ ਦੀ ਇਹ ਕੁੰਜ ਹੋਵੇ। ਕੁੰਜ ਨੂੰ ਵੀ ਇਸ ਦਾ ਪ੍ਰੇਮੀ ਲੈ ਕੇ ਆਵੇ ਜਿਸ ਨਾਲ ਇਹ ਵਿਆਹ ਕਰਵਾਉਣਾ ਚਾਹੁੰਦੀ ਸੀ। ਧੀ ਦੀ ਖੁਸ਼ੀ ਲਈ ਬਾਦਸ਼ਾਹ ਨੇ ਸਾਰੇ ਅਸੂਲ ਛਿੱਕੇ ਟੰਗ ਦਿੱਤੇ। ਆਪਣੀ ਧੀ ਦੇ ਉਸ ਗਰੀਬ ਪ੍ਰੇਮੀ ਨੂੰ ਜਦੋਂ ਲੱਭਿਆ ਗਿਆ ਤਾਂ ਉਸ ਦਾ ਰੰਗ ਕਾਲਾ ਸੁਆਹ ਹੋ ਚੁੱਕਾ ਸੀ। ਸਾਰੀ ਵਿਥਿਆ ਉਸ ਨੌਜਵਾਨ ਨੂੰ ਸੁਣਾਈ ਗਈ। ਉਸ ਨੇ ਸੋਚਿਆ ਕਿ ਅਜ਼ਗਰ ਨੇ ਕਿਹਾ ਸੀ ਜਦੋਂ ਲੋੜ ਪਈ ਮੈਨੂੰ ਯਾਦ ਕਰੀਂ, ਮੈਂ ਤੇਰੇ ਕੰਮ ਆਵਾਂਗਾ। ਉਸ ਨੇ ਅੱਖਾਂ ਮੀਟ ਕੇ ਅਜ਼ਗਰ ਨੂੰ ਯਾਦ ਕੀਤਾ ਤਾਂ ਅਜ਼ਗਰ ਸਾਹਮਣੇ ਪ੍ਰਗਟ ਹੋ ਗਿਆ। ਪਲਾਂ ਛਿਣਾਂ ‘ਚ ਆਪਣੀ ਕੁੰਜ ਉਤਾਰ ਦਿੱਤੀ ਤੇ ਨਾਲ ਹੀ ਅਜ਼ਗਰ ਬੋਲ ਪਿਆ, ‘ਪੁੱਤਰਾ ਜਦੋਂ ਰਾਜਕੁਮਾਰੀ ਕੁੰਜ ਵਾਲੇ ਦੁੱਧ ਨਾਲ ਨਹਾ ਕੇ ਹਟੇ ਤਾਂ ਮੈਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਉਸ ਕੁੰਜ ਨਾਲ ਤੂੰ ਵੀ ਨਹਾ ਲਈਂ। ਤੂੰ ਪਹਿਲਾਂ ਨਾਲੋਂ ਵੀ ਖੂਬਸੂਰਤ ਹੋ ਜਾਵੇਂਗਾ।’ ਤੇ ਹੋਇਆ ਵੀ ਇੰਜ ਹੀ। ਰਾਜਕੁਮਾਰੀ ਨੂੰ ਜਦੋਂ ਨੁਹਾਇਆ ਗਿਆ ਤਾਂ ਉਹ ਪਹਿਲਾਂ ਵਾਂਗ ਖਿੜ ਖਿੜ ਕੇ ਹੱਸਣ ਲੱਗ ਪਈ। ਆਪਣੇ ਪ੍ਰੇਮੀ ਦਾ ਕਾਲਾ ਚਿਹਰਾ ਦੇਖ ਕੇ ਉਦਾਸ ਹੋਈ। ਪਰ ਜਦੋਂ ਉਸੇ ਕੁੰਜ ਨਾਲ ਪ੍ਰੇਮੀ ਨੇ ਇਸ਼ਨਾਨ ਕੀਤਾ ਤਾਂ ਉਹ ਸੱਚੀਂ ਰਾਜਕੁਮਾਰ ਬਣ ਗਿਆ। ਅਜ਼ਗਰ ਫਿਰ ਪ੍ਰਗਟ ਹੋ ਗਿਆ। ਦੋਹਾਂ ਨੇ ਇੱਕਠਿਆਂ ਉਸ ਅਜ਼ਗਰ ਨੂੰ ਦੁੱਧ ਪਿਆਇਆ ਤਾਂ ਉਹ ਅਲੋਪ ਹੋ ਗਿਆ। ਇਉਂ ਗਰੀਬ ਘਰ ਦਾ ਪੁੱਤਰ ਬਾਦਸ਼ਾਹ ਦਾ ਜੁਆਈ ਬਣ ਗਿਆ। ਉਦੋਂ ਤੋਂ ਮੁਸੀਬਤ ‘ਚ ਫਸੇ ਲੋਕ ਸੱਪ ਨੂੰ ਦੁੱਧ ਪਿਆਉਣ ਦੀ ਧਾਰਨਾ ਰੱਖਣ ਲੱਗ ਪਏ। ਇਹ ਪਰੰਪਰਾ ਯੁੱਗਾਂ ਤੋਂ ਚਲਦੀ ਆਈ ਹੈ।”
ਮੁਖਤਿਆਰ ਹੱਸ ਪਿਆ, “ਤਾਇਆ ਇਹ ਜੁਆਬ ਤਾਂ ਕੋਈ ਵੀ ਨਹੀਂ ਦੇ ਸਕਦਾ ਸੀ। ਪਰ ਹੁਣ ਮੇਰੇ ਦੂਜੇ ਸਵਾਲ ਦਾ ਵੀ ਜਵਾਬ ਦੇਹ।”
“ਲੈ ਫਿਰ ਉਹ ਵੀ ਸੁਣ ਜੁਆਨਾ। ਦੋ ਸਕੇ ਭਰਾ ਸਨ, ਇਕ ਅਮੀਰ ਤੇ ਇਕ ਗਰੀਬ। ਗਰੀਬ ਕੋਲ ਘੋੜੀ ਸੀ ਤੇ ਅਮੀਰ ਕੋਲ ਘੋੜਾ। ਦੋਵੇਂ ਲੰਬੇ ਸਫਰ Ḕਤੇ ਨਿਕਲ ਗਏ। ਦੋਵੇਂ ਆਪੋ ਆਪਣੀਆਂ ਬੱਘੀਆਂ Ḕਤੇ ਸਨ। ਰਾਤ ਪਈ ਤਾਂ ਦੋਵੇਂ ਆਰਾਮ ਕਰਨ ਲਈ ਲੇਟ ਗਏ। ਥਕੇਵੇਂ ਨਾਲ ਦੋਵਾਂ ਨੂੰ ਗੂੜ੍ਹੀ ਨੀਂਦ ਆ ਗਈ। ਰਾਤ ਵੇਲੇ ਗਰੀਬ ਭਰਾ ਦੀ ਘੋੜੀ ਸੂ ਪਈ। ਬਸ਼ੇਰਾ ਰੁੜ੍ਹ ਕੇ ਅਮੀਰ ਭਰਾ ਦੀ ਬੱਘੀ ਕੋਲ ਚਲਾ ਗਿਆ। ਸਵੇਰੇ ਅਮੀਰ ਭਰਾ ਉਠਿਆ ਤਾਂ ਖੁਸ਼ੀ ‘ਚ ਕਿਲਕਾਰੀਆਂ ਮਾਰਨ ਲੱਗਾ। ਦੇਖ ਓ ਭਰਾਵਾ ਮੇਰੀ ਬੱਘੀ ਨੇ ਬਸ਼ੇਰਾ ਦਿੱਤਾ। ਗਰੀਬ ਭਰਾ ਕਹਿਣ ਲੱਗਾ, ‘ਬਸ਼ੇਰਾ ਮੇਰੀ ਘੋੜੀ ਨੇ ਦਿੱਤਾ, ਬੱਘੀ ਬਸ਼ੇਰਾ ਨਹੀਂ ਦੇ ਸਕਦੀ।’
‘ਜੇ ਤੇਰੀ ਘੋੜੀ ਨੇ ਬਸ਼ੇਰਾ ਦਿੱਤਾ ਹੁੰਦਾ ਤਾਂ ਇਹ ਉਹਦੇ ਕੋਲ ਹੁੰਦਾ, ਇਹ ਮੇਰੀ ਬੱਘੀ ਨੇ ਦਿੱਤਾ।’ ਜ਼ੋਰਾਵਰ ਦਾ ਸੱਤੀਂ ਵੀਹੀਂ ਸੌ ਹੋਣ ਲੱਗਾ। ਮਾਮਲਾ ਅਦਾਲਤ ਵਿਚ ਚਲਾ ਗਿਆ। ਅਮੀਰ ਭਰਾ ਨੇ ਲਾਲ ਕੱਪੜਾ ਹਿਲਾਇਆ, ਜਿਹਦੇ ਲੜ ਨਾਲ ਕੁਝ ਬੰਨ੍ਹਿਆ ਹੋਇਆ ਸੀ। ਜੱਜ ਦੀ ਨੀਅਤ ਬਦਲ ਗਈ। ਜੱਜ ਨੇ ਦੋਵਾਂ ਭਰਾਵਾਂ ਨੂੰ ਕੋਲ ਬਿਠਾ ਕੇ ਚਾਰ ਬੁਝਾਰਤਾਂ ਪਾਈਆਂ, ਬਈ ਜਿਹੜਾ ਅਗਲੀ ਤਰੀਕ ‘ਤੇ ਠੀਕ ਉਤਰ ਲੈ ਕੇ ਆਊ, ਬਸ਼ੇਰਾ ਉਹਦਾ। ਬੁਝਾਰਤਾਂ ਸਨ ਕਿ ਦੁਨੀਆਂ ਦੀ ਸਭ ਤੋਂ ਤਕੜੀ ਤੇ ਛੋਹਲੀ ਚੀਜ਼ ਕਿਹੜੀ ਹੈ? ਸਭ ਤੋਂ ਮੋਟਾ ਕੌਣ ਹੈ? ਸਭ ਤੋਂ ਕੂਲਾ ਕੌਣ ਹੈ? ਤੇ ਸਭ ਤੋਂ ਪਿਆਰੀ ਚੀਜ਼ ਕਿਹੜੀ ਹੈ? ਪੰਜ ਦਿਨ ਬਾਅਦ ਅਗਲੀ ਤਰੀਕ ਪਾ ਦਿੱਤੀ ਗਈ। ਅਗਲੀ ਤਰੀਕ Ḕਤੇ ਅਮੀਰ ਭਰਾ ਨੇ ਜੱਜ ਨੂੰ ਬੁਝਾਰਤਾਂ ਦੇ ਉਤਰ ਦਿੱਤੇ ਕਿ ਸਭ ਤੋਂ ਤਕੜਾ ਤੇ ਛੋਹਲੀ ਚੀਜ਼ ਮੇਰਾ ਘੋੜਾ ਹੈ! ਸਭ ਤੋਂ ਮੋਟਾ ਸਾਡੇ ਘਰ ‘ਚ ਪਲਿਆ ਸੂਰ ਹੈ, ਦੋ ਵਰ੍ਹਿਆਂ ਦਾ, ਆਪਣੇ ਪੈਰਾਂ ‘ਤੇ ਖਲੋ ਨਹੀਂ ਸਕਦਾ! ਸਭ ਤੋਂ ਪਿਆਰਾ ਮੇਰਾ ਪੁੱਤਰ ਇਵਾਂਸ਼ੂ ਹੈ। ਜੱਜ ਹੱਸ ਪਿਆ, ‘ਹੁਣ ਤੈਨੂੰ ਚੌਥੀ ਬੁਝਾਰਤ ਦਾ ਉਤਰ ਦੇਣ ਦੀ ਲੋੜ ਨਹੀਂ।’
ਗਰੀਬ ਭਰਾ ਦੀ ਵਾਰੀ ਆਈ। ਉਹਨੇ ਕਿਹਾ, ‘ਜੱਜ ਸਾਹਿਬ ਦੁਨੀਆਂ ਦੀ ਸਭ ਤੋਂ ਤਕੜੀ ਤੇ ਛੋਹਲੀ ਚੀਜ਼ ਹੈ-ਹਵਾ, ਸਭ ਤੋਂ ਮੋਟੀ ਹੈ-ਧਰਤੀ ਜੋ ਬਨਸਪਤੀ ਨੂੰ ਪਾਲ ਰਹੀ ਹੈ, ਸਭ ਤੋਂ ਕੂਲੀ ਚੀਜ਼ ਹੈ-ਹੱਥ, ਸਭ ਤੋਂ ਪਿਆਰੀ ਚੀਜ਼ ਹੈ-ਨੀਂਦ।’ ਜੱਜ ਗਰੀਬ ਭਰਾ ਦੇ ਉਤਰ ਸੁਣ ਕੇ ਸੁੰਨ ਹੋ ਗਿਆ ਤੇ ਕਹਿਣ ਲੱਗਾ, ‘ਤੂੰ ਤਾਂ ਮੈਨੂੰ ਏਨਾ ਸਿਆਣਾ ਨਹੀਂ ਲੱਗਦਾ, ਮੈਨੂੰ ਦੱਸ ਤੈਨੂੰ ਇਹ ਜੁਆਬ ਕਿਹਨੇ ਦੱਸੇ ਨੇ?’
ਗਰੀਬ ਭਰਾ ਬੋਲਿਆ, ‘ਜੱਜ ਸਾਹਿਬ, ਮੇਰੀ ਸੱਤ ਵਰ੍ਹਿਆਂ ਦੀ ਇਕ ਧੀ ਹੈ, ਇਹ ਸਾਰੇ ਉਤਰ ਉਸ ਨੇ ਮੈਨੂੰ ਦੱਸੇ ਨੇ।’
ਜੱਜ ਨੇ ਅਗਲਾ ਹੁਕਮ ਸੁਣਾਇਆ, ‘ਜੇ ਤੇਰੀ ਧੀ ਏਨੀ ਸਿਆਣੀ ਹੈ ਤਾਂ ਉਹਨੂੰ ਆਖ ਕਿ ਮੇਰੇ ਲਈ ਇਕ ਮੀਟਰ ਧਾਗੇ ਦਾ ਤੌਲੀਆ ਬੁਣ ਕੇ ਲਿਆਵੇ।’
ਇਹ ਸੁਣ ਕੇ ਗਰੀਬ ਭਰਾ ਦੇ ਹੋਸ਼ ਉਡ ਗਏ। ਉਹ ਘਰ ਆ ਕੇ ਗੋਡਿਆਂ ‘ਚ ਮੂੰਹ ਦੇ ਕੇ ਰੋਣ ਲੱਗ ਪਿਆ।
ਧੀ ਨੇ ਪੁੱਛਿਆ, ‘ਬਾਪੂ ਰੋਂਦਾ ਕਿਉਂ ਐਂ?Ḕ
ਆਖਣ ਲੱਗਾ, ‘ਧੀਏ ਇਸ ਬੁਝਾਰਤ ਦਾ ਉਤਰ ਤੇਰੇ ਕੋਲ ਵੀ ਕੋਈ ਨਹੀਂ ਹੋਣਾ, ਮੈਂ ਕੱਲ੍ਹ ਨੂੰ ਮੁਕੱਦਮਾ ਹਾਰ ਜਾਵਾਂਗਾ।’
‘ਬਾਪੂ ਦੱਸ ਤਾਂ ਸਹੀ।’
‘ਮੇਰੀਏ ਲਾਡਲੀਏ, ਜੱਜ ਨੇ ਕਿਹਾ ਕਿ ਮੇਰੇ ਲਈ ਇਕ ਮੀਟਰ ਧਾਗੇ ਦਾ ਤੌਲੀਆ ਬੁਣ ਕੇ ਲਿਆ।’
‘ਬਾਪੂ ਆਹ ਫੜ੍ਹ ਝਾੜੂ ਦਾ ਤੀਲਾ ਤੇ ਜੱਜ ਨੂੰ ਆਖ ਕਿ ਇਹਦੀ ਖੱਡੀ ਬਣਾ ਕੇ ਦੇਵੇ ਤੇ ਫਿਰ ਮੈਂ ਉਹਨੂੰ ਤੌਲੀਆ ਬੁਣ ਕੇ ਦੇਵਾਂਗੀ।’ ਅਗਲੇ ਦਿਨ ਜਦੋਂ ਗਰੀਬ ਭਰਾ ਨੇ ਜੱਜ ਨੂੰ ਇਹ ਉਤਰ ਦਿੱਤਾ ਤਾਂ ਜੱਜ ਫਿਰ ਹੱਸ ਪਿਆ, ‘ਅੱਛਾ! ਤੇਰੀ ਧੀ ਏਨੀ ਸਿਆਣੀ ਐ? ਜਾਹ ਫਿਰ ਉਹਨੂੰ ਕਹਿ ਕੇ ਉਹ ਭਲਕੇ ਸਵੇਰੇ ਅਦਾਲਤ ਵਿਚ ਪੁੱਜੇ, ਨਾ ਨੰਗੀ, ਨਾ ਕੱਜੀ, ਨਾ ਪੈਦਲ, ਨਾ ਘੋੜੇ ‘ਤੇ, ਨਾ ਸੁਗਾਤ ਲੈ ਕੇ ਆਵੇ, ਨਾ ਖਾਲੀ ਹੱਥ ਆਵੇ।’
ਉਦਾਸ ਚਿਹਰਾ ਲੈ ਕੇ ਗਰੀਬ ਭਰਾ ਫਿਰ ਘਰ ਪਰਤ ਆਇਆ। ਧੀ ਨੂੰ ਕਹਿਣ ਲੱਗਾ, ‘ਲਾਡਲੀਏ ਹੁਣ ਆਪਣੀ ਬਸ ਐ।’
‘ਤੂੰ ਦੱਸ ਤਾਂ ਸਹੀ ਬਾਪੂ, ਹੁਣ ਕੀ ਕਿਹਾ ਜੱਜ ਨੇ?’
ਜਦੋਂ ਬਾਪ ਨੇ ਜੱਜ ਦੇ ਨਵੇਂ ਸਵਾਲ ਦੱਸੇ ਤਾਂ ਧੀ ਖਿੜ ਖਿੜਾ ਕੇ ਹੱਸ ਪਈ ਤੇ ਕਹਿੰਦੀ, ‘ਬਾਪੂ ਫਿਕਰ ਨਾ ਕਰ, ਮੈਂ ਤੇਰੇ ਨਾਲ ਸਵੇਰੇ ਅਦਾਲਤ ਵਿਚ ਪੇਸ਼ ਹੋਵਾਂਗੀ।’
ਅਗਲੀ ਸਵੇਰ ਕੁੜੀ ਨੇ ਕੱਪੜੇ ਉਤਾਰੇ, ਮੱਛੀਆਂ ਫੜਨ ਵਾਲਾ ਜਾਲ ਉਪਰ ਲਿਆ, ਹੱਥ ਵਿਚ ਬਟੇਰਾ ਫੜ ਲਿਆ ਤੇ ਖਰਗੋਸ਼ ਲੱਤਾਂ ‘ਚ ਲੈ ਕੇ ਅਦਾਲਤ ਵੱਲ ਤੁਰ ਪਈ।
‘ਆਹ ਥੋਡੇ ਲਈ ਸੁਗਾਤ ਏ ਜੱਜ ਸਾਹਿਬ।’ ਜੱਜ ਬਟੇਰਾ ਫੜ੍ਹਨ ਹੀ ਲੱਗਾ ਸੀ ਕਿ ਉਹ ਉਡ ਗਿਆ। ਜੱਜ ਹੈਰਾਨ ਰਹਿ ਗਿਆ ਕਿ ਜਿਵੇਂ ਮੈਂ ਕਿਹਾ ਸੀ ਕੁੜੀ ਨੇ ਸਾਰਾ ਕੁਝ ਉਵੇਂ ਹੀ ਕੀਤਾ। ਕਹਿਣ ਲੱਗਾ, ‘ਬਹੁਤ ਸਿਆਣੀਂ ਏ ਤੂੰ ਪਰ ਇਹ ਦੱਸ ਕਿ ਤੇਰਾ ਬਾਪ ਤਾਂ ਬਹੁਤ ਗਰੀਬ ਹੈ ਤੁਹਾਡੇ ਘਰ ਦਾ ਦਾਲ ਫੁਲਕਾ ਕਿਵੇਂ ਚੱਲਦਾ ਹੈ?’
‘ਜੱਜ ਸਾਹਿਬ, ਮੇਰਾ ਪਿਓ ਦਰਿਆ ਵਿਚ ਜਾਲ ਨਹੀਂ ਲਾਉਂਦਾ, ਸੁੱਕੀ ਜ਼ਮੀਨ ਵਿਚੋਂ ਮੱਛੀਆਂ ਫੜ੍ਹਦਾ। ਮੱਛੀਆਂ ਮੈਂ ਘਰੇ ਲੈ ਆਉਂਦੀ ਆਂ ਤੇ ਇਨ੍ਹਾਂ ਦਾ ਉਹ ਸ਼ੋਰਬਾ ਬਣਾਉਂਦੀ ਹਾਂ ਕਿ ਜੇ ਤੂੰ ਵੀ ਇਕ ਘੁੱਟ ਭਰ ਲਵੇਂ ਤਾਂ ਤੇਰੀ ਵੀ ਰੂਹ ਨਸ਼ਿਆ ਜਾਵੇਗੀ।’
ਜੱਜ ਗੁੱਸੇ ‘ਚ ਕੁਰਸੀ ਤੋਂ ਉਠ ਕੇ ਖੜਾ ਹੋ ਗਿਆ, ‘ਵੱਡੀਏ ਸਿਆਣੀਏ, ਤੂੰ ਮੈਨੂੰ ਮੂਰਖ ਸਮਝਦੀ ਏਂ, ਮੱਛੀਆਂ ਪਾਣੀ ‘ਚ ਹੁੰਦੀਆਂ ਨੇ ਮਿੱਟੀ ‘ਚ ਨਹੀਂ।’
ਕੁੜੀ ਵੀ ਚੀਕ ਮਾਰ ਕੇ ਉਸੇ ਸੁਰ ਵਿਚ ਬੋਲੀ, ‘ਤੇ ਫਿਰ ਵੱਡਿਆ ਸਿਆਣਿਆ ਬਸ਼ੇਰੇ ਘੋੜੀ ਦਿੰਦੀ ਹੈ, ਬੱਘੀ ਨਹੀਂ।’ ਤੇ ਜੱਜ ਨੇ ਬਸ਼ੇਰਾ ਗਰੀਬ ਭਰਾ ਦੇ ਸਪੁਰਦ ਕਰ ਦਿੱਤਾ।”
ਬਸੰਤ ਸਿਹੁੰ ਵੀ ਉਚੀ ਉਚੀ ਹੱਸਣ ਲੱਗ ਪਿਆ ਤੇ ਕਹਿੰਦਾ, “ਬਈ ਜੁਆਨਾ ਤੂੰ ਤਾਂ ਪਤਾ ਨਹੀਂ ਆਪਣੀ ਨੌਕਰੀ ਲਈ ਕਿਹੜੇ ਉਤਰ ਦੇ ਆਇਐਂ ਪਰ ਠਾਕਰ ਨੇ ਕਮਾਲ ਕਰḔਤੀ। ਇਸ ਤੋਂ ਵਧੀਆ ਉਤਰ ਨਹੀਂ ਹੋ ਸਕਦਾ। ਤੇ ਫਿਰ ਜੁਆਨਾ ਤੂੰ ਜਿਹੜਾ ਤੀਜਾ ਠੀਕ ਉਤਰ ਦੇ ਕੇ ਆਇਆਂ, ਉਹ ਸਾਨੂੰ ਵੀ ਦੱਸ ਜਾ ਕਿ ਦੁਨੀਆਂ ਦਾ ਸਭ ਤੋਂ ਝੂਠ ਬੋਲਣ ਵਾਲਾ ਬਾਦਸ਼ਾਹ ਕਿਹੜਾ ਹੈ?”
ਮੁਖਤਿਆਰ ਵੀ ਖਿੜ ਖਿੜਾ ਕੇ ਹੱਸ ਪਿਆ, “ਤਾਇਆ ਇਹ ਨਾਮ ਦੱਸਣ ਦੀ ਮੈਨੂੰ ਵੀ ਲੋੜ ਨਹੀਂ ਕਿਉਂਕਿ ਪਿਛਲੇ ਤਿੰਨ ਚਾਰ ਸਾਲਾਂ ਤੋਂ ਜਿੰਨੇ ਲੋਕ ਵੀ ਆਪਣੇ ਖਾਤਿਆਂ ‘ਚ ਪੰਦਰਾਂ ਪੰਦਰਾਂ ਲੱਖ ਆਉਣ ਦੀ ਉਡੀਕ ਕਰ ਰਹੇ ਨੇ, ਉਨ੍ਹਾਂ ਸਾਰਿਆਂ ਨੂੰ ਈ ਪਤੈ ਕਿ ਬਾਦਸ਼ਾਹ ਝੂਠ ਕਿਹੜਾ ਬੋਲਦੈ?”
ਤੇ ਤਿੰਨੇ ਜਣੇ ਹੱਸਦੇ ਹੱਸਦੇ ਆਪੋ ਆਪਣੇ ਘਰਾਂ ਨੂੰ ਚਲੇ ਗਏ।