ਦੁੱਖ ਭੰਜਣੇ ਪਾਣੀ, ਥਾਂਵਾਂ ਤੇ ਰੁੱਖ

ਗੁਲਜ਼ਾਰ ਸਿੰਘ ਸੰਧੂ
1971 ਵਿਚ ਆਸਟ੍ਰੇਲੀਆ ਤੋਂ ਮੇਰੀ ਨਾਵਲਕਾਰ ਦੋਸਤ ਬੈਟੀ ਕਾਲਿਨਜ਼ ਆਈ ਹੋਈ ਸੀ ਜੋ ਬੋਧੀ ਹੋਣ ਕਾਰਨ ਮਹਾਤਮਾ ਬੁੱਧ ਦੇ ਜਨਮ ਸਥਾਨ ਲੁੰਬਨੀ ਜਾਣਾ ਚਾਹੁੰਦੀ ਸੀ। ਉਸ ਦੇ ਨਾਲ ਉਸ ਦਾ ਬੇਟਾ ਫਿਲਿਪ ਤੇ ਉਸ ਦੀ ਸਹੇਲੀ ਵੇਲਰੀ ਕੈਨੇਡੀ ਵੀ ਸੀ। ਅਸੀਂ ਕਾਰ ਰਾਹੀਂ ਜਾਣ ਦਾ ਫੈਸਲਾ ਕੀਤਾ-ਪੈਟਰੋਲ ਉਸ ਦਾ ਤੇ ਕਾਰ ਮੇਰੀ।

ਦਿੱਲੀ ਤੋਂ ਲਖਨਊ, ਸੀਤਾਪੁਰ, ਸਾਹੋਬ-ਮਹੇਤ ਤੇ ਬਸਤੀ ਜ਼ਿਲ੍ਹੇ ਤੋਂ ਨੇਪਾਲ ਦੀ ਹੱਦ ਪਾਰ ਕਰਕੇ ਅਸੀਂ ਲੁੰਬਨੀ ਪਹੁੰਚ ਗਏ। ਬੈਟੀ ਤੋਂ ਬਿਨਾ ਕਿਸੇ ਕੋਲ ਪਾਸਪੋਰਟ ਨਹੀਂ ਸੀ। ਕਾਰ ਦੇ ਮੁਸਾਫਰਾਂ ਦਾ ਨਾਂ ਪਤਾ ਦਰਜ ਕਰਾ ਕੇ ਨਵੀਂ ਧਰਤੀ ਤੇ ਨਵਾਂ ਦੇਸ਼ ਵੇਖਣ ਦੀ ਖੁੱਲ੍ਹ ਸੀ। ਸਰਹੱਦ ਦੇ ਦੋਨੋਂ ਪਾਸੇ ਸਮਗਲ ਕੀਤੀਆਂ ਵਸਤਾਂ ਦੇ ਬਾਜ਼ਾਰ ਤੇ ਉਨ੍ਹਾਂ ਦੇ ਪਿੱਛੇ ਅੰਬਾਂ ਦੇ ਸੰਘਣੇ ਬਾਗ। ਸਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਸੀ।
ਸਾਨੂੰ ਦੱਸਿਆ ਗਿਆ ਕਿ ਮਹਾਤਮਾ ਬੁੱਧ ਦੇ ਜੰਮਣ ਵੇਲੇ ਉਸ ਦੀ ਮਾਂ ਕਪਿਲਵਸਤੂ ਦੇ ਰਾਜ ਮਹਿਲ ਤੱਕ ਵੀ ਨਹੀਂ ਸੀ ਪਹੁੰਚ ਸਕੀ। ਉਸ ਨੇ ਅੰਬ ਦੇ ਰੁੱਖ ਦਾ ਸਹਾਰਾ ਲੈ ਕੇ ਦੁਨੀਆਂ ਦੇ ਸਭ ਤੋਂ ਵੱਡੇ ਮਹਾਤਮਾ ਨੂੰ ਜਨਮ ਦੇ ਦਿੱਤਾ ਸੀ।
ਮਹਾਤਮਾ ਬੁੱਧ ਦੇ ਇਸ ਜਨਮ ਸਥਾਨ ਉਤੇ ਸਾਦਾ ਜਿਹਾ ਮੰਦਿਰ ਹੈ। ਕੋਈ ਫੂੰ-ਫਾਂ ਨਹੀਂ। ਜਿੱਥੇ ਕਿਧਰੇ ਵੀ ਮਹਾਤਮਾ ਬੁੱਧ ਨੇ ਚਰਨ ਪਾਏ, ਉਸ ਦੇ ਪੈਰੋਕਾਰਾਂ ਨੇ ਮਿੱਟੀ ਦਾ ਮੰਡਪ ਉਸਾਰਿਆ ਤੇ ਪ੍ਰਚਾਰ ਸਥਾਨ ਦਾ ਚਿੰਨ੍ਹ ਸਥਾਪਤ ਕਰ ਲਿਆ।
ਲੁੰਬਨੀ ਦੇ ਸ਼ਾਂਤ ਵਰਤਾਰੇ ਵਿਚ ਅੰਬਾਂ ਦੇ ਰੁੱਖਾਂ ਵਿਚੋਂ ਝੜ ਝੜ ਪੈਂਦੀ ਦੁੱਧ ਚਿੱਟੀ ਚਾਨਣੀ ਦਾ ਮਜ਼ਾ ਆਪਣਾ ਹੀ ਸੀ। ਚਾਰੇ ਪਾਸੇ ਚੁੱਪ ਤੇ ਸ਼ਾਂਤੀ ਦਾ ਰਾਜ ਸੀ। ਸੀਮਾ ਸੁਰੱਖਿਆ ਦਸਤਿਆਂ ਨੇ ਟੇਪ ਰਿਕਾਰਡਰ ਤੇ ਟਾਈਪਰਾਈਟਰ ਸੀਮਾ ਉਤੇ ਜ਼ਬਤ ਕਰਕੇ ਸ਼ਾਂਤੀ ਭੰਗ ਕਰਨ ਦੀ ਸੰਭਾਵਨਾ ਉਤੇ ਕਾਬੂ ਪਾ ਰੱਖਿਆ ਸੀ।
ਕਹਿੰਦੇ ਹਨ ਕਿ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਦੁਨੀਆਂ ਭਰ ਦੇ ਬੋਧੀਆਂ ਨੇ ਇਕ ਦੂਜੇ ਤੋਂ ਵੱਧ ਆਲੀਸ਼ਾਨ ਮੰਦਿਰ ਬਣਾਏ ਹੋਏ ਹਨ। ਮੈਨੂੰ ਵੱਡੇ ਵੱਡੇ ਬੋਧੀ ਮੰਦਿਰ ਹੋਰ ਦੇਸ਼ਾਂ ਵਿਚ ਦੇਖਣ ਦਾ ਮੌਕਾ ਵੀ ਮਿਲਿਆ ਹੈ ਪਰ ਜਿੰਨੀ ਸ਼ਾਂਤੀ ਤੇ ਸਾਦਗੀ ਬੁੱਧ ਦੇ ਜਨਮ ਸਥਾਨ ਲੁੰਬਨੀ ਵਿਚ ਹੈ, ਓਨੀ ਹੋਰ ਕਿਧਰੇ ਨਹੀਂ। ਇਥੇ ਬੁੱਧ ਗਯਾ ਨਾਲੋਂ ਵੀ ਵੱਧ ਕੇ ਸ਼ਾਂਤੀ ਦਾ ਵਾਰਾ-ਪਹਿਰਾ ਹੈ। ਰਕਬਾ ਇਕ ਮੁਰੱਬਾ ਮੀਲ ਤੇ ਸ਼ਾਂਤੀ ਵਾਯੂਮੰਡਲ ਦੇ ਹਾਣ ਦੀ। ਮੈਂ ਇਸ ਸ਼ਾਂਤ ਸਥਾਨ ਨੂੰ ਦੁੱਖ ਭੰਜਣ ਮੁਰੱਬਾ ਮੀਲ ਨਾਂ ਦਿੱਤਾ।
ਦੁਖ ਭੰਜਣ ਦੇਸ਼ ਵੈਟੀਕਨ ਸਿਟੀ: ਇਕ ਦੇਸ਼ ਅਜਿਹਾ ਵੀ ਹੈ ਜਿਸ ਦਾ ਕੁਲ ਰਕਬਾ ਇਕ ਚੌਥਾਈ ਮੁਰੱਬਾ ਮੀਲ ਤੋਂ ਘੱਟ ਹੈ ਤੇ ਇਸ ਦੀ ਵੱਸੋਂ ਕਦੀ ਵੀ ਇਕ ਹਜ਼ਾਰ ਤੋਂ ਵੱਧ ਨਹੀਂ ਹੋਈ। ਸਹੀ ਅੰਕੜੇ ਜਾਣਨੇ ਚਾਹੋ ਤਾਂ ਰਕਬਾ .17 ਮੁਰੱਬਾ ਮੀਲ ਹੈ ਤੇ 1988 ਦੀ ਜਨਗਣਨਾ ਅਨੁਸਾਰ ਇਥੋਂ ਦੀ ਵਸੋਂ ਮਸਾਂ 766 ਸੀ। ਇਕ ਵੀ ਵਸਨੀਕ ਅਨਪੜ੍ਹ ਨਹੀਂ।
ਦੁਨੀਆਂ ਦੇ ਇਸ ਸਭ ਤੋਂ ਛੋਟੇ ਦੇਸ਼ ਦਾ ਨਾਂ ਹੈ, ਵੈਟੀਕਨ ਸਿਟੀ। ਇਹ ਚਾਰੇ ਪਾਸਿਆਂ ਤੋਂ ਰੋਮ ਸ਼ਹਿਰ ਵਿਚ ਘਿਰਿਆ ਹੋਇਆ ਹੈ। ਰੋਮ ਇਟਲੀ ਦੀ ਰਾਜਧਾਨੀ ਹੈ। ਵੈਟੀਕਨ ਦੀ ਰਾਜਧਾਨੀ ਵੈਟੀਕਨ ਆਪ ਹੀ ਹੈ, ਜਿਵੇਂ ਪਿੰਡ ਤੇ ਡਾਕਖਾਨਾ ਖਾਸ।
ਰੋਮ ਸ਼ਹਿਰ ਵਿਚ ਘਿਰਿਆ ਇਹ ਰਾਜ ਏਨਾ ਕਮਜ਼ੋਰ ਵੀ ਨਹੀਂ। ਈਸਾਈ ਮੱਤ ਦੇ ਪ੍ਰਮੁੱਖ ਫਿਰਕੇ ਰੋਮਨ ਕੈਥੋਲਿਕ ਚਰਚ ਦਾ ਹੈਡ ਕੁਆਰਟਰ ਹੈ। ਸਮੁੱਚੀ ਸੰਪਰਦਾਇ ਦਾ ਵੈਟੀਕਨ ਸਿਟੀ ਵਿਚ ਬਿਰਾਜਮਾਨ ਪੋਪ ਦੇ ਹੁਕਮ ਬਿਨਾ ਪੱਤਾ ਵੀ ਨਹੀਂ ਹਿੱਲਦਾ।
ਵੈਟੀਕਨ ਦੇ ਵਿਹੜੇ ਵਿਚੋਂ ਕਈ ਕੰਧਾਂ ਨਿਕਲੀਆਂ ਹਨ ਤੇ ਇਸ ਦੀਆਂ ਇਮਾਰਤਾਂ ਦੀਆਂ ਮੰਜ਼ਿਲਾਂ ਵਿਚ ਵਾਧਾ ਹੁੰਦਾ ਰਿਹਾ ਹੈ। ਜਿਵੇਂ ਦਿੱਲੀ ਦਾ ਰੂਪ ਤੇ ਸਥਾਨ ਅਨੇਕ ਵਾਰ ਬਦਲਿਆ, ਵੈਟੀਕਨ ਸਿਟੀ ਦੀ ਦਿੱਖ ਵਿਚ ਤਬਦੀਲੀਆਂ ਆਉਂਦੀਆਂ ਰਹੀਆਂ ਹਨ। ਕੋਮਲ ਕਲਾ ਵਿਚ ਦਿਲਚਸਪੀ ਰੱਖਣ ਵਾਲਿਆਂ ਲਈ ਤਾਂ ਏਨਾ ਹੀ ਜਾਣ ਲੈਣਾ ਕਾਫੀ ਹੈ ਕਿ ਇਥੋਂ ਦੇ ਗਿਰਜਾਘਰਾਂ ਦੀ ਚਿਤਰਕਾਰੀ ਲਈ ਪ੍ਰਸਿੱਧ ਪੇਂਟਰਾਂ ਮਾਈਕਲ ਐਂਜਲੋ ਤੇ ਰਫੀਲ ਦੀਆਂ ਸੇਵਾਵਾਂ ਲਈਆਂ ਗਈਆਂ ਸਨ।
ਵੈਟੀਕਨ ਸਿਟੀ ਵਿਚ ਦੋ ਵੱਡੇ ਧਰਮ-ਸਥਾਨ ਸੇਂਟ ਪੀਟਰਜ਼ ਵੈਸਿਲਾ ਤੇ ਸਿਸਟੀਨ ਚੈਪਲ ਹਨ। ਇਥੇ ਵੱਡੀ ਲਾਇਬਰੇਰੀ ਹੀ ਨਹੀਂ, ਨਕਸ਼ਾ ਗੈਲਰੀ ਵੀ ਹੈ। ਰਫੀਲ ਤੇ ਮਾਈਕਲ ਐਂਜਲੋ ਤੋਂ ਬਿਨਾ ਇਥੇ ਦਰਜਨਾਂ ਮੂਰਤੀਕਾਰਾਂ, ਚਿਤਰਕਾਰਾਂ ਨੇ ਭਾੜੇ ਉਤੇ ਅਤੇ ਭਾੜੇ ਤੋਂ ਬਿਨਾ ਖੁਸ਼ੀ ਖੁਸ਼ੀ ਕੰਮ ਕੀਤਾ ਹੈ।
ਮਾਈਕਲ ਐਂਜਲੋ ਦੇ ਸੌਨੇਟ ਉਸ ਦੀ ਰੂਹਾਨੀ ਜੀਵਨੀ ਤੋਂ ਬਿਨਾ ਕੋਮਲ ਕਲਾ ਦਾ ਇਤਿਹਾਸ ਵੀ ਕਹੇ ਜਾ ਸਕਦੇ ਹਨ। ਉਸ ਦੀ ਮੌਤ ਸ਼ੇਕਸਪੀਅਰ ਦੇ ਜਨਮ ਵਰ੍ਹੇ ਵਿਚ ਹੋਈ। ਉਹ ਸ਼ੇਕਸਪੀਅਰ ਤੋਂ ਬਹੁਤ ਪਹਿਲਾਂ ਲੋਕਾਂ ਦੇ ਦਿਲਾਂ ਵਿਚ ਵੱਸ ਚੁਕਾ ਸੀ। ਕੀ ਇਹ ਹੈਰਾਨੀ ਦੀ ਗੱਲ ਨਹੀਂ ਕਿ ਸ਼ੇਕਸਪੀਅਰ ਦੇ ਜੀਵਨ ਤੇ ਕਾਰਜ ਬਾਰੇ ਤਾਂ ਹਾਲੀ ਵੀ ਭਰਮ-ਭੁਲੇਖੇ ਹਨ ਪਰ ਮਾਈਕਲ ਐਂਜਲੋ ਦਾ ਜੀਵਨ ਬਿਰਤਾਂਤ ਮਹੀਨਾਵਾਰ ਟਿੱਪਣੀਆਂ ਸਹਿਤ ਮਿਲਦਾ ਹੈ। ਇਸ ਦਾ ਆਧਾਰ ਉਸ ਵਲੋਂ ਆਪਣੇ ਭਰਾਵਾਂ ਤੇ ਭਤੀਜੇ ਨੂੰ ਲਿਖੀਆਂ 495 ਵੱਡ-ਆਕਾਰੀ ਚਿੱਠੀਆਂ ਹਨ।
ਕਲਾਕਾਰ ਮਾਈਕਲ ਐਂਜਲੋ ਦੀ ਆਪਣੇ ਸਮੇਂ ਵਿਚ ਹੀ ਏਨੀ ਮਹਿਮਾ ਸੀ ਕਿ ਉਸ ਦੇ ਜੀਵਨ-ਕਾਲ ਵਿਚ ਹੀ ਉਸ ਦੀਆਂ ਜੀਵਨੀਆਂ ਲਿਖੀਆਂ ਗਈਆਂ। ਇਨ੍ਹਾਂ ਜੀਵਨੀਆਂ ਦੇ ਲੇਖਕ ਜਾਣਦੇ ਸਨ ਕਿ ਮਾਈਕਲ ਐਂਜਲੋ ਦੀ ਕਲਾ, ਕੰਮ ਤੇ ਕਵਿਤਾ ਨੇ ਉਸ ਨੂੰ ਜੀਵਨ ਉਪਰੰਤ ਵੀ ਜ਼ਿੰਦਾ ਰੱਖਣਾ ਹੈ। ਉਸ ਦੀ ਕਲਾ ਦਾ ਮਹੱਤਵ ਜਾਣਨ ਲਈ ਇਸ ਤੱਥ ਦੀ ਜਾਣਕਾਰੀ ਹੀ ਕਾਫੀ ਹੋਣੀ ਚਾਹੀਦੀ ਹੈ।
ਛੇ ਸਾਲ ਦੀ ਉਮਰ ਵਿਚ ਸਿਰ ਤੋਂ ਮਾਂ ਦਾ ਸਾਇਆ ਗੁਆ ਚੁੱਕਣ ਵਾਲਾ ਇਹ ਹੋਣਹਾਰ ਵਿਅਕਤੀ ਯੋਗ ਮਾਇਕ ਸਹਾਇਤਾ, ਬਾਦਸ਼ਾਹਾਂ ਵਲੋਂ ਦਿੱਤੇ ਗਏ ਠੇਕਿਆਂ ਦੀ ਮੁਕਰ-ਮੁਕਰਾਈ ਤੇ ਉਗਰਾਹੀ ਲਈ ਕਚਹਿਰੀਆਂ ਵਿਚ ਧੱਕੇ ਖਾਂਦਾ ਬੁੱਤ-ਤਰਾਸ਼ੀ ਤੇ ਚਿੱਤਰਕਾਰੀ ਦੀ ਦੁਨੀਆਂ ਵਿਚ ਏਨਾ ਨਾਮਣਾ ਖੱਟ ਗਿਆ ਕਿ ਇਹਨੂੰ ਚਮਤਕਾਰ ਹੀ ਕਿਹਾ ਜਾ ਸਕਦਾ ਹੈ।
ਮਾਈਕਲ ਐਂਜਲੋ ਸੱਠ ਸਾਲ ਦਾ ਸੀ ਜਦੋਂ ਉਸ ਨੂੰ ਪੋਪ ਪਾਲ ਤੀਜੇ ਨੇ ਆਪਣਾ ਸਰਕਾਰੀ ਬੁੱਤਘਾੜਾ ਬਣਾਇਆ ਤੇ ਉਸ ਨੇ ਵੈਟੀਕਨ ਵਿਚ ਆਪਣੀ ਚਿੱਤਰਕਾਰੀ ਤੇ ਬੁੱਤ-ਤਰਾਸ਼ੀ ਦੇ ਜੌਹਰ ਵਿਖਾਏ। ਇਨ੍ਹਾਂ ਦਿਨਾਂ ਵਿਚ ਹੀ ਉਸ ਨੇ ਸੰਨ 1536 ਈਸਵੀ ਵਿਚ ਸਿਸਟੀਨ ਚੈਪਲ ਦੇ ਗਿਰਜਾਘਰ ਵਿਚ Ḕਦੀ ਲਾਸਟ ਜਜਮੈਂਟḔ ਦੀ ਸਿਰਜਣਾ ਕੀਤੀ। ਇਸ ਦਾ ਆਧਾਰ ਉਸ ਨੇ ਕਵੀ ਦਾਂਤੇ ਵਲੋਂ ਰਚੇ ਗਏ ਪ੍ਰਾਰਥਨਾ ਗੀਤ ਨੂੰ ਬਣਾਇਆ।
ਗਾਈਡ ਦੇ ਦੱਸਣ ਅਨੁਸਾਰ ਮਾਈਕਲ ਐਂਜਲੋ ਕਵੀ ਦਾਂਤੇ ਦਾ ਏਨਾ ਮੱਦਾਹ ਸੀ ਕਿ ਦਾਂਤੇ ਦੇ ਗੀਤ ਤੋਂ ਪ੍ਰੇਰਨਾ ਲੈ ਕੇ ਉਸ ਨੇ ਕਿਆਮਤ ਦੇ ਦਿਨ ਨਾਲ ਸਬੰਧਤ ਆਪਣੀ ਕਲਾ ਨੂੰ ਏਨੀ ਉਤਮਤਾ ਦਿੱਤੀ ਕਿ ਇਸ ਦਾ ਸਿੱਕਾ ਹਾਲੀ ਵੀ ਕਾਇਮ ਹੈ। ਇਥੇ ਮਾਈਕਲ ਐਂਜਲੋ ਨੇ ਕਰੋਪੀ ਦੇ ਮੂੰਹ ਆਏ ਮਨੁੱਖ ਦੇ ਬੰਦ ਬੰਦ ਕਟੀਂਦੇ ਹੋਣ ਦੀ ਦਸ਼ਾ ਸਿਰਜੀ ਹੈ ਜਿਸ ਲਈ ਉਤਮ ਸ਼ਬਦ ਵਰਤਣਾ ਕਾਫੀ ਨਹੀਂ।
ਜੇ ਵੈਟੀਕਨ ਸਿਟੀ ਦੀ ਅੰਦਰਲੀ ਸ਼ਕਤੀ ਦੀ ਗੱਲ ਦੁਹਰਾਉਣੀ ਹੋਵੇ ਤਾਂ ਇਕ ਚੌਥਾਈ ਮੁਰੱਬਾ ਮੀਲ ਦੇਸ਼ ਦਾ ਪ੍ਰਭਾਵ ਇਟਲੀ ਦੇ ਸਾਰੇ ਦੇਸ਼ ਨਾਲੋਂ ਵੱਧ ਹੈ। ਖਾਣਾ, ਪੀਣਾ ਤੇ ਬਿਜਲੀ ਤਕ ਦਰਾਮਦ ਕਰਨ ਵਾਲੇ ਨਿੱਕੇ ਜਿਹੇ ਰਾਜ ਦੀ ਡਾਕ ਤਾਰ ਪ੍ਰਣਾਲੀ, ਰੇਡੀਓ ਸਟੇਸ਼ਨ, ਬੈਂਕਿੰਗ ਸਿਸਟਮ, ਟਕਸਾਲ, ਸਿੱਕਾ, ਮੁਹਰ ਤੇ ਅਖਬਾਰ ਆਦਿ ਆਪਣੇ ਹਨ। ਮੈਂ ਇਸ ਦੇਸ਼ ਨੂੰ ਦੁਖ ਭੰਜਣ ਦੇਸ਼ ਕਹਿੰਦਾ ਹਾਂ।
ਸਾਡੇ ਦੇਸ਼ ਵਿਚ ਵੀ ਦੁਖ ਭੰਜਣੀ ਸ਼ਕਤੀ ਹੈ। ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਦੁਖ ਭੰਜਣੀ ਬੇਰੀ। ਇਥੇ ਇੱਕ ਕੋਹੜੀ ਪਿੰਗਲਾ ਸਰੋਵਰ ਵਿਚ ਇਸ਼ਨਾਨ ਕਰਨ ਉਪਰੰਤ ਅਰੋਗ ਹੋਇਆ ਮੰਨਿਆ ਜਾਂਦਾ ਹੈ। ਆਪਾਂ ਕਹਿ ਸਕਦੇ ਹਾਂ, ਇਸ ਬੇਰੀ ਦੀ ਸ਼ਕਤੀ ਲੰਬਨੀ ਦੇ ਹਰ ਅੰਬ ਦੇ ਰੁੱਖ ਨਾਲੋਂ ਵਧ ਹੈ। ਬੁੱਧ ਨੂੰ ਜਨਮ ਦੇਣ ਵਾਲੇ ਅੰਬ ਤੋਂ ਵੀ।
ਅੰਤਿਕਾ: (ਕੇ. ਕੇ. ਨੰਦਾ Ḕਅਸ਼ਕḔ)
ਸਹਿਰਾ ਸੇ ਇੱਕ ਖਾਸ ਨਿਸਬਤ ਹੈ ਮੁਝੇ
ਜ਼ੱਰਾ ਜ਼ੱਰਾ ਹੈ ਮੁਝੇ ਪਹਿਚਾਨਤਾ।
ਹੈ ਵਹੀ ਇਨਸਾਨ ਮਾਲਕ ਕੇ ਕਰੀਬ
ਜੋ ਬਨਾ ਹੈ ਦੂਸਰੋਂ ਕਾ ਆਸਰਾ।
ਸਰ ਝੁਕਾਊਂ ਕਿਸ ਲੀਏ ਦਰ ਪੇ ਤਿਰੇ
ਆਜ ਤਕ ਦੇਖਾ ਨਾ ਤੁਝ ਕੋ, ਹੈ ਸੁਨਾ।