ਅਮਰੀਕਾ ਦੇ ਕਾਤਲਾਨਾ ਹਮਲੇ ਤੇ ਭਾਰਤ ਦੀ ਕਾਤਲਾਨਾ ਭੀੜ

ਡਾ. ਪਰਮਜੀਤ ਸਿੰਘ ਕੱਟੂ
ਫੋਨ: 91-94631-24131
ਲਾਸ ਵੇਗਸ ਵਿਚ ਇਕ ਬੰਦੂਕਧਾਰੀ ਵੱਲੋਂ ਸੰਗੀਤ ਸਮਾਗਮ ਵਿਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਘੱਟੋ-ਘੱਟ 58 ਲੋਕਾਂ ਨੂੰ ਮਾਰ ਦੇਣ ਅਤੇ 500 ਤੋਂ ਵੱਧ ਲੋਕਾਂ ਨੂੰ ਜ਼ਖਮੀ ਕਰਨ ਦੀ ਹੌਲਨਾਕ ਘਟਨਾ ਨੇ ਇਕ ਵਾਰ ਫੇਰ ਹਿੰਸਕ ਤੇ ਕਾਤਲਾਨਾ ਵਰਤਾਰਿਆਂ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਹਿੰਸਾ ਦਾ ਮਾਹੌਲ ਪੂਰੀ ਦੁਨੀਆਂ ਵਿਚ ਹੀ ਵਧ ਰਿਹਾ ਹੈ। ਇਕ ਪਾਸੇ ਅਮਰੀਕਾ ਆਪਣੇ ਆਪ ਨੂੰ ਮਹਾਂ-ਸ਼ਕਤੀ ਮੰਨ ਰਿਹਾ ਹੈ ਅਤੇ ਦੂਜੇ ਪਾਸੇ ਭਾਰਤ, ਜਿਸ ਨੂੰ ਦੁਨੀਆਂ ਵਿਚ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਸਿਧਾਂਤ ਕਰਕੇ ਇੱਕ ਵੱਖਰੀ ਪਛਾਣ ਮਿਲੀ ਹੋਈ ਹੈ। ਮਹਾਤਮਾ ਗਾਂਧੀ ਦੇ ਅਹਿੰਸਾ ਦੇ ਸਿਧਾਂਤ ਤੋਂ ਵੀ ਪਹਿਲਾਂ ਮਹਾਤਮਾ ਬੁੱਧ ਅਤੇ ਭਗਵਾਨ ਮਹਾਂਵੀਰ ਵੀ ਅਹਿੰਸਾ ਦੇ ਸਿਧਾਂਤ ਦੇ ਧਾਰਨੀ ਸਨ। ਅਮਰੀਕਾ ਦੀ ਅਜਿਹੀ ਕੋਈ ਵਿਰਾਸਤ ਹੋਵੇ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਡਾ. ਸਵਰਾਜ ਸਿੰਘ ਲਿਖਦੇ ਹਨ ਕਿ ਅਮਰੀਕਾ ਸਰਮਾਏਦਾਰੀ ਦੇਸ਼ਾਂ ਵਿਚੋਂ ਸਭ ਤੋਂ ਵੱਧ ਹਿੰਸਾ ਵਾਲਾ ਦੇਸ਼ ਰਿਹਾ ਹੈ। ਅਮਰੀਕਾ ਵਿਚ ਹਿੰਸਾ ਦੀ ਤੁਲਨਾ ਅਸੀਂ ਯੂਰਪ, ਜਾਪਾਨ ਜਾਂ ਇਸ ਦੇ ਗੁਆਂਢੀ ਦੇਸ਼ ਕੈਨੇਡਾ ਨਾਲ ਕਰਕੇ ਦੇਖ ਸਕਦੇ ਹਾਂ ਕਿ ਅਮਰੀਕਾ ਵਿਚ ਹਿੰਸਾ ਦੇ ਅੰਕੜੇ ਇਨ੍ਹਾਂ ਦੇਸ਼ਾਂ ਨਾਲੋਂ ਹੈਰਾਨੀਜਨਕ ਹਨ। ਮਿਸਾਲ ਵਜੋਂ ਜੇ ਅਸੀਂ ਅਮਰੀਕਾ ਵਿਚ ਇੱਕ ਲੱਖ ਵਸੋਂ ਪਿੱਛੇ ਬੰਦੂਕਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਦੀ ਯੂਰਪੀ ਦੇਸ਼ਾਂ, ਜਾਪਾਨ ਅਤੇ ਕੈਨੇਡਾ ਨਾਲ ਤੁਲਨਾ ਕਰੀਏ ਤਾਂ ਹੈਰਾਨੀਜਨਕ ਫਰਕ ਸਾਹਮਣੇ ਆਵੇਗਾ। ਅਮਰੀਕਾ ਵਿਚ ਇਹ ਗਿਣਤੀ 37 ਹੈ ਜਦੋਂਕਿ ਇੰਗਲੈਂਡ ਵਿਚ 0.07 ਭਾਵ ਅਮਰੀਕਾ ਵਿਚ ਇੰਗਲੈਂਡ ਨਾਲੋਂ 500 ਗੁਣਾ ਵੱਧ ਹਿੰਸਾ ਹੈ। ਕੈਨੇਡਾ ਵਿਚ 0.5 ਹੈ ਭਾਵ ਕੈਨੇਡਾ ਨਾਲੋਂ ਅਮਰੀਕਾ ਵਿਚ 74 ਗੁਣਾ ਵੱਧ ਹਿੰਸਾ ਹੈ ਅਤੇ ਜਾਪਾਨ ਵਿਚ 0.01 ਹੈ ਭਾਵ ਜਾਪਾਨ ਨਾਲੋਂ ਅਮਰੀਕਾ ਵਿਚ 3700 ਗੁਣਾ ਵੱਧ ਹਿੰਸਾ ਹੈ।
ਅਮਰੀਕੀ ਰਾਸ਼ਟਰਪਤੀ ਅਬਰਾਹਿਮ ਲਿੰਕਨ, ਗਾਰਫੀਲਡ ਅਤੇ ਕੈਨੇਡੀ ਕਤਲ ਕਰ ਦਿੱਤੇ ਗਏ। ਥਿਊਡੋਰ ਰੂਜ਼ਵੈਲਟ, ਫੋਰਡ ਅਤੇ ਰੀਗਨ ‘ਤੇ ਕਾਤਲਾਨਾ ਹਮਲੇ ਹੋਏ। ਅਮਰੀਕਾ ਵਿਚ 30 ਕਰੋੜ ਬੰਦੂਕਾਂ ਰਜਿਸਟਰ ਕਰਵਾਈਆਂ ਗਈਆਂ ਹਨ। ਇਹ ਗਿਣਤੀ ਅਮਰੀਕਾ ਦੀ ਕੁੱਲ ਵਸੋਂ ਦੇ ਨੇੜੇ ਪਹੁੰਚ ਜਾਂਦੀ ਹੈ। ਇਸ ਤੋਂ ਬਿਨਾ ਵੀ ਗੈਰ-ਕਾਨੂੰਨੀ ਹਥਿਆਰਾਂ ਦੀ ਭਰਮਾਰ ਦੇ ਚਰਚੇ ਚਲਦੇ ਰਹਿੰਦੇ ਹਨ।
ਭਾਰਤ ਵਿਚ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਨੂੰ ਭੀੜ ਅੰਜਾਮ ਦਿੰਦੀਆਂ ਹਨ। ਪਿਛਲੇ ਸਮੇਂ ਵਿਚ ਭੀੜ ਵਲੋਂ ਬਹੁਤ ਹੀ ਹੌਲਨਾਕ ਵਾਰਦਾਤਾਂ ਕੀਤੀਆਂ ਜਾ ਚੁਕੀਆਂ ਹਨ, ਜੋ ਬਹੁਤ ਚਿੰਤਾਜਨਕ ਹਨ। ਇਨ੍ਹਾਂ ਦੋਵਾਂ ਵਰਤਾਰਿਆਂ ਦੀ ਸਾਂਝ ਹਿੰਸਾ ਅਤੇ ਕਤਲ ਦੀ ਹੈ। ਖਬਰਾਂ ਅਨੁਸਾਰ ਭੀੜ ਨੇ ਦਿੱਲੀ ਤੋਂ ਕੁਝ ਮੀਲ ਦੂਰ ਦਾਦਰੀ ਨੇੜੇ ਮੁਹੰਮਦ ਅਖਲਾਕ ਨੂੰ ਗਊ ਰੱਖਿਆ ਦੇ ਨਾਂ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮਗਰੋਂ ਗਊ ਰਾਖਿਆਂ ਵੱਲੋਂ ਅਲਵਰ ਨੇੜੇ ਡੇਅਰੀ ਲਈ ਗਾਂਵਾਂ ਖਰੀਦ ਕੇ ਲਿਆ ਰਹੇ ਪੀਹਲੂ ਖਾਨ ਨੂੰ ਪੁਲਿਸ ਦੀ ਹਾਜ਼ਰੀ ਵਿਚ ਕੁੱਟ-ਕੁੱਟ ਕੇ ਮਾਰ ਦਿੱਤਾ। ਰਾਜਸਥਾਨ ਦੇ ਜ਼ਿਲ੍ਹੇ ਪ੍ਰਤਾਪਗੜ੍ਹ ਵਿਚ ਸਵੱਛ ਭਾਰਤ ਮੁਹਿੰਮ ਦੇ ਨਾਂ ‘ਤੇ ਇੱਕ ਸਮਾਜ ਸੇਵੀ ਕਾਰਕੁਨ ਜ਼ਫਰ ਖਾਨ ਨੂੰ ਮਿਊਂਸਪਲ ਕਾਰਪੋਰੇਸ਼ਨ ਦੇ ਅਹਿਲਕਾਰਾਂ ਨੇ ਇਸ ਲਈ ਕੁੱਟ-ਕੁੱਟ ਕੇ ਮਾਰ ਦਿੱਤਾ ਕਿ ਉਸ ਨੇ ਉਨ੍ਹਾਂ ਨੂੰ ਜੰਗਲ-ਪਾਣੀ ਲਈ ਬੈਠੀਆਂ ਔਰਤਾਂ ਦੀਆਂ ਤਸਵੀਰਾਂ ਲੈਣ ਤੋਂ ਰੋਕਿਆ ਸੀ। ਜ਼ਫਰ ਖਾਨ ਨੇ ਨਵੀਂ ਬਸਤੀ ਦੇ ਵਸਨੀਕਾਂ ਦੇ ਘਰਾਂ ਵਿਚ ਲੈਟਰੀਨਾਂ ਦੇ ਨਿਰਮਾਣ ਲਈ ਇੱਕ ਨਹੀਂ, ਅਨੇਕ ਵਾਰ ਜ਼ਿਲ੍ਹਾ ਅਧਿਕਾਰੀਆਂ ਨੂੰ ਲਿਖਤੀ ਤੇ ਜ਼ਬਾਨੀ ਬੇਨਤੀਆਂ ਕੀਤੀਆਂ ਸਨ, ਪਰ ਕੋਈ ਸੁਣਵਾਈ ਨਹੀਂ ਸੀ ਹੋਈ। ਉਸ ਨੂੰ ਇਸ ਦੀ ਕੀਮਤ ਜਾਨ ਦੇ ਕੇ ਚੁਕਾਉਣੀ ਪਈ।
ਧਰਤੀ ‘ਤੇ ਸਵਰਗ ਕਹੇ ਜਾਂਦੇ ਕਸ਼ਮੀਰ ਵਾਦੀ ਦੇ ਸ਼ਹਿਰ ਸ੍ਰੀਨਗਰ ਤੋਂ ਇਹ ਦਰਦਨਾਕ ਖਬਰ ਆਈ ਕਿ ਈਦ ਦੀ ਨਮਾਜ਼ ਤੋਂ ਬਾਅਦ ਜਾਮਾ ਮਸਜਿਦ ਦੇ ਬਾਹਰ ਮੀਰਵਾਜ਼ ਦੀ ਸੁਰੱਖਿਆ ਲਈ ਤਾਇਨਾਤ ਡੀ.ਐਸ਼ਪੀ. ਨੂੰ ਪਾਕਿਸਤਾਨ ਦੇ ਹੱਕ ਵਿਚ ਨਾਹਰੇ ਲਾਉਣ ਵਾਲੇ ਜਨੂੰਨੀਆਂ ਨੇ ਕੋਹ-ਕੋਹ ਕੇ ਮਾਰ ਦਿੱਤਾ। ਇਸ ਦੇ ਨਾਲ ਹੀ ਪਿਛਲੇ ਸਮੇਂ ਵਿਚ ਪੰਜਾਬ ਤੇ ਹਰਿਆਣਾ ਵਿਚ ਵੀ ਹਿੰਸਕ ਭੀੜ ਨੇ ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਕੀਤਾ ਹੈ।
ਵਿਸ਼ਵ ਸਿਹਤ ਸੰਗਠਨ ਅਨੁਸਾਰ “ਜਾਣ ਬੁਝ ਕੇ ਸਰੀਰਕ ਤਾਕਤ ਜਾਂ ਧੱਕੇ-ਜੋਰ ਦੀ ਵਰਤੋਂ ਕਰਨ ਨੂੰ ਹਿੰਸਾ ਕਿਹਾ ਜਾਂਦਾ ਹੈ। ਇਹ ਧੱਕਾ-ਜੋਰੀ ਕਿਸੇ ਖਾਸ ਗਰੁਪ ਦੇ ਖਿਲਾਫ ਵੀ ਹੋ ਸਕਦੀ ਹੈ ਤੇ ਕਿਸੇ ਬਰਾਦਰੀ ਦੇ ਖਿਲਾਫ ਵੀ। ਇਹ ਧੱਕਾ-ਜੋਰੀ ਕਿਸੇ ਦੂਜੇ ਮਨੁੱਖ ਉਪਰ ਵੀ ਹੋ ਸਕਦੀ ਹੈ ਅਤੇ ਆਪਣੇ ਆਪ ਉਪਰ ਵੀ ਹੋ ਸਕਦੀ ਹੈ। ਇਸ ਦੇ ਨਤੀਜੇ ਵਜੋਂ ਕਿਸੇ ਦੀ ਮੌਤ ਵੀ ਹੋ ਸਕਦੀ ਹੈ, ਕਿਸੇ ਨੂੰ ਸਰੀਰਕ ਨੁਕਸਾਨ ਪਹੁੰਚ ਸਕਦਾ ਹੈ, ਕਿਸੇ ਨੂੰ ਸੱਟ ਫੇਟ ਲਗ ਸਕਦੀ ਹੈ ਅਤੇ ਇਸੇ ਦੀ ਮਾਨਸਿਕਤਾ ਵੀ ਜਖਮੀ ਹੋ ਸਕਦੀ ਹੈ।”
ਇਕ ਅੰਦਾਜ਼ੇ ਮੁਤਾਬਕ ਵਿਸ਼ਵ ਪੱਧਰ ‘ਤੇ ਇਸ ਤਰ੍ਹਾਂ ਦੀ ਹਿੰਸਾ ਕਾਰਨ ਹਰ ਸਾਲ 15 ਲੱਖ ਲੋਕ ਆਪਣੀ ਜਾਨ ਗੁਆ ਬੈਠਦੇ ਹਨ ਜਿਨ੍ਹਾਂ ਵਿਚੋਂ 50 ਪ੍ਰਤੀਸਤ ਆਪਣੇ ਆਪ ਉਪਰ ਕੀਤੀ ਹਿੰਸਾ ਭਾਵ ਖੁਦਕੁਸ਼ੀ ਕਾਰਨ ਜਾਨ ਗੁਆਉਂਦੇ ਹਨ। 35 ਪ੍ਰਤੀਸਤ ਲੋਕ ਹੋਰਾਂ ਹੱਥੋਂ ਮਾਰੇ ਜਾਂਦੇ ਹਨ ਅਤੇ 12 ਪ੍ਰਤੀਸਤ ਲੋਕਾਂ ਦਾ ਜੀਵਨ ਯੁੱਧ ਜਾਂ ਹੋਰ ਤਰ੍ਹਾਂ ਦੇ ਦੰਗੇ-ਫਸਾਦਾਂ ਦੀ ਭੇਟ ਚੜ੍ਹ ਜਾਂਦਾ ਹੈ। ਅੰਕੜੇ ਦੱਸਦੇ ਹਨ ਕਿ ਦੁਨੀਆਂ ਵਿਚ ਹਿੰਸਾ ਘਟਣ ਦੀ ਥਾਂ ਵਧ ਰਹੀ ਹੈ।
ਰਾਜਸੀ ਵਿਸ਼ਲੇਸ਼ਕ ਵਜੋਂ ਜਾਣੀ ਜਾਂਦੀ ਲੇਖਿਕਾ, ਫਿਲਮਸਾਜ਼ ਅਤੇ ਸਮਾਜ ਸੇਵਿਕਾ ਨੇਓਮੀ ਕਲੇਨ ਨੇ 2007 ਵਿਚ ਸਦਮਾ ਸਿਧਾਂਤ (ਦ ਸ਼ੌਕ ਡੋਕਟਰਾਈਨ) ਪੁਸਤਕ ਲਿਖੀ, ਜਿਸ ਵਿਚ ਉਸ ਨੇ ਕਿਹਾ ਹੈ ਕਿ ਦੁਨੀਆਂ ਵਿਚ ਆਪਣੀ ਗੱਲ ਮੰਨਵਾਉਣ ਲਈ ਲੋਕਾਂ/ਮੁਲਕਾਂ ਨੂੰ ਸਦਮਾ ਦਿੱਤਾ ਜਾਂਦਾ ਹੈ। ਸਦਮੇ ਵਿਚ ਆਏ ਲੋਕ/ਮੁਲਕ ਸਾਹਮਣੇ ਵਾਲੇ ਦੀ ਗੱਲ ਨੂੰ ਹਰ ਹਾਲਤ ਵਿਚ ਮੰਨ ਲੈਂਦੇ ਹਨ। ਸ਼ਾਇਦ ਹੁਣ 10 ਸਾਲ ਬਾਅਦ ਨੇਓਮੀ ਕਲੇਨ ਨੂੰ ਹਿੰਸਾ/ਕਤਲ ਸਿਧਾਂਤ ਪੁਸਤਕ ਲਿਖਣੀ ਪਵੇ ਕਿਉਂਕਿ ਹੁਣ ਸਦਮੇ ਦੀ ਥਾਂ ਕਤਲ ਕਰਨ ਦੀ ਪ੍ਰਵਿਰਤੀ ਵਧ ਰਹੀ ਹੈ।
ਮਨੋਵਿਗਿਆਨ ਦੀ ਭਾਸ਼ਾ ਵਿਚ ਭੀੜ ਦੀ ਮਾਨਸਿਕਤਾ ਨੂੰ ‘ਸਮੂਹਿਕ ਝੱਲ’ ਆਖਦੇ ਹਨ। ਭੀੜ ਵਿਚ ਕਿਸੇ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਕੀ ਕਰ ਰਿਹਾ ਹੈ ਤੇ ਕਿਉਂ ਕਰ ਰਿਹਾ ਹੈ। ਸਮੂਹਿਕ ਝੱਲ ਨੂੰ ਜੇ ਪਰਿਭਾਸ਼ਤ ਕੀਤਾ ਜਾਵੇ ਤਾਂ ਮਨੋਵਿਗਿਆਨੀ ਕਿੰਬਲ ਯੰਗ ਦੀ ਧਾਰਨਾ ਦੇਖੀ ਜਾ ਸਕਦੀ ਹੈ, “ਕਿਰਿਆਸ਼ੀਲ ਭੀੜ ਵਿਅਕਤੀਆਂ ਦਾ ਉਹ ਸਮੂਹ ਹੈ ਜਿਸ ਦਾ ਧਿਆਨ ਕਿਸੇ ਇਕ ਬਿੰਦੂ ਉਪਰ ਕੇਂਦ੍ਰਿਤ ਹੋ ਜਾਂਦਾ ਹੈ ਅਤੇ ਜੋ ਕੁਝ ਵਿਸ਼ੇਸ਼ ਦੱਬੀਆਂ ਹੋਈਆਂ ਭਾਵਨਾਵਾਂ, ਮਨੋਵਿਕਾਰਾਂ ਨੂੰ ਪੇਸ਼ ਕਰਦੀ ਹੈ।” ਲੋਕ-ਭਾਸ਼ਾ ਵਿਚ ਕਹਿਣਾ ਹੋਵੇ ਤਾਂ ਭੀੜ ਦਾ ਕਿਸੇ ਨਾ ਕਿਸੇ ਨਾਂਹ-ਪੱਖੀ ਨੁਕਤੇ ਉਪਰ ਕੁੱਤਾ ਫਸ ਜਾਂਦਾ ਹੈ।
ਅਜਿਹੀ ਸਮੂਹਿਕ ਝੱਲ ਸਮਾਜ ਦੀ ਲੰਮੀ ਉਦਾਸੀ ਤੋਂ ਬਾਅਦ ਦਾ ਪੜਾਅ ਹੈ। ਜਦੋਂ ਕਿਸੇ ਖਿੱਤੇ ਦੇ ਲੋਕ ਲੰਮਾ ਸਮਾਂ ਕਿਸੇ ਵੀ ਪ੍ਰਕਾਰ ਦੀ ਉਦਾਸੀ ਵਿਚੋਂ ਲੰਘਦੇ ਹਨ ਤਾਂ ਮੌਕਾ ਮਿਲਦਿਆਂ ਹੀ ਇਹ ਉਦਾਸੀ ਵਿਸ਼ੇਸ਼ ਕਿਸਮ ਦੀ ਕ੍ਰਿਆਸ਼ੀਲਤਾ ਦਾ ਰੂਪ ਧਾਰ ਲੈਂਦੀ ਹੈ। ਮਨੋਵਿਗਿਆਨੀ ਇਸ ਨੂੰ ਝੱਲ ਜਾਂ ਸ਼ੁਦਾਅ ਆਖਦੇ ਹਨ। ਜਦੋਂ ਇਹ ਝੱਲ ਜਾਂ ਸ਼ੁਦਾਅ ਸਮੂਹਿਕ ਰੂਪ ਵਿਚ ਵਾਪਰਦਾ ਹੈ ਤਾਂ ਇਹ ਬਹੁਤ ਖਤਰਨਾਕ ਹੋ ਜਾਂਦਾ ਹੈ ਤੇ ਇਸ ਨੂੰ ਕਾਬੂ ਕਰਨਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੁੰਦਾ ਹੈ। ਸਮੂਹਿਕ ਝੱਲ ਦੇ ਕੇਂਦਰ ਵਿਚ ਹਿੰਸਾ ਆ ਜਾਂਦੀ ਹੈ ਤੇ ਇਹ ਹਿੰਸਾ ਮਨੁੱਖੀ ਮਨ ਦੀਆਂ ਅਪੂਰਨ ਖਾਹਿਸ਼ਾਂ ਦੇ ਵੇਗ ਵਜੋਂ ਬੜੀ ਪ੍ਰਬਲਤਾ ਨਾਲ ਨੁਕਸਾਨ ਕਰਦੀ ਹੈ।
ਇਸ ਵੇਲੇ ਵਿਸ਼ਵ ਕਈ ਤਰ੍ਹਾਂ ਦੇ ਸਮਾਜਿਕ, ਆਰਥਿਕ ਅਤੇ ਰਾਜਸੀ ਸੰਕਟਾਂ ਵਿਚੋਂ ਲੰਘ ਰਿਹਾ ਹੈ। ਇਨ੍ਹਾਂ ਸੰਕਟਾਂ ਵਿਚੋਂ ਉਦਾਸੀ ਅਤੇ ਇਕੱਲਾਪਣ ਉਪਜਿਆ ਹੈ। ਇਹੀ ਉਦਾਸੀ ਪਾਗਲਪਣ ਵੱਲ ਵਧ ਰਹੀ ਹੈ। ਅਮਰੀਕਾ ਵਰਗੇ ਮੁਲਕਾਂ ਵਿਚ ਇਹ ਵਿਅਕਤੀਗਤ ਰੂਪ ਵਿਚ ਕਾਤਲਾਨਾ ਪ੍ਰਗਟਾਵਾ ਕਰ ਰਹੀ ਹੈ ਅਤੇ ਭਾਰਤ ਵਰਗੇ ਮੁਲਕਾਂ ਵਿਚ ਇਹ ਭੀੜ ਦੇ ਰੂਪ ਵਿਚ ਕਾਤਲਾਨਾ ਰੁਖ ਅਖਤਿਆਰ ਕਰ ਚੁਕੀ ਹੈ। ਜਿਨ੍ਹਾਂ ਧਿਰਾਂ ਨੇ ਅਜਿਹੇ ਸੰਕਟਾਂ ਬਾਰੇ ਸੰਵਾਦ ਰਚਾਉਣਾ ਸੀ, ਉਹ ਖੁਦ ਅਜਿਹੇ ਸੰਕਟਾਂ ਦਾ ਸ਼ਿਕਾਰ ਹੋ ਰਹੀਆਂ ਹਨ। ਆਮ ਲੋਕਾਂ ਲਈ ਅਸੁਰੱਖਿਆ ਦੀ ਅਜਿਹੀ ਸਥਿਤੀ ਵਿਚ ਹਿੰਸਾ ਅਤੇ ਪਾਗਲਪਣ ਦਾ ਘੇਰਾ ਹੋਰ ਵਧ ਸਕਦਾ ਹੈ। ਇਸ ਸਥਿਤੀ ਬਾਰੇ ਵਿਸ਼ਵ ਭਰ ਵਿਚ ਚਿੰਤਾ ਅਤੇ ਚਿੰਤਨ ਕਰਕੇ ਠੋਸ ਹੱਲ ਕੱਢਣੇ ਪੈਣਗੇ, ਵਰਨਾ ਲੰਘਿਆ ਸਮਾਂ ਹੱਥ ਨਹੀਂ ਆਉਣਾ।