ਚੰਡੀਗੜ੍ਹ: ਗੁਰਦਾਸਪੁਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਵਿਚ ਵੱਡੀ ਹਾਰ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਲੀਡਰਸ਼ਿਪ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ ਜਦ ਕਿ ‘ਆਪ’ ਦੀ ਲੱਕ ਤੋੜਵੀਂ ਹਾਰ ਨਾਲ ਮਾਝੇ ਵਿਚ ਭਵਿੱਖ ਉਤੇ ਸੁਆਲੀਆ ਨਿਸ਼ਾਨ ਲੱਗ ਗਿਆ ਹੈ।
ਜ਼ਿਮਨੀ ਚੋਣ ਵਿਚ ਅਕਾਲੀ ਦਲ ਦੀ ਨੁਮਾਇੰਦਗੀ ਵਾਲੇ ਹਲਕਿਆਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਵੱਡੇ ਫਰਕ ਨਾਲ ਜਿੱਤਣ ਤੋਂ ਸੰਕੇਤ ਮਿਲਦਾ ਹੈ ਕਿ ਲੋਕ, ਵਿਧਾਨ ਸਭਾ ਚੋਣਾਂ ਵਾਂਗ ਅਜੇ ਵੀ ਅਕਾਲੀ ਲੀਡਰਸ਼ਿਪ ਦੇ ਖਿਲਾਫ਼ ਹਨ। ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦਾ ਨਤੀਜਾ ਤਾਂ ਅਕਾਲੀ ਲੀਡਰਸ਼ਿਪ ਲਈ ਖਤਰੇ ਦੀ ਘੰਟੀ ਹੈ। ਇਸ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਰੀਬੀ ਰਿਸ਼ਤੇਦਾਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਅਗਵਾਈ ਹੇਠ ਵੱਡੇ ਆਗੂਆਂ ਦੀ ਇਕ ਟੀਮ ਨੂੰ ਜ਼ਿੰਮੇਵਾਰੀ ਸੌਂਪੀ ਸੀ ਜਿਹੜੀ ਸੀਨੀਅਰ ਕਾਂਗਰਸ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਮੁਕਾਬਲੇ ਬਹੁਤ ਕਮਜ਼ੋਰ ਸਾਬਤ ਹੋਈ ਹੈ ਤੇ ਇਸ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੇ ਸਭ ਤੋਂ ਵੱਡੀ 44074 ਵੋਟਾਂ ਦੀ ਲੀਡ ਪ੍ਰਾਪਤ ਕਰ ਕੇ ਰੰਧਾਵਾ ਨੂੰ ਮਾਝੇ ਦੇ ਅਹਿਮ ਆਗੂ ਵਜੋਂ ਸਥਾਪਤ ਕਰ ਦਿੱਤਾ ਹੈ।
ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ ਨੇ ਆਪਣੇ ਹਲਕੇ ਤੋਂ ਜਾਖੜ ਨੂੰ 29656 ਵੋਟਾਂ ਦੀ ਜਿੱਤ ਦਿਵਾ ਕੇ ਵਿਧਾਨ ਸਭਾ ਚੋਣਾਂ ਵਿਚ ਮਿਲੀ ਲੀਡ ਨੂੰ ਬਰਕਰਾਰ ਰੱਖਿਆ ਹੈ। ਗੁਰਦਾਸਪੁਰ ਲੋਕ ਸਭਾ ਸੀਟ ਵਿਚ ਪੈਂਦੇ ਦੋ ਵਿਧਾਨ ਸਭਾ ਹਲਕਿਆਂ ਸੁਜਾਨਪੁਰ ਅਤੇ ਬਟਾਲਾ ਤੋਂ ਵਿਰੋਧੀ ਧਿਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਸਨ ਪਰ ਦੋਵਾਂ ਹਲਕਿਆਂ ਕਾਂਗਰਸ ਨੇ ਵੱਡੀ ਲੀਡ ਲਈ ਹੈ। ਕੈਪਟਨ ਵਜ਼ਾਰਤ ਵਿਚ ਫਤਿਹਗੜ੍ਹ ਚੂੜੀਆ ਤੋਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਦੀਨਾ ਨਗਰ ਤੋਂ ਅਰੁਣਾ ਚੌਧਰੀ ਵਜ਼ੀਰ ਹਨ। ਫਤਿਹਗੜ੍ਹ ਚੂੜੀਆਂ ਤੋਂ 32,296 ਵੋਟਾਂ ਦੀ ਜਿੱਤ ਨੇ ਜਾਖੜ ਦੀ ਲੀਡ ਵਿਚ ਚੰਗਾ ਯੋਗਦਾਨ ਦਿੱਤਾ ਹੈ ਪਰ ਸਿੱਖਿਆ ਮੰਤਰੀ ਦੇ ਦੀਨਾਨਗਰ ਹਲਕੇ ਤੋਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਜਿੱਤ ਦਾ ਫਰਕ ਕਾਫੀ ਘੱਟ ਗਿਆ ਹੈ ਕੇ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 21000 ਘੱਟ ਵੋਟਾਂ ਮਿਲੀਆ ਹਨ। ਕਾਦੀਆ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਨੇ 26,255 ਵੋਟਾਂ ਦੀ ਲੀਡ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਬਾਜਵਾ ਭਰਾਵਾਂ ਨੇ ਕਾਫੀ ਕੰਮ ਕੀਤਾ ਹੈ। ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਭੋਆ ਤੇ ਪਠਾਨਕੋਟ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਦੀ ਲੀਡ ਘਟੀ ਹੈ ਤੇ ਭਾਜਪਾ ਲੀਡਰਸ਼ਿਪ ਇਸ ਨਾਲ ਹੀ ਸੰਤੁਸ਼ਟ ਹੈ। ਜ਼ਿਮਨੀ ਚੋਣ ਵਿਚ ਵੀ ਵਿਧਾਨ ਸਭਾ ਚੋਣਾਂ ਵਾਲੇ ਹੀ ਮੁੱਦੇ ਭਾਰੂ ਸਨ ਤੇ ਸਗੋਂ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਨੇ ਕਾਂਗਰਸ ਨੂੰ ਹਮਲੇ ਕਰਨ ਲਈ ਅਹਿਮ ਹਥਿਆਰ ਦੇ ਦਿੱਤਾ।
_________________________________
ਮਜੀਠੀਆ ਦੀ ਕਮਾਨ ਵਾਲੇ ਹਲਕਿਆਂ ਵਿਚ ਰਗੜਾ
ਬਟਾਲਾ: ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਵੱਲੋਂ ਵੱਖ-ਵੱਖ ਹਲਕਿਆਂ ਵਿਚ ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ਵਿਚ ਕੀਤੇ ਧੂੰਆਂਧਾਰ ਪ੍ਰਚਾਰ ਦਾ ਅਸਰ ਵੋਟਰਾਂ ਨੇ ਬੇਅਸਰ ਕਰ ਦਿੱਤਾ। ਸ੍ਰੀ ਬਾਦਲ ਅਤੇ ਮਜੀਠੀਆ ਹਲਕੇ ਵਿਚ ਲਗਭਗ ਹਫਤੇ ਭਰ ਤੋਂ ਉਪਰ ਰਹੇ। ਹੈਰਾਨੀ ਦੀ ਗੱਲ ਇਹ ਰਹੀ ਕਿ ਸ੍ਰੀ ਬਾਦਲ ਨੇ ਜਿਸ ਹਲਕੇ ਡੇਰਾ ਬਾਬਾ ਨਾਨਕ ਤੋਂ ਮਜੀਠੀਆ ਨੂੰ ਕਮਾਨ ਦਿੱਤੀ ਸੀ, ਉਸ ਹਲਕੇ ਵਿਚ ਸ੍ਰੀ ਸਲਾਰੀਆ ਨੂੰ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਲਕੇ ਤੋਂ ਕਾਂਗਰਸ ਦੇ ਸੁਨੀਲ ਜਾਖੜ ਨੇ 44074 ਵੋਟਾਂ ਨਾਲ ਸਲਾਰੀਆ ਨੂੰ ਪਛਾੜਿਆ। ਵਿਧਾਨ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਕਾਂਗਰਸ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਕੁਝ ਮਹੀਨੇ ਪਹਿਲਾਂ 1130 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਹਲਕਾ ਫਤਹਿਗੜ੍ਹ ਚੂੜੀਆਂ ਤੋਂ ਸ੍ਰੀ ਜਾਖੜ ਨੇ 32296 ਵੋਟਾਂ ਦੀ ਲੀਡ ਲਈ। ਇਸ ਹਲਕੇ ਤੋਂ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਨੂੰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੁਝ ਮਹੀਨੇ ਪਹਿਲਾਂ ਹੀ ਮਹਿਜ਼ ਦੋ ਹਜ਼ਾਰ ਤੋਂ ਘੱਟ ਵੋਟਾਂ ਨਾਲ ਹਰਾਇਆ ਸੀ। ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੇ ਇਨ੍ਹਾਂ ਦੋਵਾਂ ਹਲਕਿਆਂ ਵਿੱਚ ਅੱਧੀ ਦਰਜਨ ਤੋਂ ਵੱਧ ਜਨਤਕ ਸਭਾਵਾਂ ਨੂੰ ਸੰਬੋਧਨ ਕੀਤਾ ਸੀ।
_________________________________
ਕਵਿਤਾ ਖੰਨਾ ਨੇ ਚੋਣ ਨਤੀਜੇ ‘ਤੇ ਪ੍ਰਗਟਾਈ ਨਿਰਾਸ਼ਾ
ਪਠਾਨਕੋਟ: ਗੁਰਦਾਸਪੁਰ ਦੇ ਮਰਹੂਮ ਸੰਸਦ ਮੈਂਬਰ ਤੇ ਭਾਜਪਾ ਆਗੂ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਜ਼ਿਮਨੀ ਚੋਣ ਦੇ ਨਤੀਜੇ ‘ਤੇ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਵਿਨੋਦ ਖੰਨਾ ਨੇ ਗੁਰਦਾਸਪੁਰ ਚੋਣ ਜਿੱਤ ਕੇ ਕਾਂਗਰਸ ਦੇ ਗੜ੍ਹ ਨੂੰ ਤੋੜਿਆ ਸੀ ਅਤੇ ਭਾਜਪਾ ਦਾ ਗੜ੍ਹ ਬਣਾਇਆ ਸੀ। ਵਿਨੋਦ ਖੰਨਾ ਨੇ 20 ਸਾਲ ਗੁਰਦਾਸਪੁਰ ਹਲਕੇ ਦੀ ਸੇਵਾ ਕੀਤੀ ਤੇ ਹਲਕੇ ਨੂੰ ਆਪਣਾ ਪੁੱਤ ਮੰਨਿਆ ਸੀ। ਹੁਣ ਇਸ ਹਲਕੇ ਵਿਚ ਕਾਂਗਰਸ ਦਾ ਜਿੱਤਣਾ ਨਿਰਾਸ਼ਾਜਨਕ ਹੈ।
_________________________________
ਕਾਂਗਰਸ ਨੇ ਭਾਜਪਾ ਦੇ ਗੜ੍ਹ ਸੁਜਾਨਪੁਰ ‘ਚ ਸੰਨ੍ਹ ਲਾਈ
ਬਟਾਲਾ: ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਸਮੇਤ ਸਮੁੱਚੀ ਲੀਡਰਸ਼ਿਪ ਵੱਲੋਂ ਵਿਧਾਨ ਸਭਾ ਹਲਕਾ ਸੁਜਾਨਪੁਰ ਵਿਚ ਕੀਤੀ ਮਿਹਨਤ ਰੰਗ ਲਿਆਈ ਹੈ ਅਤੇ ਭਾਜਪਾ ਦੇ ਇਸ ਗੜ੍ਹ ਵਿਚ ਕਾਂਗਰਸ ਨੇ ਲੋਕ ਸਭਾ ਜ਼ਿਮਨੀ ਚੋਣ ‘ਚ ਸੰਨ੍ਹ ਲਾਈ ਹੈ। ਸੁਨੀਲ ਜਾਖੜ ਨੂੰ 6701 ਵੋਟਾਂ ਦੇ ਫਰਕ ਨਾਲ ਬੜਤ ਦਿਵਾਈ ਹੈ। ਦੱਸਣਯੋਗ ਹੈ ਕਿ ਇਸ ਹਲਕੇ ਤੋਂ ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਹਨ ਅਤੇ ਉਹ ਵਿਧਾਨ ਸਭਾ ਚੋਣਾਂ 2017 ‘ਚ ਕਾਂਗਰਸ ਦੇ ਉਮੀਦਵਾਰ ਅਮਿਤ ਸਿੰਘ ਨੂੰ ਪਈਆਂ 30,209 ਵੋਟਾਂ ਦੇ ਮੁਕਾਬਲੇ 48,910 ਵੋਟਾਂ ਲੈ ਕੇ ਜੇਤੂ ਰਹੇ ਸਨ, ਪਰ ਹੁਣ ਲੋਕ ਸਭਾ ਜ਼ਿਮਨੀ ਚੋਣ ‘ਚ ਇਥੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ 6701 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ।