ਟਾਸਕ ਫੋਰਸ ਤੇ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕ ਹੋਏ ਡਾਂਗੋ-ਡਾਂਗੀਂ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵਿਚਾਲੇ ਖੁੱਲ੍ਹ ਕੇ ਡਾਂਗਾਂ ਸੋਟੇ ਚੱਲੇ। ਇਹ ਝੜਪ ਉਸ ਸਮੇਂ ਹੋਈ ਜਦੋਂ ਮੁਤਵਾਜ਼ੀ ਜਥੇਦਾਰ ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਆਗੂ ਮਾਸਟਰ ਜੌਹਰ ਸਿੰਘ ਖਿਲਾਫ਼ ਕਾਰਵਾਈ ਲਈ ਮੀਟਿੰਗ ਵਾਸਤੇ ਸ੍ਰੀ ਅਕਾਲ ਤਖਤ ਉਤੇ ਜਾ ਰਹੇ ਸਨ। ਝੜਪ ਦੌਰਾਨ ਮੁਤਵਾਜ਼ੀ ਜਥੇਦਾਰਾਂ ਦੇ ਹਮਾਇਤੀ ਯੂਨਾਈਟਿਡ ਅਕਾਲੀ ਦਲ ਦੇ ਸਤਨਾਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨੈਲ ਸਿੰਘ ਸਖੀਰਾ ਅਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਬਿਜੈ ਸਿੰਘ ਤੇ ਟਾਸਕ ਫੋਰਸ ਦੇ ਅਮਰੀਕ ਸਿੰਘ ਜਖ਼ਮੀ ਹੋ ਗਏ। ਦੋਵਾਂ ਧਿਰਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਗਈ ਹੈ।

ਮੁਤਵਾਜ਼ੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਵੱਲੋਂ ਮਾਸਟਰ ਜੌਹਰ ਸਿੰਘ ਨੂੰ ਤਲਬ ਕੀਤਾ ਗਿਆ ਸੀ। ਵੇਰਵਿਆਂ ਮੁਤਾਬਕ ਮਾਸਟਰ ਜੌਹਰ ਸਿੰਘ ਪਹਿਲਾਂ ਹੀ ਸ੍ਰੀ ਅਕਾਲ ਤਖਤ ਉਤੇ ਪੁੱਜ ਗਿਆ ਸੀ।
ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਉਨ੍ਹਾਂ ਮਾਸਟਰ ਜੌਹਰ ਸਿੰਘ ਨੂੰ ਜਬਰੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਬਾਹਰ ਲੈ ਆਂਦਾ। ਇਸ ਦੌਰਾਨ ਜੋੜਾ ਘਰ ਨੇੜੇ ਮੁਤਵਾਜ਼ੀ ਜਥੇਦਾਰ ਅਤੇ ਉਨ੍ਹਾਂ ਦੇ ਸਮਰਥਕ ਵੀ ਪੁੱਜ ਚੁੱਕੇ ਸਨ। ਸਤਨਾਮ ਸਿੰਘ ਮਨਾਵਾਂ ਜਦੋਂ ਮੁੜ ਮਾਸਟਰ ਜੌਹਰ ਸਿੰਘ ਨੂੰ ਕਾਰਵਾਈ ਲਈ ਅੰਦਰ ਲੈ ਕੇ ਜਾਣ ਲੱਗਾ ਤਾਂ ਟਾਸਕ ਫੋਰਸ ਵੱਲੋਂ ਉਸ ਨੂੰ ਰੋਕਿਆ ਗਿਆ, ਜਿਥੇ ਤਕਰਾਰ ਮਗਰੋਂ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਵਿਚ ਫੈਡਰੇਸ਼ਨ ਆਗੂ ਭਾਈ ਬਲਵੰਤ ਸਿੰਘ ਗੋਪਾਲਾ ਦੀ ਦਸਤਾਰ ਹਿਲ ਗਈ, ਜਰਨੈਲ ਸਿੰਘ ਸਖੀਰਾ ਦੀ ਕਮੀਜ਼ ਫਟ ਗਈ ਅਤੇ ਸਤਨਾਮ ਸਿੰਘ ਮਨਾਵਾਂ ਦੇ ਹੱਥ ਉਤੇ ਸੱਟ ਲੱਗੀ।
ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਨੇ ਕਿਰਪਾਨਾਂ ਬਾਹਰ ਖਿੱਚ ਲਈਆਂ ਜਿਸ ਕਾਰਨ ਸ਼੍ਰੋਮਣੀ ਕਮੇਟੀ ਅਧਿਕਾਰੀ ਬਿਜੈ ਸਿੰਘ ਤੇ ਅਮਰੀਕ ਸਿੰਘ ਨੂੰ ਵੀ ਸੱਟਾਂ ਲੱਗੀਆਂ। ਉਥੇ ਮੌਜੂਦ ਪੁਲਿਸ ਦੀ ਦਖਲ-ਅੰਦਾਜ਼ੀ ਨਾਲ ਇਕ ਵਾਰ ਮਾਮਲਾ ਠੱਲ੍ਹ ਗਿਆ। ਉਪਰੰਤ ਜਦੋਂ ਮੁਤਵਾਜ਼ੀ ਜਥੇਦਾਰ ਘੰਟਾ ਘਰ ਵਾਲੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਪੁੱਜੇ ਤਾਂ ਉਥੇ ਪਰਿਕਰਮਾ ‘ਚ ਜਥੇਦਾਰ ਨੂੰ ਘੇਰਨ ਦਾ ਯਤਨ ਕੀਤਾ ਗਿਆ। ਇਸ ਦੌਰਾਨ ਉਹ ਵੀ ਟਾਸਕ ਫੋਰਸ ਦੇ ਸਾਥੀਆਂ ਸਮੇਤ ਨੇਜ਼ੇ ਲੈ ਕੇ ਬਾਹਰ ਆ ਗਏ। ਇਥੇ ਇਕ-ਦੂਜੇ ਨੂੰ ਵੰਗਾਰਿਆ ਗਿਆ ਪਰ ਪੁਲਿਸ ਦੀ ਦਖਲ-ਅੰਦਾਜ਼ੀ ਨਾਲ ਮਾਮਲਾ ਸ਼ਾਂਤ ਹੋ ਗਿਆ। ਦੋਵਾਂ ਧਿਰਾਂ ਦੀ ਇਸ ਕਾਰਵਾਈ ਦੌਰਾਨ ਉਥੋਂ ਲੰਘ ਰਹੇ ਗੈਰ ਪੰਜਾਬੀ ਸ਼ਰਧਾਲੂ ਡਰ ਗਏ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾæ ਰੂਪ ਸਿੰਘ ਅਤੇ ਮੈਨੇਜਰ ਸੁਲੱਖਣ ਸਿੰਘ ਨੇ ਆਖਿਆ ਕਿ ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਰੂਹਾਨੀ ਸ਼ਾਂਤੀ ਅਤੇ ਮਰਿਆਦਾ ਵਿਚ ਖਲਲ ਪਾਉਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਘਟਨਾ ਸੀæਸੀæਟੀæਵੀæ ਕੈਮਰਿਆਂ ਵਿਚ ਕੈਦ ਹੋ ਚੁੱਕੀ ਹੈ ਅਤੇ ਹਿੰਸਾ ਲਈ ਜ਼ਿੰਮੇਵਾਰਾਂ ਦੀ ਪਛਾਣ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਨੇਤਾਗਿਰੀ ਚਮਕਾਉਣ ਨਹੀਂ ਦਿੱਤੀ ਜਾਵੇਗੀ। ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਹਿੰਸਕ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਆਖਿਆ ਕਿ ਮਾਸਟਰ ਜੌਹਰ ਸਿੰਘ ਸ਼ਰਧਾਲੂ ਵਜੋਂ ਸ੍ਰੀ ਅਕਾਲ ਤਖਤ ਉਤੇ ਗਿਆ ਸੀ, ਜਿਸ ਨੂੰ ਮਸੰਦਾਂ ਵਰਗੀ ਕਾਰਵਾਈ ਰਾਹੀਂ ਜਬਰੀ ਅਤੇ ਅਪਮਾਨਜਨਕ ਢੰਗ ਨਾਲ ਬਾਹਰ ਕੱਢਿਆ ਗਿਆ।
_____________________________________
ਗੁਰੂ ਘਰਾਂ ਵਿਚ ਸਿਆਸਤ ਨਾ ਕੀਤੀ ਜਾਵੇ: ਜੀæਕੇæ
ਲੰਬੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੇ ਗਲਿਆਰੇ ਵਿਚ ਮੁਤਵਾਜ਼ੀ ਜਥੇਦਾਰਾਂ ਦੇ ਹਮਾਇਤੀਆਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚ ਟਕਰਾਅ ਹੋਣਾ ਸ਼ਰਮਨਾਕ ਵਰਤਾਰਾ ਹੈ। ਸ੍ਰੀ ਜੀਕੇ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸ਼ਾਨਾਮੱਤਾ ਹੈ ਤੇ ਸਾਰੀ ਦੁਨੀਆਂ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਂਦੀ ਹੈ। ਅਜਿਹੇ ਵਿਚ ਸਿੱਖ ਮਰਿਆਦਾ ਤੇ ਕੌਮ ਦੀ ਸ਼ਾਨ ਬਰਕਰਾਰ ਰੱਖਣ ਲਈ ਸਿਆਸਤ ਨੂੰ ਗੁਰੂ ਘਰਾਂ ਤੋਂ ਪਰ੍ਹੇ ਰੱਖਣਾ ਚਾਹੀਦਾ ਹੈ।
___________________________
ਪੰਜ-ਸੱਤ ਸੌ ਬੰਦੇ ਜਥੇਦਾਰ ਨਹੀਂ ਚੁਣ ਸਕਦੇ: ਬਡੂੰਗਰ
ਫਤਹਿਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਲਗਭਗ 55 ਲੱਖ ਸਿੱਖ ਵੋਟਰਾਂ ਵੱਲੋਂ ਚੁਣੀ ਗਈ ਹੈ। ਪੰਜ-ਸੱਤ ਸੌ ਬੰਦਿਆਂ ਦਾ ਇਕੱਠ ਅਕਾਲ ਤਖਤ ਦਾ ਜਥੇਦਾਰ ਨਹੀਂ ਚੁਣ ਸਕਦਾ। ਉਨ੍ਹਾਂ ਕਿਹਾ ਕਿ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕਰਨ ਦੀ ਮਰਿਆਦਾ ਤੇ ਵਿਧੀ ਵਿਧਾਨ ਹੈ।
ਅਕਾਲ ਤਖਤ ਵਿਖੇ ਮੁਤਵਾਜ਼ੀ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚਾਲੇ ਹੋਈ ਝੜਪ ਬਾਰੇ ਪ੍ਰੋæ ਬਡੂੰਗਰ ਨੇ ਕਿਹਾ ਕਿ ਇਨ੍ਹਾਂ ਆਪੂ ਬਣੇ ਜਥੇਦਾਰਾਂ ਵੱਲੋਂ ਸਮੇਂ-ਸਮੇਂ ‘ਤੇ ਪੰਥ ਨੂੰ ਬਦਨਾਮ ਕਰਨ ਲਈ ਗੁਰਦੁਆਰਿਆਂ ਅੰਦਰ ਝਗੜੇ ਕਰ ਕੇ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਨੇ ਅਜਿਹੀ ਹਰਕਤ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਇਹ ਹਮੇਸ਼ਾ ਅਕਾਲ ਤਖਤ ਦੀ ਮਰਿਆਦਾ ਨੂੰ ਢਾਹ ਲਾਉਣ ਹੀ ਆਉਂਦੇ ਹਨ। ਉਨ੍ਹਾਂ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਆਪੂ ਬਣੇ ਜਥੇਦਾਰ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਲੰਗਰਾਂ ਉਤੇ ਜੀæਐਸ਼ਟੀæ ਲੱਗਿਆ, ਗੁਰੂ ਘਰਾਂ ‘ਤੇ ਹਮਲੇ ਹੋਏ ਤਾਂ ਇਹ ‘ਜਥੇਦਾਰ’ ਉਦੋਂ ਕਿਉਂ ਨਹੀਂ ਬੋਲੇ? ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਵਿਚ ਕੁਝ ਵੀ ਨਵਾਂ ਨਹੀਂ ਹੈ। ਬੇਅਦਬੀ ਮਾਮਲੇ ਦੀ ਜਾਂਚ ਕੇਂਦਰ ਸਰਕਾਰ ਨੂੰ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਸੱਚ ਲੋਕਾਂ ਦੀ ਕਚਹਿਰੀ ਵਿਚ ਆ ਸਕੇ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਿਠਾਉਣ ਦੀ ਕੋਈ ਲੋੜ ਨਹੀਂ ਸੀ, ਕਿਉਂਕਿ ਸਰਕਾਰ ਹੀ ਬਦਲੀ ਹੈ, ਪ੍ਰਸ਼ਾਸਨ ਤੇ ਪੁਲਿਸ ਪਹਿਲਾਂ ਵਾਲੀ ਹੀ ਹੈ। ਉਨ੍ਹਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ।