ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਰਿਸ਼ਤੇਦਾਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਹੁਣ ਕਾਂਗਰਸੀ ਆਗੂਆਂ ਦੇ ਨਿਸ਼ਾਨੇ ਉਤੇ ਹੈ। ਕਾਂਗਰਸ ਆਗੂਆਂ ਨੇ ਆਪਣੀ ਲੀਡਰਸ਼ਿਪ ਨੂੰ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਉਸ ਨੂੰ ਮਜੀਠੀਆ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।
ਗੁਰਦਾਸਪੁਰ ਚੋਣ ਪ੍ਰਚਾਰ ਦੌਰਾਨ ਕਈ ਥਾਈਂ ਕਾਂਗਰਸੀ ਵਰਕਰਾਂ ਨੇ ਆਗੂਆਂ ਨੂੰ ਸੁਆਲ ਕੀਤੇ ਕਿ ਵਿਧਾਨ ਸਭਾ ਚੋਣਾਂ ਵੇਲੇ ਅਕਾਲੀਆਂ ਦੀਆਂ ਨਾਜਾਇਜ਼ ਬੱਸਾਂ ਬੰਦ ਕਰਾਉਣ, ਚਿੱਟੇ ਦੇ ਕਾਰੋਬਾਰੀਆਂ ਨੂੰ ਅੰਦਰ ਕਰਨ, ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਸਬੰਧੀ ਕਾਰਵਾਈ ਕਰਨ ਦੇ ਦਾਅਵੇ ਕੀਤੇ ਸਨ, ਪਰ ਛੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਅਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ?
ਇਸ ‘ਤੇ ਆਗੂਆਂ ਨੇ ਇਹ ਕਹਿ ਕੇ ਖਹਿੜਾ ਛੁਡਾਇਆ ਕਿ ਸਰਕਾਰ ਵੱਲੋਂ ਛੇਤੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਅਕਾਲੀ ਆਗੂਆਂ ਦਾ ਦਾਅਵਾ ਸੀ ਕਿ ਜੇਕਰ ਕੈਪਟਨ ਸਰਕਾਰ ਕੋਲ ਉਨ੍ਹਾਂ ਖਿਲਾਫ਼ ਠੋਸ ਸਬੂਤ ਹੁੰਦੇ ਤਾਂ ਹੁਣ ਤੱਕ ਕਾਰਵਾਈ ਹੋ ਜਾਣੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤੋਂ ਸਪਸ਼ਟ ਹੈ ਕਿ ਸਰਕਾਰ ਕੋਲ ਅਕਾਲੀਆਂ ਖਿਲਾਫ਼ ਕੋਈ ਸਬੂਤ ਨਹੀਂ ਹੈ।
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਖੁੱਲ੍ਹ ਕੇ ਬਾਦਲਾਂ ਤੇ ਮਜੀਠੀਆ ਨੂੰ ਰਗੜੇ ਲਾਏ। ਕਾਂਗਰਸ ਦੇ ਕੁਝ ਹੋਰ ਆਗੂਆਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਆਦਿ ਨੇ ਵੀ ਪੰਜਾਬ ਦੇ ਵਿੱਤੀ ਸੰਕਟ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ, ਖਾਸ ਕਰ ਕੇ ਅਕਾਲੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ।
ਕੈਬਨਿਟ ਮੰਤਰੀ ਸਿੱਧੂ ਨੇ ਰੈਲੀਆਂ ਤੇ ਮੀਟਿੰਗਾਂ ਵਿਚ ਕਾਂਗਰਸ ਪਾਰਟੀ ਦੇ ਚਾਲੀ-ਪੰਜਾਹ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਜੀਠੀਆ ਵਿਰੁੱਧ ਕਾਰਵਾਈ ਲਈ ਦਿੱਤੇ ਮੰਗ ਪੱਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮੰਗ ਪੱਤਰ ਪਿੱਛੇ ਇਕੱਲੇ ਵਿਧਾਇਕ ਨਹੀਂ, ਸਗੋਂ ਸੂਬੇ ਦੇ ਡੇਢ ਕਰੋੜ ਲੋਕ ਵੀ ਹਨ। ਇਸ ਲਈ ਮੁੱਖ ਮੰਤਰੀ ਨੂੰ ਮਜੀਠੀਆ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮਸਲੇ ਸਬੰਧੀ ਕਾਂਗਰਸ ਵਿਚ ਕਤਾਰਬੰਦੀ ਵੀ ਸਾਹਮਣੇ ਆ ਸਕਦੀ ਹੈ।
_______________________________________________
ਨਵਜੋਤ ਸਿੱਧੂ ਵੱਲੋਂ ਸੁਖਬੀਰ ਤੇ ਮਜੀਠੀਆ ਉਤੇ ਸ਼ਬਦੀ ਹਮਲੇ ਜਾਰੀ
ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਸ਼ਬਦੀ ਹਮਲੇ ਜਾਰੀ ਹਨ। ਸ਼ ਸਿੱਧੂ ਨੇ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਨੂੰ ਨੁੱਕਰੇ ਲਾ ਕੇ ਪਾਰਟੀ ਪ੍ਰਧਾਨ ਦੇ ਰਿਸ਼ਤੇਦਾਰ ਨੂੰ ਮੋਹਰੀ ਬਣਾਇਆ ਹੋਇਆ ਹੈ, ਜੋ ਪਾਰਟੀ ਦੇ ਨਿਘਾਰ ਦਾ ਕਾਰਨ ਬਣਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਰਿਵਾਰਕ ਪਾਰਟੀ ਬਣਨ ਕਾਰਨ ਹੀ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ 15 ਸੀਟਾਂ ‘ਤੇ ਸਿਮਟ ਗਿਆ। ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਵੱਡੇ ਨੇਤਾਵਾਂ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਵਰਗਿਆਂ ਦੀਆਂ ਕੁਰਬਾਨੀਆਂ ਨੂੰ ਨਜ਼ਰ ਅੰਦਾਜ਼ ਕਰ ਕੇ ਆਪਣੇ ਰਿਸ਼ਤੇਦਾਰ ਨੂੰ ਮੋਹਰੀ ਭੂਮਿਕਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਕਰਮ ਸਿੰਘ ਮਜੀਠੀਆ, ਸੁਖਬੀਰ ਸਿੰਘ ਬਾਦਲ ਦਾ ਕਰੀਬੀ ਰਿਸ਼ਤੇਦਾਰ ਨਾ ਹੁੰਦਾ ਤਾਂ ਉਸ ਦੀ ਅਕਾਲੀ ਸਿਆਸਤ ਵਿਚ ਕੋਈ ਥਾਂ ਨਹੀਂ ਹੋਣੀ ਸੀ।