ਅਮਨ ਕਾਨੂੰਨ ਬਾਰੇ ਕੈਪਟਨ ਸਰਕਾਰ ਦਾ ਬਾਦਲਾਂ ਤੋਂ ਵੀ ਮੰਦਾ ਹਾਲ

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਵਿਚ ਅਪਰਾਧਿਕ ਗਤੀਵਿਧੀਆਂ ਸਭ ਤੋਂ ਵੱਡਾ ਮੁੱਦਾ ਸਨ ਤੇ ਕਾਂਗਰਸ ਨੇ ਇਸ ਨੂੰ ਅਕਾਲੀ ਭਾਜਪਾ ਸਰਕਾਰ ਵਿਰੁੱਧ ਖੁੱਲ੍ਹ ਕੇ ਵਰਤਿਆ ਸੀ। ਕਾਂਗਰਸ ਨੇ ਵਾਅਦਾ ਵੀ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਈ ਤਾਂ ਸੂਬੇ ਵਿਚ ਅਮਨ ਕਾਨੂੰਨ ਦੀ ਬਹਾਲੀ ਲਈ ਹਰ ਹੀਲਾ ਵਰਤਿਆ ਜਾਵੇਗਾ, ਪਰ ਸੱਤਾ ਮਿਲਣ ਤੋਂ ਬਾਅਦ ਕੈਪਟਨ ਸਰਕਾਰ ਨੇ ਇਸ ਨੂੰ ਬਿਲਕੁਲ ਵਿਸਾਰ ਦਿੱਤਾ। ਪਤਾ ਲੱਗਾ ਹੈ ਕਿ

ਸੂਬਾਈ ਪੱਧਰ ਉਤੇ ਅਪਰਾਧ ਦੀ ਸਮੀਖਿਆ ਲਈ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਖਿਚਾਈ ਲਈ ਸੱਦੀ ਜਾਂਦੀ ‘ਅਪਰਾਧ ਮੀਟਿੰਗ’ ਤਕਰੀਬਨ ਸੱਤ ਮਹੀਨਿਆਂ ਵਿਚ ਸੱਦੀ ਹੀ ਨਹੀਂ ਗਈ। ਸ਼ੁਰੂਆਤੀ ਦਿਨਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀæਜੀæਪੀæ ਸੁਰੇਸ਼ ਅਰੋੜਾ ਨੇ ਜ਼ਿਲ੍ਹਾ ਪੱਧਰੀ ਤੇ ਆਈæਜੀæ ਪੱਧਰ ਤੱਕ ਸਾਧਾਰਨ ਮੀਟਿੰਗਾਂ ਜ਼ਰੂਰ ਕੀਤੀਆਂ ਸਨ।
ਇਸੇ ਕਾਰਨ ਸੂਬੇ ਵਿਚ ਅਪਰਾਧਿਕ ਵਾਰਦਾਤਾਂ ਵਿਚ ਵਾਧਾ ਹੋਇਆ ਹੈ। ਪੰਜਾਬ ਵਿਚ ਕਾਰਾਂ ਖੋਹਣ ਦੀਆਂ ਰਿਕਾਰਡਤੋੜ ਵਾਰਦਾਤਾਂ ਕਾਰਨ ਲੋਕਾਂ ਵਿਚ ਦਹਿਸ਼ਤ ਹੈ। ਸੂਬਾਈ ਪੁਲਿਸ ਦੀ ਇਕ ਖੁਫੀਆ ਰਿਪੋਰਟ ਮੁਤਾਬਕ ਇਸ ਸਾਲ ਪਹਿਲੀ ਮਈ ਤੋਂ 9 ਅਕਤੂਬਰ ਤੱਕ 33 ਵਾਹਨ ਖੋਹੇ ਗਏ ਹਨ। ਵਾਹਨ ਖੋਹਣ ਦੀਆਂ ਜ਼ਿਆਦਾਤਰ ਵਾਰਦਾਤਾਂ ਅੰਮ੍ਰਿਤਸਰ ਜ਼ਿਲ੍ਹੇ ਵਿਚ ਹੋਈਆਂ ਹਨ। ਖੋਹੇ ਵਾਹਨ ਬਰਾਮਦ ਕਰਨ ਵਿਚ ਪੁਲਿਸ ਨਾਕਾਮ ਰਹੀ ਹੈ। ਜ਼ਿਆਦਾਤਰ ਵਾਹਨ ਦਿਨ ਦਿਹਾੜੇ ਖੋਹੇ ਗਏ ਹਨ।
ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਵਾਹਨ ਖੋਹਣਾ ਬੇਹੱਦ ਖਤਰਨਾਕ ਰੁਝਾਨ ਹੈ। ਇਸ ਨੂੰ ਠੱਲ੍ਹਣ ਲਈ ਪੁਲਿਸ ਨੇ ਕੋਈ ਰਣਨੀਤੀ ਨਹੀਂ ਘੜੀ ਹੈ। ਖੋਹੀਆਂ ਕਾਰਾਂ ਦੀ ਤਫਤੀਸ਼ ਨਾਲ ਜੁੜੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵਾਹਨ ਆਮ ਤੌਰ ਉਤੇ ਸੰਗੀਨ ਅਪਰਾਧਾਂ ਵਿਚ ਵਰਤੇ ਜਾਂਦੇ ਹਨ। ਸ਼ਾਤਰ ਅਪਰਾਧੀਆਂ ਵੱਲੋਂ ਗੰਭੀਰ ਅਪਰਾਧਾਂ ‘ਚ ਖੋਹੇ ਵਾਹਨ ਵਰਤੇ ਜਾਂਦੇ ਹਨ। ਨਾਭਾ ਜੇਲ੍ਹ ਕਾਂਡ ਬਾਅਦ ਉਤਰ ਪ੍ਰਦੇਸ਼ ਵਿਚੋਂ ਫੜੇ ਗਏ ਨਾਮੀ ਗੈਂਗਸਟਰ ਪਿੰਦਾ ਤੋਂ ਪੁਲਿਸ ਨੇ ਜਿਹੜੀ ਫਾਰਚੂਨਰ ਬਰਾਮਦ ਕੀਤੀ ਸੀ ਉਹ ਲੁਧਿਆਣਾ ਤੋਂ ਖੋਹੀ ਗਈ ਸੀ।
ਕਈ ਥਾਈਂ ਮੋਟਰਸਾਈਕਲ ਵੀ ਖੋਹੇ ਗਏ ਹਨ। ਇਸ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਈ ਥਾਈਂ ਵਾਹਨ ਮਾਲਕ ਦੇ ਸੱਟਾਂ ਵੀ ਮਾਰੀਆਂ ਗਈਆਂ ਹਨ। ਕਈ ਵਾਹਨ ਤਾਂ ਭਰੇ ਬਾਜ਼ਾਰ ਵਿਚੋਂ ਖੋਹੇ ਗਏ। ਮਿਸਾਲ ਵਜੋਂ ਅੰਮ੍ਰਿਤਸਰ ਕਚਹਿਰੀਆਂ ਨੇੜਿਓਂ 29 ਮਈ ਨੂੰ ਸਵਿਫਟ ਕਾਰ ਖੋਹੀ ਗਈ ਸੀ। ਲੁਧਿਆਣਾ ਦੇ ਸਮਰਾਲਾ ਚੌਕ ਵਿਚੋਂ ਪਹਿਲੀ ਸਤੰਬਰ ਨੂੰ ਸਵਿਫਟ ਕਾਰ ਖੋਹੀ ਗਈ। ਇਹ ਵਾਰਦਾਤਾਂ ਸਾਬਤ ਕਰਦੀਆਂ ਹਨ ਕਿ ਲੁਟੇਰਿਆਂ ਨੂੰ ਪੁਲਿਸ ਤੇ ਕਾਨੂੰਨ ਦਾ ਕੋਈ ਭੈਅ ਨਹੀਂ ਹੈ। ਬੀਮਾ ਕੰਪਨੀਆਂ ਵੀ ਵਾਹਨ ਮਾਲਕ ਨੂੰ ਲੰਮਾ ਸਮਾਂ ਰਾਸ਼ੀ ਦਾ ਭੁਗਤਾਨ ਨਹੀਂ ਕਰਦੀਆਂ।
___________________________________
ਜੇਲ੍ਹਾਂ ਵਿਚ ਗੈਂਗਸਟਰਾਂ ਦੀਆਂ ਸਰਗਰਮੀਆਂ ਨੇ ਸੁੱਕਣੇ ਪਾਈ ਪੁਲਿਸ
ਚੰਡੀਗੜ੍ਹ: ਖੁਫੀਆ ਏਜੰਸੀਆਂ ਨੇ ਪੰਜਾਬ ਦੇ ਜੇਲ੍ਹ ਵਿਭਾਗ ਨੂੰ ਚੌਕਸ ਕੀਤਾ ਹੈ ਕਿ ਅਦਾਲਤਾਂ ਵਿਚ ਪੇਸ਼ੀਆਂ ਭੁਗਤਣ ਜਾਂਦੇ ਗੈਂਗਸਟਰਾਂ ਦੇ ਹਿਰਾਸਤ ਵਿਚੋਂ ਦੌੜਨ ਦਾ ਪੂਰਾ ਖਦਸ਼ਾ ਬਣਿਆ ਹੋਇਆ ਹੈ। ਪੁਲੀਸ ਦੇ ਖੁਫੀਆ ਵਿੰਗ ਮੁਤਾਬਕ ਕਪੂਰਥਲਾ ਜੇਲ੍ਹ ਵਿਚ ਬੰਦ ਕੁਲਪ੍ਰੀਤ ਸਿੰਘ ਨੀਟਾ ਅਤੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਪੁਲਿਸ ਦੀ ਗ੍ਰਿਫਤ ਵਿਚੋਂ ਛੁਡਾਉਣ ਲਈ ਜੁਗਤਾਂ ਘੜੀਆਂ ਜਾ ਰਹੀਆਂ ਹਨ। ਖੁਫੀਆ ਵਿੰਗ ਨੇ ਇਨ੍ਹਾਂ ਗੈਂਗਸਟਰਾਂ ਸਮੇਤ ਹੋਰਨਾਂ ‘ਤੇ ਖਾਸ ਤੌਰ ਉਤੇ ਨਿਗ੍ਹਾ ਰੱਖਣ ਅਤੇ ਜੇਲ੍ਹ ਤੋਂ ਬਾਹਰ ਜਾਣ ਸਮੇਂ ਖਾਸ ਇਹਤਿਆਤ ਵਰਤਣ ਲਈ ਕਿਹਾ ਹੈ।
ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਸਮੇਂ 200 ਤੋਂ ਵੱਧ ਅਜਿਹੇ ਅਪਰਾਧੀ ਹਨ, ਜਿਨ੍ਹਾਂ ਨੂੰ ਪੁਲਿਸ ਤੇ ਜੇਲ੍ਹ ਵਿਭਾਗ ਨੇ ਗੈਂਗਸਟਰਾਂ ਵਾਲੀ ਸੂਚੀ ਵਿਚ ਰੱਖਿਆ ਹੋਇਆ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਵਿਚੋਂ 100 ਤੋਂ ਵੱਧ ‘ਏ ਕੈਟਾਗਿਰੀ’ ਦੇ ਗੈਂਗਸਟਰ ਹਨ, ਜਿਨ੍ਹਾਂ ਖਿਲਾਫ਼ ਇਕ ਤੋਂ ਵੱਧ ਸੰਗੀਨ ਕੇਸ ਦਰਜ ਹਨ ਤੇ ਹਰ ਵੇਲੇ ਦੌੜਨ ਦੀ ਤਾਕ ਵਿਚ ਰਹਿੰਦੇ ਹਨ। ਜੇਲ੍ਹ ਵਿਭਾਗ ਵੱਲੋਂ ਗੈਂਗਸਟਰਾਂ ਨੂੰ ਆਮ ਤੌਰ ਉਤੇ ਕੇਂਦਰੀ ਜੇਲ੍ਹਾਂ ਜਾਂ ਨਾਭਾ ਦੀ ਅਤਿ ਸੁਰੱਖਿਆ ਵਾਲੀ ਜੇਲ੍ਹ ਵਿਚ ਰੱਖਿਆ ਜਾਂਦਾ ਹੈ ਪਰ ਸਾਲ 2016 ਵਿਚ ਨਾਭਾ ਜੇਲ੍ਹ ਵਿਚੋਂ ਵੀ ਗੈਂਗਸਟਰਾਂ ਦੇ ਫਿਲਮੀ ਸਟਾਈਲ ਵਿਚ ਭੱਜਣ ਦੀ ਘਟਨਾ ਨੇ ਪੁਲਿਸ ਤੇ ਜੇਲ੍ਹ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਸੀ। ਜੇਲ੍ਹਾਂ ਵਿਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਅਤੇ ਅਪਰਾਧੀਆਂ ਦੇ ਹਿਰਾਸਤ ਵਿਚੋਂ ਫਰਾਰ ਹੋਣ ਦੇ ਮਾਮਲੇ ‘ਤੇ ਪੁਲਿਸ ਨੂੰ ਲਗਾਤਾਰ ਨਮੋਸ਼ੀ ਝੱਲਣੀ ਪੈਂਦੀ ਹੈ।
ਪੁਲਿਸ ਦੇ ਰਿਕਾਰਡ ਮੁਤਾਬਕ ਨਾਮੀ ਗੈਂਗਸਟਰ ਪੁਲਿਸ ਦੀ ਹਿਰਾਸਤ ‘ਚੋਂ ਸੌਖਿਆਂ ਨਿਕਲ ਜਾਂਦੇ ਹਨ। ਮਿਸਾਲ ਵਜੋਂ ਪਿਛਲੇ ਸਮੇਂ ਦੌਰਾਨ ਪੁਲਿਸ ਮੁਕਾਬਲੇ ‘ਚ ਮਾਰੇ ਗਏ ਦਵਿੰਦਰ ਬੰਬੀਹਾ ਅਤੇ ਪੁਲਿਸ ਹਿਰਾਸਤ ਵਿਚ ਗੈਂਗਟਸਰਾਂ ਦੇ ਵਿਰੋਧੀ ਗਰੁੱਪ ਨੇ ਕਤਲ ਕੀਤੇ ਸੁੱਖਾ ਕਾਹਲਵਾਂ ਪੁਲਿਸ ਦੀ ਹਿਰਾਸਤ ਵਿਚੋਂ ਸੌਖਿਆਂ ਹੀ ਨਿਕਲ ਗਏ ਸਨ। ਸਾਲ 2016 ਦੌਰਾਨ ਨਾਭਾ ਜੇਲ੍ਹ ਵਿਚੋਂ ਫਰਾਰ ਹੋਏ ਵਿੱਕੀ ਗੌਂਡਰ ਬਾਰੇ ਪੁਲਿਸ ਅਜੇ ਤੱਕ ਕੋਈ ਸੂਹ ਨਹੀਂ ਲਾ ਸਕੀ। ਇਸੇ ਤਰ੍ਹਾਂ ਦਿਲਪ੍ਰੀਤ ਸਿੰਘ ਅਤੇ ਹਰਿੰਦਰ ਸਿੰਘ, ਜੋ ਹਿਰਾਸਤ ਵਿਚੋਂ ਫਰਾਰ ਹੋਏ ਸਨ, ਨੇ ਫਰਾਰ ਹੋਣ ਤੋਂ ਬਾਅਦ ਕਈ ਵਾਰਦਾਤਾਂ ਕੀਤੀਆਂ ਪਰ ਪੁਲਿਸ ਦੇ ਹੱਥ ਪੂਰੀ ਤਰ੍ਹਾਂ ਖਾਲੀ ਹਨ। ਇਥੋਂ ਤੱਕ ਕਿ ਪੁਲਿਸ ਅਫਸਰਾਂ ਨੂੰ ਵੀ ਗੈਂਗਸਟਰਾਂ ਨੇ ਧਮਕੀਆਂ ਦਿੱਤੀਆਂ ਹਨ। ਗੈਂਗਸਟਰਾਂ ਦੇ ਹਮਲਿਆਂ ਤੋਂ ਡਰਦਿਆਂ ਪੁਲੀਸ ਦੇ ਕਈ ਅਫਸਰਾਂ ਦੀ ਸੁਰੱਖਿਆ ਸਖਤ ਕੀਤੀ ਹੋਈ ਹੈ।