ਸੂਰਤ ਤੇ ਸੀਰਤ ਦਾ ਸੁਮੇਲ-ਸ਼ਰੂਤੀ ਹਾਸਨ

ਸਾਲ 2009 ਵਿਚ ਸ਼ਰੂਤੀ ਹਾਸਨ ਦੀ ਪਲੇਠੀ ਹਿੰਦੀ ਫਿਲਮ ‘ਲੱਕ’ ਅਦਾਕਾਰ ਇਮਰਾਨ ਖਾਨ ਨਾਲ ਆਈ ਸੀ। ਆਪਣੀ ਪਹਿਲੀ ਹੀ ਫਿਲਮ ਵਿਚ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦਾ ਜਲੌਅ ਉਸ ਨੇ ਦਿਖਾਇਆ। ਇਸ ਫਿਲਮ ਵਿਚ ਉਸ ਦੀਆਂ ਅੱਖਾਂ ਦੀ ਐਕਟਿੰਗ ਦੀ ਖੂਬ ਚਰਚਾ ਹੋਈ ਸੀ। 2011 ਵਿਚ ਉਸ ਨੇ ‘ਦਿਲ ਤੋ ਬੱਚਾ ਹੈ ਜੀ’ ਨਾਲ ਹਾਜ਼ਰੀ ਲੁਆਈ। ਇਹ ਫਿਲਮ ਫਿਲਮਸਾਜ਼ ਮਧੁਰ ਭੰਡਾਰਕਰ ਨੇ ਬਣਾਈ ਸੀ ਅਤੇ ਇਸ ਵਿਚ ਸ਼ਰੂਤੀ ਤੋਂ ਇਲਾਵਾ ਅਜੈ ਦੇਵਗਨ, ਇਮਰਾਨ ਹਾਸ਼ਮੀ, ਓਮੀ ਵੈਦਿਆ ਅਤੇ ਸ਼੍ਰਧਾ ਦਾਸ ਵਰਗੇ ਅਦਾਕਾਰਾਂ ਨੇ ਲੀਡ ਰੋਲ ਨਿਭਾਏ ਸਨ। ਇਸ ਕਮੇਡੀ ਫਿਲਮ ਵਿਚ ਵੀ ਉਸ ਨੇ ਆਪਣੀ ਵੱਖਰੀ ਛਾਪ ਛੱਡੀ। ਹੁਣ ਇਸ ਸਾਲ ਸ਼ਰੂਤੀ ਦੀਆਂ ਦੋ ਫਿਲਮਾਂ ਆ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ‘ਡੀ ਡੇਅ’ ਹੈ ਜਿਸ ਦੀ ਕਹਾਣੀ ਮੁੰਬਈ ਧਮਾਕਿਆਂ ਨਾਲ ਜੁੜੀ ਹੋਈ ਹੈ। ਇਸ ਫਿਲਮ ਵਿਚ ਉਸ ਨਾਲ ਹੀਰੋ ਦਾ ਰੋਲ ਅਰਜੁਨ ਰਾਮਪਾਲ ਨਿਭਾਅ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਇਰਫਾਨ ਖਾਨ, ਰਿਸ਼ੀ ਕਪੂਰ ਅਤੇ ਹੁਮਾ ਕੁਰੈਸ਼ੀ ਵੀ ਫਿਲਮ ਵਿਚ ਵੱਖ ਵੱਖ ਕਿਰਦਾਰ ਨਿਭਾਅ ਰਹੇ ਹਨ। ਫਿਲਮ ਜੁਲਾਈ ਵਿਚ ਰਿਲੀਜ਼ ਹੋਣੀ ਹੈ। ਸ਼ਰੂਤੀ ਦੀ ਇਕ ਹੋਰ ਫਿਲਮ ਜੂਨ 2013 ਵਿਚ ਰਿਲੀਜ਼ ਹੋ ਰਹੀ ਹੈ। ਇਹ ਫਿਲਮ ‘ਰਮੱਈਆ ਵਸਤਾ ਵੱਈਆ’ ਪ੍ਰਸਿੱਧ ਡਾਂਸਰ ਪ੍ਰਭੂ ਦੇਵਾ ਦੀ ਨਿਰਦੇਸ਼ਨਾ ਹੇਠ ਤਿਆਰ ਹੋ ਰਹੀ ਹੈ। ਇਹ ਪ੍ਰਭੂ ਦੇਵਾ ਦੀ ਹਿੱਟ  ਤੈਲਗੂ ਫਿਲਮ ‘ਨੋਵੂਸਤਾਂਤੇ ਨੈਨੋਦਾਂਤਨੇ’ ਦੀ ਰੀਮੇਕ ਹੈ। ਇਨ੍ਹਾਂ ਦੋ ਫਿਲਮਾਂ ਨਾਲ ਸ਼ਰੂਤੀ ਹਾਸਨ ਦੀ ਹਿੰਦੀ ਫਿਲਮਾਂ ਵਿਚ ਦੁਬਾਰਾ ਵਾਪਸੀ ਹੋ ਰਹੀ ਹੈ। ਸ਼ਰੂਤੀ ਪ੍ਰਸਿੱਧ ਅਦਾਕਾਰ ਕਮਲ ਹਾਸਨ ਅਤੇ ਸਾਰਿਕਾ ਦੀ ਬੇਟੀ ਹੈ। ਤਾਮਿਲ ਅਤੇ ਤੈਲਗੂ ਫਿਲਮਾਂ ਵਿਚ ਉਸ ਦੀਆਂ ਬੜੀਆਂ ਧੁੰਮਾਂ ਹਨ, ਪਰ ਹਿੰਦੀ ਫਿਲਮਾਂ ਵਿਚ ਉਸ ਦੇ ਪੈਰ ਨਹੀਂ ਜੰਮ ਸਕੇ। ਉਸ ਦੇ ਪਿਤਾ ਕਮਲ ਹਾਸਨ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਚੰਗੀਆਂ ਹਿੰਦੀ ਫਿਲਮਾਂ ਦੇ ਬਾਵਜੂਦ ਉਸ ਨੂੰ ਵਾਪਸ ਤਾਮਿਲ ਅਤੇ ਤੈਲਗੂ ਫਿਲਮਾਂ ਵੱਲ ਪਰਤਣਾ ਪਿਆ ਸੀ, ਪਰ 1986 ਵਿਚ ਜੰਮੀ ਸ਼ਰੂਤੀ ਨੇ ਤਹੱਈਆ ਕੀਤਾ ਹੋਇਆ ਹੈ ਕਿ ਉਹ ਹਿੰਦੀ ਫਿਲਮਾਂ ਵਿਚ ਵੀ ਆਪਣੀ ਬੱਲੇ ਬੱਲੇ ਕਰਵਾ ਕੇ ਹਟੇਗੀ। ਉਹ ਇਕੱਲੀ ਅਦਾਕਾਰਾ ਹੀ ਨਹੀਂ ਹੈ, ਉਹ ਚੰਗਾ ਗਾ ਲੈਂਦੀ ਹੈ ਅਤੇ ਆਪਣੇ ਗੀਤਾਂ ਦੀਆਂ ਧੁਨਾਂ ਵੀ ਆਪ ਹੀ ਤਿਆਰ ਕਰਦੀ ਹੈ। ਹਿੰਦੀ ਫਿਲਮ ‘ਏ ਵੈਡਨਸਡੇਅ’ ਦਾ ਸੰਗੀਤ ਉਸੇ ਨੇ ਤਿਆਰ ਕੀਤਾ ਸੀ ਅਤੇ ਉਸ ਦੀ ਖੂਬ ਪ੍ਰਸੰਸਾ ਹੋਈ ਸੀ।

Be the first to comment

Leave a Reply

Your email address will not be published.