ਭਾਰਤੀ ਇਤਿਹਾਸ ਤੇ ਨਾਗਪੁਰੀ ਚਸ਼ਮਾ

‘ਭਾਰਤੀ ਇਤਿਹਾਸ ਤੇ ਨਾਗਪੁਰੀ ਚਸ਼ਮਾ’ ਨਾਂ ਦੇ ਇਸ ਲੇਖ ਵਿਚ ਲਿਖਾਰੀ ਸੁਰਿੰਦਰ ਸਿੰਘ ਤੇਜ, ਜੋ ਅੱਜ ਕੱਲ੍ਹ ਚੰਡੀਗੜ੍ਹ ਤੋਂ ਛਪਦੇ ਅਖਬਾਰ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ, ਨੇ ਆਰæਐਸ਼ਐਸ਼ ਬਾਰੇ ਇਕ ਵੀ ਅੱਖਰ ਲਿਖੇ ਬਗੈਰ, ਸਿਰਫ ਸਿਰਲੇਖ ਨਾਲ ਹੀ ਮਜ਼ਹਬੀ ਲਾਣਿਆਂ ਦੀਆਂ ਮਾਰੂ ਨੀਤੀਆਂ ਉਤੇ ਸਿੱਧੀ ਚੋਟ ਕੀਤੀ ਹੈ। ਇਹ ਅਸਲ ਵਿਚ ਸ਼ਬਦਾਂ ਅਤੇ ਤਰਤੀਬ ਦੀ ਹੀ ਤਾਕਤ ਹੈ ਕਿ ਲਿਖਾਰੀ ਇਸ ਕੱਟੜ ਜਥੇਬੰਦੀ ਦੇ ਪਰਦੇ ਲਾਹ ਸਕਿਆ ਹੈ।

-ਸੰਪਾਦਕ
ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਦੇਵੀ ਯਸ਼ੋਧਰਨ ਦਾ ਇਤਿਹਾਸਕ ਨਾਵਲ ‘ਐਂਪਾਇਰ’ (ਸਾਮਰਾਜ) ਅੱਜ ਕੱਲ੍ਹ ਕੌਮਾਂਤਰੀ ਪੁਸਤਕ ਜਗਤ ਵਿਚ ਕਾਫ਼ੀ ਚਰਚਾ ਵਿਚ ਹੈ, ਕੁਝ ਆਪਣੇ ਵਿਸ਼ਾ-ਵਸਤੂ ਕਾਰਨ ਅਤੇ ਕੁਝ ‘ਇਤਿਹਾਸਕ’ ਗ਼ਲਤੀਆਂ ਕਾਰਨ। ਵਿਸ਼ਾ-ਵਸਤੂ ਦੱਖਣੀ ਭਾਰਤ ਦੇ ਚੋਲਾ ਜਾਂ ਚੋਲ ਰਾਜ ਘਰਾਣੇ ਦੇ ਤੇਜ-ਪ੍ਰਤਾਪ ਦੇ ਦਿਨਾਂ ਨਾਲ ਜੁੜਿਆ ਹੋਇਆ ਹੈ ਅਤੇ ਗ਼ਲਤੀਆਂ ਇਸੇ ਸਾਮਰਾਜ ਨੂੰ ਵਿਜੈਨਗਰ ਸਾਮਰਾਜ ਨਾਲ ਰਲ-ਗੱਡ ਕੀਤੇ ਜਾਣ ਤੋਂ ਉਪਜੀਆਂ ਹਨ। ਚੋਲ ਰਾਜ ਘਰਾਣਾ ਭਾਰਤੀ ਇਤਿਹਾਸ ਦੇ ਉਨ੍ਹਾਂ ਰਾਜ ਘਰਾਣਿਆਂ ਵਿਚੋਂ ਹੈ ਜਿਸ ਨੇ ਸਭ ਤੋਂ ਲੰਮਾ ਸਮਾਂ ਸਾਡੇ ਦੇਸ਼ ਦੇ ਕਿਸੇ ਹਿੱਸੇ ‘ਤੇ ਹਕੂਮਤ ਕੀਤੀ। ਦਰਅਸਲ, ਇਹ ਰਾਜਵੰਸ਼ ਸਮਰਾਟ ਅਸ਼ੋਕ ਦੇ ਸਾਮਰਾਜ ਦੇ ਪਤਨ ਮਗਰੋਂ ਤੀਜੀ ਸਦੀ ਈਸਾਪੂਰਵ ਵਿਚ ਉਦੈ ਹੋਇਆ ਅਤੇ 13ਵੀਂ ਸਦੀ ਈਸਵੀ ਤਕ ਚਲਦਾ ਰਿਹਾ।
ਇਹ ਸਹੀ ਹੈ ਕਿ ਪੰਜਵੀਂ ਤੋਂ ਲੈ ਕੇ ਨੌਵੀਂ ਸਦੀ ਈਸਵੀ ਤਕ ਚੋਲ ਸਾਮਰਾਜ, ਸਾਮਰਾਜ ਨਾ ਰਹਿ ਕੇ ਸਾਧਾਰਨ ਰਿਆਸਤ ਤਕ ਸਿਮਟਿਆ ਰਿਹਾ, ਪਰ ਇਹ ਇੱਕੋ-ਇੱਕ ਭਾਰਤੀ ਰਾਜ ਘਰਾਣਾ ਸੀ ਜਿਸ ਨੇ ਭਾਰਤੀ ਸਾਹਿਲਾਂ ਤੋਂ ਬਾਹਰ ਜਾ ਕੇ ਅਜੋਕੇ ਮਲੇਸ਼ੀਆ ਤੇ ਇੰਡੋਨੇਸ਼ੀਆ ਦੇ ਬਹੁਤੇ ਹਿੱਸਿਆਂ ਤਕ ਆਪਣਾ ਹਕੂਮਤੀ ਪਸਾਰ ਕੀਤਾ ਅਤੇ ਉਨ੍ਹਾਂ ਦੇਸ਼ਾਂ ਦੀ ਸਭਿਅਤਾ ਤੇ ਸਭਿਆਚਾਰ ਉਤੇ ਅਮਿੱਟ ਛਾਪ ਛੱਡੀ। ਅਸੀਂ ਉਤਰ ਭਾਰਤੀ, ਦੱਖਣੀ ਭਾਰਤ ਦੇ ਇਤਿਹਾਸ ਤੋਂ ਬਹੁਤੇ ਵਾਕਫ਼ ਨਹੀਂ, ਪਰ ਰਾਜਾ ਰਾਜੇਂਦਰ ਚੋਲ ਸੱਚਮੁੱਚ ਚੱਕਰਵਰਤੀ ਰਾਜਾ ਸੀ। ਇਸ ਸਾਮਰਾਜ ਦੀ ਏਨੀ ਲੰਮੇਰੀ ਉਮਰ ਬਾਰੇ ਉਘੇ ਇਤਾਲਵੀ ਦਾਰਸ਼ਨਿਕ ਜਾਰਜੀਓ ਐਗਮਬੇਨ ਦੀ ਟਿੱਪਣੀ ਹੈ, “ਚੋਲ ਰਾਜਿਆਂ ਨੇ ਇੱਕ ਸੁਨਹਿਰੀ ਨਿਯਮ ਦੀ ਪਾਲਣਾ ਕੀਤੀ: ਰਾਜ (ਹਕੂਮਤ) ਕੋਲ ਤੁਹਾਨੂੰ ਮਾਰਨ ਦੀ ਸਮਰੱਥਾ ਹੁੰਦੀ ਹੈ, ਪਰ ਇਸ ਦਾ ਫ਼ਰਜ਼ ਹੈ ਕਿ ਤੁਹਾਨੂੰ ਮਰਨ ਨਾ ਦੇਵੇ।”
ਇਨ੍ਹਾਂ ਸ਼ਬਦਾਂ ਵਿਚ ਬਹੁਤ ਵੱਡਾ ਸੱਚ ਲੁਕਿਆ ਹੋਇਆ ਹੈ। ਹਕੂਮਤ ਕੋਲ ਸਖ਼ਤੀ ਕਰਨ ਦੇ ਸਭ ਹਥਿਆਰ ਹੁੰਦੇ ਹਨ। ਉਹ ਲੋੜ ਪੈਣ ‘ਤੇ ਇਨ੍ਹਾਂ ਦੀ ਵਰਤੋਂ ਵੀ ਕਰਦੀ ਹੈ, ਪਰ ਇਸ ਨੂੰ ਅਜਿਹੀ ਵਰਤੋਂ ਤੋਂ ਪਹਿਲਾਂ ਇਹ ਜ਼ਰੂਰ ਤੈਅ ਕਰਨਾ ਚਾਹੀਦਾ ਹੈ ਕਿ ਇਸ ਨੇ ਲੋਕਾਂ ਦੀਆਂ ਮੁਸ਼ਕਿਲਾਂ ਤੇ ਮੁਸੀਬਤਾਂ ਦੇ ਹੱਲ ਲਈ ਦਰੁਸਤ ਤੌਰ-ਤਰੀਕੇ ਵਰਤੇ ਸਨ ਜਾਂ ਨਹੀਂ? ਕੀ ਇਸ ਨੇ ਸਮਾਜਿਕ, ਆਰਥਿਕ ਤੇ ਸਿਆਸੀ ਸਥਿਰਤਾ ਯਕੀਨੀ ਬਣਾਈ ਸੀ? ਕੀ ਇਸ ਨੇ ਵਸੋਂ ਦੇ ਬਹੁਤੇ ਵਰਗਾਂ ਲਈ ਸਮਾਨਤਾਵਾਦੀ ਰੁਖ਼ ਅਖ਼ਿਤਆਰ ਕੀਤਾ ਸੀ?
ਜਦੋਂ ਸਿਆਸੀ ਸਥਿਰਤਾ, ਅਮਨ-ਸ਼ਾਂਤੀ, ਸਦਭਾਵੀ ਸਮਾਜਿਕ ਸਬੰਧ, ਸਮਾਨਤਵਾਦੀ ਨਿਆਂ ਪ੍ਰਬੰਧ ਅਤੇ ਆਰਥਿਕ ਸੁਚੱਜਤਾ ਵਜੂਦ ਵਿਚ ਹੋਵੇ, ਉਦੋਂ ਹੁਕਮਰਾਨ ਦੀ ਵੱਡੀ ਗ਼ਲਤੀ ਵੀ ਪਰਜਾ ਮੁਆਫ਼ ਕਰ ਦਿੰਦੀ ਹੈ। ਇਸ ਅਸਲੀਅਤ ਨੂੰ ਯੂਰਪੀ ਸਮਰਾਟਾਂ ਨੇ 12ਵੀਂ-13ਵੀਂ ਸਦੀ ਦੌਰਾਨ ਪਛਾਣ ਲਿਆ ਸੀ ਅਤੇ ਇਸੇ ਦੀ ਬਦੌਲਤ ਉਹ ਪੋਪ ਤੇ ਹੋਰ ਈਸਾਈ ਧਰਮ ਗੁਰੂਆਂ ਨੂੰ ਰਾਜ ਪ੍ਰਬੰਧ ਤੋਂ ਦੂਰ ਧੱਕਣ ਵਿਚ ਕਾਮਯਾਬ ਰਹੇ। ਅਜਿਹੀ ਕਾਮਯਾਬੀ ਰੋਮਨ ਬਾਦਸ਼ਾਹਾਂ ਜਾਂ ਰੋਮਨ ਸਾਮਰਾਜ ਦੇ ਅਸਤ ਹੋਣ ਤੋਂ ਬਾਅਦ ਹੋਂਦ ਵਿਚ ਆਈਆਂ ਰਿਆਸਤਾਂ ਦੇ ਹੁਕਮਰਾਨਾਂ ਦੇ ਹਿੱਸੇ ਨਹੀਂ ਸੀ ਆ ਸਕੀ। ਉਨ੍ਹਾਂ ਨੂੰ ਪੋਪ ਜਾਂ ਉਸ ਵੱਲੋਂ ਥਾਪੇ ਬਿਸ਼ਪਾਂ ਦੀ ਨਿਰੰਤਰ ਦਖ਼ਲਅੰਦਾਜ਼ੀ ਝੱਲਣੀ ਪਈ ਜਿਸ ਕਾਰਨ ਰਾਜ ਪ੍ਰਬੰਧ ਗੜਬੜਾ ਗਿਆ।
ਦੱਖਣੀ ਭਾਰਤ ਦੇ ਚੋਲ ਰਾਜ ਘਰਾਣੇ ਤੋਂ ਉਲਟ ਉਤਰੀ ਭਾਰਤ ਵਿਚ ਮੁਗ਼ਲਾਂ ਦੀ ਆਮਦ ਤੋਂ ਪਹਿਲਾਂ ਇੱਕ ਵੀ ਰਾਜ ਘਰਾਣਾ ਅਜਿਹਾ ਨਹੀਂ ਰਿਹਾ ਜੋ ਲੰਮਾ ਸਮਾਂ ਆਪਣਾ ਰਾਜਸੀ ਦਬਦਬਾ ਕਾਇਮ ਰੱਖ ਸਕਿਆ ਹੋਵੇ। ਗ਼ੁਲਾਮਸ਼ਾਹੀ ਘਰਾਣਾ ਇੱਕ ਸਦੀ ਵੀ ਨਹੀਂ ਚੱਲਿਆ, ਖਿਲਜੀਆਂ ਦਾ ਪ੍ਰਤਾਪ ਮਹਿਜ਼ 30 ਸਾਲ ਰਿਹਾ। ਤੁਗ਼ਲਕਸ਼ਾਹੀ 90 ਸਾਲ ਛੇ ਸੁਲਤਾਨਾਂ ਦੇ ਰੂਪ ਵਿਚ ਚੱਲੀ। ਦਰਅਸਲ, ਤਿੰਨ ਸੌ ਸਾਲਾਂ ਅੰਦਰ ਦਿੱਲੀ ਨੇ ਪੰਜ ਰਾਜ ਘਰਾਣਿਆਂ ਨੂੰ ਉਦੈ ਤੇ ਅਸਤ ਹੁੰਦਿਆਂ ਦੇਖਿਆ।
ਇਸ ਰੁਝਾਨ ਨੂੰ ਮੋੜਾ ਜ਼ਹੀਰੂਦੀਨ ਮੁਹੰਮਦ ਬਾਬਰ ਨੇ ਦਿੱਤਾ। ਸਮਰਕੰਦ ਵਰਗੇ ‘ਤਹਿਜ਼ੀਬੀ ਮਰਕਜ਼’ ਤੋਂ ਪੂਰੇ ਮੱਧ ਏਸ਼ੀਆ ਉਤੇ ਹਕੂਮਤ ਕਰਨ ਦਾ ਸੁਫ਼ਨਾ ਖੰਡਿਤ ਹੋਣ ਤੋਂ ਬਾਅਦ ਜਦੋਂ ਹਿੰਦੋਸਤਾਨ ਡਰਾਉਣ ਲਈ ਬਾਬਰ ਨੇ ‘ਜਮਕਰ ਮੁਗ਼ਲ ਚੜ੍ਹਾਇਆ’ ਤਾਂ ਉਸ ਨੇ ਇਹ ਕਿਆਸਿਆ ਤਕ ਨਹੀਂ ਸੀ ਕਿ ਉਸ ਦੀ ਮਹਿਜ਼ ਚਾਰ ਸਾਲਾਂ (1526-30) ਦੀ ਹਕੂਮਤ ਹਿੰਦੋਸਤਾਨ ਉਤੇ ਉਸ ਦੇ ਬੰਸ ਦੀ ਦੋ ਸਦੀਆਂ ਤੋਂ ਵੱਧ ਦੀ ਹੁਕਮਰਾਨੀ ਦੀ ਨੀਂਹ ਬੰਨ੍ਹ ਦੇਵੇਗੀ। ‘ਏਤੀ ਮਾਰ ਪਈ ਕੁਰਲਾਣੈ’ ਵਾਲੀ ਸ਼ੁਰੂਆਤ ਤੋਂ ਬਾਅਦ ਉਸ ਨੇ ਪਛਾਣ ਲਿਆ ਕਿ ਹਕੂਮਤ ਸਿਰਫ਼ ਤਲਵਾਰ ਦੇ ਜ਼ੋਰ ਨਾਲ ਨਹੀਂ ਚਲਾਈ ਜਾ ਸਕਦੀ। ਬਾਬਰ ਮਹਿਜ਼ 47 ਸਾਲ ਜੀਵਿਆ; ਉਸ ਦਾ ਬੇਟਾ ਨਸੀਰੂਦੀਨ ਮੁਹੰਮਦ ਹਮਾਯੂੰ 48 ਸਾਲ ਜਿਸ ਵਿਚੋਂ ਉਹ 15 ਸਾਲ ਹਿੰਦ ਤੋਂ ਜਲਾਵਤਨ ਵੀ ਰਿਹਾ, ਪਰ ਦੋਵਾਂ ਨੇ ਜਿੰਨੀ ਦੇਰ ਹਕੂਮਤ ਕੀਤੀ, ਐਗਮਬੇਨ ਵਾਲੇ ਅਸੂਲ ‘ਤੇ ਖਰੇ ਉਤਰਦੇ ਰਹੇ।
ਇਸ ਬੁਨਿਆਦ ਨੇ ਜਲਾਲੂਦੀਨ ਮੁਹੰਮਦ ਅਕਬਰ ਨੂੰ 49 ਸਾਲ 9 ਮਹੀਨੇ, ਨੁਰੂਦੀਨ ਮੁਹੰਮਦ ਸਲੀਮ ‘ਜਹਾਂਗੀਰ’ ਨੂੰ 22 ਸਾਲ, ਸ਼ਹਾਬੂਦੀਨ ਮੁਹੰਮਦ ਖੁੱਰਮ ਉਰਫ਼ ਸ਼ਾਹ ਜਹਾਨ-ਏ-ਆਜ਼ਮ ਨੂੰ 30 ਸਾਲ ਅਤੇ ਮੁਹੀਓਦੀਨ ਮੁਹੰਮਦ ਔਰੰਗਜ਼ੇਬ ਆਲਮਗੀਰ ਨੂੰ ਸਾਢੇ 48 ਵਰ੍ਹਿਆਂ ਤਕ ਸ਼ਹਿਨਸ਼ਾਹ-ਏ-ਹਿੰਦ ਦੇ ਮਰਤਬੇ ਉਤੇ ਬਰਕਰਾਰ ਰੱਖਿਆ। ਸਿਆਸੀ ਚਿੰਤਕ ਤੇ ਦਾਰਸ਼ਨਿਕ ਅਕੀਲ ਬਿਲਗਰਾਮੀ ਅਨੁਸਾਰ ਮੁਗ਼ਲ ਬਾਦਸ਼ਾਹ ਇੰਨੀ ਲੰਮੀ ਹਕੂਮਤ ਇਸ ਕਰ ਕੇ ਕਰ ਗਏ, ਕਿਉਂਕਿ ਉਨ੍ਹਾਂ ਨੇ ਸਿਆਸੀ ਹਿੰਸਾ ਲਈ ਮਜ਼ਹਬ ਦੀ ਕੁਵਰਤੋਂ ਨਹੀਂ ਕੀਤੀ ਅਤੇ 11ਵੀਂ ਸਦੀ ਦੇ ਇਸਲਾਮੀ ਸਿਧਾਂਤਕਾਰ ਇਮਾਮ ਗ਼ਜ਼ਾਲੀ ਦੇ ਕਥਨ ‘ਸ਼ਹਿਰ ਦੀਆਂ ਗਲੀਆਂ ਵਿਚ ਅਰਾਜਕਤਾ ਦਾ ਇੱਕ ਦਿਨ ਹਜ਼ਾਰ ਸਾਲ ਦੀ ਹਕੂਮਤ ਤੋਂ ਬਦਤਰ ਹੈ’ ਦਾ ਉਚੇਚੇ ਤੌਰ ‘ਤੇ ਧਿਆਨ ਰੱਖਦਿਆਂ ‘ਗਲੀਆਂ ਵਿਚ ਅਰਾਜਕਤਾ’ ਨਹੀਂ ਉਪਜਣ ਦਿੱਤੀ।
ਇਹ ਮੱਧਯੁਗੀ ਹੁਕਮਰਾਨ, ਸਾਮਰਾਜਾਂ ਦੇ ਉਸਰਈਏ ਇਸ ਕਰ ਕੇ ਸਾਬਤ ਹੋਏ, ਕਿਉਂਕਿ ਉਨ੍ਹਾਂ ਨੇ ਹਕੂਮਤੀ ਪ੍ਰਬੰਧ ਨੂੰ ਸੰਜੀਦਗੀ ਨਾਲ ਲਿਆ, ਤੱਤ-ਫ਼ੱਟ ਫ਼ਾਇਦੇ ਲੈਣ ਦੇ ਦੀਰਘਕਾਲੀ ਲਾਭਾਂ ਬਾਰੇ ਸੋਚਣਾ ਮੁਨਾਸਿਬ ਸਮਝਿਆ, ਮਜ਼ਹਬ ਨੂੰ ਸਿਜਦਾ ਕਰਨ ਦੇ ਬਾਵਜੂਦ ਮਜ਼ਹਬੀ ਲਾਣਿਆਂ ਨੂੰ ਨਿਜ਼ਾਮਤ ਤੋਂ ਦੂਰ ਰੱਖਿਆ, ਖ਼ਲਕਤ ਪ੍ਰਤੀ ਸਮਾਨਤਾਵਾਦੀ ਨਜ਼ਰੀਆ ਅਪਣਾਇਆ ਅਤੇ ਨਿਜ਼ਾਮਤ ਨਾਲ ਜੁੜੀਆਂ ਜ਼ਿੰਮੇਵਾਰੀਆਂ ਸੁਹਿਰਦਤਾ ਨਾਲ ਨਿਭਾਉਣ ਦਾ ਯਤਨ ਕੀਤਾ। ਔਰੰਗਜ਼ੇਬ ਦੇ ਰਾਜ-ਕਾਲ ਦੌਰਾਨ ਜਦੋਂ ਉਪਰੋਕਤ ਤਾਣੇ-ਪੇਟੇ ਦੀਆਂ ਤੰਦਾਂ ਟੁੱਟਣ ਲੱਗੀਆਂ, ਤਾਂ ਮੁਗ਼ਲ ਸਾਮਰਾਜ ਨੂੰ ਵੀ ਛਿੰਨ ਭਿੰਨ ਹੁੰਦਿਆਂ ਦੇਰ ਨਾ ਲੱਗੀ।
ਇਤਿਹਾਸ ਦਾ ਇਹੋ ਸੁਨੇਹਾ ਸਾਡੇ ਅਜੋਕੇ ਹੁਕਮਰਾਨਾਂ ਲਈ ਇੱਕ ਸੁਚੱਜੇ ਸਬਕ ਵਾਂਗ ਹੈ, ਪਰ ਉਨ੍ਹਾਂ ਦਾ ਨਾਗਪੁਰੀ ਚਸ਼ਮਾ ਕੀ ਉਨ੍ਹਾਂ ਨੂੰ ਹਰ ਬੰਦੇ ਵਿਚੋਂ ‘ਪਰਮੇਸ਼ਰ ਦਾ ਬੰਦਾ’ ਦੇਖਣ ਦੀ ਸਮਰੱਥਾ ਬਖ਼ਸ਼ੇਗਾ?