ਚੰਡੀਗੜ੍ਹ: ਪਰਾਲੀ ਸਾੜਨ ਤੋਂ ਰੋਕਣ ਦਾ ਕੋਈ ਠੋਸ ਬਦਲ ਨਾ ਹੋਣ ਕਾਰਨ ਕੌਮੀ ਗ੍ਰੀਨ ਟ੍ਰਿਬਿਊਨਲ (ਐਨæਜੀæਟੀæ) ਵੱਲੋਂ ਸ਼ੁਰੂ ਕੀਤੇ ਗਏ ਤਰੀਕ ਦਰ ਤਰੀਕ ਦੇ ਸਿਲਸਿਲੇ ਨੇ ਕੈਪਟਨ ਸਰਕਾਰ ਨੂੰ ਸੁੱਕਣੇ ਪਾਇਆ ਹੋਇਆ ਹੈ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਹ ਕਿਸਾਨਾਂ ਨੂੰ ਸਮਝਾਉਣ ਵਿਚ ਸਫਲ ਹੋਈ ਹੈ ਪਰ ਟ੍ਰਿਬਿਊਨਲ ਨੇ ਸਰਕਾਰ ਉਤੇ ਇਤਬਾਰ ਕਰਨ ਤੋਂ ਵੀ ਨਾ ਕਰ ਦਿੱਤੀ ਤੇ ਅਜਿਹੇ ਕਿਸਾਨਾਂ ਨੂੰ ਪੇਸ਼ ਕਰਨ ਦਾ ਹੁਕਮ ਦੇ ਦਿੱਤਾ। ਦਿੱਲੀ ਵਿਚ ਪੇਸ਼ੀ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਕੱਲਰ ਮਾਜਰੀ ਪਿੰਡ ਦੇ ਤਕਰੀਬਨ ਇਕ ਦਰਜਨ ਕਿਸਾਨਾਂ ਨੇ ਖੇਤੀ ਵਿਭਾਗ ਦੇ ਪੱਖ ਵਿਚ ਭੁਗਤ ਕੇ ਸਰਕਾਰ ਨੂੰ ਕੁਝ ਰਾਹਤ ਤਾਂ ਦਿੱਤੀ ਪਰ ਟ੍ਰਿਬਿਊਨਲ ਨੇ ਮੁੜ ਇਕ ਹੋਰ ਸੁਆਲ ਦਾ ਜਵਾਬ ਲੱਭ ਕੇ ਆਉਣ ਦਾ ਹੁਕਮ ਦੇ ਦਿੱਤਾ।
ਐਨæਜੀæਟੀæ ਨੇ ਵਿਭਾਗ ਨੂੰ ਕਿਹਾ ਹੈ ਕਿ ਉਹ ਬਾਇਓਮਾਸ ਪ੍ਰੋਜੈਕਟਾਂ ਅਤੇ ਹੁਣ ਤੱਕ ਦੀ ਮੌਜੂਦਾ ਮਸ਼ੀਨਰੀ ਨਾਲ ਪਰਾਲੀ ਸਾਂਭਣ ਦੇ ਪ੍ਰਬੰਧਾਂ ਦਾ ਅਨੁਮਾਨ ਲਗਾ ਕੇ ਇਸ ਦੀ ਜਾਣਕਾਰੀ ਜਾਵੇ। ਉਨ੍ਹਾਂ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ, ਕੇਂਦਰ ਸਰਕਾਰ ਅਤੇ ਕਈ ਹੋਰਾਂ ਨੂੰ ਵੀ ਨੋਟਿਸ ਜਾਰੀ ਕੀਤਾ। ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਨੇ ਕੱਲਰ ਮਾਜਰੀ ਪਿੰਡ ਦੇ ਇਕ ਦਰਜਨ ਕਿਸਾਨਾਂ ਸਮੇਤ ਸੰਗਰੂਰ ਅਤੇ ਅੰਮ੍ਰਿਤਸਰ ਤੋਂ ਲਗਭਗ ਦੋ ਦਰਜਨ ਕਿਸਾਨਾਂ ਨੂੰ ਪੇਸ਼ ਕੀਤਾ। ਇਕ ਪੜ੍ਹੇ-ਲਿਖੇ ਨੌਜਵਾਨ ਕਿਸਾਨ ਨੇ ਜਦੋਂ ਅੰਗਰੇਜ਼ੀ ਵਿਚ ਗੱਲ ਸ਼ੁਰੂ ਕੀਤੀ ਤਾਂ ਜਸਟਿਸ ਸਵਤੰਤਰ ਕੁਮਾਰ ਨੂੰ ਉਸ ਉਤੇ ਕਿਸਾਨ ਨਾ ਹੋਣ ਦਾ ਸ਼ੱਕ ਪੈਦਾ ਹੋਇਆ ਅਤੇ ਠੇਠ ਪੰਜਾਬੀ ਵਿਚ ਗੱਲ ਕਰਨ ਵਾਲੇ ਕਿਸਾਨ ਤੋਂ ਉਨ੍ਹਾਂ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਕਿਹਾ ਕਿ ਹੁਣ ਤੱਕ ਵੱਢੇ ਗਏ ਝੋਨੇ ਦੀ ਪਰਾਲੀ ਬੇਲਰ ਨਾਲ ਕੱਟ ਕੇ ਸ਼ਾਮਲਾਟ ਜ਼ਮੀਨ ਵਿਚ ਲਗਾ ਦਿੱਤੀ ਹੈ। ਸੂਬੇ ਵਿਚ ਪੈਦਾ ਹੋਣ ਵਾਲੀ ਲਗਭਗ 2 ਸੌ ਲੱਖ ਟਨ ਪਰਾਲੀ ਨੂੰ ਕਿਥੇ ਰੱਖਿਆ ਜਾਵੇਗਾ ਅਤੇ ਬਾਇਓਮਾਸ ਪਲਾਂਟ ਕਿੰਨੀ ਕੁ ਪਰਾਲੀ ਦੀ ਖਪਤ ਕਰ ਸਕਣਗੇ, ਇਸ ਬਾਰੇ ਕਿਸੇ ਕੋਲ ਕੋਈ ਠੋਸ ਜਵਾਬ ਨਹੀਂ ਸੀ। ਕੱਲਰ ਮਾਜਰੀ ਪਿੰਡ ਦੇ ਕੁਝ ਕਿਸਾਨਾਂ ਨੇ ਵਿਭਾਗ ਵੱਲੋਂ ਪੂਰੀ ਮੱਦਦ ਕਰਨ ਦੀ ਗੱਲ ਕਰਨ ਤੋਂ ਬਾਅਦ ਯੂਨੀਅਨ ਆਗੂਆਂ ਨੂੰ ਕਿਸਾਨਾਂ ਦੇ ਹੋ ਰਹੇ ਵੱਧ ਖਰਚੇ ਦੀ ਭਰਪਾਈ ਦੀ ਦਲੀਲ ਕਮਜ਼ੋਰ ਪੈਂਦੀ ਦਿਖਾਈ ਦਿੱਤੀ।
ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਨਾਲ ਅਸਲ ਮੁੱਦਾ ਕਿਨਾਰੇ ਹੋ ਗਿਆ ਹੈ। ਹੁਣ ਤੱਕ ਇਹ ਮੁੱਖ ਮੁੱਦਾ ਸੀ ਕਿ ਸਰਕਾਰ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਦੇ ਹੋ ਰਹੇ ਵਾਧੂ ਖਰਚ ਦੀ ਭਰਪਾਈ ਕਿੰਨੀ ਅਤੇ ਕਿਸ ਤਰ੍ਹਾਂ ਕਰੇਗੀ। ਹੁਣ ਮੁੱਦਾ ਮੁੜ ਬਾਇਓਮਾਸ ਪਲਾਂਟ ਅਤੇ ਮਸ਼ੀਨਰੀ ਉਤੇ ਖੜ੍ਹ ਗਿਆ ਹੈ।
_______________________________
ਪੰਜਾਬ ਦੀ ਪਰਾਲੀ ਦਾ ਧੂੰਆਂ ਹੀ ਖਤਰਨਾਕ ਕਿਉਂ?
ਪਟਿਆਲਾ: ਕਿਸਾਨ ਜਥੇਬੰਦੀਆਂ ਨੇ ਇਹ ਮੁੱਦਾ ਉਠਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਸਿਰਫ ਪੰਜਾਬ ਦੀ ਪਰਾਲੀ ਦਾ ਧੂੰਆਂ ਹੀ ਜ਼ਿਆਦਾ ਖਤਰਨਾਕ ਕਿਉਂ ਹੈ ਜਦਕਿ ਹਰਿਆਣਾ, ਰਾਜਸਥਾਨ ਅਤੇ ਯੂæਪੀæ ਵਿਚ ਉਸ ਤਰ੍ਹਾਂ ਦੀ ਸਰਗਰਮੀ ਦਿਖਾਈ ਨਹੀਂ ਦਿੰਦੀ।
_______________________________
ਪੰਜਾਬ ਦੀ ਆਬੋ-ਹਵਾ ਹੋਈ ਪਲੀਤ
ਪਟਿਆਲਾ: ਪ੍ਰਦੂਸ਼ਣ ਦੀ ਰੋਕਥਾਮ ਲਈ ਯਤਨਾਂ ਬਾਰੇ ਭਾਵੇਂ ਐਤਕੀਂ ਵੱਡੀ ਚਰਚਾ ਛਿੜੀ ਹੋਈ ਹੈ ਪਰ ਪੰਜਾਬ ਵਿਚ ਵਾਤਾਵਰਣ ਵੱਡੇ ਪੱਧਰ ਉਤੇ ਪਲੀਤ ਹੋਣ ਲੱਗਿਆ ਹੈ। ਪੰਜਾਬ ਦਾ ਏਅਰ ਕੁਆਲਿਟੀ ਇੰਡੈਕਸ (ਹਵਾ ਦਾ ਮਿਆਰ) 285 ਦੇ ਅੰਕੜੇ ਨੂੰ ਛੂਹਣ ਤੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਚਿੰਤਤ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਸਹੀ ਤੇ ਢੁਕਵੇਂ ਵਾਤਾਵਰਣ ਦਾ ਅੰਕੜਾ 100 ਏਅਰ ਕੁਆਲਿਟੀ ਇੰਡੈਕਸ ਤੱਕ ਵਾਜਬ ਮੰਨਿਆ ਜਾਂਦਾ ਹੈ। ਜੇਕਰ ਇਹ ਅੰਕੜਾ ਸੌ ਤੋਂ ਹੇਠਾਂ ਰਹੇ ਤਾਂ ਹਵਾ ਸਾਫ ਹੁੰਦੀ ਹੈ ਪਰ ਪੰਜਾਬ ਵਿਚ ਅਜਿਹੇ ਅੰਕੜੇ ਨੇ ਕੁਝ ਦਿਨਾਂ ਤੋਂ ਰਫਤਾਰ ਫੜੀ ਹੋਈ ਹੈ। ਲੰਘੀ 10 ਅਕਤੂਬਰ ਨੂੰ ਪੰਜਾਬ ਦਾ ਏਅਰ ਕੁਆਲਿਟੀ ਇੰਡੈਕਸ 285 ਦੇ ਅੰਕੜੇ ਨੂੰ ਛੂਹ ਗਿਆ। ਕਿਸਾਨਾਂ ਵੱਲੋਂ ਪਰਾਲੀ ਸਾੜਨ ਦੀ ਬੇਖੌਫ ਪ੍ਰਵਿਰਤੀ ਕਰਕੇ ਵੀ ਅਜਿਹੇ ਅੰਕੜੇ ਵਿਚ ਬੇਹਿਸਾਬਾ ਵਾਧਾ ਹੋਇਆ ਹੈ।