ਜਿੱਤ ਦੀ ਮਿਸਾਲ!

ਚੋਰੀ ਡਾਕਾ ਮਾਰ ਜਾਵੇ ਭਾਵੇਂ ਕੋਈ ਬਾਹਰਲਾ ਈ, ਪਿੰਡ ਦੇ ਹੀ ਕਿਸੇ ‘ਬਦਨਾਮ’ ਨਾਂਵੇਂ ਲੱਗਦੀ।
ਉਤੇ ਵੱਲ ਭਾਰੀ ਚੀਜ਼ ਹੁੰਦੀ ਏ ਚੜ੍ਹਾਉਣੀ ਔਖੀ, ਰੱਖ ਦਿਓ ਰੇੜ੍ਹ ‘ਤੇ ਉਹ ਆਪੇ ਜਾਵੇ ਭੱਜਦੀ।
ਹੋਰ ਭਾਵੇਂ ਮੁੰਡੇ ਹੁੰਦੇ ਸੈਂਕੜੇ ਬਰਾਤ ਵਿਚ, ਕਲਗੀ ਤਾਂ ਯਾਰੋ ਇਕੋ ਲਾੜੇ ਸਿਰ ਸਜਦੀ।
ਪੈਂਟ ਤੇ ਕਮੀਜ ਨਾ ਪਜਾਮੇ ਨੂੰ ਫਰਕ ਪੈਂਦਾ, ਸ਼ਾਨ ਹੈ ਘਟਾਉਂਦੀ ਕਰਤੂਤ ਇਕੋ ਪੱਗ ਦੀ।
ਬੇਹੀਆਂ ਜਾਣਕਾਰੀਆਂ ‘ਤੇ ਧਰੇ ਨਾ ਨਜ਼ਰ ਕੋਈ, ਉਹੀ ਖਿੱਚ ਪਾਉਂਦੀ ਜਿਹੜੀ ਗੱਲ ਹੋਵੇ ਅੱਜ ਦੀ।
ਉਪ-ਚੋਣ ਵਾਲੀ ਜਿੱਤ ਉਸੇ ਮੱਝ ਵਾਂਗ ਜਾਣੋ, ਜਿਹਦੇ ਹੱਥ ‘ਲਾਠੀ’ ਉਹਦੀ ‘ਖੁਰਲ੍ਹੀ’ ‘ਤੇ ਬੱਝਦੀ!