ਕੇ.ਐਸ਼ ਚਾਵਲਾ
ਫੋਨ: +91-99886-44244
ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਸਮੇਂ ਮੰਤਰੀ ਰਹੇ ਸੁੱਚਾ ਸਿੰਘ ਲੰਗਾਹ ਨੂੰ ਸਿੱਖਾਂ ਦੀ ਸਰਵਉਚ ਧਾਰਮਿਕ ਸੰਸਥਾ- ਅਕਾਲ ਤਖ਼ਤ ਨੇ ਸਿੱਖ ਭਾਈਚਾਰੇ ਵਿਚੋਂ ਖਾਰਿਜ ਦਿੱਤਾ ਹੈ। ਇਹ ਕਾਰਵਾਈ ਉਨ੍ਹਾਂ ਵੱਲੋਂ ਪਰਾਈ ਔਰਤ ਨਾਲ ਸਰੀਰਕ ਸਬੰਧ ਬਣਾਉਣ, ਡਰਾਉਣ-ਧਮਕਾਉਣ ਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ। ਇਸ ਫੈਸਲੇ ਨਾਲ ਸ੍ਰੀ ਅਕਾਲ ਤਖ਼ਤ ਦਾ ਮਾਣ-ਸਨਮਾਨ ਵਧਿਆ ਹੈ, ਜਦੋਂਕਿ ਪਹਿਲਾਂ ਕਈ ਵਾਰ ਲਏ ਗ਼ਲਤ ਫੈਸਲਿਆਂ ਕਾਰਨ ਇਹ ਵਿਵਾਦਾਂ ਵਿਚ ਘਿਰਿਆ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਵਿਚ ਕਿਸੇ ਸਮੇਂ ਬਹੁਤ ਹਰਮਨਪਿਆਰੇ ਰਹੇ ਨੇਤਾ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਜਿਸ ਤਰ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੁਰੰਤ ਕਾਰਵਾਈ ਕੀਤੀ, ਉਸ ਨੇ ਸਾਰਿਆਂ ਨੂੰ ਹੈਰਾਨ ਕੀਤਾ ਸੀ। ਉਨ੍ਹਾਂ ਨੇ ਲੰਗਾਹ ਕੋਲੋਂ ਪਾਰਟੀ ਦੇ ਸਾਰੇ ਅਹੁਦੇ ਖੋਂਹਦਿਆਂ, ਉਨ੍ਹਾਂ ਨੂੰ ਮੁੱਢਲੀ ਮੈਂਬਰੀ ਤੋਂ ਵੀ ਖ਼ਾਰਜ ਕਰ ਦਿੱਤਾ ਸੀ। ਇਹ ਫੈਸਲਾ, ਅਕਾਲ ਤਖ਼ਤ ਦੇ ਫੈਸਲੇ ਤੋਂ ਕੁਝ ਦਿਨ ਪਹਿਲਾਂ ਕੀਤਾ ਗਿਆ ਸੀ। ਇਹ ਪਹਿਲੀ ਵਾਰ ਹੈ ਜਦੋਂ ਅਕਾਲ ਤਖ਼ਤ ਤੇ ਸ਼੍ਰੋਮਣੀ ਅਕਾਲੀ ਦਲ, ਦੋਵਾਂ ਨੇ ਅਜਿਹੇ ‘ਦਲੇਰਾਨਾ’ ਕਦਮ ਉਠਾਏ ਹਨ।
ਗੁਰੂ ਗੋਬਿੰਦ ਸਿੰਘ ਜੀ ਨੇ ਭਾਵੇਂ ਅਕਾਲ ਤਖ਼ਤ ਨੂੰ ਸਿੱਖਾਂ ਦੀ ਸਰਵਉਚ ਧਾਰਮਿਕ ਅਥਾਰਿਟੀ ਐਲਾਨਿਆ ਸੀ, ਅਕਾਲ ਤਖ਼ਤ ਦੀ ਸਥਾਪਨਾ ਤੋਂ ਪਹਿਲਾਂ ਸਿੱਖ ਇਤਿਹਾਸ ਵਿਚ ਪਹਿਲੀ ਧਾਰਮਿਕ ਸਜ਼ਾ ਗੁਰੂ ਅੰਗਦ ਦੇਵ ਜੀ ਨੇ ਸੱਤਾ ਤੇ ਬਲਵੰਡ ਰਾਗੀਆਂ ਨੂੰ ਦਿੱਤੀ ਸੀ। ਇਹ ਰਾਗੀ, ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿਚ ਭਰਦੇ ਦਰਬਾਰ ਵਿਚ ਕੀਰਤਨ ਕਰਿਆ ਕਰਦੇ ਸਨ। ਉਘੇ ਸਿੱਖ ਸਕਾਲਰ ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ ਅਨੁਸਾਰ, ਦੋਵਾਂ ਨੇ ਇਕ ਦਿਨ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਕਿ ਉਨ੍ਹਾਂ ਨੂੰ ਇਕ ਦਿਨ ਦਾ ਚੜ੍ਹਾਵਾ ਦਿੱਤਾ ਜਾਵੇ। ਗੁਰੂ ਜੀ ਸਹਿਮਤ ਹੋ ਗਏ। ਜਿਸ ਦਿਨ ਉਨ੍ਹਾਂ ਨੂੰ ਪੂਰੇ ਦਿਨ ਦਾ ਚੜ੍ਹਾਵਾ ਦਿੱਤਾ ਜਾਣਾ ਸੀ, ਉਸ ਦਿਨ ਉਹ ਰਾਸ਼ੀ ਘੱਟ ਰਹਿ ਗਈ। ਸੱਤਾ ਤੇ ਬਲਵੰਡ ਗੁੱਸੇ ਵਿਚ ਆ ਕੇ ਗੁਰੂ ਜੀ ਖ਼ਿਲਾਫ਼ ਹੀ ਕੀਰਤਨ ਕਰਨ ਲੱਗ ਪਏ। ਗੁਰੂ ਜੀ ਨੇ ਉਨ੍ਹਾਂ ਨੂੰ ਭਾਈਚਾਰੇ ਵਿਚੋਂ ਛੇਕ ਦਿੱਤਾ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਉਹ ਅਸਰ-ਰਸੂਖ਼ ਵਾਲੇ ਕੁਝ ਸਿੱਖਾਂ ਨੂੰ ਲੈ ਕੇ ਗੁਰੂ ਜੀ ਅੱਗੇ ਹਾਜ਼ਰ ਹੋਏ ਤੇ ਆਪਣੀ ਗਲਤੀ ਪ੍ਰਵਾਨ ਕਰਦਿਆਂ ਮੁਆਫ਼ੀ ਮੰਗੀ। ਗੁਰੂ ਜੀ ਨੇ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਤੇ ਮੁੜ ਕੀਰਤਨ ਕਰਨ ਦੀ ਇਜਾਜ਼ਤ ਦੇ ਦਿੱਤੀ।
ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਸਥਾਪਨਾ ਕੀਤੀ। ਗੁਰੂ ਜੀ ਨੇ 15 ਮੈਂਬਰੀ ਕੌਂਸਲ ਕਾਇਮ ਕੀਤੀ ਜਿਹੜੀ ਮਸਲਿਆਂ ਉਪਰ ਵਿਚਾਰ ਕਰ ਕੇ ਆਪਣੀ ਰਿਪੋਰਟ ਉਨ੍ਹਾਂ ਕੋਲ ਅੰਤਿਮ ਫੈਸਲੇ ਲਈ ਪੇਸ਼ ਕਰਦੀ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੇ ਜਾਣ ਬਾਅਦ ਅਕਾਲ ਤਖ਼ਤ ਨੂੰ ਹੀ ਧਾਰਮਿਕ ਸਰਵਉਚ ਅਥਾਰਿਟੀ ਕਰਾਰ ਦਿੱਤੇ ਜਾਣ ਸਮੇਂ ਸਿੱਖਾਂ ਲਈ ਰਹਿਤ ਮਰਿਆਦਾ ਮੁਕੱਰਰ ਕੀਤੀ ਸੀ। ਚਾਰ ਬਜਰ ਕੁਰਹਿਤਾਂ ਐਲਾਨੀਆਂ ਸਨ, ਜਿਨ੍ਹਾਂ ਕਾਰਨ ਸਿੱਖਾਂ ਨੂੰ ਸਜ਼ਾ ਦਿੱਤੀ ਜਾਂ ਛੇਕਿਆ ਜਾ ਸਕਦਾ ਸੀ। ਇਹ ਸਨ ਵਾਲ ਕੱਟਣੇ, ਪਰਾਈ ਇਸਤਰੀ ਨਾਲ ਸਰੀਰਕ ਸਬੰਧ ਕਾਇਮ ਕਰਨੇ, ਧੀ ਦੀ ਹੱਤਿਆ ਕਰਨੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ/ਗੁਰੂਆਂ ਦਾ ਅਪਮਾਨ ਕਰਨਾ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਕ ਵਾਰ ਤਤਕਾਲੀ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਅਕਾਲ ਤਖ਼ਤ ‘ਤੇ ਤਲਬ ਕੀਤਾ ਸੀ।
ਅਜੋਕੇ ਸਮਿਆਂ ਵਿਚ ਕੁਝ ਉਘੀਆਂ ਸਿੱਖ ਸ਼ਖਸੀਅਤਾਂ ਨੂੰ ਅਕਾਲ ਤਖ਼ਤ ‘ਤੇ ਤਲਬ ਕੀਤਾ ਗਿਆ, ਜਿਨ੍ਹਾਂ ਵਿਚ ਗਿਆਨੀ ਜ਼ੈਲ ਸਿੰਘ (ਤਤਕਾਲੀ ਰਾਸ਼ਟਰਪਤੀ) ਤੇ ਬੂਟਾ ਸਿੰਘ (ਤਤਕਾਲੀ ਕੇਂਦਰੀ ਗ੍ਰਹਿ ਮੰਤਰੀ) ਵੀ ਸ਼ਾਮਲ ਸਨ। ਇਨ੍ਹਾਂ ਨੂੰ ਸਾਕਾ ਨੀਲਾ ਤਾਰਾ ਕਾਰਨ ਤਲਬ ਕੀਤਾ ਗਿਆ ਸੀ। ਗਿਆਨੀ ਜ਼ੈਲ ਸਿੰਘ ਆਪ ਪੇਸ਼ ਨਹੀਂ ਹੋਏ, ਪਰ ਆਪਣੇ ਏਲਚੀ ਰਾਹੀਂ ਘਟਨਾਕ੍ਰਮ ‘ਤੇ ਦੁੱਖ ਪ੍ਰਗਟਾਉਣ ਤੇ ਸਪਸ਼ਟੀਕਰਨ ਦੇਣ ਕਾਰਨ ਬਖਸ਼ ਦਿੱਤੇ ਗਏ। ਬੂਟਾ ਸਿੰਘ ਬਾਅਦ ਵਿਚ ਪੇਸ਼ ਹੋਏ ਤੇ ਮੁਆਫ਼ੀ ਮੰਗੀ। ਉਨ੍ਹਾਂ ਨੂੰ ਧਾਰਮਿਕ ਸਜ਼ਾ ਪ੍ਰਵਾਨ ਤੇ ਪੂਰੀ ਕਰਨ ਬਾਅਦ ਮਾਫ ਕਰ ਦਿੱਤਾ ਗਿਆ, ਹਾਲਾਂਕਿ ਪਹਿਲਾਂ ਦੋਵਾਂ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ।
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਇਸ ਵੇਲੇ ਪੰਥ ਵਿਚੋਂ ਛੇਕੇ ਹੋਏ ਹਨ, ਪਰ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜਿਨ੍ਹਾਂ ਉਪਰ ਆਪਣੀ ਧੀ ਦੀ ਹੱਤਿਆ ਦਾ ਦੋਸ਼ ਹੈ ਤੇ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਹੋਈ ਹੈ, ਉਨ੍ਹਾਂ ਨੂੰ ਅਕਾਲ ਤਖ਼ਤ ਨੇ ਕੋਈ ਸਜ਼ਾ ਨਹੀਂ ਦਿੱਤੀ। ਉਹ ਜ਼ਮਾਨਤ ਉਪਰ ਹਨ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਵੀ ਹਨ। ਇਹ ਅਕਾਲ ਤਖ਼ਤ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਕੀਤੇ ਪੱਖਪਾਤ ਵੱਲ ਇਸ਼ਾਰਾ ਕਰਦੇ ਹਨ। ਡੇਰਾ ਸਿਰਸਾ ਦੇ ਮੁਖੀ ਨੂੰ ਅਕਾਲ ਤਖ਼ਤ ਉਪਰ ਪੇਸ਼ ਹੋਏ ਬਗੈਰ ਮੁਆਫੀ ਦੇਣਾ ਵੀ ਵਿਵਾਦ ਬਣਿਆ ਹੋਇਆ ਹੈ। ਅਜਿਹਾ ਸ਼੍ਰੋਮਣੀ ਅਕਾਲੀ, ਖਾਸ ਕਰ ਕੇ ਸੁਖਬੀਰ ਸਿੰਘ ਬਾਦਲ ਦੇ ਕਹਿਣ ‘ਤੇ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਅਜਿਹਾ ਕਰਾਏ ਜਾਣ ਦਾ ਪਰਦਾ ਫਾਸ਼ ਗਿਆਨੀ ਗੁਰਮੁਖ ਸਿੰਘ (ਸਾਬਕਾ ਜਥੇਦਾਰ, ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ) ਨੇ ਕੀਤਾ ਤਾਂ ਉਨ੍ਹਾਂ ਦਾ ਤਬਾਦਲਾ ਹਰਿਆਣਾ ਦੇ ਇਕ ਗੁਰਦੁਆਰੇ ਵਿਚ ਕਰ ਦਿੱਤਾ ਗਿਆ। ਡੇਰਾ ਸਿਰਸਾ ਦੇ ਮੁਖੀ ਨੂੰ ਦਿੱਤੀ ਗਈ ਮੁਆਫੀ, ਅਕਾਲ ਤਖ਼ਤ ਨੂੰ ਵਾਪਸ ਲੈਣੀ ਪਈ। ਇਹ ਵਿਵਾਦ ਅਜੇ ਵੀ ਜਾਰੀ ਹੈ।
ਪੰਜਾਬ ਸਰਕਾਰ ਨੇ 2015 ਵਿਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਾਇਮ ਕੀਤਾ ਹੋਇਆ ਹੈ। ਕਮਿਸ਼ਨ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਉਨ੍ਹਾਂ ਦੇ ਕਿਸੇ ਪ੍ਰਤੀਨਿਧ ਨੂੰ, ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦਿੱਤੇ ਜਾਣ ਵਾਲਾ ਰਿਕਾਰਡ ਲੈ ਕੇ ਪੇਸ਼ ਹੋਣ ਲਈ ਕਿਹਾ ਹੋਇਆ ਹੈ। ਇਕ ਸਿੱਖ ਸਕਾਲਰ ਦੀ ਟਿੱਪਣੀ ਹੈ, “ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ, ਜਿਨ੍ਹਾਂ ਨੇ ਸਿੱਖਾਂ ਦੀ ਇਸ ਸਰਵਉਚ ਧਾਰਮਿਕ ਸੰਸਥਾ ਦੇ ਵੱਕਾਰ ਨੂੰ ਠੇਸ ਪਹੁੰਚਾਈ ਹੈ, ਉਨ੍ਹਾਂ ਨੂੰ ਪੰਥ ਵਿਚੋਂ ਕੌਣ ਛੇਕੇਗਾ?”