ਸਾਡੇ ਸਮਾਜ ਵਿਚ ਅੱਜ ਵੀ ਧੀਆਂ ਨੂੰ ਪੱਥਰ ਸਮਝਣ ਦੀ ਕੁਰੀਤੀ ਮੁੱਕੀ ਨਹੀਂ। ਇਹ ਵੀ ਸੱਚ ਹੈ ਕਿ ਜੋ ਪਿਆਰ ਧੀਆਂ ਮਾਪਿਆਂ ਨੂੰ ਦਿੰਦੀਆਂ ਹਨ, ਪੁੱਤਰਾਂ ਦਾ ਪਿਆਰ ਉਸ ਦਾ ਸਾਨੀ ਨਹੀਂ। ਇਸ ਵਿਚ ਵੀ ਕੋਈ ਅਤਿਕਥਨੀ ਨਹੀਂ ਕਿ ਧੀਆਂ ਪਿਤਾ ਦੇ ਕਿਸੇ ਪੁੱਠੇ ਰਾਹ ਪੈ ਜਾਣ ‘ਤੇ ਵੀ ਮਾਂ ਨੂੰ ਉਸ ਦੀ ਕਮੀ ਨਹੀਂ ਖਟਕਣ ਦਿੰਦੀਆਂ। ਧੀ ਦਾ Ḕਮੰਮੀ ਅੱਦ ਮੈ ਤਾਹ ਬਾਵਾਂ ਤਾਡੇ ਲਈḔ ਸਭ ਕੁਝ ਭੁਲਾ ਦਿੰਦਾ ਹੈ। ਪਾਠਕ ਵੀ ਇਹ ਪੜ੍ਹਦਿਆਂ ਭਾਵਨਾਵਾਂ ਦੇ ਦਰਿਆ ਵਿਚ ਵਹਿ ਜਾਂਦਾ ਹੈ। ਬੱਸ, ਇਸੇ ਦਾ ਵਿਖਿਆਨ ਆਪਣੀ ਇਸ ਕਹਾਣੀ ਵਿਚ ਅਮਰਜੀਤ ਕੌਰ ਪੰਨੂ ਨੇ ਕੀਤਾ ਹੈ।
-ਸੰਪਾਦਕ
ਅਮਰਜੀਤ ਕੌਰ ਪੰਨੂੰ
“ਮੰਮੀ ਅੱਦ ਮੈ ਤਾਹ ਬਾਵਾਂ ਤਾਡੇ ਲਈ।” ਮੇਰੀ ਚਹੁੰ ਵਰ੍ਹਿਆਂ ਦੀ ਬੱਚੀ ਮੇਰੀ ਬਾਂਹ ਹਲੂਣ ਕੇ ਪੁੱਛਦੀ ਹੈ।
ਐਤਵਾਰ ਹੋਣ ਕਰਕੇ ਮੈਂ ਅਜੇ ਬਿਸਤਰੇ ਵਿਚੋਂ ਨਹੀਂ ਸਾਂ ਉਠੀ, ਜਾਗਦੀ ਹੋਈ ਵੀ ਅੱਖਾਂ ਮੀਟੀ ਬਾਹਰੋਂ ਆ ਰਹੀਆਂ ਪੰਛੀਆਂ ਦੀਆਂ ਅਵਾਜ਼ਾਂ ਸੁਣ ਰਹੀ ਸਾਂ। ਦੂਰ ਬੈਠੀ ਕਿਸੇ ਘੁੱਗੀ ਦੀ ਗੁਟਕੂੰ ਗੁਟਕੂੰ ਪੱਤਿਆਂ ਦੀ ਖੜ-ਖੜ ਵਿਚ ਕਦੇ ਗਵਾਚਦੀ ਤੇ ਕਦੇ ਫੇਰ ਸੁਣਨ ਲੱਗ ਪੈਂਦੀ। ਰੁੱਖ ਉਤੇ ਬੈਠੀਆਂ ਚਿੜੀਆਂ ਆਪਣਾ ਵੱਖਰਾ ਹੀ ਰਾਗ ਅਲਾਪ ਰਹੀਆਂ ਸਨ।
ਆਸ਼ੀ ਦੀ ਆਵਾਜ਼ ਸੁਣ ਕੇ ਮੈਂ ਅੱਖਾਂ ਖੋਲ੍ਹਦੀ ਹਾਂ। ਮੇਰੇ ਸਾਹਮਣੇ ਚੜ੍ਹਦੇ ਸੂਰਜ ਦੀ ਮੁਸਕਾਨ ਵਾਲੀ ਮੇਰੀ ਬੱਚੀ ਖੜ੍ਹੀ ਹੈ। ਮੇਰੇ ਕੁਝ ਆਖਣ ਤੋਂ ਪਹਿਲਾਂ ਹੀ ਆਸ਼ੀ ਆਪਣਾ ‘ਟੈਡੀ ਬਿਅਰ’ ਤੇ ਨਿੱਕਾ ਜਿਹਾ ਕੰਬਲ (ਜਿਸ ਨੂੰ ਉਹ ‘ਬੈਂਕੀ’ ਆਖਦੀ ਹੈ) ਸੰਭਾਲਦੀ ਹੋਈ ਮੇਰੇ ਬੈਡ ‘ਤੇ ਆ ਬੈਠਦੀ ਹੈ। ‘ਟੈਡੀ ਬਿਅਰ’ ਨੂੰ ਮੇਰੇ ਅਤੇ ਆਪਣੇ ਵਿਚਕਾਰ ਪਾ ਕੇ ਆਪਣਾ ‘ਬੈਂਕੀ’ ਉਸ ਉਤੇ ਦੇ ਦੇਂਦੀ ਹੈ ਅਤੇ ਮੈਨੂੰ ਪੁੱਛਦੀ ਹੈ, “ਮੰਮੀ ਮੈਂ ਤਾਹ ਬਾਵਾਂ?”
ਸੱਜਰੀ ਸਵੇਰ ਦੀਆਂ ਖੁਸ਼ਬੂ ਭਰੀਆਂ ਚਾਨਣ ਕਿਰਨਾਂ ਬਾਰੀ ਕੋਲ ਉਗੇ ਮੇਪਲ ਰੁੱਖ ਦੇ ਪੱਤਿਆਂ ਵਿਚੋਂ ਦੀ ਸਰਕਦੀਆਂ ਸਾਹਮਣੀ ਕੰਧ ਉਤੇ ਪੈ ਰਹੀਆਂ ਹਨ। ਟਾਹਣੀਆਂ ਦਾ ਪ੍ਰਛਾਵਾਂ ਕੰਧ ਉਤੇ ਪੈ ਰਹੇ ਆਸ਼ੀ ਦੇ ਪ੍ਰਛਾਵੇਂ ਦਵਾਲੇ ਜਿਵੇਂ ਚੌਰ ਕਰ ਰਿਹਾ ਹੋਵੇ। ਸਹਿਜੇ ਸਹਿਜੇ ਡੋਲਦਾ ਕਦੇ ਆਸ਼ੀ ਦਾ ਸਿਰ ਪਲੋਸਦਾ ਹੈ ਤੇ ਕਦੇ ਕੰਧ ਉਤੇ ਲੱਗੀ ਮੇਰੀ ਤੇ ਆਸ਼ੀ ਦੀ ਤਸਵੀਰ ਉਪਰੋਂ ਦੀ ਲੰਘਦਾ ਮੁੜ ਆਸ਼ੀ ਦੇ ਪ੍ਰਛਾਵੇਂ ਕੋਲ ਆ ਖਲੋਂਦਾ ਹੈ। ਪ੍ਰਛਾਵਿਆਂ ਦੀ ਇਸ ਖੇਡ ਤੋਂ ਬੇਖਬਰ ਆਸ਼ੀ ਮੇਰੇ ਮੂੰਹ ਵਲ ਵੇਖਦੀ ਹੈ। ਆਸ਼ੀ ਦਾ ਚਿਹਰਾ ਵੀ ਸਵੇਰ ਦੀ ਖੁਸ਼ਬੂ ਵਾਂਗ ਖਿੜਿਆ ਖਿੜਿਆ, ਭੋਲਾ ਭੋਲਾ, ਸਿਆਣਾ ਸਿਆਣਾ, ਤੇ ਮੈਂ ਆਸ਼ੀ ਨੂੰ ਆਪਣੇ ਗਲ ਨਾਲ ਲਾ ਲੈਂਦੀ ਹਾਂ, “ਅੱਛਾ, ਪਹਿਲਾਂ ਇਹ ਦੱਸ ਕਿ ਚਾਹ ਬਣਾਈਦੀ ਕਿਵੇਂ ਆ?”
ਆਸ਼ੀ ਝੱਟ ਆਪਣੇ ਨਿੱਕੇ-ਨਿੱਕੇ ਹੱਥਾਂ ਦੀਆਂ ਉਂਗਲਾਂ ਨਾਲ ਗਿਣਨ ਲੱਗ ਪੈਂਦੀ ਹੈ, “ਪਹਿਲਾਂ ਪਾਣੀ, ਫੇਰ ਜੌਂ ਗਲਾਫੀਆਂ ਨਾਲੇ ਸ਼ੂਗਰ…ਤੇ ਫੇਰ ਤਾਹ ਬਾਂਗੀ।”
ਉਹ ਤੋਤਲੀ ਜ਼ਬਾਨ ‘ਚ ਦੱਸਦੀ ਚਾਹ ਪੱਤੀ ਬਾਰੇ ਉਕਾ ਹੀ ਭੁੱਲ ਜਾਂਦੀ ਹੈ। ਮੈਂ ਹੱਸ ਹੱਸ ਕੇ ਲੋਟ ਪੋਟ ਹੋਈ ਜਾਂਦੀ ਹਾਂ।
“ਆਸ਼ੀ, ਇਹ ਜੌਂ ਗਲਾਫੀਆਂ ਕੀ ਹੁੰਦੀਆਂ ਨੇ।”
ਆਸ਼ੀ ਝੱਟ ਉਠ ਕੇ ਰਸੋਈ ਵਿਚੋਂ ਲੌਂਗ-ਲਾਚੀਆਂ ਵਾਲਾ ਡੱਬਾ ਚੁੱਕ ਲਿਆਉਂਦੀ ਹੈ ਤੇ ਹੈਰਾਨ ਜਿਹੀ ਮੇਰੇ ਮੂੰਹ ਵੱਲ ਵੇਖਦੀ ਹੈ। ਜਿਵੇਂ ਸੋਚ ਰਹੀ ਹੋਵੇ ਕਿ ਮੰਮੀ ਨੂੰ ਜੌਂ ਗਲਾਫੀਆਂ ਦਾ ਚੇਤਾ ਕਿਵੇਂ ਭੁੱਲ ਗਿਆ। ਤੇ ਮੈਂ ਹੱਸਦਿਆਂ ਉਸ ਨੂੰ ਦੱਸਦੀ ਹਾਂ, “ਆਸ਼ੀ, ਇਨ੍ਹਾਂ ਨੂੰ ਲੌਂਗ-ਲਾਚੀਆਂ ਆਖੀਦਾ ਏ।”
ਅਚਾਨਕ ਵੱਡੀ ਭੈਣ ਦੀ ਪੋਲੀ ਜਿਹੀ ਝਿੜਕੀ, ‘ਦੀਪੀ ਐਵੇਂ ਕਿਉਂ ਹੱਸੀ ਜਾਨੀ ਏਂ?’ ਸੁਣ ਕੇ ਅਤੀਤ ਵਿਚੋਂ ਵਾਪਸ ਪਰਤਦੀ ਹਾਂ।
“ਵੇਖ ਸਨੀ ਕਿੰਨਾ ਸੁਹਣਾ ਲਗਦਾ ਪਿਆ ਏ।” ਉਹ ਆਖਦੀ ਹੈ।
ਤਾਬਿਆ ਬੈਠੇ ਗ੍ਰੰਥੀ ਜੀ ਦੇ ਆਖਣ ‘ਤੇ ਸਨੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਬੈਠ ਗਿਆ ਹੈ। ਸੁਨਹਿਰੀ ਭਾਅ ਮਾਰਦੀ ਕਰੀਮ ਰੰਗ ਦੀ ਅਚਕਨ ਤੇ ਉਨਾਭੀ ਪੱਗ ਉਤੇ ਸਜਾਈ ਕਲਗੀ-ਸਚਮੁਚ ਕਿਸੇ ਸ਼ਹਿਜਾਦੇ ਵਰਗਾ ਲੱਗ ਰਿਹਾ ਹੈ, ਸਨੀ। ਹੁਣੇ ਹੀ ਆਪਣੇ ਖਿਆਲਾਂ ਵਿਚ ਚਹੁੰ ਵਰ੍ਹਿਆਂ ਦੀ ਆਸ਼ੀ ਨੂੰ ਵੇਖ ਰਹੀ ਸਾਂ ਤੇ ਹੁਣੇ ਹੀ ਪੰਝੀਆਂ ਵਰ੍ਹਿਆਂ ਦੀ ਮੁਟਿਆਰ ਆਸ਼ੀ ਵਲ ਧਿਆਨ ਜਾਂਦਾ ਹੈ ਜੋ ਵਿਆਹ ਦਾ ਜੋੜਾ ਪਹਿਨੀ ਸਹੇਲੀਆਂ ਨਾਲ ਉਪਰਲੇ ਕਮਰੇ ਵਿਚ ਬੈਠੀ ਉਡੀਕ ਰਹੀ ਹੈ।
ਹਾਲ ਲੋਕਾਂ ਨਾਲ ਭਰ ਚੁੱਕਾ ਹੈ। ਇੰਡੀਆ ਤੋਂ ਆਇਆ ਰਾਗੀ ਜਥਾ ਕੀਰਤਨ ਕਰ ਰਿਹਾ ਹੈ। ਮੇਰੇ ਇਕ ਪਾਸੇ ਵੱਡੀ ਭੈਣ ਦਰਸ਼ੀ ਬੈਠੀ ਹੈ ਤੇ ਦੂਜੇ ਪਾਸੇ ਛੋਟੀ ਭੈਣ ਪਰੀ। ਉਸ ਤੋਂ ਅੱਗੇ ਵੱਡੇ ਭਾਬੀ ਤੇ ਵਿਚਕਾਰਲੀ ਭੈਣ ਰਾਜੀ ਬੈਠੀਆਂ ਹਨ। ਹਾਲ ਦੇ ਦੂਜੇ ਪਾਸੇ ਨਜ਼ਰ ਮਾਰਦੀ ਹਾਂ। ਮੱਥਾ ਟੇਕਣ ਵਾਲਿਆਂ ਦੀ ਹਾਲੇ ਵੀ ਲੰਮੀ ਲਾਈਨ ਲੱਗੀ ਹੋਈ ਹੈ। ਵੱਡਾ ਵੀਰ ਫੇਰ ਹਾਲ ਵਿਚੋਂ ਉਠ ਕੇ ਬਾਹਰ ਨੂੰ ਜਾਂਦਾ ਨਜ਼ਰ ਆਇਆ ਹੈ, ਪਿਛਲੇ ਕਿੰਨੇ ਦਿਨਾਂ ਤੋਂ ਵਿਆਹ ਦੇ ਕੰਮ ਵਿਚ ਏਨਾ ਰੁੱਝਾ ਹੋਇਆ ਏ ਕਿ ਖਾਣ-ਪੀਣ ਦੀ ਸੁੱਧ-ਬੁੱਧ ਵੀ ਗਵਾਈ ਬੈਠਾ ਏ।
ਪਰਲੇ ਪਾਸੇ ਪਿਤਾ ਵਲ ਵੇਖਦੀ ਹਾਂ। ਉਹ ਹਾਲ ਵਿਚ ਬਣੇ ਥੰਮ ਨਾਲ ਢੋ ਲਾਈ ਬੈਠੇ ਹਨ। ਉਨ੍ਹਾਂ ਕੋਲੋਂ ਹੁਣ ਢੋ ਤੋਂ ਬਗੈਰ ਚੰਗੀ ਤਰ੍ਹਾਂ ਬੈਠਿਆ ਨਹੀਂ ਜਾਂਦਾ। ਪਰ ਚਿਹਰੇ ਉਤੇ ਅਜੇ ਵੀ ਰੌਣਕ ਹੈ। ਅੱਖਾਂ ਵਿਚ ਅਜੇ ਵੀ ਚਮਕ ਹੈ।
ਕਹਿੰਦੇ ਹਨ, ਪਹਿਲੀਆਂ ਵਿਚ ਮੇਰੇ ਪਿਤਾ ਜੀ ਨੂੰ ਛੋਟੇ ਹੁੰਦਿਆਂ ਸਾਰੇ ‘ਕਾਕਾ ਜੀ’ ਕਹਿ ਕੇ ਬੁਲਾਇਆ ਕਰਦੇ ਸਨ। ਵੱਡੇ ਵੀਰ ਤੋਂ ਬਾਅਦ ਜਦ ਦਰਸ਼ੀ ਭੈਣ ਦਾ ਜਨਮ ਹੋਇਆ ਤਾਂ ਲੋਕ ਮੇਰੀ ਦਾਦੀ ਨੂੰ ਆਖਣ, “ਕਾਕਾ ਜੀ ਦੇ ਸੁੱਖ ਨਾਲ ਗੁੱਡੀ ਆ ਗਈ, ਅਸੀਂ ਤਾਂ ਕਹਿੰਦੇ ਸੀ ਪਈ ਰੱਬ ਜੋੜੀ ਰਲਾ ਦਊ ਪਰ ਚੱਲੋ ਜਿੱਥੇ ਹਨੇਰੀ ਆਈ, ਮੀਂਹ ਵੀ ਮੁੜ ਕੇ ਜ਼ਰੂਰ ਆਊ!”
ਤੇ ਅਗਲੀ ਵੇਰ ਮੀਂਹ ਦੀ ਥਾਂ ਫੇਰ ਹਨੇਰੀ ਹੀ ਆਈ ਜਦ ਵੱਡੀਓਂ ਛੋਟੀ ਭੈਣ ਰਾਜੀ ਦਾ ਜਨਮ ਹੋਇਆ। ਤੇ ਲੋਕ ਮੇਰੇ ਪਿਤਾ ਜੀ ਨੂੰ ਕਾਕਾ ਜੀ ਕਹਿਣੋਂ ਹਟ ਗਏ। ਉਮਰੋਂ ਵੱਡੇ ਤਾਂ ਉਨ੍ਹਾਂ ਦਾ ਨਾਂ ਸੱਦਣ ਲੱਗ ਪਏ ਤੇ ਬਾਕੀ ਨੌਕਰ ਚਾਕਰ ਉਨ੍ਹਾਂ ਨੂੰ ‘ਛੋਟਾ ਸਰਦਾਰ’ ਆਖਣ ਲੱਗੇ। ਦਾਦਾ ਜੀ ਸਰਦਾਰ ਤੋਂ ‘ਵੱਡਾ ਸਰਦਾਰ’ ਬਣ ਗਏ ਤੇ ਪਿਤਾ ਜੀ ‘ਕਾਕਾ ਜੀ’ ਤੋਂ ‘ਛੋਟਾ ਸਰਦਾਰ’। ਦੋਹਾਂ ਦੇ ਹੀ ਰੁਤਬੇ ਵਧ ਗਏ ਸਨ, ਰਾਜੀ ਭੈਣ ਦੇ ਆਉਣ ਨਾਲ।
ਪਰ ਮੇਰੀ ਵਾਰੀ ਤਾਂ ਕਹਿੰਦੇ ਹੱਦ ਹੀ ਹੋ ਗਈ, ਹਨੇਰੀ ਦੀ ਥਾਂ ਹਨੇਰ ਹੀ ਪੈ ਗਿਆ ਹੋਣਾ ਏ, ਹੈਂਅ! ਤੀਜੀ ਕੁੜੀ?
ਸਾਡੇ ਘਰ ਅਫਸੋਸ ਕਰਨ ਆਈ ਮੇਰੀ ਭੂਆ ਨੇ ਬੂਹਿਓਂ ਅੰਦਰ ਲੰਘਣ ਲੱਗਿਆਂ ਜਦ ਧਾਅ ਮਾਰੀ ਤਾਂ ਦੱਸਦੇ ਹਨ, ਮੇਰੇ ਬੀਜੀ ਨੇ ਪਹਿਲੀ ਵਾਰ ਉਸ ਅੱਗੇ ਆਪਣੀ ਜ਼ਬਾਨ ਖੋਲ੍ਹੀ, “ਬੀਬੀ ਤੇਰੀ ਮੱਤ ਤਾਂ ਨਹੀਂ ਮਾਰੀ ਗਈ, ਸਗੋਂ ਸੁੱਖਣਾ ਨਹੀਂ ਮਨਾਉਂਦੀ ਆਪਣੇ ਭਰਾ ਦੀਆਂ ਤੇ ਭਰਾ ਦੇ ਪਰਿਵਾਰ ਦੀਆਂ।”
ਤੇ ਕਹਿੰਦੇ ਹਨ, ਪਿਤਾ ਜੀ ਵੀ ਉਹਨੂੰ ਜ਼ਰਾ ਕੁ ਭੱਜ ਕੇ ਪਏ ਸਨ, “ਬੀਬੀ, ਐਵੇਂ ਕਿਉਂ ਰੋਣ ਡਹੀ ਏਂ, ਇਹ ਮੇਰੀ ਧੀ ਖੌਰੇ ਕਿੰਨੇ ਕੁ ਕਰਮਾਂ ਵਾਲੀ ਹੋਊ, ਤੂੰ ਲੈ ਜਾ ਤਾਂ, ਜਿਹੜੀ ਝੋਟੀ ਤੈਨੂੰ ਚੰਗੀ ਲਗਦੀ ਆ।”
ਤੇ ਫੇਰ ਭੂਆ ਨੂੰ ਬੂਰੀ ਝੋਟੀ, ਕੰਨਾਂ ਨੂੰ ਬੁੰਦੇ, ਲੱਡੂ ਤੇ ਹੋਰ ਨਿਕ-ਸੁਕ ਦੇ ਕੇ ਜਦ ਤੋਰਨ ਲੱਗੇ ਤਾਂ ਉਹ ਕਹਿਣ ਲੱਗੀ, “ਵੀਰਾ ਲੱਡੂ ਰਹਿਣ ਦੇਹ, ਮੈਂ ਆਪਣੀਆਂ ਸ਼ਰੀਕਣੀਆਂ ਨੂੰ ਤੀਜੀ ਕੁੜੀ ਹੋਈ ਦੇ ਲੱਡੂ ਥੋੜ੍ਹਾ ਵੰਡਣੇ ਆ।”
ਤੇ ਬਾਕੀ ਸਾਰਾ ਕੁਝ, ਸਣੇ ਝੋਟੀ ਦੇ ‘ਵ੍ਹਾਗਰੂ’ ‘ਵ੍ਹਾਗਰੂ’ ਕਰਦੀ ਲੈ ਗਈ ਸੀ। ਤੇ ਫੇਰ ਮੇਰੇ ਤੋਂ ਛੋਟੀ ਭੈਣ ਪਰੀ ਦੇ ਜਨਮ ਵੇਲੇ ਤਾਂ ਨਾ ਕੋਈ ਆਇਆ ਤੇ ਨਾ ਗਿਆ। ਸਾਰੇ ਚੁੱਪ ਦੇ ਚੁੱਪ।
ਪਰ ਪਿਤਾ ਜੀ ਚੌਥੀ ਧੀ ਨੂੰ ‘ਪ੍ਰਿੰਸੈਸ’ ਆਖਦੇ ਹੁੰਦੇ ਸਨ। ਫੇਰ ਹੌਲੀ ਹੌਲੀ ਪ੍ਰਿੰਸੈਸ ਤੋਂ ਪ੍ਰਮਿੰਦਰ ਤੇ ਫੇਰ ਪ੍ਰਮਿੰਦਰ ਤੋਂ ਸਾਰੇ ਉਸ ਨੂੰ ‘ਪਰੀ’ ਆਖਣ ਲੱਗ ਪਏ ਕਿਉਂਕਿ ਉਹ ਸੋਹਣੀ ਜੁ ਪਰੀਆਂ ਵਰਗੀ ਸੀ।
ਆਸ਼ੀ ਹੋਈ ਤੋਂ ਵੀ ਸਾਰੇ ਆਖਦੇ, ‘ਇਹ ਤਾਂ ਆਪਣੀ ਪਰੀ ਮਾਸੀ ‘ਤੇ ਗਈ ਆ।’ ਪਰ ਪਿੰਡੋਂ ਇਹਦੀ ਦਾਦੀ ਦਾ ਖਤ ਆਇਆ ਸੀ, ਜਿਵੇਂ ਰੋ-ਰੋ ਕੇ ਲਿਖਿਆ ਹੋਵੇ, ‘ਜੇ ਰੱਬ ਮੁੰਡਾ ਦੇ ਦਿੰਦਾ ਤਾਂ ਮੇਰੇ ਪੁੱਤ ਦੀਆਂ ਬਾਹਵਾਂ ਬਣਦਾ।’
ਸਾਰੀ ਚਿੱਠੀ ਵਿਚ ਉਸ ਨੇ ਇਕ ਲਫਜ਼ ਵੀ ਆਸ਼ੀ ਬਾਰੇ ਨਹੀਂ ਸੀ ਲਿਖਿਆ। ਚਿੱਠੀ ਪੜ੍ਹਦਿਆਂ ਹੀ ਮੇਰੀ ਸਾਰੀ ਦੇਹ ਕੰਬ ਉਠੀ ਸੀ। ਹਜ਼ਾਰਾਂ ਮੀਲਾਂ ਦੀ ਦੂਰੀ ਤੋਂ ਆਏ ਇਸ ਕਾਗਜ਼ ਦੇ ਟੁਕੜੇ ਨੇ ਮੇਰੇ ਅੰਦਰੋਂ ਕੁਝ ਹਿਲਾ ਸੁਟਿਆ ਤੇ ਮੈਂ ਕੋਲ ਪਈ ਆਸ਼ੀ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਾ ਲਿਆ ਸੀ। ਉਸ ਦੇ ਚਿਹਰੇ ਵਲ ਤੱਕਦਿਆਂ ਮੈਨੂੰ ਇੰਜ ਜਾਪਿਆ ਜਿਵੇਂ ਮੈਂ ਇਸ ਨੂੰ ਜੁੱਗਾਂ-ਜੁਗਾਂਤਰਾਂ ਤੋਂ ਜਾਣਦੀ ਹੋਵਾਂ, ਤੇ ਸਦੀਆਂ ਤੋਂ ਗਵਾਚੀ ਸਭ ਤੋਂ ਵਡਮੁੱਲੀ ਚੀਜ਼ ਨਾਲ ਮੇਰੀ ਝੋਲੀ ਭਰ ਗਈ ਹੋਵੇ। ਜਨਵਰੀ ਮਹੀਨੇ ਦੀ ਠੰਡੀ ਸੀਤ ਹਵਾ ਵੀ ਜਿਵੇਂ ਨਿੱਘੀ ਹੋ ਗਈ ਜਾਪੀ। ਇਸ ਦੀ ਛਾਤੀ ਵਿਚ ਧੜਕਦਾ ਨਿੱਕਾ ਜਿਹਾ ਦਿਲ ਮੇਰੀ ਆਪਣੀ ਛਾਤੀ ਵਿਚ ਧੜਕਦਾ ਮਹਿਸੂਸ ਹੋਇਆ ਤੇ ਮੇਰੇ ਧੁਰ ਅੰਦਰੋਂ ਇਕ ਨਜ਼ਮ ਜਿਹੀ ਵਰਗੇ ਕੁਝ ਬੋਲ ਉਠ ਨਿਕਲੇ ਸਨ:
ਰੂਹ ਮੇਰੀ ਦੇ ਅੰਬਰ ਉਤੇ
ਨਿੱਕਾ ਜਿਹਾ ਇਕ ਸੂਰਜ ਚੜ੍ਹਿਆ
ਠੁਰ ਠੁਰ ਕੰਬਦੀ ਦੇਹ ਮੇਰੀ ‘ਤੇ
ਨਿੱਘਾ ਜਿਹਾ ਉਸ ਫੰਬਾ ਧਰਿਆ
ਆ ਨੀ ਭੈਣੇਂ, ਆ ਨੀ ਪੌਣੇ
ਮੈਨੂੰ ਦੇਹ ਵਧਾਈ…।
ਅੰਬਰੋਂ ਉਤਰ ਚੰਨ ਟੁਕੜੀ
ਮੇਰੀ ਰੂਹ ਰੁਸ਼ਨਾਵਣ ਆਈ।
ਇਹ ਸਤਰਾਂ ਚੇਤੇ ਆਉਂਦਿਆਂ ਹੀ ਇਕ ਵਾਰ ਫੇਰ ਮੈਨੂੰ ਆਪਣੀ ਝੋਲੀ ਭਰੀ-ਭਰੀ ਮਹਿਸੂਸ ਹੋਈ। ਮੇਰਾ ਧਿਆਨ ਫੇਰ ਹੋ ਰਹੇ ਕੀਰਤਨ ਵੱਲ ਪਰਤਿਆ। ‘ਗੁਰਮੁਖ ਵਿਆਹਵਣ ਆਇਆ…’ ਸ਼ਬਦ ਦੇ ਖਤਮ ਹੁੰਦਿਆਂ ਹੀ ਗ੍ਰੰਥੀ ਨੇ ਕੁਝ ਆਖਿਆ ਜਿਸ ਦੀ ਮੈਨੂੰ ਅੱਧੀ ਕੁ ਹੀ ਸਮਝ ਪਈ।
“ਦੀਪੀ ਉਠ, ਉਪਰੋਂ ਆਸ਼ੀ ਨੂੰ ਲੈ ਆਈਏ।” ਛੋਟੀ ਭੈਣ ਪਰੀ ਮੈਨੂੰ ਆਖਦੀ ਹੈ, ਤੇ ਮੈਂ ਜਿਵੇਂ ਗਵਾਚੀ-ਗਵਾਚੀ ਜਿਹੀ ਉਸ ਨਾਲ ਉਠ ਕੇ ਤੁਰ ਪੈਂਦੀ ਹਾਂ। ਆਪਣੇ ਖਿਆਲਾਂ ਵਿਚ ਤਾਂ ਮੈਂ ਨਿੱਕੀ ਜਿਹੀ ਆਸ਼ੀ ਨੂੰ ਆਪਣੀ ਝੋਲੀ ਵਿਚ ਪਾਈ ਬੈਠੀ ਸਾਂ।
ਉਪਰ ਵਾਲੇ ਕਮਰੇ ‘ਚ ਬੈਠੀਆਂ ਕੁੜੀਆਂ ਨੇ ਸ਼ਾਇਦ ‘ਅਨਾਊਂਸਮੈਂਟ’ ਸੁਣ ਲਈ ਸੀ ਤੇ ਉਹ ਆਸ਼ੀ ਨੂੰ ਹਾਲ ਵਿਚ ਲਿਆਉਣ ਵਾਸਤੇ ਤਿਆਰ ਖੜ੍ਹੀਆਂ ਸਨ।
ਆਸ਼ੀ ਵਲ ਵੇਖਦਿਆਂ ਹੀ ਮੈਂ ਆਪਣਾ ਮੂੰਹ ਇਕ ਵਾਰ ਪਰੇ ਫੇਰ ਲੈਂਦੀ ਹਾਂ, ਕਿਤੇ ਇਸ ਨੂੰ ਮੇਰੀ ਨਜ਼ਰ ਨਾ ਲੱਗ ਜਾਵੇ। ਕਹਿੰਦੇ ਹਨ ਮਾਂ ਦੀ ਨਜ਼ਰ ਹੀ ਜ਼ਿਆਦਾ ਲਗਦੀ ਏ ਬੱਚੇ ਨੂੰ। ਅੱਗੇ ਤਾਂ ਕਦੇ ਕਿਸੇ ਗੱਲ ਦਾ ਵਹਿਮ ਨਹੀਂ ਸੀ ਆਇਆ, ਅੱਜ ਇਹ ਖਿਆਲ ਪਤਾ ਨਹੀਂ ਕਿਉਂ ਅਚਾਨਕ ਹੀ ਮੇਰੇ ਮਨ ਵਿਚ ਆ ਵੜਿਆ।
ਆਸ਼ੀ ਮੇਰੇ ਗਲ ਵਿਚ ਬਾਹਵਾਂ ਪਾ ਲੈਂਦੀ ਹੈ, “ਮੇਰੀ ਪਿਆਰੀ ਮੰਮੀ!”
ਤੇ ਮੈਂ ਆਪਣੀਆਂ ਭਰੀਆਂ-ਭਰੀਆਂ ਅੱਖਾਂ ਉਸ ਕੋਲੋਂ ਲੁਕਾਉਣ ਦੀ ਕੋਸ਼ਿਸ਼ ਕਰਦੀ ਹਾਂ।
ਆਸ਼ੀ ਦੇ ਇਕ ਪਾਸੇ ਮੈਂ, ਦੂਸਰੇ ਪਾਸੇ ਪਰੀ ਤੇ ਪਿੱਛੇ ਉਸ ਦੀਆਂ ਸਹੇਲੀਆਂ-ਕੁਝ ਪੰਜਾਬੀ ਤੇ ਕੁਝ ਅਮਰੀਕਨਾਂ ਉਸ ਨੂੰ ਦਰਬਾਰ ਹਾਲ ਵਿਚ ਲਿਆ ਰਹੀਆਂ ਹਨ। ਸਾਡੇ ਅੱਗੇ ਅੱਗੇ ਮੂਵੀ ਬਣਾਉਣ ਵਾਲਾ ਫੋਟੋਗ੍ਰਾਫਰ ਪਿਛਲੇ ਪੈਰੀਂ ਚੱਲ ਰਿਹਾ ਹੈ ਅਤੇ ਸਾਨੂੰ ‘ਮੁਸਕਰਾਉਣ’ ਵਾਸਤੇ ਆਖ ਰਿਹਾ ਹੈ।
ਸਾਰਾ ਕੁਝ ਜਿਵੇਂ ਇੱਕ ਸੁਪਨੇ ਵਾਂਗ ਵਾਪਰ ਰਿਹਾ ਹੋਵੇ। ਕੀ ਸਚਮੁਚ ਹੀ ਅੱਜ ਮੇਰੀ ਧੀ ਦਾ ਵਿਆਹ ਹੋ ਰਿਹਾ ਹੈ? ਮੈਨੂੰ ਤਾਂ ਇੰਜ ਜਾਪਦਾ ਹੈ ਜਿਵੇਂ ਅਜੇ ਕੱਲ੍ਹ ਹੀ ਇਸ ਨੂੰ ਉਂਗਲ ਲਾ ਕੇ ਪਹਿਲੇ ਦਿਨ ਸਕੂਲ ਛੱਡਣ ਗਈ ਹੋਵਾਂ। ਉਸ ਦਿਨ ਸਵੇਰੇ ਤਿਆਰ ਕਰਦਿਆਂ ਜਦ ਮੈਂ ਪੁਛਿਆ ਕਿ ਅੱਜ ਕਿਹੜੀ ਫਰਾਕ ਪਾਉਣੀ ਹੈ ਤਾਂ ਕਹਿਣ ਲੱਗੀ, “ਸਾਰੇ ਰੰਗਾਂ ਵਾਲੀ।” ਉਸ ਦਿਨ ਸਾਰੇ ਰੰਗਾਂ ਵਾਲੀ ਫਰਾਕ ਪਤਾ ਨਹੀਂ ਇਸ ਨੇ ਕਿਉਂ ਚੁਣੀ ਸੀ। ਇਸ ਦੀਆਂ ‘ਫੇਵਰਟ’ ਫਰਾਕਾਂ ਤਾਂ ਹੋਰ ਸਨ-ਪਿੰਕ, ਵ੍ਹਾਈਟ ਤੇ ਲਾਈਟ ਬਲੂ। ਸਾਰੇ ਰੰਗਾਂ ਵਾਲੀ ਫਰਾਕ ਨੂੰ ਤਾਂ ਇਸ ਨੇ ਆਪਣੇ ਕਲੋਜ਼ੈਟ ਵਿਚ ਪਿੱਛੇ ਜਿਹੇ ਕਰਕੇ ਰੱਖਿਆ ਹੋਇਆ ਸੀ।
ਉਦੋਂ ਨਹੀਂ ਸਾਂ ਸਮਝ ਸਕੀ ਪਰ ਹੁਣ ਸੋਚਦੀ ਹਾਂ, ਸਕੂਲ ਵਿਚ ਬੱਚੇ ਵੀ ਤਾਂ ਬਗੀਚੇ ਦੇ ਫੁੱਲਾਂ ਵਾਂਗ ਹੀ ਹੁੰਦੇ ਹਨ, ਵੱਖੋ-ਵੱਖਰੇ ਪਰ ਇਕੱਠੇ ਇੱਕੋ ਥਾਂਵੇਂ।
ਆਸ਼ੀ ਸਕੂਲ ਦਾ ਸਾਰਾ ਰਾਹ ਮੇਰੇ ਤੋਂ ਅੱਗੇ ਅੱਗੇ ਦੌੜਦੀ ਰਹੀ ਸੀ ਪਰ ਜਦ ਗੇਟ ਦੇ ਨੇੜੇ ਪਹੁੰਚੇ ਤਾਂ ਮੇਰੀ ਉਂਗਲ ਘੁੱਟ ਕੇ ਫੜ ਲਈ। ਕਲਾਸ ਰੂਮ ਤਾਂਈਂ ਪਹੁੰਚਣ ਤਕ ਮੈਨੂੰ ਫਿਕਰ ਜਿਹਾ ਹੋ ਗਿਆ ਸੀ ਕਿ ਕਿਤੇ ਇਸ ਨੂੰ ਰੋਂਦੀ ਨੂੰ ਹੀ ਨਾ ਛੱਡ ਕੇ ਆਉਣਾ ਪਵੇ। ਪਰ ਦੂਸਰੇ ਬੱਚਿਆਂ ਵੱਲ ਵੇਖ ਕੇ ਇਹ ਤਾਂ ਝਟਪਟ ਹੀ ਉਨ੍ਹਾਂ ਵਿਚ ਰਚ ਮਿਚ ਗਈ, ਤੇ ਮੈਂ ਆਪਣੇ ਅੱਥਰੂ ਬੜੀ ਮੁਸ਼ਕਿਲ ਨਾਲ ਸਾਂਭਦੀ ਮੁੜੀ।
ਆਸ਼ੀ ਨੂੰ ਸਕੂਲ ਛੱਡ ਕੇ ਜਦ ਮੈਂ ਘਰ ਪਹੁੰਚੀ ਤਾਂ ਇੰਜ ਜਾਪਿਆ ਸੀ ਜਿਵੇਂ ਮੇਰੇ ਆਪੇ ਦਾ ਇਕ ਹਿੱਸਾ ਉਥੇ ਹੀ ਰਹਿ ਗਿਆ ਹੋਵੇ। ਸਿਰਫ ਘਰ ਹੀ ਖਾਲੀ-ਖਾਲੀ ਨਹੀਂ ਸੀ ਜਾਪਿਆ, ਮੇਰਾ ਆਪਣਾ ਆਪ ਹੀ ਜਿਵੇਂ ਖਾਲੀ ਜਿਹਾ ਹੋ ਗਿਆ ਸੀ। ਆਖਦੇ ਹਨ, ‘ਦਿਲ ਤਾਂ ਛਾਤੀ ਵਿਚ ਪਿਆ ਵੀ ਸਾਂਭਣਾ ਔਖਾ ਹੁੰਦਾ ਹੈ।’
ਪਰ ਜਦ ਤੁਹਾਡਾ ਦਿਲ ਛਾਤੀ ਵਿਚੋਂ ਨਿਕਲ ਕੇ ਬਾਹਰ ਗਲੀ ਵਿਚ ਦੌੜਨ ਲਗਦਾ ਹੈ, ਜਾਂ ਦੂਰ ਚਲਿਆ ਜਾਂਦਾ ਹੈ ਤਾਂ ਇਕ ਮਾਂ ਹੀ ਇਸ ਅਹਿਸਾਸ ਨੂੰ ਸਮਝ ਸਕਦੀ ਹੈ।
ਵੱਡੀ ਹੋ ਕੇ ਆਸ਼ੀ ਜਦ ਕਾਲਜ ਚਲੀ ਗਈ ਤਾਂ ਮੈਂ ਇਸ ਦੀਆਂ ਸਾਰੀਆਂ ਪੁਰਾਣੀਆਂ ਹੋ ਚੁੱਕੀਆਂ ‘ਡੌਲਜ਼’ ਗੈਰੇਜ ਵਿਚ ਪਏ ਬਕਸੇ ਵਿਚੋਂ ਚੁੱਕ ਲਿਆਈ ਸਾਂ। ਨਵ੍ਹਾ-ਧਵ੍ਹਾ ਕੇ ਉਨ੍ਹਾਂ ਦੇ ਵਾਲ ਵਾਹੇ, ਕਈਆਂ ਨੂੰ ਨਵੀਆਂ ਡਰੈਸਾਂ ਲਿਆ ਕੇ ਪਾ ਦਿੱਤੀਆਂ। ਇਹਦੇ ਆਉਣ ਤਕ ਇਹਦੇ ਕਮਰੇ ਵਿਚ ਸਜਾਉਂਦਿਆਂ ਮੈਂ ਖੌਰੇ ਆਪ ਹੀ ਗੁੱਡੀਆਂ-ਪਟੋਲਿਆਂ ਨਾਲ ਖੇਡਣ ਲੱਗ ਪਈ ਸਾਂ। ਸਾਰੀਆਂ ਡੌਲਜ਼ ਦੇ ਨਾਂ ਮੈਨੂੰ ਫੇਰ ਚੇਤੇ ਆ ਗਏ-ਬਾਰਬੀ, ਰੇਨਬੋ ਬਰਾਈਟ, ਸਿੰਡੀ, ਚੈਟੀ-ਪੈਟੀ ਤੇ ਕਿੰਨੀਆਂ ਹੀ ਹੋਰ ਕੁਝ ਨਾਂਵਾਂ ਵਾਲੀਆਂ ਤੇ ਕੁਝ ਬਗੈਰ ਨਾਂਵਾਂ ਤੋਂ ਵੀਹ-ਬਾਈ ਸਾਲ ਪੁਰਾਣੀ ਚੈਟੀ-ਪੈਟੀ ਤਾਂ ਅਜੇ ਵੀ ਬਟਨ ਦੱਬਿਆਂ ਗੱਲਾਂ ਕਰਦੀ ਹੈ।
ਪੌੜੀਆਂ ਉਤਰ ਕੇ ਅਸੀਂ ਦਰਬਾਰ ਹਾਲ ਵਿਚ ਆ ਗਈਆਂ ਹਾਂ, ਕੀਰਤਨ ਦਾ ਪਰਵਾਹ ਜਾਰੀ ਹੈ। ਆਸ਼ੀ ਮੱਥਾ ਟੇਕ ਕੇ ਸਨੀ ਦੇ ਖੱਬੇ ਪਾਸੇ ਬੈਠ ਜਾਂਦੀ ਹੈ ਤੇ ਉਸ ਦੇ ਪਿੱਛੇ ਵੱਡੀ ਭੈਣ ਦੀ ਨੂੰਹ ਅਤੇ ਆਸ਼ੀ ਦੀਆਂ ਸਹੇਲੀਆਂ।
ਮੇਰੇ ਵਾਪਸ ਆ ਕੇ ਬੈਠਦਿਆਂ ਹੀ ਮਾਂਵਾਂ ਜਿਹੀ ਵੱਡੀ ਭਾਬੀ ਮੇਰਾ ਮੋਢਾ ਪਲੋਸਦੀ ਹੈ। ਜਿਸ ਦਿਨ ਤੋਂ ਵੀਰ ਤੇ ਭਾਬੀ ਜੀ ਆ ਗਏ ਸਨ, ਵਿਆਹ ਦਾ ਸਾਰਾ ਕੰਮ ਉਨ੍ਹਾਂ ਨੇ ਸਾਂਭ ਲਿਆ ਸੀ ਤੇ ਕੁਝ ਵੱਡੀਆਂ ਭੈਣਾਂ ਨੇ, ਤੇ ਮੇਰਾ ਆਪਣਾ ਹਰ ਜਾਗਦਾ ਪਲ ਆਸ਼ੀ ਨਾਲ ਬੀਤ ਰਿਹਾ ਸੀ। ਸਾਡੀਆਂ ਤਾਂ ਨਿੱਕੀਆਂ-ਨਿੱਕੀਆਂ ਗੱਲਾਂ ਮੁੱਕਣ ਵਿਚ ਹੀ ਨਹੀਂ ਸੀ ਆਉਂਦੀਆਂ।
ਦਰਬਾਰ ਸਾਹਿਬ ਅੱਗੇ ਬੈਠੇ ਸਨੀ ਤੇ ਆਸ਼ੀ ਵੱਲ ਵੇਖਦੀ ਹਾਂ। ਉਹ ਤਾਂ ਦੋਵੇਂ ਜਣੇ ਜਿਵੇਂ ਇਕ ਮਨ ਇਕ ਚਿੱਤ ਹੋ ਕੇ ਕੀਰਤਨ ਸੁਣ ਰਹੇ ਹੋਣ ਪਰ ਮੇਰਾ ਧਿਆਨ ਮੁੜ ਆਸ਼ੀ ਦੇ ਬਚਪਨ ਵਿਚ ਪਹੁੰਚ ਜਾਂਦਾ ਹੈ, ਜਦ ਮੈਂ ਇਸ ਨੂੰ ਨੁਹਾ ਧੁਵਾ ਕੇ ਤਿਆਰ ਕਰ ਦੇਂਦੀ ਤਾਂ ਇਹ ਕਿੰਨਾ-ਕਿੰਨਾ ਚਿਰ ‘ਬੈਕਯਾਰਡ’ ਵਿਚ ਖੇਡਦੀ ਰਹਿੰਦੀ। ਕਦੇ ਫੁੱਲਾਂ ਨਾਲ ਗੱਲਾਂ ਕਰਦੀ, ਕਦੇ ਪੱਤਿਆਂ ਨਾਲ, ਕਦੇ ਬੱਦਲਾਂ ਵੱਲ ਵੇਖ ਕੇ ਕੁਝ ਆਖਦੀ ਤੇ ਕਦੇ ਉਡਦੇ ਜਾਂਦੇ ਪੰਛੀਆਂ ਵੱਲ।
ਇਕ ਦਿਨ ਮੈਂ ਪੁੱਛਿਆ, ਆਸ਼ੀ ਤੂੰ ਫੁੱਲਾਂ ਨਾਲ ਕੀ ਗੱਲਾਂ ਕਰਦੀ ਏਂ? ਤਾਂ ਝੱਟ ਕਹਿਣ ਲੱਗੀ, “ਮੰਮੀ ਦ ਫਾਵਰ (ਫਲਾਵਰ) ਸੈਡ, ‘ਯੂ ਆਰ ਪਰਿਟੀ।”
ਜਦ ਮੈਂ ਖਿੜ-ਖਿੜਾ ਕੇ ਹੱਸਣ ਲੱਗ ਪਈ ਤਾਂ ਬੜੀ ਸੀਰੀਅਸ ਹੋ ਗਈ, “ਨੋ ਮਾਅਮ, ਦ ਫਾਵਰ ਟਾਕਸ ਟੁ ਮੀਂ।”
ਤੇ ਮੈਂ ਇਸ ਵਲ ਵੇਖਦੀ ਰਹਿ ਗਈ ਕਿ ਕੀ ਸੱਚਮੁਚ ਹੀ ਫੁੱਲ ਬੂਟੇ ਇਸ ਨਾਲ ਗੱਲਾਂ ਕਰ ਲੈਂਦੇ ਸਨ? ਉਸ ਦਿਨ ਤੋਂ ਬਾਅਦ ਮੈਂ ਕਈ ਵੇਰ ਇਸ ਨੂੰ ਕੁਤਕੁਤਾੜੀਆਂ ਕੱਢਦੀ ਗਾਉਣ ਲੱਗ ਪੈਂਦੀ,
ਮਾਈ ਆਸ਼ੀ ਇਜ਼,
ਪਰਿਟੀਅਰ ਦੈਨ ਦਾ ਫਲਾਵਰ
ਐਂਡ ਲਾਈਟਰ ਦੈਨ ਦਾ ਵਿੰਡ
ਮਾਈ ਆਸ਼ੀ ਇਜ਼,
ਵਾਈਟਰ ਦੈਨ ਦਾ ਸਨੋ
ਐਂਡ ਬਰਾਈਟਰ ਦੈਨ ਦਾ ਰੇਨਬੋ।
ਲਾਵਾਂ ਦਾ ਪਾਠ ਹੋ ਰਿਹਾ ਹੈ। ਮੈਂ ਮਨ ਹੀ ਮਨ ਰੱਬ ਦਾ ਸ਼ੁਕਰਾਨਾ ਕਰਦੀ ਹਾਂ। ਉਸ ਅੱਗੇ ਆਪਣਾ ਸਿਰ ਝੁਕਾਉਂਦੀ ਹਾਂ। ਜਿਸ ਰੱਬ ਤੱਤੜੇ ਨਾਲ ਪਹਿਲਾਂ ਕਿੰਨੀ ਕੁ ਵਾਰ ਤਾਅਨੇ-ਮੇਹਣੇ ਹੋ ਲੈਂਦੀ ਸਾਂ, ਉਸ ਉਤੇ ਆਪਣਾ ਗੁੱਸਾ ਵੀ ਕੱਢ ਲੈਂਦੀ ਸਾਂ ਪਰ ਅੱਜ ਉਸੇ ਰੱਬ ਅੱਗੇ ਆਪਣਾ ਸਿਰ ਝੁਕਾਉਂਦੀ ਹਾਂ, ਉਸ ਦਾ ਲੱਖ ਲੱਖ ਸ਼ੁਕਰ ਕਰ ਰਹੀ ਹਾਂ।
ਸਾਰਾ ਵਾਤਾਵਰਣ ਕਿੰਨਾ ਸ਼ਾਂਤ ਲੱਗ ਰਿਹਾ ਹੈ। ਆਸ਼ੀ ਤੇ ਸਨੀ ਦੇ ਚਿਹਰਿਆਂ ਤੇ ਜਿਵੇਂ ਕੋਈ ਰੱਬੀ ਨੂਰ ਫੈਲ ਗਿਆ ਹੋਵੇ, ਇੱਕ ਰੂਹਾਨੀ ਰੰਗਤ ਵਿਚ ਰੰਗੇ ਗਏ ਜਾਪਦੇ ਹਨ ਦੋਵੇਂ ਜਣੇ। ਦਰਬਾਰ ਹਾਲ ਵਿਚ ਏਨੇ ਲੋਕਾਂ ਦੇ ਹੁੰਦਿਆਂ ਵੀ ਚੁੱਪ-ਚਾਪ ਹੈ। ਸਾਜ਼ਾਂ ਦੇ ਨਾਲ ਆ ਰਹੀ ਸਿਰਫ ਗੁਰਬਾਣੀ ਦੀ ਆਵਾਜ਼ ਸੁਣਾਈ ਦੇਂਦੀ ਹੈ, ਜੋ ਹੌਲੀ ਹੌਲੀ ਮੱਧਮ ਪੈ ਰਹੀ ਜਾਪਦੀ ਹੈ। ਇੰਜ ਲਗਦਾ ਹੈ ਜਿਵੇਂ ਕਿਤੇ ਬਹੁਤ ਦੂਰ ਤੋਂ ਆ ਰਹੀ ਹੋਵੇ, ਆ ਨਹੀਂ, ਜਿਵੇਂ ਬਰਸ ਰਹੀ ਹੋਵੇ ਤੇ ਮੇਰਾ ਤਨ-ਮਨ ਉਸ ਰੱਬੀ ਬਾਣੀ ਦੀ ਆਵਾਜ਼ ਵਿਚ ਘੁਲ ਜਾਂਦਾ ਹੈ। ਸਾਰੇ ਵਾਤਾਵਰਣ ਵਿਚ ਇਕ ਖਾਸ ਕਿਸਮ ਦੀ ਖਾਮੋਸ਼ੀ ਹੈ, ਸਥਿਰਤਾ ਹੈ ਅਤੇ ਸਕੂਨ ਹੈ। ਇੰਜ ਜਾਪਦਾ ਹੈ ਜਿਵੇਂ ਵਾਹੋਦਾਹੀ ਦੌੜਦਾ ਵਕਤ ਵੀ ਕੁਝ ਪਲਾਂ ਵਾਸਤੇ ਖਲੋ ਗਿਆ ਹੋਵੇ।
ਇਕ ਸੁਪਨੇ ਜਿਹੇ ਵਾਂਗ ਹੀ ਲਾਵਾਂ ਦਾ ਪਾਠ ਸੰਪੂਰਨ ਹੋਇਆ ਹੈ। ਆਸ਼ੀ ਤੇ ਸਨੀ ਚੌਥੀ ਲਾਂਵ ਪੂਰੀ ਹੋਣ ਤੋਂ ਬਾਅਦ ਮੱਥਾ ਟੇਕ ਕੇ ਬੈਠ ਰਹੇ ਹਨ ਅਤੇ ਰਾਗੀ ‘ਵਿਆਹ ਹੋਆ ਮੇਰੇ ਬਾਬਲਾ’ ਦਾ ਗਾਇਨ ਕਰ ਰਹੇ ਹਨ।
ਮੈਂ ਵੱਡੀ ਭੈਣ ਵਲ ਵੇਖਦੀ ਹਾਂ, ਉਹ ਅੱਖਾਂ ਪੂੰਝ ਰਹੀ ਹੈ। ਵੱਡੇ ਵੀਰ ਵੱਲ ਵੇਖਿਆ, ਉਸ ਦੀਆਂ ਅੱਖਾਂ ਵੀ ਭਰੀਆਂ-ਭਰੀਆਂ, ਤੇ ਮੇਰੀ ਸੁੱਧ-ਬੁੱਧ ਜਿਵੇਂ ਕਿਸੇ ਹੋ ਰਹੇ ਚਮਤਕਾਰ ਵਿਚ ਵਲ੍ਹੇਟੀ ਗਈ ਹੋਵੇ। ਰਾਜੀ ਭੈਣ ਖਿਸਕ ਕੇ ਥੋੜ੍ਹਾ ਜਿਹਾ ਮੇਰੇ ਨੇੜੇ ਹੋ ਜਾਂਦੀ ਹੈ ਤੇ ਮੈਂ ਜਿਵੇਂ ਕਿਸੇ ਨੀਂਦ ਵਿਚੋਂ ਜਾਗੀ ਹੋਵਾਂ, ਇਕ ਵਾਰ ਫੇਰ ਦਰਬਾਰ ਹਾਲ ਦੇ ਵਾਤਾਵਰਣ ਵਿਚ ਵਾਪਸ ਪਰਤ ਆਉਂਦੀ ਹਾਂ।
ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਭਰ ਆਈਆਂ ਹਨ ਪਰ ਰਾਜੀ ਭੈਣ ਮੇਰਾ ਸਿਰ ਆਪਣੇ ਮੋਢੇ ਨਾਲ ਲਾ ਲੈਂਦੀ ਹੈ।
“ਦੀਪੀ ਦਿਲ ਛੋਟਾ ਨਹੀਂ ਕਰਨ।” ਉਹ ਆਖਦੀ ਹੈ, ਤੇ ਮੈਂ ਆਪਣੇ ਮਨ ਨੂੰ ਸਮਝਾਉਣ ਦੀ ਕੋਸ਼ਸ਼ ਕਰਦੀ ਹਾਂ। ਮਨ ਵਿਚ ਆ ਰਹੀਆਂ ਸੋਚਾਂ ਨੂੰ ਪਰੇ ਧਕੇਲਣ ਦਾ ਨਿਸਫਲ ਜਿਹਾ ਯਤਨ ਕਰਦੀ ਹਾਂ।
ਬਾਈ-ਤੇਈ ਵਰ੍ਹੇ ਪਹਿਲਾਂ ਆਪਣੇ ਮਨ ਨਾਲ ਫੈਸਲਾ ਕੀਤਾ ਸੀ ਕਿ ਕਦੇ ਉਸ ਦਾ ਨਾਂ ਨਹੀਂ ਲੈਣਾ। ਪਰ ਅੱਜ ਪਤਾ ਨਹੀ ਕਿਉਂ ਬਾਰ-ਬਾਰ ਧਿਆਨ ਉਸ ਵੱਲ ਚਲੇ ਜਾਂਦਾ ਰਿਹਾ ਸੀ। ਸੋਚਦੀ ਹਾਂ, ਜੋ ਆਪਣੀ ਧੀ ਦਾ ਬਾਪ ਨਾ ਬਣ ਸਕਿਆ, ਉਸ ਮੇਰਾ ਜਾਂ ਕਿਸੇ ਹੋਰ ਦਾ ਕਿੱਥੋਂ ਬਣ ਜਾਣਾ ਸੀ। ਉਸ ਦੀਆਂ ਤਾਂ ਇੰਡੀਆ ਤੋਂ ਆਉਂਦਿਆਂ ਹੀ ਗੋਰੇ ਮਾਸ ਨਾਲ ਅੱਖਾਂ ਚੁੰਧਿਆ ਗਈਆਂ ਸਨ, ਚਿੱਟੀ ਚਮੜੀ ਨੇ ਪਤਾ ਨਹੀਂ ਕੀ ਧੂੜ ਸੁਟਿਆ ਸੀ ਉਸ ਦੇ ਸਿਰ ਵਿਚ।
ਬਾਅਦ ਵਿਚ ਤਾਂ ਪਤਾ ਨਹੀਂ ਰਬੈਕਾ ਉਸ ਦੀ ਨਹੀਂ ਸੀ ਬਣੀ ਜਾਂ ਉਹ ਰਬੈਕਾ ਦਾ ਨਾ ਬਣਿਆ ਪਰ ਜਿਹੜੀ ਮਲੂਕੜੀ ਜਿਹੀ ਤੀਸਰੀ ਵੇਰ ਇੰਡੀਆ ਤੋਂ ਵਿਆਹ ਕੇ ਲਿਆਇਆ ਸੀ, ਉਸ ਨਿਕਰਮੀ ਦਾ ਹੀ ਹੋ ਕੇ ਰਹਿੰਦਾ।
ਪਰ ‘ਨਿਕਰਮਾ’ ਤਾਂ ਸ਼ਾਇਦ ਉਹ ਆਪ ਹੀ ਸੀ।
Ḕਚੰਦਰਿਆ, ਇਕ ਵਾਰ ਤਾਂ ਆਪਣੀ ਬੱਚੀ ਦੇ ਸਿਰ ‘ਤੇ ਹੱਥ ਰੱਖਦਾ।’
ਇਹ ਕਿਹੜੀਆਂ ਸੋਚਾਂ ਵਿਚ ਪੈ ਗਈ ਹਾਂ ਮੈਂ? ਅੱਜ ਤਾਂ ਖੁਸ਼ੀ ਦਾ ਦਿਨ ਏ, ਆਸ਼ੀ ਮੇਰੀ ਆਸ ਦੀ ਕਿਰਨ ਤੇ ਸਨੀ ਮੇਰੇ ਦਿਨਾਂ ਦਾ ਸੂਰਜ।
ਆਸ਼ੀ ਹੀ ਤਾਂ ਸੀ ਜੋ ਜ਼ਿੰਦਗੀ ਦੇ ਘੋਰ ਹਨੇਰੇ ਬੱਦਲਾਂ ਜਿਹੇ ਪਲਾਂ ਦੀ ਕੰਨੀ ਉਤੇ ਚਾਨਣ ਦੀਆਂ ਲਕੀਰਾਂ ਵਾਂਗਰ ਵਹਿ ਜਾਂਦੀ ਸੀ, ਤੇ ਮੇਰੀ ਉਂਗਲ ਫੜ ਕੇ ਮੈਨੂੰ ਗਮਾਂ ਦੇ ਘੁੱਪ ਹਨੇਰੇ ਵਿਚੋਂ ਕੱਢ ਲਿਆਉਂਦੀ ਸੀ।
ਆਸ਼ੀ ਦੇ ਆਉਣ ਨਾਲ ਜ਼ਿੰਦਗੀ ਵਿਚ ਜਿਵੇਂ ਸਾਰਾ ਕੁਝ ਹੀ ਦੁੱਗਣਾ ਹੋ ਗਿਆ ਸੀ- ਮੇਰੀਆਂ ਸੱਧਰਾਂ, ਮੇਰੇ ਚਾਅ ਤੇ ਮੇਰਾ ਹਾਸਾ, ਜੋ ਕਿ ਭੁੱਲ ਹੀ ਗਈ ਸਾਂ, ਦੁੱਗਣਾ ਹੋ ਕੇ ਪਰਤ ਆਇਆ ਸੀ, ਪਰ ਨਾਲ ਹੀ ਮੇਰੇ ਫਿਕਰ ਵੀ ਦੁੱਗਣੇ, ਤੇ ਉਸ ਦਾ ਘਰੋਂ ਬਾਹਰ ਰਹਿਣਾ ਵੀ ਦੁੱਗਣਾ ਹੋ ਗਿਆ ਸੀ।
ਫੇਰ ਤਾਂ ਉਹ ਰਾਤਾਂ ਵੀ ਪਤਾ ਨਹੀਂ ਕਿੱਥੇ ਕੱਟਣ ਲੱਗ ਪਿਆ ਸੀ, ਤੇ ਮੈਂ ਨਿੱਕੀ ਜਿਹੀ ਆਸ਼ੀ ਨੂੰ ‘ਬੇਬੀ ਸਿਟਰ’ ਕੋਲ ਛੱਡ ਕੇ ਮੁੜ ਕੰਮ ‘ਤੇ ਜਾਣ ਲੱਗ ਪਈ ਸਾਂ।
ਜਦ ਹਰ ਚੀਜ਼ ਦੇ ਦੁੱਗਣੇ ਭਾਰ ਹੇਠ ਦੱਬੀ ਹੋਈ ਮੇਰੀ ਜਿੰਦ ਛਟਪਟਾ ਰਹੀ ਹੁੰਦੀ ਤਾਂ ਮੇਰੀਆਂ ਸੋਚਾਂ ਦੀ ਛਾਤੀ ਵਿਚ ਅੱਖਰਾਂ ਦੀਆਂ ਲਾਟਾਂ ਵੀ ਦੁੱਗਣੀਆਂ ਹੋ-ਹੋ ਬਲ ਉਠਦੀਆਂ, ਜੋ ਕਾਗਜ਼ ਨੂੰ ਪਾਣੀ ਵਾਂਗਰ ਪੀਂਦੀਆਂ ਸ਼ਾਂਤ ਹੁੰਦੀਆਂ ਜਾਂਦੀਆਂ ਤੇ ਇੱਕ ਨਜ਼ਮ ਕਾਗਜ਼ ਦੇ ਪਾਣੀਆਂ ਉਤੇ ਇਕ ਨਿੱਕੀ ਜਿਹੀ ਬੇੜੀ ਵਾਂਗ ਤਰਨ ਲੱਗ ਪੈਂਦੀ।
ਸ਼ਾਮ ਨੂੰ ਜਦ ਆਸ਼ੀ ਨੂੰ ਬੇਬੀ ਸਿਟਰ ਕੋਲੋਂ ਲੈਣ ਜਾਂਦੀ ਤਾਂ ਇੰਜ ਲਗਦਾ ਜਿਵੇਂ ਸਵੇਰ ਦੀਆਂ ਵਿਛੜੀਆਂ ਅਸੀਂ ਕਈ ਵਰ੍ਹਿਆਂ ਪਿੱਛੋਂ ਮਿਲੀਆਂ ਹੋਈਏ, ਤੇ ਮੇਰੀ ਰੂਹ ਦੀ ਛਾਤੀ ਵਿਚ ਬਲਦੀਆਂ ਮਮਤਾ ਦੀਆਂ ਲਾਟਾਂ ਆਸ਼ੀ ਨੂੰ ਆਪਣੇ ਗਲ ਨਾਲ ਲਾ ਕੇ ਸ਼ਾਂਤ ਹੁੰਦੀਆਂ।
ਪਰ ਜਦ ਕਦੇ ਤਨ ਦੀ ਛਾਤੀ ਵਿਚ ਧੜਕ ਰਹੇ ਦਿਲ ਵਿਚੋਂ ਹੂਕ ਜਿਹੀ ਵਾਂਗ ਉਠਦੀ ਲਾਟ ਨਾਲ ਦਿਹ ਅੰਗਿਆਰੇ ਵਾਂਗਰ ਭਖਣ ਲਗਦੀ ਤਾਂ ਸਿਆਲੀ ਰੁੱਤ ਦੀ ਬਰਫਾਂ ਲੱਦੀ ਚਾਨਣੀ ਰਾਤੇ ਕੂਲੀ ਬਰਫ ਦੀਆਂ ਮੁੱਠਾਂ ਭਰ-ਭਰ ਕੇ ਆਪਣੇ ਮੱਥੇ ‘ਤੇ ਮਲਦੀ, ਆਪਣੇ ਪੈਰਾਂ ਦੀਆਂ ਤਲੀਆਂ ਝੱਸਦੀ।
ਇਹ ਕਿਹੋ ਜਿਹਾ ਰਿਸ਼ਤਾ ਸੀ ਮੇਰੇ ਮਨ ਦਾ, ਮੇਰੀ ਰੂਹ ਤੇ ਮੇਰੇ ਤਨ ਦਾ?
ਤੇ ਹੁਣ ਵੀ ਇਹ ਕਿਹੋ ਜਿਹੀ ਘੜੀ ਹੈ ਜਦ ਮੈਂ ਇੱਕੋ ਵੇਲੇ ਹੀ ਖੁਸ਼ ਵੀ ਹਾਂ, ਤੇ ਉਦਾਸ ਵੀ, ਸਾਰਿਆਂ ਦੇ ਵਿਚ ਵੀ ਬੈਠੀ ਹਾਂ, ਪਰ ਕਿੰਨੀ ਇਕੱਲੀ ਵੀ ਹਾਂ।
ਜਨੇਤ ਨਾਲ ਆਇਆ ਕੋਈ ਬੁਲਾਰਾ ਸਪੀਚ ਦੇ ਰਿਹਾ ਹੈ। ਬੱਚੇ ਅਤੇ ਬੱਚੀ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਹ ਕਈ ਵਾਰੀ ਆਖ ਚੁਕਾ ਹੈ ਕਿ ਇਨ੍ਹਾਂ ਨੂੰ ਸਿੱਖਿਆ ਦੇਣ ਦੀ ਲੋੜ ਨਹੀਂ, ਬੱਚੇ ਪੜ੍ਹੇ ਲਿਖੇ ਹਨ। ਪਰ ਉਸ ਦੀਆਂ ਕਈ ਗੱਲਾਂ ਤੋਂ ਰੋਂਦੇ-ਰੋਂਦੇ ਵੀ ਹਾਸਾ ਜਿਹਾ ਆ ਜਾਂਦਾ ਹੈ।
ਕੱਲ੍ਹ ਸ਼ਾਮ ਅਸੀਂ ਵੀ ਸਾਰਾ ਪਰਿਵਾਰ ਇਕੱਠੇ ਬੈਠੇ ਕਿੰਨਾ ਹੱਸਦੇ ਰਹੇ ਸਾਂ। ਬਚਪਨ ਦੀਆਂ ਗੱਲਾਂ ਕਰਕੇ ਇਕ ਦੂਜੇ ਨੂੰ ਛੇੜਦੇ ਰਹੇ ਸਾਂ। ਪਰੀ ਆਖਣ ਲੱਗੀ, “ਵੀਰੇ, ਦੀਪੀ ਦੀ ਗੁੜ ਵਾਲੀ ਗੱਲ ਸੁਣਾ।”
ਸਾਰੇ ਤਾੜੀਆਂ ਮਾਰਨ ਲੱਗ ਪਏ ਤੇ ਮੈਂ ਉਠ ਕੇ ਵੀਰ ਦੇ ਮੂੰਹ ਅੱਗੇ ਹੱਥ ਦੇਈ ਜਾਵਾਂ, “ਵੀਰੇ ਏਨੀ ਵਾਰੀ ਤਾਂ ਸੁਣ ਹਟੇ ਆਂ ਇਹ ਗੱਲ।”
ਪਰ ਮੇਰੀ ਉਸ ਵੇਲੇ ਕੌਣ ਸੁਣਦਾ ਸੀ। ਵੀਰ ਸੁਣਾਉਂਦਾ ਰਿਹਾ ਤੇ ਬਾਕੀ ਹੱਸਦੇ ਰਹੇ। ਦੂਜੀ ਤੀਜੀ ਵਿਚ ਪੜ੍ਹਦੀ ਹੋਣੀ ਆਂ ਮੈਂ ਉਦੋਂ, ਸ਼ਾਇਦ ਚੌਥੀ ਵਿਚ ਹੀ ਹੋਵਾਂ, ਪਿਤਾ ਜੀ ਰਾਤ ਦੀ ਰੋਟੀ ਖਾਣ ਮਗਰੋਂ ਗੁੜ ਦੀ ਡਲੀ ਜਰੂਰ ਖਾਂਦੇ ਹੁੰਦੇ ਸਨ ਤੇ ਉਹ ਹਮੇਸ਼ਾਂ ਮੈਨੂੰ ਹੀ ਅੰਦਰੋਂ ਗੁੜ ਲਿਆਉਣ ਵਾਸਤੇ ਆਖਦੇ। ਪਰ ਮੈਨੂੰ ਤਾਂ ਗੁੜ ਦੀ ਸ਼ਕਲ ਵੀ ਨਹੀਂ ਸੀ ਚੰਗੀ ਲਗਦੀ। ਮੈਂ ਖਿਝਦੀ ਕਿ ਸਿਰਫ ਮੈਨੂੰ ਹੀ ਕਿਉਂ ਆਖਿਆ ਜਾਂਦਾ ਏ ਗੁੜ ਲਿਆਉਣ ਲਈ। ਪਤਾ ਨਹੀਂ ਕਿਉਂ ਇਹ ਡਿਊਟੀ ਸਿਰਫ ਮੇਰੀ ਹੀ ਲੱਗੀ ਹੋਈ ਸੀ।
ਇਕ ਦਿਨ ਪਤਾ ਨਹੀਂ ਕਿਵੇਂ ਮੈਂ ਗੁੜ ਲਿਆਉਂਦੀ ਹੋਈ ਨੇ ਇਕ ਨਿੱਕੀ ਜਿਹੀ ਢੇਲੀ ਚੁੱਕ ਕੇ ਮੂੰਹ ਵਿਚ ਪਾ ਲਈ, ਤੇ ਅਗਲੇ ਦਿਨ ਫੇਰ ਉਸੇ ਤਰ੍ਹਾਂ, ਤੇ ਫੇਰ ਮੈਂ ਵੀ ਰੋਜ਼ ਹੀ ਰੋਟੀ ਖਾਣ ਮਗਰੋਂ ਉਡੀਕਣ ਲੱਗ ਪਈ ਕਿ ਕਦੋਂ ਪਿਤਾ ਜੀ ਮੈਨੂੰ ਗੁੜ ਲਿਆਉਣ ਵਾਸਤੇ ਆਖਣ।
ਉਨ੍ਹਾਂ ਦਿਨਾਂ ਵਿਚ ਹੀ ਰੇਡੀਓ ਤੇ ਇਕ ਗੀਤ ਸੁਣਿਆ, ‘ਜਾਚ ਮੈਨੂੰ ਆ ਗਈ ਗਮ ਖਾਣ ਦੀ।’
ਗਮ ਲਫਜ਼ ਦੀ ਤਾਂ ਮੈਨੂੰ ਸਮਝ ਨਾ ਲੱਗੀ ਪਰ ਮੈਨੂੰ ਜਾਪਿਆ ਜਿਵੇਂ ਗਾਉਣ ਵਾਲਾ ਆਖ ਰਿਹਾ ਹੋਵੇ, ‘ਜਾਚ ਮੈਨੂੰ ਆ ਗਈ ਗੁੜ ਖਾਣ ਦੀ’ ਤੇ ਮੈਂ ਵੀ ਉਸੇ ਵਾਂਗਰ ਹੀ ਹੇਕ ਲਾ ਕੇ ‘ਜਾਚ ਮੈਨੂੰ ਆ ਗਈ ਗੁੜ ਖਾਣ ਦੀ’ ਗਾਉਣ ਲੱਗ ਪਈ।
ਸਾਰੇ ਜਣੇ ਹੱਸ-ਹੱਸ ਦੋਹਰੇ ਹੋਈ ਜਾਣ। ਵੱਡੀਆਂ ਦੋਵੇਂ ਭੈਣਾਂ ਇੱਕੋ ਵਾਰ ਬੋਲ ਪਈਆਂ, “ਗੁੜ ਨਹੀਂ, ਦੀਪੀ ਗਮ, ਜਾਚ ਮੈਨੂੰ ਆ ਗਈ ਗਮ ਖਾਣ ਦੀ।”
ਤੇ ਮੈਂ ਸੋਚਾਂ, ਪਈ ਇਹ ਗਮ ਕੀ ਹੁੰਦਾ ਏ? ਤੇ ਕਿਵੇਂ ਖਾਈਦਾ ਏ?
ਉਹ ਤਾਂ ਬੜੇ ਵਰ੍ਹੇ ਪਿੱਛੋਂ ਜਾ ਕੇ ਪਤਾ ਲੱਗਾ, ਜਦ ਗਮ ਸਿਰਫ ਖਾਣਾ ਹੀ ਨਾ ਪਿਆ ਸਗੋਂ ਗਮ ਹੀ ਪਹਿਨਣਾ, ਹੰਢਾਉਣਾ ਤੇ ਗਮ ਹੀ ਜਿਉਣਾ ਪਿਆ।
ਪਰ ਕੱਲ੍ਹ ਤਾਂ ਸਾਰਿਆਂ ਦੇ ਸਾਹਮਣੇ ਆਪਣੇ ਮੂੰਹ ਉਤੇ ਭੋਰਾ ਵੀ ਨਿਸ਼ਾਨ ਨਹੀਂ ਸੀ ਆਉਣ ਦਿੱਤਾ, ਗਮ ਦੀਆਂ ਗੱਲਾਂ ਨੂੰ ਮਨ ਦੇ ਕਿਸੇ ਖੂੰਜੇ ਵਿਚ ਦੱਬ ਕੇ ਸਾਰਿਆਂ ਦੇ ਨਾਲ ਬੈਠੀ ਮੈਂ ਵੀ ਹੱਸਦੀ ਰਹੀ ਸਾਂ।
ਕਹਿੰਦੇ ਹਨ, ਵੱਡੀ ਭੈਣ ਦਾ ਨਿੱਕੀ ਜਿਹੀ ਹੁੰਦੀ ਦਾ ਹੀ ਵਿਆਹ ਕਰ ਦਿੱਤਾ ਸੀ। ਮਸਾਂ ਸੋਲਾਂ ਸਾਲਾਂ ਦੀ ਹੋਣੀ ਆ ਉਦੋਂ ਉਹ। ਉਧਰੋਂ ਭੈਣ ਨੇ ਦਸਵੀਂ ਦਾ ਇਮਤਿਹਾਨ ਦਿੱਤਾ, ਉਧਰੋਂ ਉਹਦੇ ਵਿਆਹ ਦੀ ਤਰੀਕ ਪੱਕੀ ਹੋ ਗਈ। ਜਦ ਉਸ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ, ਘਰ ਵਿਚ ਗਹਿਮਾ ਗਹਿਮ ਲੱਗੀ ਹੋਈ ਸੀ, ਤਾਂ ਰਾਜੀ ਭੈਣ ਆਖਣ ਲੱਗੀ, “ਬੀਜੀ, ਮੈਂ ਵੀ ਲੈਣੀਆਂ ਨੇ ਸੂਟ ਤੇ ਸਾੜੀਆਂ, ਤੇ ਨਾਲੇ ਰਾਣੀ ਹਾਰ।”
ਤਾਂ ਬੀਜੀ ਉਹਨੂੰ ਕਹਿੰਦੇ, “ਤੈਨੂੰ ਵੀ ਪੁੱਤ ਲੈ ਕੇ ਦੇਵਾਂਗੇ ਸਾਰਾ ਕੁਝ, ਜਦ ਤੇਰਾ ਵਿਆਹ ਕਰਾਂਗੇ।”
ਲਾਗੇ ਈ ਪਏ ਛਾਬੇ ਵਿਚ ਪਈਆਂ ਭਿੰਡੀਆਂ ਵਲ ਵੇਖ ਕੇ ਪਿਤਾ ਜੀ ਰਾਜੀ ਭੈਣ ਨੂੰ ਆਖਣ ਲੱਗੇ, “ਚਲ ਰਾਜੀ ਤੂੰ ਛੇਤੀ-ਛੇਤੀ ਭਿੰਡੀਆਂ ਬਣਾਉਣੀਆਂ ਸਿੱਖ ਲੈ ਤਾਂ ਫੇਰ ਤੇਰਾ ਵੀ ਵਿਆਹ ਕਰ ਦੇਵਾਂਗੇ।” ਤਾਂ ਉਹ ਭੋਲੇ ਭਾ ਈ ਇਕ ਦਮ ਕਹਿ ਉਠੀ, “ਉਹ ਤਾਂ ਪਿਤਾ ਜੀ ਮੈਂ ਕਦੋਂ ਦੀਆਂ ਸਿੱਖ ਲਈਆਂ।”
ਤੇ ਫੇਰ ਰਾਜੀ ਭੈਣ ਨੂੰ ਸਮਝ ਨਾ ਪਵੇ ਪਈ ਸਾਰੇ ਹੱਸੀ ਕਿਉਂ ਜਾਂਦੇ ਸਨ।
ਜਦ ਆਸ਼ੀ ਦੀ ‘ਅੰਗੇਜਮੈਂਟ’ ਹੋਈ ਤਾਂ ਮੈਨੂੰ ਪਤਾ ਨਹੀਂ ਕਿੱਥੋਂ ਰਾਜੀ ਭੈਣ ਵਾਲੀ ਗੱਲ ਚੇਤੇ ਆ ਗਈ। ਇਕ ਦਿਨ ਮੈਂ ਵੀ ਹੱਸਦੀ-ਹੱਸਦੀ ਨੇ ਆਸ਼ੀ ਨੂੰ ਕਿਹਾ, “ਆਸ਼ੀ ਜਦ ਤੈਨੂੰ ਭਿੰਡੀਆਂ ਬਣਾਉਣੀਆਂ ਆ ਗਈਆਂ ਤਾਂ ਤੇਰਾ ਵਿਆਹ ਕਰ ਦੇਵਾਂਗੇ।”
ਉਹ ਹੈਰਾਨ ਜਹੀ ਹੋਈ ਆਖਣ ਲੱਗੀ, “ਪਿੰਡੀਆਂ?” ਤਾਂ ਮੈਂ ਉਸ ਨੂੰ ਦੱਸਿਆ, “ਪਿੰਡੀਆਂ ਨਹੀਂ, ਆਸ਼ੀ ਭਿੰਡੀਆਂ!”
ਉਹ ਜ਼ੋਰ ਲਾ ਕੇ ਭਿੰਡੀਆਂ ਆਖਣ ਦੀ ਕੋਸ਼ਸ਼ ਕਰਨ ਲੱਗੀ, “ਪਿਇੰਡੀਆਂ?”
ਭਲਾ ਅਮਰੀਕਾ ਦੀ ਜੰਮੀ ਨੂੰ ‘ਭੱਬਾ’ ਕਿੱਥੋਂ ਬੋਲਣਾ ਆਵੇ, ਤੇ ਮੈਂ ਹੱਸ-ਹੱਸ ਦੋਹਰੀ ਹੋਈ ਜਾਵਾਂ।
“ਅੱਛਾ ਬਾਬਾ, ਜੇ ਬਣਾਉਣੀਆਂ ਨਹੀਂ ਤਾਂ ਚੱਲ ‘ਭਿੰਡੀਆਂ’ ਕਹਿਣਾ ਹੀ ਸਿੱਖ ਲੈ’ ਤਾਂ ਉਹ ਆਖਣ ਲੱਗੀ, “ਓ ਮਾਅਮ, ਉਦੋਂ ਤਕ ਤਾਂ ਮੈਂ ਬੁੱਡੀ ਹੋ ਜਾਊਂ।”
ਤੇ ਫੇਰ ਬੁੱਢੀ ਆਖਣ ਵਾਸਤੇ ਵੀ ‘ਢੱਡਾ’ ਕਹਿਣ ਦੀ ‘ਪ੍ਰੌਬਲਮ’ ਆ ਗਈ, ਤੇ ਅਸੀਂ ਦੋਵੇਂ ਸਹੇਲੀਆਂ ਵਾਂਗਰ ਗੱਲਾਂ ਕਰਦੀਆਂ ਕਿੰਨਾ ਚਿਰ ਹੱਸਦੀਆਂ ਰਹੀਆਂ ਸਾਂ, ਕੀ ਇਸ ਨੂੰ ਆਖਦੇ ਹਨ, ‘ਮਾਂਵਾਂ ਤੇ ਧੀਆਂ ਦੀ ਦੋਸਤੀ!”
ਮੇਰਾ ਮਨ ਫੇਰ ਭਰ ਆਉਂਦਾ ਹੈ। ਆਪਣੇ ਆਪ ਉਤੇ ਕੰਟਰੋਲ ਕਰਨਾ ਵੀ ਔਖਾ ਲੱਗ ਰਿਹਾ ਹੈ, ਜਿਵੇਂ ਮੇਰੀਆਂ ਆਂਦਰਾਂ ਨੂੰ ਕੋਈ ਫੜ ਕੇ ਧੂਹ ਰਿਹਾ ਹੋਵੇ, ਪਰ ਮੈਨੂੰ ਤਾਂ ਸਗੋਂ ਖੁਸ਼ ਹੋਣਾ ਚਾਹੀਦਾ ਹੈ ਕਿ ਧੀ ਦੇ ਨਾਲ ਅੱਜ ਰੱਬ ਨੇ ਮੈਨੂੰ ਪੁੱਤਰ ਵੀ ਦੇ ਦਿੱਤਾ ਹੈ।
ਪਤਾ ਨਹੀਂ ਕਿਹੜੇ ਰਿਸ਼ੀ ਦੇ ਆਖੇ ਹੋਏ ਬੋਲ ਹੁਣੇ ਜਿਹੇ ਹੀ ਇਕ ਕਿਤਾਬ ਵਿਚ ਪੜ੍ਹੇ ਸਨ। ਲਿਖਿਆ ਸੀ, ਕੋਈ ਰਿਸ਼ੀ ਆਖਦਾ ਹੈ, ‘ਤੁਹਾਡੇ ਪਿਛਲੇ ਜਨਮ ਦੇ ਦੁਸ਼ਮਣ ਇਸ ਜਨਮ ਵਿਚ ਬਦਲਾ ਲੈਣ ਲਈ ਤੁਹਾਡੇ ਬੱਚੇ ਬਣ ਕੇ ਪੈਦਾ ਹੋਣਗੇ।’
ਫੋਟ ਇਹੋ ਜਹੇ ਰਿਸ਼ੀ ਦਾ, ਜਿਹੜਾ ਆਪ ਤਾਂ ਸਾਰੀ ਉਮਰ ਜੰਗਲਾਂ ਵਿਚ ਫਿਰਦਾ ਰਿਹਾ, ਮੰਗ-ਤੰਗ ਕੇ ਆਪਣਾ ਢਿੱਡ ਭਰਦਾ ਰਿਹਾ, ਉਹਨੂੰ ਕੀ ਸਾਰ ਕਿ ਬੱਚੇ ਕੀ ਚੀਜ਼ ਹੁੰਦੇ ਹਨ।
ਤੇ ਫੇਰ ਆਪੇ ਹੀ ਮੇਰਾ ਹਾਸਾ ਜਿਹਾ ਨਿਕਲ ਗਿਆ। ਮੈਨੂੰ ਜਾਪਿਆ ਕਿ ਉਸ ਰਿਸ਼ੀ ਨੇ ਕਿਸੇ ਪਿੰਡ ਮੰਗਣ ਗਿਆਂ ਗਲੀ ਵਿਚ ਖੇਡਦੇ ਬੱਚਿਆਂ ਵੱਲ ਵੇਖ ਕੇ ਆਖ ਦਿੱਤਾ ਹੋਣਾ ਏ, ਆਪਣੇ ਆਪ ਨੂੰ ਧਰਵਾਸ ਦੇਣ ਲਈ, ਜਿਵੇਂ ‘ਥੂਹ ਕੌੜੀ’ ਆਖ ਦੇਈਦਾ ਏ।
ਸਟੇਜ ਉਤੇ ਹੁਣ ਕੋਈ ਦੂਸਰਾ ਬੁਲਾਰਾ ਸਪੀਚ ਦੇ ਰਿਹਾ ਹੈ। ਦੋਹਾਂ ਪਰਿਵਾਰਾਂ ਦੀਆਂ ਸਿਫਤਾਂ ਦੇ ਪੁਲ ਬੱਝ ਰਹੇ ਹਨ, ਤੇ ਮੈਨੂੰ ਕਦੇ-ਕਦਾਈਂ ਕੋਈ ਅੱਖਰ ਸਮਝ ਪੈਂਦਾ ਹੈ ਤੇ ਕਦੇ ਫੇਰ ਮੈਂ ਮਨ ਹੀ ਮਨ ਆਸ਼ੀ ਨਾਲ ਗੱਲਾਂ ਕਰਨ ਲੱਗ ਪੈਂਦੀ ਹਾਂ।
ਛੋਟੀ ਹੁੰਦੀ ਨੂੰ ਜਦ ਪੁੱਛਦੇ ਕਿ ਆਸ਼ੀ ਤੂੰ ਵੱਡੀ ਹੋ ਕੇ ਕੀ ਬਣਨਾ ਹੈ ਤਾਂ ਇਹ ਝੱਟ ਬਾਹਵਾਂ ਉਤਾਂਹ ਚੁੱਕ ਕੇ ਆਖਦੀ, “ਵੰਡਰ ਵੁਮੈਨ!”
ਉਨ੍ਹਾਂ ਦਿਨਾਂ ਵਿਚ ਟੀ.ਵੀ. ਉਤੇ ਇਕ ਪ੍ਰੋਗਰਾਮ ਆਇਆ ਕਰਦਾ ਸੀ ਜਿਸ ਦਾ ਨਾਂ ਸੀ, ‘ਵੰਡਰ ਵੁਮੈਨ।’ ਇੱਕ ਬਹੁਤ ਹੀ ਸੁਹਣੀ ਲੰਮੇ ਕੱਦ ਵਾਲੀ ਕੁੜੀ ਇੱਕ ਖਾਸ ਕਿਸਮ ਦੀ ਪੁਸ਼ਾਕ ਪਹਿਨਦੀ ਹੈ। ਉਸ ਦੇ ਸਿਰ ਉਤੇ ਤਾਜ ਵਾਂਗਰ ਇੱਕ ਟਿਆਰਾ (ਠਅਿਰਅ) ਹੁੰਦਾ ਹੈ, ਹੱਥਾਂ ਵਿਚ ਖਾਸ ਕਿਸਮ ਦੇ ਕੰਗਣ ਤੇ ਪੈਰਾਂ ਵਿਚ ਪਿੰਜਣੀਆਂ ਤੀਕਰ ‘ਮੈਜਿਕ’ ਬੂਟ ਹੁੰਦੇ ਹਨ, ਤੇ ਉਹ ‘ਵੰਡਰ ਵੁਮੈਨ’ ਜਿੱਥੇ ਕਿਤੇ ਵੀ ਕਿਸੇ ਨਾਲ ਅਨਿਆਂ ਹੋ ਰਿਹਾ ਹੋਵੇ, ਜਾਂ ਤਕੜਾ ਮਾੜੇ ਨੂੰ ਮਾਰ ਰਿਹਾ ਹੋਵੇ, ਉਥੇ ਹੀ ਉਡ ਕੇ ਪਹੁੰਚ ਜਾਂਦੀ ਹੈ, ਜ਼ਾਲਮ ਦਾ ਨਾਸ਼ ਕਰਦੀ ਹੈ ਤੇ ਨਿਹੱਥੇ ਲੋਕਾਂ ਨੂੰ ਬਚਾਉਂਦੀ ਹੈ।
ਆਸ਼ੀ ਉਹ ਪ੍ਰੋਗਰਾਮ ਜ਼ਰੂਰ ਵੇਖਿਆ ਕਰਦੀ ਸੀ। ਫੇਰ ਆਪਣੇ ਖਿਡੌਣਿਆਂ ਵਿਚੋਂ ਕਿਸੇ ਨੂੰ ਚੰਗਾ ਤੇ ਕਿਸੇ ਨੂੰ ‘ਈਵਲ’ ਮਿਥ ਲੈਂਦੀ ਤੇ ਆਪ ‘ਵੰਡਰ ਵੁਮੈਨ’ ਬਣ ਕੇ ਚੰਗਿਆਂ ਨੂੰ ਬੁਰਿਆਂ ਕੋਲੋਂ ਬਚਾਉਂਦੀ।
ਇੱਕ ਵੇਰ ਇਹਦੀ ਪਰੀ ਮਾਸੀ ਮਿਲਣ ਆਈ ਇਹਦੇ ਲਈ ਵੰਡਰ ਵੁਮੈਨ ਵਰਗੀ ਡਰੈਸ ਲੈ ਆਈ। ਆਸ਼ੀ ਨੂੰ ਜਾਪਿਆ ਕਿ ਵੰਡਰ ਵੁਮੈਨ ਵਾਲੀ ਪੁਸ਼ਾਕ ਪਾ ਕੇ ਇਹ ਸਚਮੁਚ ਹੀ ਵੰਡਰ ਵੁਮੈਨ ਬਣ ਗਈ ਹੈ। ਇਹਦੀਆਂ ਬਾਹਵਾਂ ਜਿਵੇਂ ਖੰਭ ਬਣ ਗਈਆਂ ਹੋਣ। ਬਾਹਵਾਂ ਉਤਾਂਹ ਚੁੱਕੀ ‘ਦੌੜਦੀ’ ‘ਉਡਦੀ’ ਇਹ ਸਾਰੇ ਕਮਰਿਆਂ ਵਿਚ ਭੱਜੀ ਫਿਰੇ, “ਮੰ…ਅ…ਮੀ, ਆਇ ਐਮ ਗੋਇੰਗ ਟੁ ਸੇਵ ਯੂ।” “ਪਰੀ ਮਾਸੀ, ਆਇ ਐਮ ਕਮਿੰਗ, ਆਇ ਐਮ ਵੰਡਰ ਵੁਮੈਨ।”
ਮੈਨੂੰ ਜਾਪਦਾ ਹੈ, ਇਹ ਸੱਚਮੁੱਚ ਦੀ ਹੀ ਵੰਡਰ ਵੁਮੈਨ ਹੈ, ਦਰਦਾਂ ਨੂੰ ਵੰਡਾਉਣ ਤੇ ਰੋਂਦਿਆਂ ਨੂੰ ਹਸਾਉਣ ਵਾਲੀ, ਮਨੋਰੋਗਾਂ ਦੀ ਡਾਕਟਰ, ਮੇਰੀ ਵੰਡਰ ਵੁਮੈਨ ਧੀ, ਮੇਰੀ ਬੱਚੀ, ਮੇਰੀ ਦੋਸਤ!