ਕੈਟੇਲੋਨੀਆ ਸਪੇਨ ਦਾ ਖੁਦਮੁਖਤਾਰ ਸੂਬਾ ਹੈ ਅਤੇ ਹੁਣ ਸਪੇਨ ਤੋਂ ਆਜ਼ਾਦ ਹੋਣਾ ਚਾਹੁੰਦਾ ਹੈ। ਆਰਥਿਕ ਪੱਖ ਤੋਂ ਇਹ ਸੂਬਾ ਬਹੁਤ ਮਜ਼ਬੂਤ ਹੈ, ਇਹੀ ਇਕ ਵੱਡਾ ਕਾਰਨ ਹੈ ਕਿ ਸਪੇਨ ਇਸ ਨੂੰ ਛੱਡਣਾ ਨਹੀਂ ਚਾਹੁੰਦਾ। ਇਸੇ ਕਰ ਕੇ ਇਹਨੇ ਕੈਟੇਲੋਨੀਆ ਦੀ ਆਜ਼ਾਦੀ ਬਾਰੇ ਬੜਾ ਸਖਤ ਪੈਂਤੜਾ ਮੱਲਿਆ ਹੈ। ਹੁਣ ਇਹ ਕੈਟੇਲੋਨੀਆ ਦੇ ਲੀਡਰਾਂ ਉਤੇ ਨਿਰਭਰ ਹੈ ਕਿ ਉਹ ਇਸ ਮਸਲੇ ਨਾਲ ਕਿਵੇਂ ਨਜਿੱਠਦੇ ਹਨ। ਇਸ ਬਾਰੇ ਚਰਚਾ ਪ੍ਰੋ. ਪ੍ਰੀਤਮ ਸਿੰਘ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।
-ਸੰਪਾਦਕ
ਪ੍ਰੋ. ਪ੍ਰੀਤਮ ਸਿੰਘ
ਆਕਸਫੋਰਡ ਬਰੁੱਕਸ ਵਰਸਿਟੀ, ਯੂ.ਕੇ.
ਕੈਟੇਲੋਨੀਆ ਦੇ ਆਜ਼ਾਦੀ ਦੀ ਮੰਗ ਨਾਲ ਸਬੰਧਤ ਤਾਜ਼ਾ ਘਟਨਾਕ੍ਰਮ ਦੌਰਾਨ, ਕੈਟੇਲੋਨੀਆ ਦੀ ਸਿਆਸੀ ਲੀਡਰਸ਼ਿਪ ਨੇ ਆਜ਼ਾਦੀ ਦੀ ਮੰਗ ਦੇ ਸਪੇਨੀ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੇ ਵਿਰੋਧ ਨਾਲ ਨਜਿਠਣ ਵਿਚ ਪ੍ਰਸ਼ੰਸਾਯੋਗ ਸਿਆਣਪ ਤੇ ਪੁਖ਼ਤਗੀ ਦਾ ਪ੍ਰਦਰਸ਼ਨ ਕੀਤਾ ਹੈ। ਕੈਟੇਲੋਨੀਆ ਦੀ ਸੰਸਦ ਨੇ ਦਸ ਅਕਤੂਬਰ ਨੂੰ ਸੱਦੇ ਗਏ ਵਿਸ਼ੇਸ਼ ਇਜਲਾਸ ਦੌਰਾਨ ਇਹ ਗੱਲ ਰਸਮੀ ਤੌਰ ‘ਤੇ ਰਿਕਾਰਡ ਉਤੇ ਲਿਆਂਦੀ ਕਿ ਪਹਿਲੀ ਅਕਤੂਬਰ ਨੂੰ ਕੈਟੇਲੋਨੀਆ ਸਰਕਾਰ ਵੱਲੋਂ ਕਰਵਾਏ ਗਏ ਆਜ਼ਾਦੀ ਸਬੰਧੀ ਜਨਮਤ ਵਿਚ 93 ਫ਼ੀਸਦੀ ਵੋਟਰਾਂ ਨੇ ਆਜ਼ਾਦੀ ਦੇ ਹੱਕ ਵਿਚ ਵੋਟ ਪਾਈ। ਇਸ ਦੇ ਆਧਾਰ ‘ਤੇ ਕੈਟੇਲੋਨੀਆ ਦੇ ਰਾਸ਼ਟਰਪਤੀ ਕਾਰਲਸ ਪੂਚਦਾਮੌਨ ਨੇ ਐਲਾਨ ਕੀਤਾ ਸੀ ਕਿ ਕੈਟੇਲੋਨੀਆ ਆਜ਼ਾਦ ਅਤੇ ਖ਼ੁਦਮੁਖ਼ਤਿਆਰ ਰਾਜ ਹੈ, ਪਰ ਨਾਲ ਹੀ ਉਨ੍ਹਾਂ ਨੇ ਸ਼ਾਨਦਾਰ ਸਿਆਸੀ ਹੁਨਰਮੰਦੀ ਦਾ ਪ੍ਰਦਰਸ਼ਨ ਕਰਦਿਆਂ ਆਜ਼ਾਦੀ ਦੇ ਇਸ ਐਲਾਨ ਨੂੰ ਉਸੇ ਵਕਤ ਲਾਗੂ ਨਾ ਕਰ ਕੇ, ਤਣਾਓ ਘੱਟ ਕਰਨ ਅਤੇ ਸਹਿਮਤੀ ਬਣਾਉਣ ਲਈ, ਗੱਲਬਾਤ ਰਾਹੀਂ ਅੱਗੇ ਵਧਣ ਦਾ ਰਾਹ ਚੁਣਿਆ। ਅਜਿਹਾ ਕਰ ਕੇ ਕੈਟੇਲੋਨੀਆ ਦੀ ਲੀਡਰਸ਼ਿਪ ਨੇ ਸਪੇਨ ਦੀ ਕੇਂਦਰੀ ਲੀਡਰਸ਼ਿਪ ‘ਤੇ ਇਖ਼ਲਾਕੀ ਜਿੱਤ ਹਾਸਲ ਕੀਤੀ, ਜਿਸ ਨੇ ਟਕਰਾਅ ਦਾ ਰਾਹ ਚੁਣਦਿਆਂ ਪੂਰਾ ਜ਼ੋਰ ਲਾ ਕੇ ਪਹਿਲੀ ਅਕਤੂਬਰ ਨੂੰ ਹੋਏ ਜਨਮਤ ਦਾ ਵਿਰੋਧ ਕੀਤਾ ਸੀ, ਪਰ ਜਨਮਤ ਨੂੰ ਰੋਕ ਸਕਣ ਵਿਚ ਅਸਮਰੱਥ ਰਹੀ ਸੀ। ਹੁਣ ਜੇ ਸਪੇਨ ਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਕੈਟੇਲੋਨੀਆ ਦੀ ਮੌਜੂਦਾ ਖੇਤਰੀ ਖ਼ੁਦਮੁਖ਼ਤਾਰੀ ਖ਼ਤਮ ਕਰ ਕੇ ਇਸ ਨੂੰ ਸਿੱਧਾ ਸਪੇਨ ਦੇ ਕੇਂਦਰੀ ਸ਼ਾਸਨ ਅਧੀਨ ਕਰ ਲੈਂਦੀ ਹੈ ਤਾਂ ਨੈਤਿਕ ਰੂਪ ਵਿਚ ਇਸ ਦਾ ਪੱਖ ਹੋਰ ਵੀ ਕਮਜ਼ੋਰ ਪੈ ਜਾਵੇਗਾ। ਇਹ ਭਾਵੇਂ ਕਾਨੂੰਨੀ ਅਤੇ ਸੰਵਿਧਾਨਕ ਰੂਪ ਵਿਚ ਸਹੀ ਹੈ, ਫਿਰ ਵੀ ਸਿਆਸੀ ਰੂਪ ਵਿਚ ਅਜਿਹੇ ਬਦਲੇ ਬਹੁਤ ਮਹਿੰਗੇ ਸਾਬਤ ਹੁੰਦੇ ਹਨ ਕਿਉਂਕਿ ਇਹ ਕੁਝ, ਕੈਟੇਲੋਨੀਆ ਵਾਸੀਆਂ ਵਿਚਲੇ ਘੱਟ-ਰਾਸ਼ਟਰਵਾਦੀ ਤੱਤਾਂ ਨੂੰ ਵੀ ਪ੍ਰਤੀਬੱਧ ਕੈਟੇਲਾਨ ਰਾਸ਼ਟਰਵਾਦੀਆਂ ਦੇ ਖੇਮੇ ਵੱਲ ਧੱਕਣ ਦਾ ਕੰਮ ਕਰੇਗਾ। ਕੈਟੇਲੋਨੀਆ ਦੀ ਲੀਡਰਸ਼ਿਪ ਵੱਲੋਂ ਕੁਝ ਚਿਰ ਲਈ ਆਜ਼ਾਦੀ ਦੇ ਏਜੰਡੇ ਨੂੰ ਪਿੱਛੇ ਰੱਖ ਕੇ ਗੰਭੀਰ ਗੱਲਬਾਤ ਕਰਨ ਦੇ ਫ਼ੈਸਲੇ ਨਾਲ ਇਸ ਆਜ਼ਾਦੀ ਦੀ ਲਹਿਰ ਵਿਚਲੇ ਕੁਝ ਉਤਾਵਲੇ ਅਨਸਰ ਬੇਸ਼ੱਕ ਨਿਰਾਸ਼ ਹੋਏ ਹੋਣਗੇ, ਪਰ ਇਹ ਫ਼ੈਸਲਾ ਮੌਜੂਦਾ ਯੁਗ ਵਿਚ ਵੱਖਵਾਦੀ ਝਗੜਿਆਂ ਨੂੰ ਜਮਹੂਰੀ ਢੰਗ ਨਾਲ ਹੱਲ ਕਰਨ ਦੇ ਵਧ ਰਹੇ ਆਲਮੀ ਰੁਝਾਨ ਨਾਲ ਮੇਲ ਖਾਂਦਾ ਹੈ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਿਕਾਸਸ਼ੀਲ ਦੇਸ਼ਾਂ ਵਿਚ ਬਹੁਤ ਸਾਰੇ ਰਾਸ਼ਟਰ ਰਾਜ, ਯੂਰਪੀ ਬਸਤੀਵਾਦੀ ਸਾਮਰਾਜ ਦੀ ਸਮਾਪਤੀ ਦੀ ਉਪਜ ਹਨ, ਪਰ ਵਿਕਾਸਸ਼ੀਲ ਤੇ ਵਿਕਸਤ ਦੇਸ਼ਾਂ ਵਿਚ ਨਵੇਂ ਉਭਰ ਰਹੇ ਜਾਂ ਉਭਰਨ ਦੀ ਕੋਸ਼ਿਸ਼ ਕਰ ਰਹੇ ਨਵੇਂ ਰਾਸ਼ਟਰੀ ਰਾਜ, ਮੌਜੂਦਾ ਰਾਸ਼ਟਰਾਂ ਵਿਚਾਲੇ ਰਾਸ਼ਟਰਵਾਦੀ ਅਪਵਾਦਾਂ ਦੀ ਉਪਜ ਹਨ। ਕੁਝ ਮਾਮਲਿਆਂ ਵਿਚ ਬਸਤੀਵਾਦੀ ਤਾਕਤਾਂ ਨੇ ਆਪਣੀਆਂ ਬਸਤੀਆਂ ਖਾਲੀ ਕਰਨ ਸਮੇਂ ਜੋ ਸਰਹੱਦਾਂ ਵਾਹੀਆਂ, ਉਹ ਕੁਝ ਕੌਮੀਅਤੀ ਸ਼ਨਾਖ਼ਤਾਂ ਪ੍ਰਤੀ ਹੱਕ-ਬਜਾਨਬ ਨਹੀਂ ਸਨ। ਮਸਲਨ ਕੁਰਦਿਸ਼ ਕੌਮੀਅਤ ਦੇ ਲੋਕ ਚਾਰ ਰਾਸ਼ਟਰਾਂ ਵਿਚ ਵੰਡੇ ਗਏ। ਇਹ ਸਨ- ਇਰਾਕ, ਇਰਾਨ, ਸੀਰੀਆ ਤੇ ਤੁਰਕੀ। ਸ਼ਾਇਦ ਬਸਤੀਵਾਦੀ ਤਾਕਤਾਂ ਰਾਹੀਂ ਮੱਧ ਏਸ਼ੀਆ ਦੀ ਪੱਖਪਾਤੀ ਵੰਡ ਕਾਰਨ ਬਣੇ ਰਾਸ਼ਟਰਾਂ ਦਾ ਇਹ ਸਭ ਤੋਂ ਮੰਦਭਾਗਾ ਸਿੱਟਾ ਹਨ। ਕੁਰਦਿਸ਼ ਲੋਕ ਕਈ ਦਹਾਕਿਆਂ ਤੋਂ ਇੱਕਜੁੱਟ ਕੁਰਦਿਸ਼ ਰਾਜ ਦੀ ਸਥਾਪਨਾ ਲਈ ਹਥਿਆਰਬੰਦ ਸੰਘਰਸ਼ ਕਰ ਰਹੇ ਹਨ, ਪਰ ਹੁਣ ਉਹ ਲੋਕਤੰਤਰੀ ਢੰਗਾਂ ਦੀ ਵਰਤੋਂ ਦੀ ਰਣਨੀਤੀ ਵੱਲ ਵਧ ਰਹੇ ਹਨ। ਇਰਾਕ ਦੇ ਕੁਰਦਿਸ਼ ਲੋਕਾਂ ਵੱਲੋਂ ਕੰਟਰੋਲ ਕੀਤੇ ਖੇਤਰ ਵਿਚ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਆਜ਼ਾਦੀ-ਪੱਖੀ ਜਨਮਤ ਸਪਸ਼ਟ ਤੌਰ ‘ਤੇ ਉਨ੍ਹਾਂ ਦੀ ਰਾਸ਼ਟਰਵਾਦੀ ਖਾਹਿਸ਼ ਲਈ ਜਮਹੂਰੀ ਪ੍ਰਮਾਣਿਕਤਾ ਹਾਸਲ ਕਰਨ ਦੀ ਦਿਸ਼ਾ ਵੱਲ ਇੱਕ ਕਦਮ ਹੈ।
ਆਜ਼ਾਦੀ ਅੰਦੋਲਨਾਂ ਨੂੰ ਸ਼ਕਤੀ ਦੇਣ ਵਾਲਾ ਵਿਸ਼ਾਲ ਸਿਆਸੀ-ਆਰਥਿਕ ਮਾਹੌਲ ਅਸਲ ਵਿਚ ਵਿਸ਼ਵੀਕਰਨ ਦਾ ਸਿੱਟਾ ਹੈ, ਜੋ ਆਪ ਯੂਰਪ ਦੇ ਪ੍ਰਸੰਗ ਵਿਚ ਆਪਣੇ ਆਪ ਨੂੰ ਯੂਰਪੀ ਯੂਨੀਅਨ ਦੇ ਵਿਸਥਾਰ ਵਿਚ ਉਜਾਗਰ ਕਰਦਾ ਹੈ। ਯੂਰਪੀਕਰਨ ਅਤੇ ਵਿਸ਼ਵੀਕਰਨ ਦਾ ਆਰਥਿਕ ਪਹਿਲੂ ਪੂੰਜੀ, ਮਜ਼ਦੂਰੀ, ਤਕਨੀਕ, ਵਸਤਾਂ ਅਤੇ ਜੀਵਨ-ਸ਼ੈਲੀਆਂ ਦੀ ਗਤੀਸ਼ੀਲਤਾ ਦੇ ਬੇਰੋਕ ਪ੍ਰਸਾਰ ਵਿਚ ਰਾਜਾਂ ਦੀਆਂ ਭੂਗੋਲਿਕ ਸੀਮਾਵਾਂ ਦਾ ਕਮਜ਼ੋਰ ਹੋਣਾ ਹੈ। ਵਿਸ਼ਵੀਕਰਨ ਦੀ ਇਸ ਪ੍ਰਕਿਰਿਆ ਨੂੰ ਕਿਸੇ ਹੱਦ ਤਕ ਕੌਮਾਂਤਰੀਕਰਨ ਵੱਲ ਵਧਣ ਅਤੇ ਰਾਸ਼ਟਰਵਾਦ ਦੀ ਅਪੀਲ ਨੂੰ ਕਮਜ਼ੋਰ ਕਰਨ ਵਜੋਂ ਦੇਖਿਆ ਜਾ ਸਕਦਾ ਹੈ, ਪਰ ਇਹ ਪ੍ਰਕਿਰਿਆ ਆਪਣੇ ਆਪ ਵਿਚ ਵਿਸ਼ਵ ਇਕਰੂਪਤਾ ਦਾ ਡਰ ਵੀ ਲੈ ਕੇ ਚੱਲ ਰਹੀ ਹੈ, ਜਿਸ ਨੂੰ ਘੱਟ ਗਿਣਤੀ ਸਭਿਆਚਾਰਾਂ ਅਤੇ ਪਛਾਣਾਂ ਵੱਲੋਂ ਖ਼ਤਰੇ ਵਜੋਂ ਅਨੁਭਵ ਕੀਤਾ ਜਾ ਰਿਹਾ ਹੈ। ਇਹ ਖ਼ਤਰਾ ਮੋੜਵੇਂ ਰੂਪ ਵਿਚ ਘੱਟ ਗਿਣਤੀਆਂ ਦੀਆਂ ਕੌਮੀਅਤੀ ਪਛਾਣਾਂ ਦੇ ਬਚਾਅ ਦੀ ਖਾਹਿਸ਼ ਨੂੰ ਹੁਲਾਰਾ ਦਿੰਦਾ ਹੈ। ਆਰਥਿਕ ਲੈਣ-ਦੇਣ ਦੇ ਵਿਸ਼ਵੀਕਰਨ ਅਤੇ ਸੂਚਨਾ ਤਕਨੀਕ ਦਾ ਵਿਕਾਸ ਛੋਟੇ ਭੂਗੋਲਿਕ ਖ਼ਿੱਤਿਆਂ ਅੰਦਰ ਰਾਸ਼ਟਰ ਬਣਨ ਦੀ ਖਾਹਿਸ਼ ਵੀ ਉਭਾਰਦਾ ਹੈ ਅਤੇ ਤਾਕਤ ਵੀ ਦਿੰਦਾ ਹੈ, ਕਿਉਂਕਿ ਆਲਮੀ ਦੇ ਆਰਥਿਕ ਅਖਾੜੇ ਵਿਚ ਆਰਥਿਕ ਵਿਹਾਰਕਤਾ ਹੁਣ ਕਿਸੇ ਰਾਸ਼ਟਰ ਦੇ ਭੂਗੋਲਿਕ ਆਕਾਰ ਜਾਂ ਆਬਾਦੀ ‘ਤੇ ਨਿਰਭਰ ਨਹੀਂ ਕਰਦੀ। ਉਦਾਹਰਣ ਵਜੋਂ ਸਕਾਟਲੈਂਡ, ਯੂ.ਕੇ. ਨਾਲੋਂ ਰਲੇਵੇਂ ਮਿਟਾ ਕੇ ਕੈਟੇਲੋਨੀਆ ਸਪੇਨ ਤੋਂ ਅਲਹਿਦਾ ਹੋ ਕੇ ਵੀ ਯੂਰਪੀ ਯੂਨੀਅਨ ਦੇ ਹਿੱਸਾ ਬਣੇ ਰਹਿ ਸਕਦੇ ਹਨ ਅਤੇ ਅਜਿਹਾ ਹੋਣ ‘ਤੇ ਵੀ ਇਹ ਆਰਥਿਕ ਪੱਖੋਂ ਮਜ਼ਬੂਤ ਰਹਿ ਸਕਦੇ ਹਨ।
ਸਿਆਸੀ ਭੂ-ਦ੍ਰਿਸ਼ਾਂ ‘ਤੇ ਆਜ਼ਾਦੀ ਦੀਆਂ ਲਹਿਰਾਂ ਵਿਚ ਜਿਹੜਾ ਨਾਟਕੀ ਰੂਪ ਬਦਲਾਓ ਆਇਆ ਹੈ, ਉਹ ਹੈ ਤੌਰ ਤਰੀਕੇ ਦਾ, ਜੋ ਫਰਾਂਸੀਸੀ ਬੋਲਣ ਵਾਲੇ ਕਿਊਬੈਕ ਸੂਬੇ ਵੱਲੋਂ ਕੈਨੇਡਾ ਤੋਂ ਆਜ਼ਾਦ ਹੋਣ ਦੀ ਖਾਹਿਸ਼ ਅਤੇ ਸਕਾਟਲੈਂਡ ਦੀ ਇੰਗਲੈਂਡ ਤੋਂ ਆਜ਼ਾਦ ਹੋਣ ਦੀ ਖਾਹਿਸ਼ ਵਿਚ ਵਰਤੇ ਗਏ ਸਨ। ਇਨ੍ਹਾਂ ਦੋਵੇਂ ਮਾਮਲਿਆਂ ਵਿਚ ਕੇਂਦਰੀ ਸਰਕਾਰ ਵੱਲੋਂ ਖੇਤਰੀ ਸਰਕਾਰ ਨਾਲ ਇੱਕ ਸਮਝੌਤਾ ਹੈ, ਜਿਸ ਤਹਿਤ ਜਨਮਤ ਰਾਹੀਂ ਇਸ ਮਸਲੇ ਦਾ ਹੱਲ ਕੱਢਿਆ ਗਿਆ ਕਿ ਉਕਤ ਖ਼ਿੱਤਾ ਆਜ਼ਾਦੀ ਪ੍ਰਾਪਤ ਕਰੇਗਾ ਜਾਂ ਯੂਨੀਅਨ ਦਾ ਇੱਕ ਹਿੱਸਾ ਬਣ ਕੇ ਹੀ ਰਹੇਗਾ। ਦੋਵਾਂ ਮਾਮਲਿਆਂ ਵਿਚ ਸਰਕਾਰਾਂ ਵੱਲੋਂ ਵੋਟਾਂ ਰਾਹੀਂ ਸਾਹਮਣੇ ਆਉਣ ਵਾਲੇ ਨਤੀਜਿਆਂ ਨੂੰ ਮੰਨਣ ਦੀ ਸਹਿਮਤੀ ਪ੍ਰਗਟਾਈ ਗਈ। ਦੋਵੇਂ ਹੀ ਮਾਮਲਿਆਂ ਵਿਚ ਬਹੁਤ ਥੋੜ੍ਹੇ ਅੰਤਰ ਨਾਲ ਵੋਟਾਂ ਵੱਖ ਨਾ ਹੋਣ ਦੇ ਫ਼ੈਸਲੇ ਵੱਲ ਭੁਗਤੀਆਂ। ਖੇਤਰੀ ਸਰਕਾਰਾਂ ਵੱਲੋਂ ਅਤੇ ਸਿਆਸੀ ਪਾਰਟੀਆਂ ਵੱਲੋਂ ਫ਼ੈਸਲੇ ਨੂੰ ਮਨਜ਼ੂਰ ਕਰ ਲਿਆ ਗਿਆ ਅਤੇ ਦੋਵੇਂ ਹੀ ਕੇਂਦਰ ਸਰਕਾਰਾਂ ਵੱਲੋਂ ਇਸ ਗੱਲ ‘ਤੇ ਜ਼ੋਰ ਨਹੀਂ ਦਿੱਤਾ ਗਿਆ ਕਿ ਭਵਿਖ ਵਿਚ ਕਦੇ ਵੀ ਅਜਿਹਾ ਕੋਈ ਜਨਮੱਤ ਨਹੀਂ ਹੋ ਸਕੇਗਾ, ਜੋ ਵੱਖ ਹੋਣ ਦੇ ਪੱਖ ਵਿਚ ਭੁਗਤ ਸਕਦਾ ਹੋਵੇ।
ਇਸ ਵਿਚ ਵਿਸ਼ੇਸ਼ ਇਹ ਹੈ ਕਿ ਆਜ਼ਾਦੀ ਦੀ ਮੰਗ ਕਰਨ ਵਾਲਿਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਹਥਿਆਰਬੰਦ ਵਿਰੋਧ ਜਾਂ ਕੇਂਦਰ ਸਰਕਾਰਾਂ ਵੱਲੋਂ ਹਥਿਆਰਾਂ ਰਾਹੀਂ ਆਜ਼ਾਦੀ ਦੀ ਮੰਗ ਕਰਨ ਵਾਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੀ ਥਾਂ ਇਹ ਸਹਿਮਤੀ ਪ੍ਰਗਟਾਈ ਗਈ ਕਿ ਕਿਸੇ ਵੀ ਮਸਲੇ ਦੇ ਹੱਲ ਲਈ ਲੋਕਤੰਤਰਿਕ ਤਰੀਕੇ ਨਾਲ ਪਾਈਆਂ ਵੋਟਾਂ ਰਾਹੀਂ ਹੱਲ ਕੱਢਿਆ ਜਾਵੇਗਾ। ਇੰਜ ਲੱਗਦਾ ਹੈ ਕਿ ਕੈਟੇਲਾਨ ਸਰਕਾਰ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਪਹਿਲੀ ਅਕਤੂਬਰ ਨੂੰ ਪਾਈਆਂ ਵੋਟਾਂ ਨੂੰ ਮਿਲੇ ਸਮਰਥਨ, ਜਿਸ ਵਿਚ ਉਨ੍ਹਾਂ ਦਾ ਸਮਰਥਨ ਵੀ ਸ਼ਾਮਿਲ ਸੀ ਜੋ ਸਪੇਨ ਤੋਂ ਕੈਟੇਲਾਨ ਦੀ ਆਜ਼ਾਦੀ ਦੇ ਖ਼ਿਲਾਫ ਸਨ, ਦੇ ਬਾਵਜੂਦ ਵੀ ਇੱਕ ਵੱਡੀ ਗੜਬੜੀ ਹੋਈ ਸੀ। ਇਹ ਗੜਬੜੀ ਸੀ ਕਿ ਇਹ ਜਨਮਤ ਮੈਡਰਿਡ ਸਥਿਤ ਕੇਂਦਰ ਸਰਕਾਰ ਨਾਲ ਆਪਸੀ ਸਲਾਹ ਮਸ਼ਵਰੇ ਰਾਹੀਂ ਨਹੀਂ ਸੀ ਕਰਵਾØਇਆ ਗਿਆ। ਸਿੱਟੇ ਵਜੋਂ ਕਾਨੂੰਨੀ ਤੌਰ ‘ਤੇ ਇਹ ਪ੍ਰਮਾਣਿਕ ਨਹੀਂ ਹੈ। ਸਪੇਨ ਸਰਕਾਰ ਨੇ ਵੀ ਕੈਨੇਡੀਅਨ ਅਤੇ ਬ੍ਰਿਟਿਸ਼ ਸਰਕਾਰ ਦੇ ਤਜਰਬੇ ਤੋਂ ਸੇਧ ਲੈ ਕੇ ਸਹਿਮਤੀ ਨਾਲ ਵੋਟਾਂ ਦਾ ਰਾਹ ਨਾ ਚੁਣ ਕੇ ਗ਼ਲਤੀ ਕੀਤੀ ਹੈ। ਉਸ ਨੇ ਜਨਮਤ ਲਈ ਵੋਟਾਂ ਦੇ ਅਮਲ ਨੂੰ ਦਮਨਕਾਰੀ ਢੰਗ ਨਾਲ ਰੋਕਣਾ ਚਾਹਿਆ। ਇਹ ਢੰਗ ਤਰੀਕਾ, ਜਾਂ ਵਿਕਾਸਸ਼ੀਲ ਦੇਸ਼ਾਂ ਵਿਚ ਆਮ ਹੀ ਵਰਤੇ ਜਾਂਦੇ ਵੱਧ ਵਹਿਸ਼ੀਆਨਾ ਤੌਰ ਤਰੀਕੇ, ਯੂਰਪ ਵਿਚ ਵਿਕਸਿਤ ਹੋਏ ਜਮਹੂਰੀ ਸਭਿਆਚਾਰ ਨਾਲ ਮੇਲ ਨਹੀਂ ਖਾਂਦੇ। ਉਥੇ ਮਨੁੱਖੀ ਅਧਿਕਾਰਾਂ ਦਾ ਮਿਆਰ ਹੀ ਏਨਾ ਉਚਾ ਹੈ। ਹੁਣ ਜੇ ਸਪੇਨ ਸਰਕਾਰ, ਗੱਲਬਾਤ ਕਰਨ ਦੀ ਕੈਟੇਲਾਨ ਪੇਸ਼ਕਸ਼ ਨੂੰ ਰੱਦ ਕਰਦੀ ਹੈ ਅਤੇ ਕੈਟੇਲਾਨ ਖ਼ਿੱਤੇ ਨੂੰ ਮਿਲੀ ਖ਼ੁਦਮੁਖ਼ਤਾਰੀ ਵਾਪਸ ਲੈਂਦੀ ਹੈ ਤਾਂ ਇਹ ਖ਼ੁਦ ਨੂੰ ਇਖ਼ਲਾਕੀ ਤੇ ਸਿਆਸੀ ਤੌਰ ‘ਤੇ ਕਸੂਤੀ ਸਥਿਤੀ ਵਿਚ ਫਸਾ ਲਵੇਗੀ।
ਜਿਸ ਤਰ੍ਹਾਂ ਦਾ ਵਰਤਮਾਨ ਰੇੜਕਾ ਹੈ, ਉਸ ਦੇ ਮੱਦੇਨਜ਼ਰ ਸਿਰਫ਼ ਯੂਰਪੀ ਸੰਘ (ਈ.ਯੂ.) ਦਾ ਦਖ਼ਲ ਹੀ ਗੱਲਬਾਤ ਦਾ ਰਾਹ ਖੋਲ੍ਹ ਸਕਦਾ ਹੈ। ਮਸਲੇ ਦਾ ਹੱਲ ਨਾ ਤਾਂ ਕੈਟੇਲੋਨੀਆ ਦੀ ਪੂਰਨ ਆਜ਼ਾਦੀ ਅਤੇ ਨਾ ਹੀ ਸਪੇਨ ਦੇ ਮੁਕੰਮਲ ਕੰਟਰੋਲ ਦੇ ਰੂਪ ਵਿਚ ਹੋ ਸਕਦਾ ਹੈ। ਹੱਲ ਤਾਂ ਸਪੇਨ ਨੂੰ ਕਨਫੈਡਰੇਸ਼ਨ ਦਾ ਰੂਪ ਦੇਣ ਵਿਚ ਹੋਵੇਗਾ ਜਿਸ ਵਿਚ ਕੈਟੇਲੋਨੀਆ ਨੂੰ ਵੱਧ ਅੰਦਰੂਨੀ ਆਰਥਿਕ, ਸਿਆਸੀ ਤੇ ਸਭਿਅਚਾਰਕ ਖੁਦਮੁਖਤਾਰੀ ਹੋਵੇ ਅਤੇ ਸ਼ਾਇਦ ਇਹੋ ਹੀ ਹੱਕ ਬਾਸਕ ਤੇ ਗੈਲਿਸ਼ੀਆ ਖਿੱਤਿਆਂ ਨੂੰ ਵੀ ਮਿਲਣ।