ਬੱਬਰ ਮੁਨਸ਼ਾ ਸਿੰਘ ਜੌਹਲ

ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਬੱਬਰ ਮੁਨਸ਼ਾ ਸਿੰਘ ਪੁੱਤਰ ਸ਼ ਬੇਲਾ ਸਿੰਘ, ਪਿੰਡ ਜੌਹਲਾਂ ਦਾ ਵਸਨੀਕ ਸੀ। ਪਿੰਡ ਦੀ ਹੱਦਬਸਤ ਨੰਬਰ 201 ਅਤੇ ਰਕਬਾ ਜਮੀਨ 139 ਹੈਕਟੇਅਰ ਹੈ ਜੋ ਜਲੰਧਰ ਛਾਉਣੀ ਤੋਂ ਹੁਸ਼ਿਆਰਪੁਰ ਜਾਣ ਵਾਲੀ ਸੜਕ ‘ਤੇ ਤਿੰਨ ਕੁ ਮੀਲ ‘ਤੇ ਇਕ ਕਿਲੋਮੀਟਰ ਚੜ੍ਹਦੇ ਪਾਸੇ ਹੈ। ਬੱਬਰ ਜਵਾਨ ਹੋ ਕੇ ਮਿਲਟਰੀ ਵਿਚ 28 ਸਿੱਖ ਰੈਜਮੈਂਟ ਵਿਚ ਭਰਤੀ ਹੋ ਗਿਆ, ਜਿਥੇ ਉਸ ਨੇ ਥੋੜ੍ਹੀ ਬਹੁਤੀ ਗੁਰਮੁਖੀ ਪੜ੍ਹਨੀ ਸਿੱਖੀ। ਉਹ ਪੂਰਨ ਗੁਰਸਿੱਖ ਸੀ ਅਤੇ ਆਪਣੀ ਡਿਊਟੀ ਤਨ, ਮਨ ਨਾਲ ਕਰਦਾ, ਜਿਸ ਕਰ ਕੇ ਉਸ ਦੇ ਅਫਸਰ ਉਸ ਦੇ ਕੰਮ ਤੋਂ ਖੁਸ਼ ਸਨ, ਪਰ ਜਦੋਂ ਅੰਗਰੇਜ਼ ਸਰਕਾਰ ਦੀਆਂ ਸਿੱਖਾਂ ਵਿਰੁਧ ਵਧੀਕੀਆਂ ਬਾਰੇ ਉਹ ਸੁਣਦਾ ਤਾਂ ਉਸ ਦਾ ਖੂਨ ਖੌਲ ਉਠਦਾ। ਛੇਤੀ ਹੀ ਉਸ ਨੇ ਫੌਜ ਵਿਚੋਂ ਡਿਸਚਾਰਜ ਲੈ ਲਿਆ ਅਤੇ ਆਪਣੇ ਪਿੰਡ ਆ ਕੇ ਖੇਤੀ ਕਰਨ ਲੱਗ ਪਿਆ।

ਬੱਬਰ ਅਕਾਲੀ ਲਹਿਰ ਦੇ ਬਾਨੀ ਮਾਸਟਰ ਮੋਤਾ ਸਿੰਘ ਦਾ ਪਿੰਡ ਪਤਾਰਾ, ਬੱਬਰ ਦੇ ਪਿੰਡ ਦੇ ਨਾਲ ਹੀ ਸੀ। ਇਸ ਲਈ ਉਹ ਉਨ੍ਹਾਂ ਦੇ ਸੰਪਰਕ ਵਿਚ ਆ ਕੇ ਬੱਬਰ ਅਕਾਲੀ ਜਥੇ ਦਾ ਮੈਂਬਰ ਬਣ ਗਿਆ। ਬੱਬਰ ਕਿਸ਼ਨ ਸਿੰਘ ਗੜਗੱਜ ਦੇ ਸੰਪਰਕ ਵਿਚ ਆ ਕੇ ਉਸ ਨੇ ਬੱਬਰਾਂ ਨੂੰ ਅਸਲਾ ਲਿਆ ਕੇ ਦਿੱਤਾ ਜੋ ਬੱਬਰਾਂ ਲਈ ਪ੍ਰਾਪਤ ਕਰਨਾ ਬੜਾ ਔਖਾ ਸੀ। ਉਸ ਨੇ ਸਕੇ ਭਰਾ ਜਵੰਦ ਸਿੰਘ ਦੇ ਹੱਥੀਂ, ਜਦੋਂ ਉਹ ਬਨੂੰ ਵਿਖੇ ਤਾਇਨਾਤ ਸੀ, ਪੱਕੀ ਰਫਲ ਦੀਆਂ ਕੁਝ ਗੋਲੀਆਂ ਬੱਬਰ ਕਿਸ਼ਨ ਸਿੰਘ ਗੜਗੱਜ ਨੂੰ ਦੇਣ ਲਈ ਭੇਜੀਆਂ ਅਤੇ ਨਾਲ ਹੀ ਦੋ ਬੰਬ ਤੇ ਚਾਰ ਡੈਟੋਨੇਟਰ ਬਾਬੂ ਸੰਤਾ ਸਿੰਘ ਨੂੰ ਦੇਣ ਲਈ ਭੇਜੇ। ਇਹ ਗੱਲ ਜਵੰਦ ਸਿੰਘ ਨੇ ਬਤੌਰ ਸਰਕਾਰੀ ਗਵਾਹ ਟਰਾਇਲ ਕੇਸ 1924 ਵਿਚ ਆਖੀ ਸੀ।
ਸੰਤ ਕਰਤਾਰ ਸਿੰਘ ਵਾਅਦਾ ਮੁਆਫ ਗਵਾਹ ਨੇ ਕੇਸ ਦੀ ਟਰਾਇਲ ਸਮੇਂ ਆਖਿਆ ਕਿ ਉਸ ਨੂੰ ਬੱਬਰ ਕਿਸ਼ਨ ਸਿੰਘ ਗੜਗੱਜ ਨੇ ਬੱਬਰ ਮੁਨਸ਼ਾ ਸਿੰਘ ਨੂੰ ਸੁਨੇਹਾ ਦੇਣ ਲਈ ਕਿਹਾ ਸੀ ਕਿ ਬੱਬਰ ਸੰਤਾ ਸਿੰਘ ਤੇ ਬੱਬਰ ਸੱਧਾ ਸਿੰਘ ਨਾਲ ਅਰਜਨ ਸਿੰਘ ਪਟਵਾਰੀ ਪਿੰਡ ਹਰੀਪੁਰ ਨੂੰ ਮਾਰਨ ਲਈ ਜੰਡੂ ਸਿੰਘਾ ਰੇਲਵੇ ਸਟੇਸ਼ਨ ‘ਤੇ ਪਹੁੰਚੇ, ਪਰ ਉਸ ਦਿਨ ਪਟਵਾਰੀ ਜਲੰਧਰ ਸ਼ਹਿਰ ਹੀ ਠਹਿਰ ਗਿਆ ਤੇ ਇਹ ਵਾਰਦਾਤ ਨਾ ਕਰ ਸਕੇ। ਬੱਬਰ ਸੱਧਾ ਸਿੰਘ ਦੀ ਸੈਂਟਰਲ ਜੇਲ੍ਹ ਲਾਹੌਰ ਵਿਚ ਮੌਤ ਹੋ ਗਈ ਸੀ।
ਬੱਬਰ ਮੁਨਸ਼ਾ ਸਿੰਘ ਨੇ ਆਪਣੇ ਪਿੰਡ ਦੀ ਅਮਨ ਸਭਾ ਨੂੰ ਨੋਟਿਸ ਦਿੱਤਾ ਸੀ ਕਿ ਅਸੀਂ ਬੱਬਰ ਅਕਾਲੀ ਜਥਾ, ਅਮਨ ਸਭਾ ਦੀ ਮੀਟਿੰਗ ਨਹੀਂ ਹੋਣ ਦੇਵਾਂਗੇ। ਸੁਲਤਾਨੀ ਗਵਾਹ ਨਰੰਜਣ ਸਿੰਘ ਪੁੱਤਰ ਦੇਵਾ ਸਿੰਘ ਪਿੰਡ ਬੋਲੀਨਾ ਨੇ ਵੀ ਮੁਨਸ਼ਾ ਸਿੰਘ ਖਿਲਾਫ ਗਵਾਹੀ ਦਿੱਤੀ ਕਿ ਬੱਬਰ ਕਿਸ਼ਨ ਸਿੰਘ ਗੜਗੱਜ ਨੇ ਉਸ ਰਾਹੀਂ ਬੱਬਰ ਮੁਨਸ਼ਾ ਸਿੰਘ ਨੂੰ ਸੁਨੇਹਾ ਭੇਜਿਆ ਸੀ ਕਿ ਉਸ ਨੂੰ ਆਪਣੇ ਪਿੰਡ ਬਿੜਿੰਗ ਜਾਣ ਵਿਚ ਖਤਰਾ ਹੈ, ਇਸ ਲਈ ਮੁਨਸ਼ਾ ਸਿੰਘ ਉਸ ਦੀ ਪਤਨੀ ਨੂੰ ਆਪਣੇ ਘਰ ਜੌਹਲੀਂ ਲੈ ਆਵੇ ਤਾਂ ਕਿ ਪਤੀ-ਪਤਨੀ ਦੀ ਮੁਲਾਕਾਤ ਹੋ ਸਕੇ।
ਇਕ ਸੁਲਤਾਨੀ ਗਵਾਹ ਜੈਮਲ ਸਿੰਘ ਨੇ ਬਿਆਨ ਦਿੱਤਾ ਕਿ ਬੱਬਰ ਮੁਨਸ਼ਾ ਸਿੰਘ ਮਾਸਟਰ ਮੋਤਾ ਸਿੰਘ ਦੇ ਬਣ ਰਹੇ ਮਕਾਨ ਲਈ ਕਈ ਦਿਨ ਆਪਣੇ ਗੱਡੇ ‘ਤੇ ਇੱਟਾਂ ਢੋਂਹਦਾ ਰਿਹਾ। ਇਸ ਗਵਾਹ ਨੇ ਇਹ ਵੀ ਆਖਿਆ ਕਿ ਉਸ ਨੇ ਮੁਨਸ਼ਾ ਸਿੰਘ ਦੇ ਘਰ ਬੱਬਰ ਕਿਸ਼ਨ ਸਿੰਘ ਗੜਗੱਜ, ਬੱਬਰ ਕਰਮ ਸਿੰਘ ਝਿੰਗੜ, ਬੱਬਰ ਸੁੰਦਰ ਸਿੰਘ ਮਖਸੂਸਪੁਰੀ ਬੈਠੇ ਦੇਖੇ ਤੇ ਉਹ ਮੁਨਸ਼ਾ ਸਿੰਘ ਤੋਂ ਅਸਲਾ ਤੇ ਦਾਰੂ ਸਿੱਕਾ ਮੰਗ ਰਹੇ ਸਨ ਤਾਂ ਬੱਬਰ ਨੇ ਕਿਹਾ ਸੀ ਕਿ ਉਹ ਆਪਣੇ ਭਰਾ ਜਵੰਦ ਸਿੰਘ ਤੋਂ ਲਿਆ ਕੇ ਦੇਵੇਗਾ।
ਵਸਾਖ ਜਾਂ ਜੇਠ ਦਾ ਮਹੀਨਾ ਸੀ ਕਿ ਕੁਝ ਬੱਬਰਾਂ ਨੇ ਮੁਨਸ਼ਾ ਸਿੰਘ ਨੂੰ ਹਜ਼ਾਰਾ ਸਿੰਘ ਦੀ ਹਵੇਲੀ ਬੁਲਾ ਕੇ ਪੁੱਛਿਆ ਕਿ ਅਸਲੇ ਦਾ ਕੁਝ ਪ੍ਰਬੰਧ ਹੋਇਆ ਕਿ ਨਹੀਂ; ਮੁਨਸ਼ਾ ਸਿੰਘ ਨੇ ਕਿਹਾ ਕਿ ਅਜੇ ਨਹੀਂ, ਤਾਂ ਉਨ੍ਹਾਂ ਕਿਹਾ ਕਿ ਜਲਦੀ ਕਰ। ਬੱਬਰ ਆਪਣੇ ਭਰਾ ਜਵੰਦ ਸਿੰਘ ਕੋਲ ਬਨੂੰ (ਹੁਣ ਪਾਕਿਸਤਾਨ) ਗਿਆ ਅਤੇ ਉਸ ਤੋਂ ਪੱਕੀ ਰਫਲ ਦੀਆਂ 20 ਗੋਲੀਆਂ ਅਤੇ ਪੰਜ ਬੰਬ ਖਰੀਦ ਲਿਆਇਆ। 20 ਗੋਲੀਆਂ ਤਾਂ ਬੱਬਰ ਕਿਸ਼ਨ ਸਿੰਘ ਗੜਗੱਜ ਨੇ ਆਪਣੇ ਬੈਗ ਵਿਚ ਪਾ ਲਈਆਂ ਤੇ ਬੰਬ ਆਪਣੇ ਪਾਸ ਰੱਖਣ ਲਈ ਕਿਹਾ। ਕੁਝ ਦਿਨ ਬਾਅਦ ਬਾਬੂ ਸੰਤਾ ਸਿੰਘ ਦੋ ਬੰਬ ਲੈ ਗਿਆ। ਕੁਝ ਦਿਨਾਂ ਬਾਅਦ ਬਾਬੂ ਸੰਤਾ ਸਿੰਘ ਬਾਕੀ ਤਿੰਨ ਬੰਬ ਲੈਣ ਆਇਆ ਤਾਂ ਮੁਨਸ਼ਾ ਸਿੰਘ ਨੇ ਕਿਹਾ ਕਿ ਉਸ ਦੇ ਭਰਾ ਜਵੰਦ ਸਿੰਘ ਨੇ ਕਿਤੇ ਲੁਕੋ ਦਿੱਤੇ ਹਨ।
ਬੱਬਰ ਦੇ ਕੇਸ ਦਾ ਫੈਸਲਾ ਐਡੀਸ਼ਨਲ ਸੈਸ਼ਨ ਜੱਜ ਮਿਸਟਰ ਜੇ.ਕੇ. ਟੱਪ ਨੇ ਸੁਣਾਇਆ ਕਿ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ 120-ਬੀ/115 ਅਧੀਨ ਮੁਨਸ਼ਾ ਸਿੰਘ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਮੁਲਜ਼ਮ ਨੇ ਬੱਬਰ ਅਕਾਲੀ ਸਾਜ਼ਿਸ਼ ਵਿਚ ਹਿੱਸਾ ਲਿਆ ਹੈ, ਇਸ ਲਈ ਇਸ ਨੂੰ ਪੰਜ ਸਾਲ ਸਖਤ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ। ਇਹ ਪਹਿਲੇ ਤਿੰਨ ਮਹੀਨੇ ਕੋਠੜੀ ਵਿਚ ਬੰਦ ਰਹੇਗਾ। ਇਕ ਸੌ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ। ਜੇ ਜੁਰਮਾਨਾ ਨਾ ਅਦਾ ਕਰੇ, ਤਾਂ ਇਕ ਸਾਲ ਹੋਰ ਸਜ਼ਾ ਭੁਗਤੇਗਾ। ਆਰਮਜ਼ ਐਕਟ ਤਹਿਤ ਮਿਲਟਰੀ ਸਟੋਰ ਤੋਂ ਗੋਲੀਆਂ ਅਤੇ ਹੋਰ ਦਾਰੂ ਸਿੱਕਾ ਰੱਖਣ ਦੀ ਪੰਜ ਸਾਲ ਸਖਤ ਕੈਦ ਅਤੇ ਇਕ ਸੌ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ। ਪਹਿਲੇ ਤਿੰਨ ਮਹੀਨੇ ਕੋਠੜੀ ਵਿਚ ਬੰਦ ਰਹੇਗਾ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਇਕ ਸਾਲ ਹੋਰ ਸਜ਼ਾ ਭੁਗਤਣੀ ਪਵੇਗੀ।
ਬੱਬਰ ਮੁਨਸ਼ਾ ਸਿੰਘ ਨੇ ਅਪੀਲ ਕੀਤੀ ਤਾਂ ਉਸ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ ਗਈ। ਬੱਬਰ 11 ਜੂਨ 1936 ਨੂੰ ਉਮਰ ਕੈਦ ਭੁਗਤ ਕੇ ਆਇਆ ਤਾਂ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਦਾ ਬੜੇ ਜੋਸ਼-ਓ-ਖਰੋਸ਼ ਨਾਲ ਸਵਾਗਤ ਕੀਤਾ। ਜੇਲ੍ਹਾਂ ਭੁਗਤ ਕੇ ਆਏ ਬਾਕੀ ਬੱਬਰਾਂ ਵਾਂਗ ਉਹ ਵੀ ਜਨਤਕ ਜਥੇਬੰਦੀਆਂ ਦੀ ਉਸਾਰੀ ਵਿਚ ਪੂਰੀ ਤਨਦੇਹੀ ਨਾਲ ਕੁੱਦ ਪਿਆ। 5 ਜੁਲਾਈ 1938 ਨੂੰ ਗੁਰਦੁਆਰਾ ਬੰਦਾ ਸਿੰਘ ਬਹਾਦਰ (ਨੇੜੇ ਪਤਾਰਾ) ਵਿਚ ਕਿਸਾਨ ਸਭਾ ਦੀ ਸਥਾਪਨਾ ਦੇ ਸਬੰਧ ਵਿਚ ਇਲਾਕੇ ਦੇ ਦੇਸ਼ ਭਗਤਾਂ ਅਤੇ ਕਿਸਾਨ ਆਗੂਆਂ ਦਾ ਇਕੱਠ ਹੋਇਆ ਜਿਸ ਵਿਚ ਬੱਬਰ ਮੁਨਸ਼ਾ ਸਿੰਘ ਤਹਿਸੀਲ ਜਲੰਧਰ ਦੇ ਪ੍ਰਧਾਨ ਚੁਣੇ ਗਏ।
ਦੂਜੇ ਸੰਸਾਰ ਯੁੱਧ ਸਮੇਂ ਅੰਗਰੇਜ਼ ਸਰਕਾਰ ਨੇ ਦੇਸ਼ ਭਰ ਦੇ ਇਨਕਲਾਬੀਆਂ ਨੂੰ ਧੜਾ-ਧੜ ਗ੍ਰਿਫਤਾਰ ਕਰ ਕੇ ਦਿਉਲੀ ਕੈਂਪ ਜੇਲ੍ਹ ਵਿਚ ਬੰਦ ਕਰ ਦਿੱਤਾ। ਬੱਬਰ ਮੁਨਸ਼ਾ ਸਿੰਘ ਨੂੰ ਵੀ ਇਸ ਜੇਲ੍ਹ ਵਿਚ ਬੰਦ ਕੀਤਾ ਗਿਆ। ਜੇਲ੍ਹਾਂ ਦੀਆਂ ਮਾੜੀਆਂ ਹਾਲਤਾਂ, ਭੁੱਖ ਹੜਤਾਲਾਂ ਅਤੇ ਪੁਲਿਸ ਤਸ਼ੱਦਦ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ। ਸੰਨ 1944 ਦੇ ਦੁਸਹਿਰੇ ਵਾਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ। ਬੱਬਰ ਗੁਜਰਾਤ ਜੇਲ੍ਹ (ਪਾਕਿਸਤਾਨ) ਵਿਚ ਸ਼ਹੀਦ ਹੋ ਗਿਆ ਸੀ। ਉਸ ਦੀ ਦੇਹ ਪਿੰਡ ਜੌਹਲੀਂ ਲਿਆਂਦੀ ਗਈ ਅਤੇ ਲੋਕਾਂ ਨੇ ਪਿੰਡ ਦੇ ਸ਼ਮਸ਼ਾਨਘਾਟ ਵਿਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ।
ਗਦਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਦਾ ਖਜ਼ਾਨਾ, ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਸਕੱਤਰ ਚਰੰਜੀ ਲਾਲ ਨੇ ਮੇਰੀ ਪੁਸਤਕ ‘ਬੱਬਰ ਅਕਾਲੀਆਂ ਦੀਆਂ ਜੀਵਨੀਆਂ’ ਦੇ ਪੰਨਾ 27 ਉਤੇ ਲਿਖੀ ਭੂਮਿਕਾ ਵਿਚ ਇਸ ਤਰ੍ਹਾਂ ਲਿਖਿਆ ਹੈ, “ਜਲੰਧਰ ਛਾਉਣੀ ਵੱਲੋਂ ਹੁਸ਼ਿਆਰਪੁਰ ਵਾਲੀ ਸੜਕ ਤੋਂ ਕੁੱਲੀ ਵਾਲੇ ਮਸਤ ਕਲੰਦਰ (ਜੈਤੇਵਾਲੀ) ਤੱਕ ਜਾਂਦੀ ਸੜਕ ਦਾ ਨਾਂ ਸ਼ਹੀਦ ਮੁਨਸ਼ਾ ਸਿੰਘ ਜੌਹਲ ਰੱਖਿਆ ਗਿਆ ਸੀ ਜੋ ਸਰਕਾਰੀ ਰਿਕਾਰਡ ਵਿਚ ਅਜੇ ਵੀ ਦਰਜ ਹੈ, ਪਰ ਸਿਆਸੀ ਪਹੁੰਚ ਵਾਲੇ ਕੁਝ ਸਥਾਨਕ ਵਿਅਕਤੀਆਂ ਨੇ ਇਸ ਨੂੰ ਸੰਤ ਕਪੂਰ ਸਿੰਘ ਮਾਰਗ ਬਣਾ ਦਿੱਤਾ ਹੈ। ਉਨ੍ਹਾਂ ਮਹਾਨ ਸ਼ਹੀਦਾਂ ਪ੍ਰਤੀ ਇਹ ਅਕ੍ਰਿਤਘਣਤਾ ਦਾ ਪ੍ਰਮਾਣ ਹੈ।”