ਇਕ ਜ਼ਮਾਨੇ ਦੇ ਨਾਮੀ ਨਿਰਮਾਤਾ-ਨਿਰਦੇਸ਼ਕ ਸੁਲਤਾਨ ਅਹਿਮਦ ਨੂੰ ਡਾਕੂ ਵਿਸ਼ੇ ‘ਤੇ ਹੀ ਫ਼ਿਲਮਾਂ ਬਣਾਉਣਾ ਚੰਗਾ ਲਗਦਾ ਸੀ। ਉਨ੍ਹਾਂ ਨੇ ਜਿੰਨੀਆਂ ਵੀ ਫ਼ਿਲਮਾਂ ਬਣਾਈਆਂ, ਉਹ ਸਾਰੀਆਂ ਡਾਕੂ ਪ੍ਰਧਾਨ ਫ਼ਿਲਮਾਂ ਸਨ। ਹੁਣ ਇਕ ਨਿਰਮਾਤਾ ਕ੍ਰਿਸ਼ਨਾ ਮਿਸ਼ਰਾ ਹਨ ਜਿਨ੍ਹਾਂ ਨੂੰ ਅਸਲ ਡਾਕੂਆਂ ਨੂੰ ਲੈ ਕੇ ਫ਼ਿਲਮਾਂ ਬਣਾਉਣਾ ਪਸੰਦ ਹੈ। ਉਨ੍ਹਾਂ ਨੇ ਆਪਣੀ ਪਹਿਲਾਂ ਵਾਲੀ ਫ਼ਿਲਮ ‘ਵੁੰਡੇਡ’ ਵਿਚ ਇਕ ਜ਼ਮਾਨੇ ਦੀ ਮਸ਼ਹੂਰ ਔਰਤ ਡਾਕੂ ਸੀਮਾ ਪਰਿਹਾਰ ਨੂੰ ਚਮਕਾਇਆ ਸੀ। ਹੁਣ ਕ੍ਰਿਸ਼ਨਾ ਮਿਸ਼ਰਾ ਨੇ ‘ਬੀਹੜ’ ਬਣਾਈ ਹੈ ਤੇ ਇਸ ਵਿਚ ਦੋ ਅਸਲ ਡਾਕੂ ਮਾਨ ਸਿੰਘ ਤੇ ਰੇਣੂ ਯਾਦਵ ਤੋਂ ਅਭਿਨੈ ਕਰਵਾਇਆ ਹੈ।
ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਇਹ ਫ਼ਿਲਮ ਇਨ੍ਹਾਂ ਦੋ ਡਾਕੂਆਂ ਦੀ ਜ਼ਿੰਦਗੀ ‘ਤੇ ਆਧਾਰਤ ਹੈ। ਆਪਣੀ ਇਸ ਫ਼ਿਲਮ ਵਿਚ ਉਨ੍ਹਾਂ ਨੇ 1975 ਤੋਂ ਲੈ ਕੇ 2005 ਦੇ ਸਮੇਂ ਦੀ ਕਹਾਣੀ ਪੇਸ਼ ਕੀਤੀ ਹੈ। ਇਹ ਉਹ ਸਮਾਂ ਸੀ ਜਦੋਂ ਚੰਬਲ ਦੀਆਂ ਘਾਟੀਆਂ ਵਿਚ ਡਾਕੂਆਂ ਦੇ ਕੁਝ ਗਰੋਹਾਂ ਦੀ ਬਹੁਤ ਧਾਂਕ ਸੀ। ਇਸ ਰਾਹੀਂ ਉਨ੍ਹਾਂ ਨੇ ਇਸ ਫ਼ਿਲਮ ਵਿਚ ਨਿਰਭਰ ਸਿੰਘ ਗੁੱਜਰ, ਕੁਸੁਮਾ ਨਾਈਨ, ਚੰਦਨ ਯਾਦਵ, ਫੂਲਨ ਦੇਵੀ, ਰੇਣੂ ਯਾਦਵ, ਮਾਨ ਸਿੰਘ, ਫੱਕੜ ਬਾਬਾ, ਲਾਲਾ ਸ੍ਰੀਰਾਮ, ਰਾਮਦੀਨ ਗੁੱਜਰ ਆਪਣੇ ਜ਼ਮਾਨੇ ਦੇ ਨਾਮੀ ਡਾਕੂਆਂ ਦੇ ਜੀਵਨ ਪ੍ਰਸੰਗ ਪੇਸ਼ ਕੀਤੇ ਹਨ।
ਆਪਣੀ ਇਸ ਫ਼ਿਲਮ ਦੀ ਸ਼ੂਟਿੰਗ ਉਨ੍ਹਾਂ ਨੇ ਡਾਕੂਆਂ ਵਾਲੇ ਇਲਾਕੇ ਭਾਵ ਭੀਂਡ, ਇਟਾਵਾ, ਮੁਰੈਨਾ ਥਾਵਾਂ ‘ਤੇ ਕੀਤੀ ਹੈ। ਡਾਕੂਆਂ ਤੋਂ ਅਭਿਨੈ ਕਰਵਾਉਣ ਦੇ ਤਜਰਬੇ ਬਾਰੇ ਕਹਿਣਾ ਹੈ ਕਿ ਡਾਕੂ ਭਾਵੇਂ ਖ਼ਤਰਨਾਕ ਦਿਸਦੇ ਹੋਣ ਪਰ ਕੈਮਰਾ ਚਾਲੂ ਹੁੰਦਿਆਂ ਹੀ ਉਹ ਭਿੱਜੀ ਬਿੱਲੀ ਵਾਂਗ ਬਣ ਜਾਂਦੇ ਹਨ। ਉਨ੍ਹਾਂ ਨੂੰ ਕੈਮਰੇ ਦਾ ਤਰਜਬਾ ਨਹੀਂ ਹੁੰਦਾ ਤੇ ਇਸ ਲਈ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਕੈਮਰੇ ਸਾਹਮਣੇ ਕਿਸ ਢੰਗ ਦੇ ਹਾਵ-ਭਾਵ ਪ੍ਰਗਟ ਕਰਨ ਜਾਂ ਕਿਸ ਢੰਗ ਦਾ ਦਿਖਾਈ ਦੇਣ।
ਡਾਕੂਆਂ ਨੂੰ ਐਕਟਿੰਗ ਕਰਨੀ ਨਹੀਂ ਆਉਂਦੀ, ਇਸ ਦੇ ਬਾਵਜੂਦ ਉਹ ਆਪਣੀ ਫ਼ਿਲਮ ਵਿਚ ਅਸਲ ਡਾਕੂਆਂ ਨੂੰ ਇਸ ਲਈ ਲੈਣਾ ਪਸੰਦ ਕਰਦੇ ਹਨ ਤਾਂ ਕਿ ਉਨ੍ਹਾਂ ਦੀ ਹਾਜ਼ਰੀ ਦੀ ਬਦੌਲਤ ਫ਼ਿਲਮ ਵਿਚ ਅਸਲੀਅਤ ਨਜ਼ਰ ਆਉਂਦੀ ਹੈ ਤੇ ਫ਼ਿਲਮ ਵਿਚ ਵੱਖਰੇ ਢੰਗ ਦੀ ਅਪੀਲ ਨਜ਼ਰ ਆਉਂਦੀ ਹੈ।
Leave a Reply