ਸਰੋਕਾਰਾਂ ਦੀ ਸਤਰੰਗੀ ‘ਕਾਇਆ ਦੀ ਕੈਨਵਸ’

ਜਤਿੰਦਰ ਰੰਧਾਵਾ
ਫੋਨ: 647-982-2390
ਡਾ. ਗੁਰਬਖਸ਼ ਸਿੰਘ ਭੰਡਾਲ ਬਾਰੇ ਲਿਖਣਾ ਮੇਰੇ ਵਰਗੇ ਇਨਸਾਨ ਲਈ ਸੂਰਜ ਨੂੰ ਦੀਵਾ ਦਿਖਾਉਣ ਵਾਂਗ ਹੈ। ‘ਕਾਇਆ ਦੀ ਕੈਨਵਸ’ ਦੇ ਰੂਪ ਵਿਚ ਉਨ੍ਹਾਂ ਦੀ ਅਲੋਕਾਰੀ ਕਿਰਤ ਮੇਰੇ ਹੱਥਾਂ ਵਿਚ ਹੈ ਅਤੇ ਇਹ ਕਿਤਾਬ ਪੜ੍ਹਦਿਆਂ ਅਤੇ ਪੜ੍ਹਨ ਤੋਂ ਬਾਅਦ ਵਾਰ ਵਾਰ ਮੇਰੇ ਮਨ-ਅੰਤਰ ਵਿਚ ਇਹੀ ਖਿਆਲ ਉਭਰ ਕੇ ਆ ਰਿਹਾ ਹੈ ਕਿ ‘ਕੀ ਵਾਰਤਕ ਇੰਜ ਵੀ ਲਿਖੀ ਜਾ ਸਕਦੀ ਹੈ?’ ਵਿਗਿਆਨ ਅਤੇ ਸਾਹਿਤ ਦਾ ਇੰਨਾ ਸੋਹਣਾ ਸੁਮੇਲ, ਕਵਿਤਾ ਵਰਗੀ ਕੋਮਲਤਾ ਅਤੇ ਸੁਹਜ ਦਾ ਨਿਰੰਤਰ ਵਗਦਾ ਝਰਨਾ।

ਜਿਵੇਂ ਜਿਵੇਂ ਮੈਂ ‘ਕਾਇਆ ਦੀ ਕੈਨਵਸ’ ਵਿਚਲੇ ਸੁਹਜ ਵਿਚ ਉਤਰਦੀ ਜਾਂਦੀ ਹਾਂ, ਤਿਵੇਂ ਤਿਵੇਂ ਇਸ ਵਿਚਲਾ ਸੋਹਜ, ਸੂਝ-ਬੂਝ, ਗਿਆਨ, ਰੂਹਾਨੀਅਤ, ਕਾਵਿ-ਰਸ ਅਤੇ ਉਭਰਵੀਂ ਸੁਰ ਵਿਚ ਵਿਗਿਆਨ ਮੈਨੂੰ ਕੀਲੀ ਜਾਂਦਾ ਹੈ। ਜਿਵੇਂ ਜਿਵੇਂ ਮੈਂ ਇਸ ਰਚਨਾ-ਵਸਤੂ ਦੀਆਂ ਰੰਗ-ਬਰੰਗੀਆਂ ਤੰਦਾਂ ਨੂੰ ਫੜ੍ਹਨ ‘ਤੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਇਸ ਵਿਚਲਾ ਸ਼ਬਦ-ਸੰਗੀਤ ਅਤੇ ਗੂੜ-ਗਿਆਨ ਮੈਨੂੰ ਆਪਣੇ ਕਲਾਵੇ ਵਿਚ ਲੈਂਦਾ ਪ੍ਰਤੀਤ ਹੁੰਦਾ ਹੈ। ਅਜਿਹਾ ਅਲੋਕਾਰੀ ਅਨੁਭਵ ਮੈਨੂੰ ਪਹਿਲਾਂ ਕਦੇ ਨਹੀਂ ਸੀ ਹੋਇਆ ਕਿ ਕਿਸੇ ਕਿਤਾਬ ਬਾਰੇ ਮੈਨੂੰ ਕੁਝ ਲਿਖਣਾ ਪਵੇ ਤੇ ਮੇਰੇ ਕੋਲ ਸ਼ਬਦ ਹੀ ਨਾ ਹੋਣ ਅਤੇ ਮੈਨੂੰ ਆਪਣੀ ਸਮਰੱਥਾ ‘ਤੇ ਸ਼ੱਕ ਜਿਹਾ ਹੋਣ ਲੱਗ ਪਵੇ।
ਵਿਗਿਆਨੀਆਂ ਅਤੇ ਰੂਹਾਨੀਅਤ ਨਾਲ ਸਰੋਬਾਰ ਮਾਹਿਰਾਂ ਲਈ ਭਾਵੇਂ ਇਹ ਪੁਸਤਕ ਮੇਰੀ ਸਮਝ ਨਾਲੋਂ ਵੱਖਰੀ ਹੋਵੇ ਜਾਂ ਸੁਖਾਲੀ ਪਕੜ ਵਿਚ ਆ ਜਾਣ ਵਾਲੀ ਹੋਵੇ, ਪਰ ਮੇਰੀ ਜਾਚੇ ਇਹ ਆਪਣੀ ਕਿਸਮ ਦੀ ਪਹਿਲੀ ਅਲੋਕਾਰੀ ਰਚਨਾ ਹੈ ਜਿਸ ਵਿਚ ਵਾਰਤਕ, ਵਿਗਿਆਨ, ਕਵਿਤਾ, ਧਰਮ, ਲੋਕ-ਸਾਹਿਤ ਅਤੇ ਫਿਲਾਸਫੀ ਦਾ ਇੰਦਰ-ਧਨੁਸ਼ੀ ਸੁਮੇਲ ਹੈ ਜੋ ਪੰਜਾਬੀ ਸਾਹਿਤ ਨੂੰ ਆਪਣੀ ਸਤਰੰਗੀ ਆਭਾ ਨਾਲ ਸ਼ਰਸਾਰ ਕਰ ਦੇਵੇਗਾ।
ਮੈਂ ਗੁਰਬਖਸ਼ ਸਿੰਘ ਭੰਡਾਲ ਨੂੰ ਹਾਲੇ ਦੋ ਕੁ ਵਾਰ ਹੀ ਮਿਲੀ ਹਾਂ ਅਤੇ ਉਹ ਵੀ ਸਮਾਗਮ ਦੌਰਾਨ ਕੇਵਲ ਚਾਰ-ਪੰਜ ਮਿੰਟ ਲਈ। ਪਰ ਇੰਨੇ ਸਮੇਂ ਵਿਚ ਹੀ ਉਨ੍ਹਾਂ ਦੀ ਵਿਦਵਤਾ, ਸ਼ਾਂਤ ਤੇ ਨਿੱਘਾ ਸੁਭਾਅ, ਸ਼ਬਦਾਂ ‘ਤੇ ਉਨ੍ਹਾਂ ਦੀ ਪਕੜ ਅਤੇ ਸਾਹਿਤਕ ਅਮੀਰੀ ਨੇ ਮੇਰੇ ਉਪਰ ਡੂੰਘਾ ਪ੍ਰਭਾਵ ਸਿਰਜਿਆ ਹੈ। ਉਨ੍ਹਾਂ ਦਾ ਉਤਮ ਕਿਰਦਾਰ, ਉਚੇ ਵਿਚਾਰ, ਸੁੱਚਾ ਵਿਹਾਰ ਅਤੇ ਵਿਗਿਆਨ ਤੇ ਸਾਹਿਤ ਪ੍ਰਤੀ ਉਨ੍ਹਾਂ ਦੀ ਦ੍ਰਿੜ ਲਗਨ ਹਰ ਇਕ ‘ਤੇ ਸਹਿਜੇ ਹੀ ਅਨੂਠਾ ਪ੍ਰਭਾਵ ਛੱਡਦੀ ਹੈ। ਇਹੀ ਕੁਝ ਉਨ੍ਹਾਂ ਦੀ ਲੇਖਣੀ ਤੋਂ ਪ੍ਰਤੱਖ ਹੁੰਦਾ ਹੈ। ਪੁਸਤਕ ‘ਕਾਇਆ ਦੀ ਕੈਨਵਸ’ ਉਨ੍ਹਾਂ ਦੀਆਂ ਹੁਣ ਤੱਕ ਦੀਆਂ ਰਚੀਆਂ ਪੁਸਤਕਾਂ (ਵਾਰਤਕ, ਕਵਿਤਾ, ਸਫਰਨਾਮਾ) ਵਿਚੋਂ ਸਿਖਰਲੀ ਪੱਧਰ ‘ਤੇ ਹੈ। ਨਾ ਕੇਵਲ ਉਨ੍ਹਾਂ ਦੀਆਂ ਰਚਨਾਵਾਂ ਵਿਚੋਂ, ਸਗੋਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਾਹਿਤ ਵਿਗਿਆਨ ਦੇ ਸੋਹਣੇ ਸੁਮੇਲ ਦੀ ਇਹ ਪੰਜਾਬੀ ਸਾਹਿਤ ਦੀ ਸਿਖਰ ਹੈ।
ਡਾ. ਭੰਡਾਲ ਨੇ ਮਨੁੱਖੀ ਕਾਇਆ ਦੇ ਸਾਰੇ ਅੰਗਾਂ ਤੇ ਉਨ੍ਹਾਂ ਦੀ ਉਪਯੋਗਤਾ ਦਾ ਇਸ ਖੂਬਸੂਰਤੀ ਨਾਲ ਵਰਣਨ ਕੀਤਾ ਹੈ ਕਿ ਪਾਠਕ ਦੀ ਪੁਸਤਕ ਪੜ੍ਹਨ ਦੀ ਜਗਿਆਸਾ ਹੋਰ ਵਧਦੀ ਜਾਂਦੀ ਹੈ। ਉਨ੍ਹਾਂ ਇਸ ਪੁਸਤਕ ਵਿਚ ਜਿਥੇ ਸਮੂਹ ਅੰਗਾਂ ਦੀ ਕਾਰਗੁਜ਼ਾਰੀ ਦਾ ਵੱਖੋ-ਵੱਖਰੇ ਨਜ਼ਰੀਏ ਤੋਂ ਵਰਣਨ ਕੀਤਾ ਹੈ, ਉਥੇ ਰੂਹ ਅਤੇ ਸਰੀਰ ਦੇ ਰੂਹਾਨੀਅਤ ਸੁਮੇਲ ਦੀ ਗੱਲ ਵੀ ਬਹੁਤ ਸੋਹਣੀ ਤਰ੍ਹਾਂ ਕੀਤੀ ਹੈ। ਇਕ ਪਲ ਵਿਚ ਉਹ ਸਰੀਰਕ ਵਿਸ਼ੇਸ਼-ਅੰਗ ਦੀ ਗੱਲ ਕਰਦਿਆਂ, ਉਸ ਦੀ ਉਪਯੋਗਤਾ ਦੀ ਸਧਾਰਨ ਅਵਸਥਾ ਤੋਂ ਲੈ ਕੇ ਕਦੋਂ ਧਰਮ-ਸ਼ਾਸਤਰ, ਲੋਕ-ਸ਼ਾਸਤਰ ਅਤੇ ਗਿਆਨ-ਸ਼ਾਸਤਰ ਨਾਲ ਜੋੜ ਦਿੰਦੇ ਹਨ, ਪਤਾ ਹੀ ਨਹੀਂ ਲੱਗਦਾ। ਪਾਠਕ ਸੋਚਦਾ ਹੀ ਰਹਿ ਜਾਂਦਾ ਹੈ ਕਿ ਵਿਗਿਆਨ ਐਨਾ ਖੂਬਸੂਰਤ ਵੀ ਹੋ ਸਕਦਾ ਹੈ! ਸਾਡੀ ਕਾਇਆ ਵਿਚ ਬਿਰਾਜਮਾਨ ਅੰਗ ਅਹਿਮ ਤਾਂ ਹਨ ਪਰ ਉਨ੍ਹਾਂ ਦੀ ਮਹੱਤਤਾ ਜੀਵਨ ਦੇ ਹਰ ਪੱਖ ਵਿਚ ਕਿਵੇਂ ਵਿਸ਼ੇਸ਼ ਹੈ, ਭਾਵੇਂ ਉਹ ਭੌਤਿਕ, ਮਨੋਵਿਗਿਆਨਕ ਜਾਂ ਅਹਿਸਾਸ ਪੱਧਰ ‘ਤੇ ਹੋਵੇ ਜਾਂ ਰੂਹਾਨੀਅਤ ਤੇ ਧਾਰਮਿਕ ਸੰਦਰਭ ਵਿਚ ਹੋਵੇ, ਉਨ੍ਹਾਂ ਦਾ ਵਿਸ਼ਲੇਸ਼ਣ ਕਮਾਲ ਦਾ ਹੈ। ਮਿਸਾਲ ਵਜੋਂ ਡਾ. ਭੰਡਾਲ ‘ਸਿਰ-ਸਿਹਰਾ’ ਵਿਚ ਕਾਇਆ ਦੇ ਸਿਰਮੌਰ ਅੰਗ ਦੀ ਮਹੱਤਤਾ ਦਾ ਵਿਸ਼ਲੇਸ਼ਣ ਕਰਦਿਆਂ ਕਦੋਂ ਉਸ ਨੂੰ ਸਮਾਜਿਕ ਆਦਰਸ਼ ਨਾਲ ਜੋੜ ਦਿੰਦੇ ਹਨ ਅਤੇ ਚਿੰਤਨ, ਸਾਹਿਤ, ਵਿਗਿਆਨ ਤੇ ਸੂਝਬੂਝ ਕਦੋਂ ਇਕਮਿਕ ਹੋ ਜਾਂਦੇ ਹਨ, ਪਤਾ ਹੀ ਨਹੀਂ ਲੱਗਦਾ। ਇਹ ਵਾਰਤਕ ਨਮੂਨਾ ਉਨ੍ਹਾਂ ਦੀ ਇਸ ਜੁਗਤ ਦੀ ਪ੍ਰਤੱਖ ਮਿਸਾਲ ਹੈ;
“ਕਲੇ ‘ਕਲੇ ਸਿਰਾਂ ਨੂੰ ਕੌਣ ਪੁੱਛਦਾ? ਪਰ ਜਦ ਸਿਰ, ਸਿਰਾਂ ਨਾਲ ਜੁੜ ਕੇ ਸੋਚ, ਸਲਾਹ, ਸਦਭਾਵਨਾ ਅਤੇ ਸਮਰਪਣ ਲਈ ਪ੍ਰਤੀਬੱਧ ਹੋ, ਅਕੀਦੇ ਦੀ ਪੂਰਨਤਾ ਲਈ ਕਸਮ ਬਣਦੇ ਤਾਂ ਲੋਕ-ਲਹਿਰ ਰਾਹੀਂ ਨਵੇਂ ਸਮਾਜ, ਕੌਮ ਜਾਂ ਸਭਿਅਤਾ ਦੀ ਪਹਿਲੀ ਪਉੜੀ ਬਣਦੇ। ਨਸਲਾਂ ਅਤੇ ਨੀਂਹਾਂ ਸੰਦਲੀ ਰੰਗ ਵਿਚ ਰੰਗੀਆਂ ਜਾਂਦੀਆਂ।”
ਉਨ੍ਹਾਂ ਦੀ ਸ਼ੈਲੀ ਕਾਵਿਕ ਹੈ। ਵਾਰਤਕ ਕਵਿਤਾ ਦਾ ਭੁਲੇਖਾ ਪਾਉਂਦੀ ਜਾਪਦੀ ਹੈ। ਸ਼ਬਦ ਅਲੌਕਿਕ ਹਨ। ਚਾਰ-ਚੁਫੇਰੇ ਰੰਗ ਘੋਲਦੇ ਪ੍ਰਤੀਤ ਹੁੰਦੇ ਹਨ। ਵਿਦਵਤਾ ਦਾ ਖਜ਼ਾਨਾ ਡਾ. ਭੰਡਾਲ ਆਪਣੀ ਵਾਰਤਕ ਵਿਚ ਅਰਥਾਂ ਦੀਆਂ ਅਨੰਤ ਸੰਭਾਵਨਾਵਾਂ ਸਿਰਜਦੇ ਪ੍ਰਤੀਤ ਹੁੰਦੇ ਹਨ। ਜਿਵੇਂ ਉਹ ਆਪ ਬੋਲਦੇ ਹਨ, ਉਂਜ ਹੀ ਉਨ੍ਹਾਂ ਦੀ ਵਾਰਤਕ ਆਪ ਮੁਹਾਰੇ ਸੰਵਾਦ ਰਚਾਉਂਦੀ ਹੈ। ਸ਼ਬਦਾਂ ਅਤੇ ਵਾਕ ਬਣਤਰ ਦੀ ਅਮੀਰੀ ਖਾਸ ਉਨ੍ਹਾਂ ਦੇ ਹੀ ਹਿੱਸੇ ਆਈ ਹੈ। ਮਿਸਾਲ ਵਜੋਂ ਵਾਰਤਕ ਟੋਟਾ ਪੇਸ਼ ਹੈ:
“ਜਦ ਕੋਈ ਜੋਰਾਵਰ ਧੀ-ਭੈਣ ਦੀ ਇੱਜਤ ਸ਼ੱਰ੍ਹੇਆਮ ਨੀਲਾਮ ਕਰੇ, ਸੱਤਾਂ ਪਰਦਿਆਂ ਵਿਚ ਲਪੇਟੀ ਪੱਤ ਚੌਗਿਰਦੇ ਵਿਚ ਬੇ-ਪਰਦ ਹੋ ਜਾਵੇ ਜਾਂ ਆਪਣੇ ਹੀ ਹਿੱਕ ਵਿਚ ਖੁੱਭਿਆ ਕਬਰੀ-ਕਿੱਲ ਬਣ ਜਾਣ ਤਾਂ ਨੱਕ ਆਪਣੀ ਸਮਾਜਿਕ ਹੋਂਦ ਤੇ ਪਹਿਚਾਣ ਨੂੰ ਕੋਸਦਾ, ਆਪਣੀ ਮੌਤੇ ਖੁਦ ਮਰ ਜਾਂਦਾ।”
ਇਸ ਪੁਸਤਕ ਵਿਚਲੀ ਵਾਰਤਕ-ਸ਼ੈਲੀ ਜਿਥੇ ਸਰੀਰਕ ਵਿਗਿਆਨ ਦੀਆਂ ਗੁੱਝੀਆਂ ਪਰਤਾਂ ਖੋਲ੍ਹਦੀ ਜਾਂਦੀ ਹੈ, ਉਥੇ ਰਚਨਹਾਰੇ ਦੀ ਸਿਰਜੀ ਕਾਇਆ ਅਤੇ ਬਹੁਪੱਖੀ ਪਸਾਰੇ ਦੀ ਬਾਤ ਵੀ ਨਾਲੋ-ਨਾਲ ਪਾਈ ਜਾਂਦੀ ਹੈ। ਜਿਥੇ ਸਰੀਰਕ ਵਿਗਿਆਨ ਰਾਹੀਂ ਸਮੁੱਚੇ ਸਰੀਰ ਦੀ ਕਾਰਜਸ਼ੀਲਤਾ ਦਾ ਸੋਹਣਾ ਵਿਸਥਾਰ ਪੇਸ਼ ਕੀਤਾ ਗਿਆ ਹੈ, ਉਥੇ ਕਰਤੇ ਦੀਆਂ ਗੁੱਝੀਆਂ ਦਾਤਾਂ ਦਾ ਕਾਵਿ-ਮਈ ਅਤੇ ਰੂਹਾਨੀ ਉਸਤਤ ਗਾਥਾ ਵੀ ਬਾਖੂਬੀ ਪੇਸ਼ ਕੀਤੀ ਗਈ ਹੈ:
“ਕੁਦਰਤ ਵੀ ਅਜੀਬ ਏ ਅਤੇ ਅਜ਼ਬ ਏ ਮਨੁੱਖ ਦੀ ਸਰੀਰਕ ਬਣਤਰ। ਦੋ ਅੱਖਾਂ, ਦੋ ਕੰਨ, ਦੋ ਹੱਥ ਅਤੇ ਦੋ ਪੈਰਾਂ ਦੀ ਸੌਗਾਤ, ਮਨੁੱਖ ਦੀ ਝੋਲੀ ਪਾਉਣ ਵਾਲੀ ਕੁਦਰਤ ਨੇ ਸਿਰਫ ਇਕ ਮੂੰਹ ਅਤੇ ਇਕ ਹੀ ਜੁ.ਬਾਨ ਦਿੱਤੀ ਏ ਤਾਂ ਕਿ ਮਨੁੱਖ ਵੱਧ ਦੇਖੇ, ਜ਼ਿਆਦਾ ਸੁਣੇ, ਰੱਜ ਕੇ ਕਾਰ ਕਰੇ, ਸਾਬਤ ਕਦਮੀਂ ਮੰਜ਼ਿਲਾਂ ਦੀ ਪੈੜ ਸਿਰਜੇ ਪਰ ਇਕ ਮੂੰਹ ਹੋਣ ਕਾਰਨ ਘੱਟ ਖਾਵੇ ਤੇ ਇਕ ਜ਼ੁਬਾਨ ਹੋਣ ਕਾਰਨ ਸੋਚ-ਸਮਝ ਕੇ ਘੱਟ ਪਰ ਸੰਤੁਲਤ ਬੋਲੇ। ਕੁਦਰਤ ਨੇ ਚਿਰ-ਸੰਜੀਵਤਾ ਅਤੇ ਸੁੰਦਰ ਜੀਵਨ-ਜਾਚ ਦਾ ਰਾਜ਼, ਸੁਚੇਤ ਰੂਪ ਵਿਚ ਮਨੁੱਖ ਦੀ ਝੋਲੀ ਵਿਚ ਬਖਸ਼ਿਸ਼ ਕੀਤਾ ਹੈ। ਲੋੜ ਸਿਰਫ ਮਨੁੱਖ ਨੂੰ ਸਮਝਣ ਦੀ ਹੈ।” (ਪੰਨਾ 25)
‘ਕਾਇਆ ਦੀ ਕੈਨਵਸ’ ਵਿਚ ਲੇਖਕ ਗਲਪ ਅਤੇ ਤੱਥ ਦੀਆਂ ਸੀਮਾਵਾਂ ਨੂੰ ਤੋੜਦਾ ਪ੍ਰਤੀਤ ਹੁੰਦਾ ਹੈ। ਵਿਗਿਆਨ ਅਤੇ ਗਲਪ ਇਕ ਹੁੰਦੇ ਜਾਪਦੇ ਹਨ। ਉਹ ਨਿਰਾ ਸ਼ਬਦਾਂ ਦਾ ਮਾਇਆ ਜਾਲ ਹੀ ਨਹੀਂ ਸਿਰਜਦਾ ਸਗੋਂ ਤਰਕ ਅਤੇ ਦਲੀਲ ਰਾਹੀਂ ਸਿੱਧ ਵੀ ਕਰਦਾ ਹੈ। ਕਦੀ ਕਦੀ ਤਾਂ ਵਿਦਵਤਾ ਅਤੇ ਬੌਧਿਕਤਾ ਦੇ ਸਿਖਰ ਵਿਚੋਂ ਵਿਚਰਦੀ ਇਹ ਪੁਸਤਕ ਇਕ ਵਾਰਤਕ ਪੁਸਤਕ ਦੇ ਨਾਲ ਨਾਲ ਇਕ ਗਾਈਡ ਜਾਪਣ ਲੱਗ ਪੈਂਦੀ ਹੈ। ਲੇਖਕ ਆਪਣੀ ਇਸ ਅਦਭੁੱਤ ਅਤੇ ਮਨਮੋਹਣੀ ਸ਼ੈਲੀ ਕਾਰਨ ਵਰਤਮਾਨ ਅਤੇ ਅਤੀਤ ਦੇ ਲੇਖਕਾਂ ਤੇ ਸਾਹਿਤਕਾਰਾਂ ਨਾਲੋਂ ਵੱਖਰੀ ਅਤੇ ਨਿਵੇਕਲੀ ਸ਼੍ਰੇਣੀ ਵਿਚ ਆ ਖੜ੍ਹਾ ਹੁੰਦਾ ਹੈ। ‘ਕਾਇਆ ਦੀ ਕੈਨਵਸ’ ਉਸ ਨੂੰ ਦੂਜੇ ਸਾਹਿਤਕਾਰਾਂ ਨਾਲੋਂ ਵੱਖਰਾ ਸਥਾਪਤ ਕਰਦੀ ਹੈ।
ਇਸ ਪੁਸਤਕ ਵਿਚ ਗੁਰਬਾਣੀ ਅਤੇ ਗੁਰ-ਇਤਿਹਾਸ ਵਿਚੋਂ ਲਏ ਗਏ ਦ੍ਰਿਸਟ.ਾਂਤ ਤੇ ਹਵਾਲੇ ਸਾਨੂੰ ਜਿਥੇ ਸਿੱਖ ਵਿਰਸੇ, ਗੁਰੂ ਸਾਹਿਬਾਨ ਦੀ ਜੀਵਨ-ਜਾਚ ਨਾਲ ਜੋੜਦੇ ਹਨ, ਉਥੇ ਲੋਕ ਆਦਰਸ਼, ਸਮਾਜਿਕ ਯਥਾਰਥ ਅਤੇ ਆਮ ਜੀਵਨ ਦੀ ਕਾਰਜ ਸ਼ੈਲੀ ਨਾਲ ਵੀ ਜੋੜੀ ਰੱਖਦੇ ਹਨ। ਇਸ ਪੁਸਤਕ ਵਿਚੋਂ ਨਿਕਲਦੀਆਂ ਸਾਕਾਰਾਤਮਕ ਤਰੰਗਾਂ ਜਿਥੇ ਸਾਨੂੰ ਸਰੀਰਕ ਗਿਆਨ-ਵਿਗਿਆਨ ਨਾਲ ਜੋੜਦੀਆਂ ਹਨ, ਉਥੇ ਉਨ੍ਹਾਂ ਨੂੰ ਸਮਝਣ ਅਤੇ ਉਨ੍ਹਾਂ ਤੋਂ ਯਥਾਯੋਗ ਕੰਮ ਲੈਣ ਭਾਵ ਅਸਲੀ ਮਨੋਰਥ ਨਾਲ ਵੀ ਜੋੜਦੀਆਂ ਹਨ। ਇਹ ਪੁਸਤਕ ਬਹੁਤ ਵਿਸਥਾਰ ਨਾਲ ਸਾਡੇ ਮੈਟਾਫਿਜ਼ੀਕਲ ਮਨ ਅਤੇ ਸਰੀਰ ਤੋਂ ਜਾਣੂ ਕਰਵਾਉਂਦੀ ਹੈ।
ਹੇਠ ਲਿਖਿਆ ਵਾਰਤਕ ਟੁੱਕੜਾ ‘ਮਨ’ ਸਿਰਲੇਖ ਅਧੀਨ ਆਏ ਵਿਚਾਰਾਂ ਦੀ ਪੇਸ਼ਕਾਰੀ ਕਰਦਾ ਉਤਮ ਨਮੂਨਾ ਕਿਹਾ ਜਾ ਸਕਦਾ ਹੈ। ਇਸ ਵਿਚ ਗੁਰੂ ਅਮਰ ਦਾਸ ਜੀ ਵਲੋਂ ਆਖੇ ਗਏ ਬੋਲਾਂ ਦੁਆਰਾ ਲੇਖਕ ਧਰਮ-ਸ਼ਾਸ਼ਤਰ ਰਾਹੀਂ ਮਨ ਨੂੰ ਰਾਹੇ ਪਾਉਣ ਦੀ ਜਾਚ ਦੱਸਦਾ ਪ੍ਰਤੀਤ ਹੁੰਦਾ ਹੈ, “ਗੁਰੂ ਅਮਰ ਦਾਸ ਜੀ ਦੇ ਪੰਡਿਤ ਬੇਣੀ ਨਾਮੇ ਨੂੰ ਆਖੇ ਬੋਲ ‘ਇਹ ਮਨ ਗਿਰਹੀ ਕਿ ਇਹ ਮਨ ਉਦਾਸੀ॥ ਕਿ ਇਹ ਮਨ ਅਵਗੁਨ ਸਦਾ ਅਵਿਨਾਸੀ॥ ਕਿ ਇਹ ਮਨ ਚੰਚਲ ਕਿ ਇਹ ਮਨ ਬੈਰਾਗ॥ ਇਸ ਮਨ ਕਊ ਮਮਤਾ ਕਿਥਹੁ ਲਾਗੀ॥ ਪੰਡਿਤ ਇਸ ਮਨ ਕਾ ਕਰਹੁ ਬੀਚਾਰ॥ ਅਵਰੁ ਕਿ ਬਹੁਤਾ ਪੜਹਿ ਉਠਾਵਹਿ ਡਾਰ॥’ ਪੰਡਿਤ ਬੇਣੀ ਦੇ ਮਨ ਦੀ ਸੂਖਮਤਾ ਫਰੋਲਦੇ, ਹਰੇਕ ਮਨੁੱਖ ਦੇ ਹੰਕਾਰੇ ਮਨ ‘ਤੇ ਕਾਬੂ ਪਾਉਣ ਦੀ ਸਿੱਖਿਆ ਦਿੰਦੇ ਹਨ।”
ਡਾ. ਭੰਡਾਲ ਦਰਸ਼ਨ-ਸ਼ਾਸਤਰ ਰਾਹੀਂ ਮਨ ਦੀ ਚੰਚਲ ਬਿਰਤੀ ਦੀ ਤਰਜ਼ਮਾਨੀ ਕਰਦੇ, ਕਿੰਨਾ ਸੋਹਣਾ ਲਿਖਦੇ ਹਨ, “ਮਨ-ਮਾਰਗ ‘ਤੇ ਤੁਰਨਾ ਸਭ ਤੋਂ ਸਹਿਲ ਅਤੇ ਸਭ ਤੋਂ ਕਠਿਨ ਵੀ। ਮਨ-ਬੀਹੀ ਵਿਚ ਸੁਰਤਾਲ ਵੱਜੇ ਤਾਂ ਇਸ ਨੂੰ ਖੰਭ ਲੱਗ ਜਾਂਦੇ, ਹੂਕ ਸੁਣੇ ਤਾਂ ਗੁੰਮ-ਸੁੰਮ ਹੋ ਜਾਂਦਾ, ਹੁਲਾਸ ਵਿਚ ਹੋਵੇ ਤਾਂ ਧਰਤ ਤੇ ਅੰਬਰ ਨੂੰ ਇਕਸਾਰ ਕਰ ਜਾਂਦਾ, ਖੁਸ਼ੀ ਵਿਚ ਖੀਵਾ ਹੋਵੇ ਤਾਂ ਜੀਵਨ-ਰਾਹਾਂ ਵਿਚ ਕੇਸਰ ਛਿੜਕ ਜਾਂਦਾ।”
ਭੰਡਾਲ ਸਾਹਿਬ ਜਿਥੇ ਵਧੀਆ ਵਾਰਤਕਕਾਰ ਹਨ, ਉਥੇ ਬਿਹਤਰੀਨ ਕਵੀ ਵੀ ਹਨ, ਇਸੇ ਕਰਕੇ ਉਨ੍ਹਾਂ ਦੀ ਵਾਰਤਕ ਵੀ ਵਾਕ-ਸੁਹਜ ਖਿਲਾਰਦੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਨੂੰ ਸ਼ਬਦਾਂ ਅਤੇ ਵਾਕਾਂ ਨੂੰ ਸੋਹਣੀ ਤੇ ਆਕਰਸ਼ਕ ਤਰਤੀਬ ਵਿਚ ਜੋੜਨਾ ਆਉਂਦਾ ਹੈ। ਅੱਖਰਾਂ ਦੇ ਅੱਖਰ ਉਨ੍ਹਾਂ ਦੇ ਹੱਥਾਂ ਵਿਚੋਂ ਕਿਰ ਕਿਰ ਪੈਂਦੇ ਹਨ ਅਤੇ ਮੋਤੀਆਂ ਵਾਂਗ ਸ਼ਬਦ-ਮਾਲਾ ਜੜੀ-ਮੜੀ ਜਾਂਦੇ ਹਨ ਜੋ ਪੁਸਤਕ ਦੇ ਚੌਖਟੇ ਵਿਚ ਗਹਿਣਿਆਂ ਵਾਂਗ ਸੱਜਦੀ ਹੈ। ਵਾਰਤਕ ਨੂੰ ਰਸੀਲਾ ਬਣਾਉਣ ਲਈ ਉਹ ਸੂਫੀਆਂ, ਦਰਵੇਸ਼ਾਂ, ਗੁਰੂਆਂ, ਪੀਰਾਂ, ਵਿਗਿਆਨੀਆਂ, ਸੂਰਮਿਆਂ ਤੇ ਸ਼ਹੀਦਾਂ ਨਾਲ ਜੁੜੇ ਇਤਿਹਾਸਕ-ਮਿਥਿਹਾਸਕ ਗਲਪ ਟੋਟੇ ਵਰਤ ਕੇ ਕਹਾਣੀ-ਰਸ ਅਤੇ ਉਪਦੇਸ਼ਾਤਮਕ ਵਾਰਤਕ ਸਿਰਜਦੇ ਪ੍ਰਤੀਤ ਹੁੰਦੇ ਹਨ। ਜਿਥੇ ਉਹ ਮਨ, ਸਰੀਰ ਅਤੇ ਰੂਹ ਦੀ ਇਕਸਾਰਤਾ ਦਾ ਵਰਣਨ ਰੂਹਾਨੀ ਅਤੇ ਮਨੋਵਿਗਿਆਨਕ ਪੱਧਰ ‘ਤੇ ਕਰਦੇ ਹਨ, ਉਥੇ ਵਿਗਿਆਨਕ ਤੱਥ, ਦਲੀਲਾਂ ਨੂੰ ਵੀ ਲਾਂਭੇ ਨਹੀਂ ਕਰਦੇ। ਪੇਸ਼ ਕੀਤੇ ਗਏ ਵਿਸ਼ੇ ਜਾਂ ਵਿਚਾਰ ਨੂੰ ਪੁਸ਼ਟ ਤੇ ਪ੍ਰਮਾਣਿਕ ਕਰਨ ਲਈ ਉਹ ਲੋੜ ਪੈਣ ‘ਤੇ ਗੁਰਬਾਣੀ ਦੀਆਂ ਤੁਕਾਂ ਜਿਵੇਂ ਬਾਬਰਵਾਣੀ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਹਵਾਲੇ, ਗੁਰੂ ਅਮਰ ਦਾਸ ਜੀ ਦੇ ਬੋਲ ਪੇਸ਼ ਕਰਦੇ ਹਨ, ਉਥੇ ਬਜ਼ੁਰਗ ਜਰਨੈਲ ਬਾਬਾ ਦੀਪ ਸਿੰਘ ਦੀ ਸ਼ਹੀਦੀ ਗਾਥਾ ਰਾਹੀਂ ਗਰਦਨ ਦੇ ਅਸਲੀ ਮਨੋਰਥ ਵੀ ਬਾਖੂਬੀ ਨਾਲ ਪੇਸ਼ ਕਰਦੇ ਹਨ। ਇਸ ਪੁਸਤਕ ਰਾਹੀਂ ਜਿਥੇ ਡਾ. ਭੰਡਾਲ ਵਾਰਤਕ ਨੂੰ ਰੂਹਾਨੀਅਤ ਤੇ ਧਰਮ ਨਾਲ ਜੋੜ ਕੇ ਸਰਸ਼ਾਰ ਕਰਦੇ ਹਨ, ਉਥੇ ਲੋਕ ਚੇਤਿਆਂ ਵਿਚ ਵਸੇ ਕਾਵਿ-ਟੋਟਿਆਂ ਅਤੇ ਪ੍ਰਸਿੱਧ ਵਿਦਵਾਨਾਂ, ਵਿਗਿਆਨੀਆਂ ਅਤੇ ਗਿਆਨੀਆਂ ਦੇ ਕਥਨਾਂ ਨੂੰ ਵੀ ਵਿਭਿੰਨ ਰੰਗਾਂ ਵਿਚ ਪੇਸ਼ ਕਰਦੇ ਹਨ। ਇੰਜ ਵਿਸ਼ੇ ਦਾ ਗਿਆਨ ਅਤੇ ਪੇਸ਼ਕਾਰੀ ਦੀ ਕਲਾ ਇਕਮਿਕ ਹੋ ਕੇ ਬਹੁਰੰਗੀ ਪਸਾਰ ਸਿਰਜਦੀ ਨਜ਼ਰ ਆਉਂਦੀ ਹੈ। ਵਾਕ ਬਣਤਰ, ਮਨਮੋਹਣੀ ਜੜ੍ਹਤ, ਸ਼ਬਦਾਂ ਦੀ ਖੂਬਸੂਰਤੀ ਅਤੇ ਤਰਤੀਬ ਉਨ੍ਹਾਂ ਦੀ ਵਾਰਤਕ ਨੂੰ ਹੋਰ ਸਿੰ.ਗਾਰਦੀ ਹੈ।
ਮਿੱਠ ਬੋਲੜੇ, ਮਿਲਾਪੜੇ ਅਤੇ ਸਹਿਯੋਗੀ ਸੁਭਾਅ ਵਾਲੇ ਇਸ ਵਾਰਤਕਕਾਰ ਦੀ ਪੁਸਤਕ ਦੇ ਪਹਿਲੇ ਸਫੇ ਤੋਂ ਹੀ ਕਾਵਿ-ਸੁਹਜ ਦੇ ਹੁਲਾਰੇ ਆਉਣ ਲੱਗ ਪੈਂਦੇ ਹਨ। ਉਹ ਆਪਣੀ ਕਾਵਿਮਈ ਵਾਰਤਕ ਵਿਚ ਸਾਹਾਂ ਬਾਰੇ ਕੁਝ ਇੰਜ ਬਿਆਨ ਕਰਦਾ ਹੈ:
“ਸਾਹ ਸਾਹਾਂ ਦੀ ਕਰਨ ਇਬਾਦਤ, ਸਾਹ ਸਾਹਾਂ ਦੇ ਜਾਏ। ਸਾਹਾਂ ਦੇ ਨਗਰ ਵਸੇਂਦੇ, ਸਾਹਾਂ ਦੇ ਹਮਸਾਏ। ਸਾਹਾਂ ਵਰਗੀਆਂ ਸੋਚਾਂ ਵਿਹੜੇ, ਸਾਹ ਦੇ ਬੂਟੇ ਲਾਈਏ। ਅਤੇ ਸਾਹਾਂ ਵਿਚਲੀ ਮਰਨ ਮਿੱਟੀ ਨੂੰ, ਕਬਰਾਂ ਵਿਚ ਦਫਨਾਈਏ। ਸਾਹ ਸਮੇਂ ਦਾ ਸੁੱਚਾ ਨਗਮਾ, ਹੋਠੀਂ ਗੁਣਗੁਣਾਈਏ। ਇਸ ਦੀ ਸੱਖਣੀ ਝੋਲੀ ਦੇ ਵਿਚ, ਜੀਵਨ-ਨਾਦ ਹੀ ਪਾਈਏ।”
ਡਾ. ਭੰਡਾਲ ਇਕ ਅਜਿਹਾ ਬਹੁਗੁਣੀ ਵਿਦਵਾਨ ਹੈ ਜਿਸ ਦੀਆਂ ਸੀਮਾਵਾਂ ਇਕ ਸਾਹਿਤਕ ਕ੍ਰਿਤ ਦੇ ਰੂਪ ਵਿਚ ਸੀਮਤ ਨਹੀਂ ਕਰ ਸਕਦੇ। ਉਸ ਦੀ ਵਾਰਤਕ ਸ਼ੈਲੀ ਵੀ ਬਹੁਗੁਣੀ ਹੈ। ਉਸ ਦੇ ਬੋਲ, ਸ਼ਬਦ ਅਤੇ ਵਾਕ ਮਿੱਠੇ, ਪਿਆਰੇ, ਕੋਮਲ ਅਤੇ ਵਿਲੱਖਣ ਹਨ। ਪੁਸਤਕ ‘ਕਾਇਆ ਦੀ ਕੈਨਵਸ’ ਰਾਹੀਂ ਡਾ. ਗੁਰਬਖਸ਼ ਸਿੰਘ ਭੰਡਾਲ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪਣਾ ਨਾਮ, ਬਹੁਪੱਖੀ ਪ੍ਰਤਿਭਾਵਾਨ ਅਤੇ ਉਚਕੋਟੀ ਦੇ ਸ਼੍ਰੇਸ਼ਠ ਵਿਦਵਾਨ ਵਜੋਂ ਦਰਜ ਕਰਵਾ ਲਿਆ ਹੈ।