ਜ਼ਿੰਦਗੀ ਨਾਲ ਨੰਗੇ ਧੜ ਲੜਨ ਵਾਲਾ-ਗੁਲਜ਼ਾਰ ਸਿੰਘ ਸ਼ੌਂਕੀ

ਸੁਰਜੀਤ ਜੱਸਲ
ਫੋਨ: 91-98146-07737
ਨੀਲੀ ਪੱਗ, ਖੱਟੀ ਫਿੱਫਟੀ, ਕਲੀਆਂ ਵਾਲਾ ਕੁੜਤਾ, ਤੰਗ ਮੂਹਰੀ ਦਾ ਰੇਵ ਪਜਾਮਾ, ਪ੍ਰਕਾਸ਼ ਕੀਤੀ ਦਾਹੜੀ, ਚੌੜੀ ਪੱਟੀ ਵਾਲਾ ਗਾਤਰਾ, ਮਧਰੇ ਜਿਹੇ ਕੱਦ ਦਾ ਫੁਰਤੀਲਾ ਜਿਹਾ ਸ਼ਖਸ ਸਾਹਿਤਕ ਅਤੇ ਸੱਭਿਆਚਾਰਕ ਸਮਾਗਮਾਂ ‘ਚ ਊਰੀ ਵਾਂਗ ਘੁੰਮਦਾ ਨਜ਼ਰ ਆਵੇ ਤਾਂ ਸਮਝੋ ਇਹ ਬੰਦਾ ਗੁਲਜ਼ਾਰ ਸਿੰਘ ਸ਼ੌਕੀ ਹੈ। ਉਹ ਗੁਲਜਾਰ ਸਿੰਘ ਸ਼ੌਂਕੀ ਜਿਸ ਦਾ ਮੁਲਾਹਜਾ ਗਾਉਣ ਵਾਲਿਆਂ ਨਾਲ ਵੀ ਹੈ ਤੇ ਸਾਹਿਤਕਾਰਾਂ ਨਾਲ ਵੀ। ਲੋਕ-ਹੱਕੀ ਘੋਲਾਂ ਵਿਚ ਵੀ ਇਹ ਬੰਦਾ ਕਦੇ ਪਿੱਛੇ ਨਹੀਂ ਹਟਿਆ। ਉਹ ਮੁਲਾਜ਼ਮ ਜਥੇਬੰਦੀਆਂ ਦਾ ਵੀ ਸਿਰਕੱਢ ਬੁਲਾਰਾ ਹੈ।

ਸਾਰੀ ਜ਼ਿੰਦਗੀ ਸਰਗਰਮ ਰਹਿਣ ਵਾਲਾ ਇਹ ਬੰਦਾ ਸਮਾਜ ਲਈ ਇੱਕ ਮਿਸ਼ਾਲ ਹੋਣ ਕਰਕੇ ਨੌਜਵਾਨ ਪੀੜ੍ਹੀ ਲਈ ਇੱਕ ਚਾਨਣ ਮੁਨਾਰਾ ਹੈ। ਗਰੀਬੀ ਦੀ ਦਲਦਲ ‘ਚੋਂ ਉਪਰ ਉਠਣ ਲਈ ਰਾਤਾਂ ਨੂੰ ਦੀਵੇ ਦੀ ਲੋਅ ਵਿਚ ਪੜ੍ਹਾਈਆਂ ਕਰਨੀਆਂ ਤੇ ਦਿਨੇ ਭੱਠਿਆਂ, ਖੇਤਾਂ ਦੀਆਂ ਵੱਟਾਂ, ਲੋਹੇ ਦੇ ਕਾਰਖਾਨਿਆਂ ਵਿਚ ਕੰਮ ਕਰਨਾ ਗੁਲਜ਼ਾਰ ਸਿੰਘ ਸੌਂਕੀ ਦੀ ਜ਼ਿੰਦਗੀ ਦਾ ਸੱਚ ਹੈ। ਜ਼ਿੰਦਗੀ ਦੇ ਹਰ ਖੇਤਰ ਵਿਚ ਨੰਗੇ ਧੜ ਲੜਨ ਵਾਲੇ ਇਸ ਯੋਧੇ ਨੇ ਕਦੇ ਹਾਰ ਨਹੀਂ ਮੰਨੀ।
ਗੁਲਜ਼ਾਰ ਸਿੰਘ ਸ਼ੌਂਕੀ ਵੱਖ ਵੱਖ ਕਲਾਵਾਂ ਦਾ ਸੁਮੇਲ ਹੈ, ਉਸ ਦੀਆਂ ਪ੍ਰਾਪਤੀਆਂ ਵੇਖ ਇੰਜ ਲਗਦਾ ਹੈ ਜਿਵੇਂ ਉਸ ਨੇ ਕਲਾ ਦੇ ਹਰ ਖੇਤਰ ਵਿਚ ਪੀਐਚ. ਡੀ. ਕੀਤੀ ਹੋਵੇ। ਰੇਡੀਓ ਤੇ ਦੂਰਦਰਸ਼ਨ ਦੇ ਪ੍ਰੋਗਰਾਮਾਂ ਵਿਚ ਵੀ ਉਸ ਦੀ ਚੰਗੀ ਹਾਜ਼ਰੀ ਹੈ। ਰਾਮ ਲੀਲਾ ਦੀਆਂ ਸਟੇਜਾਂ ਤੋਂ ਲੈ ਕੇ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਦੇ ਡਰਾਮਿਆਂ ਤੱਕ, ਪੇਂਡੂ ਜਲਸਿਆਂ, ਲੋਕ ਗਾਇਕੀ ਦੇ ਅਖਾੜਿਆਂ ਤੋਂ ਸੰਤ ਰਾਮ ਉਦਾਸੀ ਦੀਆਂ ਇਨਕਲਾਬੀ ਕਵਿਤਾਵਾਂ ਤੱਕ, ਗੁਰੂਘਰ ਦੇ ਧਾਰਮਿਕ ਸਮਾਗਮਾਂ, ਦੀਵਾਨਾਂ ਤੋਂ ਲੈ ਕੇ ਸਾਹਿਤਕ ਸਮਾਗਮਾਂ ਦੇ ਕਵੀ ਦਰਬਾਰਾਂ ਤੱਕ ਹੁੰਦੇ ਸਮਾਗਮਾਂ ਵਿਚ ਗੁਲਜਾਰ ਸਿੰਘ ਸ਼ੌਂਕੀ ਦੀ ਹਾਜ਼ਰੀ ਯਕੀਨੀ ਹੁੰਦੀ ਹੈ। ਸਾਹਿਤਕ ਅਤੇ ਗਾਇਕੀ ਨਾਲ ਸਬੰਧਤ 32 ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁਕੇ ਗੁਲਜ਼ਾਰ ਸਿੰੰਘ ਸ਼ੌਂਕੀ ਦੇ ਦਰਜਨਾਂ ਧਾਰਮਿਕ ਗੀਤ ਐਚ. ਐਮ. ਵੀ. ਦੇ ਤਵਿਆਂ ‘ਤੇ ਰਿਕਾਰਡ ਹੋਏ ਹਨ।
ਨਾਭਾ ਨੇੜਲੇ ਪਿੰਡ ਰੋਹਟੀ ਮੌੜਾਂ ਵਿਖੇ ਮਾਤਾ ਹਰਪਾਲ ਕੌਰ ਤੇ ਪਿਤਾ ਭਗਵਾਨ ਸਿੰਘ ਗੁਰੂ ਦੇ ਘਰ 5 ਦਸੰਬਰ 1948 ਨੂੰ ਜਨਮੇ ਗੁਲਜ਼ਾਰ ਸਿੰਘ ਸ਼ੌਂਕੀ ਨੇ ਗੁਰਮੁਖੀ ਪੜ੍ਹਨ ਦਾ ਗਿਆਨ ਆਪਣੇ ਪਿਤਾ ਜੀ ਤੋਂ ਹੀ ਲਿਆ। ਥੋੜ੍ਹੀ ਸੁਰਤ ਸੰਭਲੀ ਤਾਂ ਪਿਤਾ ਨੇ ਸ਼ੌਂਕੀ ਨੂੰ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ। ਗੁਰੂ ਘਰ ਦੀ ਬਾਣੀ ਦੇ ਲੜ ਲੱਗੇ ਹੋਣ ਕਰਕੇ ਬਹੁਤ ਛੋਟੀ ਉਮਰੇ ਹੀ ਉਹ ਗੁਰੂ ਘਰ ਦਾ ਪਾਠੀ ਬਣ ਗਿਆ ਸੀ। ਘਰ ਦੀ ਕਬੀਲਦਾਰੀ ਤੋਰਨ ਲਈ ਨਿੱਕੇ ਹੁੰਦਿਆਂ ਉਸ ਨੇ ਅਨੇਕਾਂ ਕੰਮ ਕੀਤੇ। ਬਿਜਲੀ ਮਹਿਕਮੇ ਦੇ ਖੰਭੇ ਗੱਡੇ, ਰੇਲਵੇ ਮਹਿਕਮੇ ‘ਚ ਮਜਦੂਰੀ ਕੀਤੀ, ਕੱਪੜਾ ਬੁਣਨ ਦਾ ਕੰਮ ਕੀਤਾ, ਫੈਕਟਰੀਆਂ ਵਿਚ ਲੋਹਾ ਵੀ ਕੁੱਟਿਆ ਤੇ ਹੋਰ ਬੜਾ ਕੁਝ ਕੀਤਾ।
ਇੱਕ ਕੰਮ ਉਸ ਦੇ ਹਿੱਸੇ ਅਜਿਹਾ ਆਇਆ ਜਿਸ ਨੇ ਉਸ ਨੂੰ ਕਲਾ ਖੇਤਰ ਨਾਲ ਜੋੜ ਦਿੱਤਾ। ਉਨ੍ਹਾਂ ਸਮਿਆਂ ਵਿਚ ਪਿੰਡਾਂ ਵਿਚ ਸਪੀਕਰ ਨਵੇਂ-ਨਵੇਂ ਆਏ ਸਨ। ਵਿਆਹ-ਸਾਹਿਆਂ ਮੌਕੇ ਪਿੰਡਾਂ ਵਿਚ ਸਪੀਕਰ ਵਜਾਉਣ ਵਾਲਿਆਂ ਦੀ ਚੰਗੀ ਵੁੱਕਤ ਸੀ। ਗੁਲਜ਼ਾਰ ਦੇ ਬਾਪੂ ਜੀ ਨੇ ਵੀ ਉਸ ਨੂੰ ਸਪੀਕਰ ਸੈਟ ਲੈ ਦਿੱਤਾ। ਵਿਆਹ ਦੇ ਸੀਜ਼ਨ ‘ਚ ਉਹ ਦੂਰ ਨੇੜੇ ਦੇ ਪਿੰਡਾਂ ਵਿਚ ਸਪੀਕਰ ਵਜਾਉਣ ਜਾਂਦਾ। ਸਪੀਕਰ ਤੋਂ ਵੱਜਦੇ ਗੀਤਾਂ ਨਾਲ ਸ਼ੌਂਕੀ ਨੂੰ ਇੱਕ ਮੋਹ ਜਿਹਾ ਹੋ ਗਿਆ। ਪਾਲ ਸਿੰਘ ਪੰਛੀ, ਅਮਰ ਸਿੰਘ ਸ਼ੌਂਕੀ, ਕਰਨੈਲ ਸਿੰਘ ਪਾਰਸ, ਉਦੈ ਸਿੰਘ, ਦਲੀਪ ਸਿੰਘ, ਦੀਦਾਰ ਸਿੰਘ ਰਟੈਂਡਾ ਵਰਗੇ ਪੁਰਾਣੇ ਕਲਾਕਾਰਾਂ ਦੀ ਗਾਇਨ ਸ਼ੈਲੀ ਦਾ ਉਹ ਮੁਰੀਦ ਹੋ ਗਿਆ। ਉਸ ਅੰਦਰਲਾ ਗੀਤਕਾਰ ਜਾਗ ਪਿਆ ਜੋ ਉਸ ਨੂੰ ਗੀਤਕਾਰ ਤੇ ਸਾਹਿਤ ਰਸੀਆ ਗੁਰਦੇਵ ਸਿੰਘ ਮਾਨ (ਮਿੱਤਰਾਂ ਦੀ ਲੂਣ ਦੀ ਡਲੀ) ਦੇ ਚਰਨਾਂ ਵਿਚ ਲੈ ਗਿਆ। ਉਸਤਾਦ ਮਾਨ ਨੇ ਇਸ ਬਾਗ ਵਿਚ ਖਿੜੀ ਗੁਲਜ਼ਾਰ ਦੀ ਮਹਿਕ ਨੂੰ ਭਾਂਪਦਿਆ ਪਿੰਗਲ, ਅਰੂਜ ਦੇ ਸਿਧਾਂਤਾਂ ਮੁਤਾਬਕ ਉਸ ਨੂੰ ਗੀਤਕਾਰੀ ਦੇ ਨੁਕਤੇ ਸਮਝਾਏ। ਗੁਲਜ਼ਾਰ ਸਿੰਘ ਸ਼ੌਕੀ ਨੇ ਸ਼ੁਰੂ ਸ਼ੁਰੂ ਵਿਚ ਦੇਸ਼ ਭਗਤੀ ਦੇ ਗੀਤ ਲਿਖੇ ਪਰ ਗੁਰੂ ਘਰ ਦੀ ਬਾਣੀ ਨਾਲ ਜੁੜੇ ਹੋਣ ਕਰਕੇ ਉਸ ਦਾ ਕਲਮੀ ਝੁਕਾਅ ਧਾਰਮਿਕ ਲਿਖਤਾਂ ਵੱਲ ਵਧੇਰੇ ਰਿਹਾ। ਧੂਰੀ ਦੇ ਹੀ ਨਾਮੀ ਗਾਇਕ ਕਰਮਜੀਤ ਸਿੰਘ ਧੂਰੀ ਨੇ ਸ਼ੌਂਕੀ ਦੇ ਲਿਖੇ ਧਾਰਮਿਕ ਗੀਤਾਂ-ਗੁਰ ਤੇਗ ਬਹਾਦਰ ਸਿਮਰੀਐ, ਅੰਬਰਾਂ ਨੂੰ ਛੋਹੇ ਮੇਰੇ ਪੰਥ ਦਾ ਨਿਸ਼ਾਨ, ਅੰਮ੍ਰਿਤ ਦੀ ਮਹੱਤਤਾ, ਧੰਨ ਧਰਤੀ ਹੈ ਅੰਮ੍ਰਿਤਸਰ ਦੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਬਾਬਾ ਫਰੀਦ, ਬਾਬਾ ਕਬੀਰ ਆਦਿ ਨੂੰ ਪੱਥਰ ਦੇ ਤਵਿਆਂ ‘ਤੇ ਰਿਕਾਰਡ ਕਰਵਾਇਆ।
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੇ ਵੀ Ḕਅੰਮ੍ਰਿਤ ਬਾਜਾਂ ਵਾਲੇ ਦਾ ਜਿੰਦ ਮੋਇਆਂ ਦੇ ਵਿਚ ਪਾ ਦੇਵੇ’, Ḕਹੱਸ ਹੱਸ ਕੌਮ ਲਈ ਮੁਸੀਬਤਾਂ ਸਹਾਰੀਆਂ’ ਅਤੇ Ḕਬੱਚਿਆਂ ‘ਤੇ ਜ਼ੁਲਮ ਕਮਾਇਆ ਜ਼ਾਲਮਾਂ’ ਗੀਤ ਰਿਕਾਰਡ ਕਰਵਾਏ। ਗਾਇਕ ਪੰਮੀ ਬਾਈ ਨੇ ਵੀ ਗੁਲਜ਼ਾਰ ਸਿੰਘ ਸ਼ੌਂਕੀ ਦੇ ਧਾਰਮਿਕ ਗੀਤਾਂ-ਮਿੱਟੀ ਦਾ ਤੇਰਾ ਬੁਰਜ ਬਣਾ ਕੇ ਆਦਮੀ ਧਰਿਆ ਨਾਂ ਬੰਦਿਆ, ਮਨੀ ਸਿੰਘ ਦੀ ਵਾਰ, ਛੋਟੇ ਸ਼ਾਹਿਬਜ਼ਾਦਿਆਂ ਦੀ ਵਾਰ ਅਤੇ ਕੱਚਾ ਰਹਿ ਗਿਆ ਬੁੱਧੂ ਸ਼ਾਹ ਤੇਰਾ ਆਵਾ ਨੂੰ ਆਪਣੀ ਆਵਾਜ਼ ਦਿੱਤੀ।
ਗਾਇਕੀ ਦੇ ਖੇਤਰ ਵਿਚ ਵਿਚਰਦਿਆਂ ਗੁਲਜ਼ਾਰ ਸਿੰਘ ਸ਼ੌਕੀ ਨੇ ਅਨੇਕਾਂ ਗਾਇਕਾਂ, ਕਲਾਕਾਰਾਂ ਬਾਰੇ ਨਾਮੀ ਅਖਬਾਰਾਂ-ਰਸਾਲਿਆਂ ਲਈ ਸ਼ਬਦ ਚਿੱਤਰ ਵੀ ਲਿਖੇ। ਗੀਤਕਾਰੀ ਤੋਂ ਸਾਹਿਤ ਵੱਲ ਆਉਣ ਦੀ ਪ੍ਰੇਰਣਾ ਡਾ. ਤੇਜਵੰਤ ਸਿੰਘ ਮਾਨ ਨੇ ਦਿੱਤੀ। ਧੂਰੀ ਦੀਆਂ ਸਾਹਿਤਕ ਗਤੀਵਿਧੀਆਂ ਨਾਲ ਜੁੜੇ ਹੋਣ ਕਰਕੇ ਸ਼ੌਂਕੀ ਨੇ ਕਵੀ ਸੰਮੇਲਨਾਂ ਵਿਚ ਕਵਿਤਾਵਾਂ ਅਤੇ ਗੀਤ ਪੇਸ਼ ਕਰਕੇ ਇੱਕ ਵੱਖਰੀ ਪਛਾਣ ਬਣਾਈ। ਗੁਰਦੇਵ ਸਿੰਘ ਮਾਨ, ਪਾਸ਼, ਨੰਦ ਲਾਲ ਨੂਰਪੁਰੀ, ਸ਼ਿਵ ਕੁਮਾਰ ਬਟਾਲਵੀ, ਦੀਪਕ ਜੈਤੋਈ, ਚਰਨ ਸਿੰਘ ਸਫਰੀ, ਸੰਤ ਰਾਮ ਉਦਾਸੀ ਆਦਿ ਸ਼ੌਂਕੀ ਦੇ ਸਮਕਾਲੀ ਕਵੀ ਰਹੇ ਹਨ। ਉਹ ਦੱਸਦਾ ਹੈ ਕਿ ਉਸ ਨੂੰ ਖੁਸ਼ੀ ਹੈ ਕਿ ਮੈਂ ਉਸਤਾਦਾਂ ਤੋਂ ਸਿੱਖਿਆ ਹੈ ਤੇ ਆਸ਼ੀਰਵਾਦ ਲਿਆ ਹੈ। ਨੂਰਪੁਰੀ ਨੂੰ ਮੈਂ ਤਾਇਆ ਉਸਤਾਦ ਕਹਿੰਦਾ ਸੀ ਤੇ ਸ਼ਿਵ ਕੁਮਾਰ ਬਟਾਲਵੀ ਨਾਲ ਮੇਰਾ ਭਰਾਵਾਂ ਵਰਗਾ ਨਾਤਾ ਸੀ। ਸਾਹਿਤਕ ਸਮਾਗਮਾਂ ਨੇ ਹੀ ਸ਼ੌਂਕੀ ਨੂੰ ਕਿਤਾਬਾਂ ਪ੍ਰਕਾਸ਼ਿਤ ਕਰਵਾਉਣ ਦੀ ਚਿਣਗ ਲਾਈ। ਉਸ ਦੀਆਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਜੀਵਨੀ ਪੁਸਤਕ Ḕਪੰਜਾਬ ਦੀ ਨਹੀਂ ਵਿਸ਼ਵ ਦੀ ਕੋਇਲḔ, ਅਮਰ ਸਿੰਘ ਚਮਕੀਲਾ ਬਾਰੇ Ḕਆਵਾਜ਼ ਮਰਦੀ ਨਹੀਂḔ, ਜਨਾਬ ਬਾਕਰ ਹੁਸੈਨ ਬਾਰੇ Ḕਪਟਿਆਲਾ ਸੰਗੀਤ ਘਰਾਣੇ ਦੇ ਵਾਰਸḔ, ਮੁਹੰਮਦ ਸਦੀਕ ਬਾਰੇ Ḕਸਦਾ ਬਹਾਰ ਗਾਇਕḔ, ਸੰਗੀਤਕਾਰ ਕੇਸਰ ਸਿੰਘ ਨਰੂਲਾ ਤੇ ਗੀਤਕਾਰ ਗੁਰਦੇਵ ਸਿੰਘ ਮਾਨ ਦੀ ਜੀਵਨੀ ਤੋਂ ਇਲਾਵਾ ਕਾਵਿ ਸੰਗ੍ਰਿਹ, ਗਜ਼ਲ ਸੰਗ੍ਰਿਹ, ਵਾਰ ਸੰਗ੍ਰਿਹ ਤੇ ਓਪੇਰਾ ਸੰਗ੍ਰਿਹ ਸਮੇਤ ਕੋਈ 32 ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਪੰਜਾਬ ਦੇ ਯੋਧੇ ਲੋਕ ਨਾਇਕਾਂ ਦੀ ਗੱਲ ਕਰਦੀ ਇੱਕ ਹੋਰ ਪੁਸਤਕ Ḕਅਣਖੀ ਜਰਨੈਲ’ ਵਿਚ ਉਸ ਨੇ ਰਾਜਾ ਪੋਰਸ, ਰਾਜਾ ਰਸਾਲੂ, ਦੁੱਲਾ ਭੱਟੀ, ਜਿਊਣਾ ਮੌੜ ਆਦਿ ਯੋਧਿਆਂ ਦੇ ਕਾਵਿ ਚਿੱਤਰ ਲਿਖੇ ਹਨ। ਉਸ ਨੂੰ ਪੰਜਾਬੀ ਲੋਕ ਮਾਨਤਾਵਾਂ, ਮੁਹਾਵਰਿਆਂ ਅਤੇ ਛੰਦਾਂ ਦੀ ਪੂਰੀ ਪਛਾਣ ਹੈ। ਇਸ ਕਰਕੇ ਉਹ ਆਪਣੀ ਰਚਨਾ ਨੂੰ ਲੋਕ-ਛੰਦਬੰਦੀ ਅਤੇ ਲੋਕ ਮਹਾਤਮ ਦੇ ਬਹੁਤ ਨੇੜੇ ਰੱਖਦਾ ਹੈ।
ਗੁਲਜ਼ਾਰ ਸਿੰਘ ਸ਼ੌਂਕੀ ਦੀ ਜ਼ਿੰਦਗੀ ਦਾ ਬਹੁਤਾ ਸਮਾਂ ਧੂਰੀ ਹੀ ਗੁਜ਼ਰਿਆ। ਉਸ ਨੇ ਸਰਕਾਰੀ ਤੇ ਗੈਰ-ਸਰਕਾਰੀ ਮਹਿਕਮਿਆਂ ਵਿਚ ਅਨੇਕਾਂ ਥਾਂਈਂ ਕੰਮ ਕੀਤਾ। ਆਖਿਰ ਉਹ ਸਿੱਖਿਆ ਵਿਭਾਗ ਵਿਚ ਬਤੌਰ ਸੇਵਾਦਾਰ ਪੱਕਾ ਹੋ ਗਿਆ ਜਿਥੋਂ ਕਈ ਸਾਲ ਨੌਕਰੀ ਕਰਨ ਮਗਰੋਂ ਸੇਵਾਮੁਕਤ ਹੋਇਆ।
ਪੋਤੇ-ਪੋਤੀਆਂ ਵਾਲਾ ਗੁਲਜ਼ਾਰ ਸਿੰਘ ਸ਼ੌਂਕੀ ਆਪਣੀ ਸੰਘਰਸ਼ਮਈ ਜ਼ਿੰਦਗੀ ਵਿਚ ਧਰਮ ਪਤਨੀ ਅਮਰਜੀਤ ਕੌਰ ਦਾ ਬਹੁਤ ਵੱਡਾ ਸਹਿਯੋਗ ਮੰਨਦਾ ਹੈ। ਧੂਰੀ ਸ਼ਹਿਰ ਦਾ ਪੱਕਾ ਵਸਨੀਕ ਕਲਮ ਦਾ ਇਹ ਸਿਪਾਹੀ ਅੱਜ ਵੀ ਸਰਗਰਮ ਹੈ। ਉਹ ਕਈ ਨਵੇਂ ਵਿਸ਼ਿਆਂ ‘ਤੇ ਪੁਸਤਕਾਂ ਲਿਖ ਰਿਹਾ ਹੈ, ਕੁਝ ਛਪਾਈ ਅਧੀਨ ਹਨ। ਹਮੇਸ਼ਾ ਚੜ੍ਹਦੀ ਕਲਾ ‘ਚ ਰਹਿਣ ਵਾਲਾ ਗੁਲਜ਼ਾਰ ਸਿੰਘ ਸ਼ੌਂਕੀ ਸੱਚਮੁੱਚ ਸਾਹਿਤ ਫੁੱਲਵਾੜੀ ਦਾ ਖਿੜ੍ਹਿਆ ਗੁਲਜ਼ਾਰ ਹੈ।