ਨੀ ਮਾਏ ਇੱਕ ਘਰ ਤੇਰਾ ਜੋੜਿਆ ਦੂਜਾ ਜੋੜਨ ਚੱਲੀ ਨੀਂ…

ਸੁਕੰਨਿਆ ਭਾਰਦਵਾਜ ਨਾਭਾ
ਫੋਨ: 815-307-3112
“ਮੈਡਮ ਤੁਹਾਨੂੰ ਦੋ ਲੇਡੀਜ਼ ਮਿਲਣ ਆਈਆਂ ਨੇ, ਸਟਾਫ ਰੂਮ ਵਿਚ ਬੈਠੀਆਂ ਨੇ।” ਜਦੋਂ ਪੀਅਨ ਨੇ ਆ ਕੇ ਮੀਤ ਨੂੰ ਕਲਾਸ ਰੂਮ ਵਿਚ ਕਿਹਾ, ਇੱਕ ਵਾਰੀ ਤਾਂ ਉਸ ਨੂੰ ਲਗਾ ਕਿ ਕੌਣ ਹੋ ਸਕਦਾ ਹੈ ਪਰ ਫਿਰ ਉਸ ਨੇ ਕਿਹਾ, “ਪੀਰੀਅਡ ਖਤਮ ਹੀ ਹੋਣ ਵਾਲਾ ਹੈ, ਤੂੰ ਪਾਣੀ-ਧਾਣੀ ਪਿਲਾ, ਮੈਂ ਆਉਂਦੀ ਹਾਂ।” ਪਰ ਜਿਉਂ ਹੀ ਉਹ ਸਟਾਫ ਰੂਮ ਦੇ ਦਰਵਾਜ਼ੇ ‘ਤੇ ਪਹੁੰਚੀ ਤਾਂ ਸਾਹਮਣੇ ਸਰਦਾਰਨੀ ਮਨਜੀਤ ਕੌਰ (ਉਸ ਦੀ ਸੱਸ) ਅਤੇ ਗੁਆਂਢਣ ਨੂੰ ਬੈਠਿਆਂ ਦੇਖ ਉਹ ਇੱਕ ਦਮ ਭੁਚੱਕੀ ਰਹਿ ਗਈ ਤੇ ਉਸ ਦੇ ਮੂੰਹੋਂ Ḕਸਤਿ ਸ੍ਰੀ ਅਕਾਲḔ ਮੁਸ਼ਕਿਲ ਨਾਲ ਹੀ ਨਿਕਲਿਆ। ਉਹ ਡਿਗਦੀ ਡਿਗਦੀ ਮਸਾਂ ਬਚੀ। ਉਥੇ ਬੈਠੀ ਸਮਾਜਕ ਸਿੱਖਿਆ ਵਾਲੀ ਮੈਡਮ ਨੇ ਉਸ ਨੂੰ ਬਾਹੋਂ ਫੜ ਕੇ ਕੁਰਸੀ ‘ਤੇ ਬਿਠਾਇਆ ਤੇ ਪਾਣੀ ਪਿਲਾਇਆ।

ਜਦੋਂ ਸੰਭਲੀ ਤਾਂ ਸੱਸ ਨੇ ਆਪਣਾ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ, “ਵਿਆਹੀਆਂ ਵਰੀਆਂ ਪੇਕੀਂ ਬੈਠੀਆਂ ਸ਼ੋਭਾ ਨਹੀਂ ਦਿੰਦੀਆਂ। ਤੂੰ ਪਿਓ ਦੀ ਜਾਇਦਾਦ ਦੀ ਅੱਧ ਦੀ ਮਾਲਕ ਹੈਂ, ਆਪਾਂ ਪਿੰਡ ਜਾ ਕੇ ਤੇਰੇ ਬਾਪ ‘ਤੇ ਦਾਅਵਾ ਕਰ ਸਕਦੇ ਹਾਂ। ਇਥੇ ਬੈਠ ਕੇ ਤੈਨੂੰ ਧੇਲਾ ਨਹੀਂ ਮਿਲਣਾ। ਸਿਆਣੀ ਬਣ, ਅਸੀਂ ਤੇਰੇ ਨਾਲ ਹਾਂ। ਮੇਰਾ ਇਕਲੌਤਾ ਪੁੱਤ ਜੇਲ੍ਹ ਵਿਚ ਹੈ ਤੇ ਤੂੰ ਪੇਕੀਂ ਆ ਬੈਠੀ।” ਇੰਨਾ ਕੁਝ ਹੋਣ ਦੇ ਬਾਵਜੂਦ ਸੱਸ ਨੇ ਫਿਰ ਉਹੋ ਹੀ ਪਹਿਲਾਂ ਵਾਲਾ ਰਾਗ ਅਲਾਪਿਆ। ਉਸ ਦੀਆਂ ਮੋਮੋ ਠੱਗਣੀਆਂ ਤੇ ਕੌੜੀਆਂ-ਮਿੱਠੀਆਂ ਦਾ ਉਸ ਜੁਆਬ ਦੇਣ ਦੀ ਥਾਂ ਚੁਪ ਰਹਿਣਾ ਹੀ ਵਾਜਬ ਸਮਝਿਆ।
ਸੇਵਾਦਾਰ ਚਾਹ ਬਿਸਕੁਟ ਧਰ ਗਿਆ। ਉਸ ਨੇ ਚਾਹ ਦੀਆਂ ਪਿਆਲੀਆਂ ਉਨ੍ਹਾਂ ਦੇ ਹੱਥ ਵਿਚ ਫੜਾ ਦਿੱਤੀਆਂ। ਨਾਲ ਦੀਆਂ ਮੈਡਮਾਂ ਵੀ ਪੀਰੀਅਡ ਲਾਉਣ ਚਲੀਆਂ ਗਈਆਂ। ਮੀਤ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਕਿ ਅੱਜ ਤੈਨੂੰ ਦਿਸ ਗਿਆ। ਉਦੋਂ ਕਿਥੇ ਸੀ ਜਦੋਂ ਸਾਰਾ ਟੱਬਰ ਘਰੋਂ ਭੱਜ ਗਿਆ ਸੀ ਸਿਵਾਏ ਆਪਣੇ ਸਮੈਕੀਏ ਪੁੱਤ ਦੇ ਹੱਥੋਂ ਉਸ ਨੂੰ ਜਿਬਾ ਹੁੰਦੀ ਨੂੰ ਬਚਾਉਣ ਦੇ ਜਦੋਂ ਉਸ ਨੂੰ ਗਲ ਵਿਚ ਚੁੰਨੀ ਬੰਨ੍ਹ ਕੇ ਉਹ ਸਾਰੇ ਵਿਹੜੇ ਵਿਚ ਖਿੱਚੀ ਫਿਰਦਾ ਸੀ। ਉਚੀ ਉਚੀ ਕਹਿ ਰਿਹਾ ਸੀ ਆਪਣੇ ਬਾਪ ਤੋਂ ਹਿੱਸਾ ਵੰਡਾ ਕੇ ਲਿਆ, ਨਹੀਂ ਤਾਂ ਇਥੇ ਨਾ ਵੜੀਂ।
ਦੋਵਾਂ ਮਾਂ-ਪੁੱਤਾਂ ਨੇ ਇਸ ਮੰਗ ਉਤੇ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ। ਉਹ ਆਪਣੇ ਪਿਓ ਨੂੰ ਕੀ ਦਸਦੀ ਜਿਹੜਾ Ḕਆਪਣੇ ਵਜ਼ੀਰ ਦੇ ਬੇਵਕਤੀ ਵਿਛੋੜੇ ਤੇ ਪੁੱਤ ਦੇ ਨਸ਼ਿਆਂ ‘ਚ’ ਗਲਤਾਨ ਹੋਣ ‘ਤੇ ਪਹਿਲਾਂ ਹੀ ਦੁਖੀ ਸੀ। ਉਸ ਦੇ ਪਿਤਾ ਨੇ ਵਿੱਤੋਂ ਵੱਧ ਉਸ ਦੇ ਵਿਆਹ ‘ਤੇ ਖਰਚ ਕੀਤਾ ਸੀ। ਹਰ ਖੇਤਰ ਵਿਚ ਸ਼ੀਰੇ ਤੋਂ ਅੱਗੇ ਹੋਣ ਦੇ ਬਾਵਜੂਦ ਸਹੁਰਿਆਂ ਦਾ ਹਰ ਜੁਰਮ ਸਹਿ ਰਹੀ ਸੀ। ਜੇ ਮੌਕੇ ‘ਤੇ ਸੀਰੀ ਤੇ ਉਸ ਦੀ ਘਰਵਾਲੀ ਆ ਕੇ ਰੌਲਾ ਨਾ ਪਾਉਂਦੇ ਤਾਂ ਅੱਜ ਨੂੰ ਤਾਂ ਉਸ ਦੇ ਫੁੱਲ ਗੰਗਾ ਪੈ ਜਾਣੇ ਸਨ। ਜਿਉਂ ਹੀ ਉਹ ਉਸ ਕਸਾਈ ਦੇ ਹੱਥੋਂ ਛੁੱਟੀ, ਬੇਹੋਸ਼ ਹੋ ਕੇ ਵਿਹੜੇ ਵਿਚੇ ਡਿਗੀ ਤੇ ਅਮਲੀ ਆਪਣੇ ਆਪ ਨੂੰ ਫਸਦਾ ਦੇਖ ਕੇ ਭੱਜ ਨਿਕਲਿਆ ਸੀ। ਸੱਸ-ਸਹੁਰਾ ਪਹਿਲਾਂ ਹੀ ਘਰੋਂ ਭੱਜ ਗਏ ਸਨ।
ਰੌਲਾ ਸੁਣ ਕੇ ਗੁਆਂਢੀਆਂ ਨੇ ਉਸ ਦੇ ਬਾਪ ਚਰਨੇ ਨੂੰ ਫੋਨ ਕਰਕੇ ਇਸ ਘਟਨਾਕ੍ਰਮ ਬਾਰੇ ਦੱਸਿਆ ਤੇ ਉਸ ਨੂੰ ਵੀ ਹਸਪਤਾਲ ਲੈ ਕੇ ਗਏ। ਸਮਰਾਲਾ ਹਸਪਤਾਲ ਵਾਲਿਆਂ ਨੇ ਉਸ ਨੂੰ ਫਸਟ-ਏਡ ਦੇ ਕੇ ਲੁਧਿਆਣੇ ਸੀ.ਐਮ.ਸੀ. ਭੇਜ ਦਿੱਤਾ, ਜਿਥੇ ਉਨ੍ਹਾਂ ਨੇ ਆਈ.ਸੀ.ਯੂ. ਵਿਚ ਦਾਖਲ ਤਾਂ ਕਰ ਲਿਆ ਪਰ ਕਹਿ ਦਿੱਤਾ ਸੀ ਕਿ ਉਸ ਨਾਲ ਵਾਪਰੇ ਇਸ ਜੁਲਮ ਨਾਲ ਕੁਝ ਸਮੇਂ ਲਈ ਉਸ ਦੇ ਦਿਮਾਗ ਨੂੰ ਆਕਸੀਜਨ ਸਪਲਾਈ ਬੰਦ ਹੋ ਗਈ ਸੀ ਜਿਸ ਕਰਕੇ ਉਸ ਦਾ ਬਚਣਾ ਮੁਸ਼ਕਿਲ ਹੈ। ਜੇ ਬਚ ਗਈ ਤਾਂ ਪਤਾ ਨਹੀਂ ਦਿਮਾਗ ਦੀ ਕੀ ਹਾਲਤ ਹੋਵੇਗੀ, ਬੋਲ ਵੀ ਸਕੇਗੀ ਕਿ ਨਾ। ਉਹ ਜ਼ਿੰਦਗੀ-ਮੌਤ ਦੀ ਲੜਾਈ ਲੜਦਿਆਂ ਪੂਰੇ ਹਫਤੇ ਬਾਅਦ ਹੋਸ਼ ਵਿਚ ਆਈ ਸੀ। ਬਾਪ ਨੇ ਆਪਣੀ ਲਾਡਲੀ ਨੂੰ ਬਚਾਉਣ ਲਈ ਪੈਸਾ ਪਾਣੀ ਵਾਂਗ ਵਹਾਇਆ।
ਜਿਉਂ ਇਹ ਖਬਰ ਉਸ ਦੇ ਪੇਕੇ ਪਿੰਡ ਪਹੁੰਚੀ ਤਾਂ ਸਾਰੇ ਪਿੰਡ ਵਿਚ ਕੋਹਰਾਮ ਮੱਚ ਗਿਆ। ਪਿੰਡ ਵਾਸੀ ਤੇ ਰਿਸ਼ਤੇਦਾਰ ਹਸਪਤਾਲ ਪਹੁੰਚੇ, ਇਕੱਠੇ ਹੋ ਕੇ ਉਨ੍ਹਾਂ ਥਾਣੇ ਰਿਪੋਰਟ ਲਿਖਾਈ। ਥਾਣੇਦਾਰ ਵਾਕਫ ਹੋਣ ਕਾਰਨ ਉਸ ਨੇ ਸ਼ਾਮ ਤਕ ਘਰਵਾਲੇ ਜਗਸੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਸੱਸ-ਸਹੁਰੇ ਨੂੰ ਥਾਣੇ ਲਿਆ ਬਿਠਾਇਆ। ਪੁਲਿਸ ਦੀ ਇਕ ਵਾਰੀ ਤਾਂ ਕਾਰਗੁਜਾਰੀ ਪੈ ਗਈ ਪਰ ਇਹ ਲੰਬਾ ਸਮਾਂ ਨਾ ਰਹੀ। ਜਿਉਂ ਹੀ ਮੀਤ ਦੇ ਸਹੁਰਿਆਂ ਦੇ ਡਾਲਰਾਂ ਦੀ ਚਮਕ ਪਈ, ਪੁਲਿਸ ਨੇ ਪੈਂਤੜਾ ਬਦਲ ਲਿਆ। ਸੱਸ-ਸਹੁਰੇ ਨੂੰ ਛੱਡ ਦਿੱਤਾ।
ਡਾਲਰਾਂ ਦੀ ਚਮਕ ਨੇ ਹੀ ਉਸ ਦੀ ਸੋਨੇ ਵਰਗੀ ਧੀ ਨੂੰ ਵਰਗਲਾ ਲਿਆ ਸੀ ਜਿਸ ‘ਤੇ ਉਸ ਦੇ ਸਹੁਰੇ ਆਪਣੇ ਸਮੈਕੀਏ ਪੁੱਤ ਨੂੰ ਇਸ ਸਰਕਾਰੀ ਟੀਚਰ ਸਰੂ ਵਰਗੀ ਲੰਬੀ ਲੰਝੀ ਅੰਤਾਂ ਦੀ ਸੋਹਣੀ ਸੁਸ਼ੀਲ ਮੀਤ ਨਾਲ ਵਿਆਹੁਣ ਵਿਚ ਕਾਮਯਾਬ ਰਹੇ ਸਨ। ਮੀਤ ਦਾ ਸਹੁਰਾ ਦਲੀਪ ਸਿੰਘ ਕੁਝ ਦੇਰ ਅਮਰੀਕਾ ਲਾ ਕੇ ਆਇਆ ਸੀ। ਖੇਤ ਵਿਚ ਵਧੀਆ ਕੋਠੀ ਪਾ ਲਈ ਸੀ ਤੇ ਜੱਦੀ ਜ਼ਮੀਨ ਸਮੇਤ 60 ਕੁ ਵਿੱਘੇ ਸਿਆੜ ਇਕੱਠੇ ਕਰ ਲਏ ਸਨ। ਪਿਛੋਂ ‘ਕੱਲਾ ਪੁੱਤ ਡਾਲਰਾਂ ਦੀ ਕਮਾਈ ਹੇਠ ਮਾੜੀ ਸੰਗਤ ਵਿਚ ਪੈ ਗਿਆ। ਪੜ੍ਹਾਈ ਦੇ ਨਾਂ ‘ਤੇ ਮਾਂ ਤੋਂ ਪੈਸੇ ਲਿਜਾ ਸਮੈਕ ਪੀਂਦਾ ਰਿਹਾ। ਪਿੰਡ ਵਾਸੀਆਂ ਨੂੰ ਉਸ ਦੇ ਚੰਡੀਗੜ੍ਹ ਪੜ੍ਹਨ ਕਾਰਨ ਬਹੁਤਾ ਉਸ ਬਾਰੇ ਪਤਾ ਵੀ ਨਹੀਂ ਸੀ। ਰਿਸ਼ਤਾ ਕਰਾਉਣ ਵਾਲੇ ਮਾਸੀ-ਮਾਸੜ ਨੇ ਘਰ ਜਮੀਨ ਦਿਖਾ ਕੇ ਸਮੈਕੀਏ ਦਾ ਇਹ ਐਬ ਜਾਣੇ ਅਣਜਾਣੇ ਵਿਚ ਦਬਾ ਕੇ ਮੀਤ ਤੋਂ ਹਾਂ ਕਰਵਾ ਲਈ ਸੀ। ਮੁੰਡੇ ਦਾ ਰੰਗ ਮੁਸ਼ਕੀ ਸੀ ਪਰ ਨੈਣ ਨਕਸ਼ ਫਬਵੇਂ ਸਨ। ਪਿਛੇ ਲੱਗੀ ਅਮਰੀਕਾ ਦੀ ਪੂਛ ਨੇ ਸਾਰਾ ਕੁਝ ਹੀ ਲੁਭਾਉਣਾ ਬਣਾ ਦਿੱਤਾ ਸੀ। ਮੀਤ ਨਾਲੋਂ ਜਮੀਨ-ਅਸਮਾਨ ਦਾ ਫਰਕ ਸੀ। ਉਸ ਰੰਗ ਰੂਪ ਨੂੰ ਇਸ ਲਈ ਤਰਜੀਹ ਨਾ ਦਿੱਤੀ ਕਿ ਰੰਗ ਤਾਂ ਦੋ ਹੀ ਹੁੰਦੇ ਨੇ-ਕਾਲਾ ਜਾਂ ਗੋਰਾ। ਪਰ Ḕਮੁੰਡਾ ਹੋਵੇ ਦਿਲਾਂ ਦਾ ਜਾਨੀ’ ਉਸ ਨੂੰ ਕੀ ਪਤਾ ਸੀ ਕਿ ਉਸ ਲਈ ਤਾਂ ਨਰਕ ਸਹੇੜਿਆ ਜਾ ਰਿਹਾ ਸੀ।
ਮਾਂ ਮਹਿੱਟਰ ਮੀਤ ਨੂੰ ਮਾਂ ਪਿਛੋਂ ਮਾਸੀ ‘ਤੇ ਹੀ ਵਿਸ਼ਵਾਸ ਸੀ ਕਿ ਉਹ ਉਸ ਦਾ ਭਲਾ ਹੀ ਕਰਨਗੇ। ਜਗਸੀਰ ਜੋ ਬੀ.ਏ. ਵੀ ਨਹੀਂ ਸੀ, ਬਾਰੇ ਕਿਹਾ ਗਿਆ ਕਿ ਉਹ ਐਮ.ਟੈਕ. ਸੀ। ਮੀਤ ਨੂੰ ਦੇਖ ਕੇ ਉਨ੍ਹਾਂ ਕਿਹਾ ਸੀ ਕਿ ਬਸ ਉਨ੍ਹਾਂ ਨੂੰ ਤਿੰਨ ਕੱਪੜਿਆਂ ਵਿਚ ਲੜਕੀ ਚਾਹੀਦੀ ਹੈ, ਮਹਾਰਾਜ ਦਾ ਦਿੱਤਾ ਉਨ੍ਹਾਂ ਦੇ ਘਰ ਬਹੁਤ ਕੁਝ ਹੈ। ਚਰਨੇ ਨੂੰ ਵੀ ਮਾਸੀ-ਮਾਸੜ ਨੇ ਭਰਮਾ ਲਿਆ ਸੀ। ਚਰਨਾ ਜੀਵਨ ਸਾਥਣ ਦੇ ਬੇਵਕਤੀ ਚਲਾਣੇ ਨਾਲ ਅੰਦਰੋਂ ਟੁੱਟ ਚੁਕਾ ਸੀ, ਉਹ ਵੀ ਜਲਦੀ ਤੋਂ ਜਲਦੀ ਧੀ ਦੇ ਹੱਥ ਪੀਲੇ ਕਰਨਾ ਚਾਹੁੰਦਾ ਸੀ।
ਪਰ ਹੱਥਾਂ ਤੋਂ ਅਜੇ ਸ਼ਗਨਾਂ ਦੀ ਮਹਿੰਦੀ ਵੀ ਨਹੀਂ ਲੱਥੀ ਸੀ ਕਿ ਸਹੁਰਿਆਂ ਨੇ ਅਸਲ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ। ਉਹ ਗੱਲ ਗੱਲ ‘ਤੇ ਉਸ ਨੂੰ ਗੱਡੀ ਨਾ ਲਿਆਉਣ ਦੇ ਮਿਹਣੇ ਦਿੰਦੇ ਤੇ ਇਸ ਆੜ ਵਿਚ ਬਾਪ ਤੋਂ ਆਪਣੇ ਹਿੱਸੇ ਦੀ ਜਮੀਨ ਵੰਡਾ ਕੇ ਲਿਆਉਣ ਲਈ ਫੁਰਮਾਨ ਜਾਰੀ ਕਰਦੇ। ਉਹ ਸਿਰ ਨੀਵਾਂ ਕਰਕੇ ਸਭ ਕੁਝ ਜਰੀ ਜਾਂਦੀ, ਆਪਣੇ ਬਾਪ ਨੂੰ ਕੁਝ ਨਾ ਦੱਸਦੀ। ਮਰੀ ਮਾਂ ਉਸ ਦੇ ਚੇਤਿਆਂ ਵਿਚ ਆ ਜਾਂਦੀ। ਮੀਤ ਦੀ ਮਾਂ ਜਿਥੇ ਘਰ ਦੇ ਬੇੜੇ ਦਾ ਬੰਨ੍ਹ ਸੀ ਉਥੇ ਪਿੰਡ ਦਾ ਸ਼ਿੰਗਾਰ ਸੀ। ਬੁੱਧੀ ਤੇ ਸੁਹੱਪਣ ਦੇ ਸੁਮੇਲ ਨੂੰ ਜੇ ਕਿਸੇ ਦੇਖਣਾ ਹੋਵੇ ਤਾਂ ਸੰਦੀਪ ਵਿਚ ਦੇਖ ਸਕਦਾ ਸੀ। ਪਿੰਡ ਵਿਚ ਕੋਈ ਵੀ ਵਿਆਹ ਮਰਨਾ ਜਾਂ ਪਰਿਵਾਰਕ-ਧਾਰਮਿਕ ਸਮਾਗਮ ਉਸ ਦੀ ਸ਼ਮੂਲੀਅਤ ਤੋਂ ਬਿਨਾ ਨਾ ਨੇਪਰੇ ਚੜ੍ਹਦਾ। ਛੋਟੇ ਜਿਹੇ ਪਿੰਡ ਦੀ ਉਹ ਜਿੰਦਜਾਨ ਸੀ। ਮੀਤ ਤੇ ਵੱਡੇ ਭਰਾ ਨੂੰ ਪੜ੍ਹਨ ਤੇ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਤੇ ਘਰ ਦਾ ਸਾਰਾ ਕੰਮ ਵੀ ਆਪਣੇ ਹੱਥੀਂ ਕਰਨਾ, ਉਸ ਦਾ ਨਿੱਤਨੇਮ ਸੀ। ਨਾਲ ਨਾਲ ਉਸ ਨੇ ਆਪਣੇ ਸਾਥੀ ਚਰਨੇ ਨੂੰ ਪੀ.ਏ.ਯੂ. ਦੇ ਆਧੁਨਿਕ ਤਰੀਕਿਆਂ ਨੂੰ ਅਪਨਾ ਕੇ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢ ਕੇ ਸਬਜੀਆਂ-ਦਾਲਾਂ ਦੀ ਪੈਦਾਵਾਰ ਵੱਲ ਵਧਾਉਣ ਲਈ ਪਹਿਲਕਦਮੀ ਕੀਤੀ। ਚਰਨਾ ਵੀ ਕੋਈ ਕੰਮ ਉਸ ਦੀ ਰਾਇ ਤੋਂ ਬਿਨਾ ਨਾ ਕਰਦਾ। ਦੋਹਾਂ ਜੀਆਂ ਦੀ ਆਪਸੀ ਸਮਝਦਾਰੀ ਦੀ ਸਾਰਾ ਪਿੰਡ ਗੱਲਾਂ ਕਰਦਾ। ਦਰਜਨ ਮੱਝਾਂ-ਗਊਆਂ ਦੀਆਂ ਧਾਰਾਂ-ਡੋਕਿਆਂ, ਖੇਤਾਂ ਵਿਚੋਂ ਸਬਜੀਆਂ ਤੋੜਨ ਲਈ ਤੁੜਾਵੀਆਂ ਨਾਲ ਕੰਮ ਨੂੰ ਉਹ ਬਿਨਾ ਬ੍ਰੇਕ, ਬਿਨਾ ਥੱਕੇ ਕਰਦੀ। ਹੁੰਦੜਹੇਲ ਇੰਨੀ ਕਿ ਦੋ ਬੰਦਿਆਂ ਨੂੰ ਸਿਰ ਤੋਂ ਫੜ ਕੇ ਭਿੜਾ ਦੇਵੇ। ਸਵੇਰੇ ਸਿੱਖ ਬੋਲਦੇ ਨਾਲ ਉਠ ਕੇ ਚਾਹ ਬਣਾ ਕੇ ਚਰਨੇ ਨੂੰ ਵੀ ਜਗਾ ਲੈਂਦੀ ਜੋ ਪਸੂਆਂ ਨੂੰ ਨੀਰਾ ਚਾਰਾ ਪਾ ਦਿੰਦਾ ਤੇ ਆਪ ਦੁੱਧ ਨੂੰ ਮਧਾਣੀ ਲਾ ਦਿੰਦੀ। ਦੂਜੇ ਪਾਸੇ ਚੂੱਲ੍ਹੇ ‘ਤੇ ਰਾਤ ਨੂੰ ਤਿਆਰ ਕਰਕੇ ਰੱਖੀ ਦਾਲ ਸਬਜੀ ਚਾੜ੍ਹ ਦਿੰਦੀ। ਧਾਰਾਂ ਕੱਢ ਦੋਵੇਂ ਜਣੇ ਗੁਰਦੁਆਰਾ ਸਾਹਿਬ ਜਾ ਸਿਜਦਾ ਕਰਦੇ। ਗੁਰੂ ਦਾ ਓਟ ਆਸਰਾ ਲੈ ਕੇ ਨਿੱਤ ਦੇ ਕਾਰਜ ਅਰੰਭ ਕਰਨੇ-ਇਹ ਉਨ੍ਹਾਂ ਦਾ ਨਿੱਤਨੇਮ ਸੀ। ਘਰਦੇ ਕੰਮ ਮੁਕਾ ਕੇ ਉਹ 8 ਵਜੇ ਨੂੰ ਖੇਤ ਵਿਚ ਹੁੰਦੀ। ਸੂਈ ਸਿਲਾਈ ਪਿੰਡ ਦੀਆਂ ਕੁੜੀਆਂ ਉਹਦੇ ਕੋਲ ਸਿੱਖਣ ਆਉਂਦੀਆਂ। ਉਹ ਕਦੇ ਮੱਥੇ ਵੱਟ ਨਾ ਪਾਉਂਦੀ।
ਪਰ ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਇਸ ਹੱਸਦੇ-ਵੱਸਦੇ ਪਰਿਵਾਰ ਨੂੰ। ਸੰਦੀਪ ਨੂੰ ਬੱਚੇਦਾਨੀ ਦੇ ਕੈਂਸਰ ਨੇ ਘੇਰ ਲਿਆ। ਡਾਕਟਰ ਨੂੰ ਦਿਖਾਉਣ ਤੇ ਪਹਿਲੀ ਸਟੇਜ ਦਾ ਕੈਂਸਰ ਦੱਸਿਆ ਤੇ ਥੋੜ੍ਹੀ ਜਿਹੀ ਕੀਮੋਥੈਰਪੀ ਨਾਲ ਹੀ ਠੀਕ ਕਰਨ ਦਾ ਭਰੋਸਾ ਦਿੱਤਾ। ਪਰ ਪਿਛੋਂ ਪਤਾ ਲੱਗਾ ਕਿ ਡਾਕਟਰ ਨੇ ਜਰੂਰਤ ਤੋਂ ਵੱਧ ਕੀਮੋ ਦੇ ਦਿੱਤੀ ਜੋ ਉਸ ਦੀ ਮੌਤ ਦਾ ਕਾਰਨ ਬਣੀ। ਮੀਤ ਦੀ ਤਾਂ ਜਿਵੇਂ ਦੁਨੀਆਂ ਉਜੜ ਗਈ ਸੀ। ਸਦਮਾ ਤਾਂ ਸਾਰੇ ਪਰਿਵਾਰ ਲਈ ਹੀ ਅਸਹਿ ਸੀ ਪਰ ਉਸ ਦਾ ਤਾਂ ਰਾਜ ਖੁਸ ਗਿਆ ਸੀ। ਸਕੂਲੀ ਤੇ ਐਮ.ਟੈਕ. ਦੀ ਪੜ੍ਹਾਈ ਤਕ ਉਹ ਪਹਿਲੀਆਂ ਪੁਜੀਸ਼ਨਾਂ ‘ਤੇ ਰਹਿੰਦੀ। ਕਾਲਜ ਦੀ ਗਿੱਧੇ ਦੀ ਟੀਮ ਦੀ ਉਹ ਕੈਪਟਨ ਸੀ ਤੇ ਗਿੱਧੇ ਵਿਚ ਉਹਦੀ ਟੀਮ ਦੋ ਵਾਰ ਪੰਜਾਬ ਚੈਂਪੀਅਨ ਰਹਿ ਚੁਕੀ ਸੀ। ਪਹਿਲੀ ਵਾਰੀ ਵਿਚ ਹੀ ਉਸ ਨੇ ਪੰਜਾਬ ਸਰਕਾਰ ਵਲੋਂ ਰੱਖਿਆ ਟੈਟ (ਟੀਚਰ ਸਿਖਲਾਈ ਟੈਸਟ) ਵਧੀਆ ਨੰਬਰਾਂ ਵਿਚ ਪਾਸ ਕਰ ਲਿਆ ਸੀ। ਮਿਹਨਤੀ, ਸਾਊ ਤੇ ਪ੍ਰਤਿਭਾਸ਼ਾਲੀ ਹੋਣ ਕਾਰਨ ਘਰ ਦੇ ਹਰ ਛੋਟੇ-ਬੜੇ ਕੰਮ ਵਿਚ ਉਸ ਦੀ ਰਾਇ ਨੂੰ ਹੀ ਮੰਨਿਆ ਜਾਂਦਾ ਸੀ। ਮਾਂ ਤਾਂ ਜਿਵੇਂ ਉਸ ਤੋਂ ਬਿਨਾ ਪੈਰ ਨਾ ਪੁੱਟਦੀ। Ḕਮੀਤਿਆ ਮੀਤਿਆḔ ਕਹਿੰਦੀ ਦੀ ਜੁਬਾਨ ਨਾ ਥੱਕਦੀ।
ਵੱਡਾ ਭਰਾ ਵਿਆਹਿਆ ਵਰਿਆ ਸੀ ਪਰ ਉਸ ਨੂੰ ਲੱਗੀ ਨਸ਼ੇ ਦੀ ਲਤ ਨੇ ਘਰ ਨੂੰ ਹੌਲੀ ਹੌਲੀ ਖੋਖਲਾ ਕਰ ਦਿੱਤਾ। ਚੰਗੇ ਚੰਗੇ ਘਰਾਂ ਦੇ ਬਰਾਬਰ ਦੀ ਯੋਗਤਾ ਵਾਲੇ ਲੜਕਿਆਂ ਦੇ ਰਿਸ਼ਤੇ ਉਸ ਲਈ ਆਏ ਪਰ ਉਨ੍ਹਾਂ ਮਾਸੀ ਵਲੋਂ ਦਰਸਾਏ ਰਿਸ਼ਤੇ ਨੂੰ ਹੀ ਪਹਿਲ ਦਿੱਤੀ ਕਿ Ḕਮਰੇ ਮਾਂ ਜੀਵੇ ਮਾਸੀḔ ਉਨ੍ਹਾਂ ਲਈ ਵੱਡਾ ਸਹਾਰਾ ਸੀ। ਪਰ ਇਹ ਨਹੀਂ ਸੀ ਪਤਾ ਕਿ ਮਾਸੀ ਹੀ ਧੋਖਾ ਕਰ ਜਾਵੇਗੀ ਤੇ ਇਸ ਮਾਂ ਮਹਿੱਟਰ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਨੂੰ ਅਜਿਹੇ ਅਮਲੀ ਦੇ ਲੜ ਲਾ ਜਾਵੇਗੀ ਜਿਸ ਨੂੰ ਕਈ ਵਾਰੀ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖਲ ਕੀਤਾ ਗਿਆ ਸੀ ਪਰ ਨਸ਼ੇ ਦੀ ਲਤ ਨੇ ਉਸ ਦਾ ਪਿੱਛਾ ਨਾ ਛਡਿਆ। ਉਹਦੀ ਵਿਆਹੁਤਾ ਜ਼ਿੰਦਗੀ ਤਾਂ ਬਰਬਾਦ ਹੋ ਚੁਕੀ ਸੀ। ਉਹ ਹੁਣ ਚੌਰਾਹੇ ‘ਤੇ ਖੜੀ ਸੀ, ਕੀ ਕਰਦੀ?
ਬਾਪੂ ਬਾਰੇ ਵੀ ਉਹਨੂੰ ਲੋਕਾਂ ਤੋਂ ਕਨਸੋਆਂ ਮਿਲਦੀਆਂ ਸਨ ਕਿ ਉਹ ਕਿਸੇ ਲੁਹਾਰੀ ਦੇ ਚੱਕਰ ਵਿਚ ਹੈ ਜੋ ਵੇਲੇ-ਕੁਵੇਲੇ ਉਨ੍ਹਾਂ ਦੇ ਘਰ ਵੀ ਆਉਂਦੀ ਜਾਂਦੀ ਸੀ। ਇਹੋ ਗੱਲਾਂ ਉਸ ਦੇ ਸਹੁਰਿਆਂ ਨੂੰ ਵੀ ਕਿਸੇ ਨੇ ਜਾ ਦੱਸੀਆਂ। ਹੁਣ ਉਸ ਦੀ ਸ਼ਰਾਫਤ-ਲਿਆਕਤ ਤਾਂ ਕਿਸੇ ਨੂੰ ਨਹੀਂ ਦਿਸਦੀ ਸੀ ਉਨ੍ਹਾਂ ਨੂੰ ਤਾਂ ਗੱਲ ਚਾਹੀਦੀ ਸੀ ਉਹਦੇ ਪੇਕੇ ਪਰਿਵਾਰ ਦੇ ਖਿਲਾਫ। ਉਨ੍ਹਾਂ ਕੋਲ ਮਸਾਲਾ ਪਹਿਲਾਂ ਹੀ ਵਾਧੂ ਸੀ ਕਿਉਂਕਿ ਜੇ ਉਹ ਆਪਨੇ ਘਰ ਵਾਲੇ ਨੂੰ ਨਸ਼ੇ ਤੋਂ ਹਟਕਦੀ ਸੀ ਤਾਂ ਸੱਸ ਕਹਿੰਦੀ, ਤੇਰਾ ਭਰਾ ਨਹੀਂ ਖਾਂਦਾ! ਤੇ ਹੁਣ ਬਾਪ ਬਾਰੇ ਇਹ ਝੂਠੀ ਸੱਚੀ ਅਫਵਾਹ ‘ਤੇ ਤਾਂ ਉਨ੍ਹਾਂ ਦੀਆਂ ਚੜ੍ਹ ਮੱਚੀਆਂ। ਘਰਵਾਲੇ ਤੇ ਸੱਸ ਨੂੰ ਤਾਂ ਜਿਵੇਂ ਮੌਕਾ ਹੀ ਮਿਲ ਗਿਆ ਸੀ। ਉਹ ਤਾਂ ਗੱਲ ਗੱਲ ‘ਤੇ ਇਸ ਕਥਿਤ ਅਫਵਾਹ ਨੂੰ ਸੱਚ ਬਣਾ ਕੇ ਪੇਸ਼ ਕਰਦੇ।
ਉਹ ਅੰਦਰੇ ਅੰਦਰ ਮਸੋਸ ਕੇ ਰਹਿ ਜਾਂਦੀ। ਆਪਣੇ ਦਿਲ ਦੀਆਂ ਕਿਹਨੂੰ ਸੁਣਾਉਂਦੀ। ਉਤੋਂ ਸਾਲ ਦੇ ਅੰਦਰ ਹੀ ਨੋਨੀ ਪੈਦਾ ਹੋ ਗਈ। ਹੁਣ ਉਹਦੀ ਜਿੰਮੇਵਾਰੀ ਵੀ ਮੀਤ ਦੀ ਸੀ। ਉਹਨੂੰ ਕਿਥੇ ਲੈ ਕੇ ਜਾਂਦੀ? ਉਹ ਦਿਨ ਰਾਤ ਸੋਚਦੀ। ਇਸ ਘੁੰਮਣਘੇਰੀ ਵਿਚੋਂ ਉਸ ਨੂੰ ਨਿਕਲਣ ਦਾ ਕੋਈ ਰਾਹ ਨਾ ਦਿਸਦਾ। ਮਰੀ ਮਾਂ ਨਾਲ ਝੇੜੇ ਕਰਦੀ ਰਹਿੰਦੀ ਕਿ ਜੇ ਤੈਂ ਇੰਜ ਹੀ ਜਾਣਾ ਸੀ ਤਾਂ ਮੈਨੂੰ ਵੀ ਕਿਉਂ ਇਸ ਬੇਦਰਦ ਸਮਾਜ ਵਿਚ ਛੱਡਿਆ। ਮੈਨੂੰ ਵੀ ਨਾਲ ਹੀ ਲੈ ਜਾਂਦੀ। ਖਾਨਦਾਨੀ ਘਰ ਦੀ ਮੀਤ ਤਾਂ ਆਪ ਆਪਣੇ ਸਹੁਰੇ ਘਰ ਰਹਿਣ ਨੂੰ ਹੀ ਤਰਜੀਹ ਦਿੰਦੀ ਪਰ ਕੋਈ ਰਹਿਣ ਦੇਵੇ ਤਾਂ ਨਾ! ਰਹਿ ਰਹਿ ਕੇ ਉਸ ਘੜੀ ਨੂੰ ਕੋਸਦੀ ਜਦੋਂ ਉਹ ਮਾਸੀ ਦੀਆਂ ਗੱਲਾਂ ਵਿਚ ਆ ਆਪਣੀ ਜ਼ਿੰਦਗੀ ਦਾ ਇੰਨਾ ਵੱਡਾ ਫੈਸਲਾ ਕਰ ਬੈਠੀ। ਹੁਣ ਸਾਰੇ ਛੁੱਟ ਗਏ, ਭੁਗਤ ਉਹ ਰਹੀ ਹੈ।
ਹੁਣ ਸੱਸ ਦੇ ਚਲਿਤਰਾਂ ਦਾ ਕੀ ਜੁਆਬ ਦੇਵੇ, ਕੀ ਫੈਸਲਾ ਕਰੇ ਕਿਉਂਕਿ ਉਸ ਨੂੰ ਤਾਂ ਆਪਣੇ ਜੇਲ੍ਹ ਗਏ ਪੁੱਤ ਦੀ ਚਿੰਤਾ ਹੈ ਕਿ ਕਿਵੇਂ ਨਾ ਕਿਵੇਂ ਬਾਹਰ ਆ ਜਾਵੇ। ਜੋ ਦਫਾ 307 ਅਧੀਨ ਸੈਂਟਰਲ ਜੇਲ੍ਹ ਪਟਿਆਲਾ ਵਿਚ ਬੰਦ ਸੀ। ਭਾਵੇਂ ਉਸ ਨੂੰ ਜੇਲ੍ਹ ਵਿਚ ਵੀ ਨਸ਼ੇ ਪੱਤੇ ਦੀ ਕੋਈ ਘਾਟ ਨਹੀਂ ਸੀ ਪਰ ਹੁਣ ਤਾਂ ਕਹਾਣੀ ਸਿਰੇ ਹੀ ਲਗ ਚੁਕੀ ਸੀ। ਅੱਗੇ ਖੂਹ ਪਿਛੇ ਖਾਈ ਵਾਲੀ ਹਾਲਤ ਬਣ ਚੁਕੀ ਸੀ। ਉਸ ਦੇ ਸੁਧਰਨ ਦੇ ਮੌਕੇ ਹੋਰ ਵੀ ਘੱਟ ਚੁਕੇ ਸਨ ਕਿਉਂਕਿ ਇਹ ਜੇਲ੍ਹ ਵਾਲਾ ਡਰ ਵੀ ਚੁੱਕਿਆ ਗਿਆ। ਉਹ ਨੌਕਰੀਯਾਫਤਾ ਸੀ, ਹਰ ਪੱਖੋਂ ਸਾਧਨ ਸੰਪੰਨ ਸੀ ਪਰ ਫਿਰ ਵੀ ਮਰਦ ਦੇ ਸਾਥ ਤੋਂ ਬਿਨਾ ਰਹਿਣਾ ਤੇ ਸਮਾਜ ਦੇ ਤਾਹਨੇ ਮਿਹਣੇ ਜਰਨਾ ਉਸ ਲਈ ਪਹਾੜ ਚੜ੍ਹਨ ਬਰਾਬਰ ਸੀ। ਜੇ ਉਹ ਦੂਜਾ ਵਿਆਹ ਵੀ ਕਰਵਾਏਗੀ ਤਾਂ ਨੋਨੀ ਕਿਸੇ ਦੀ ਕੀ ਲੱਗੀ। ਉਹ ਤਾਂ ਆਪਣੇ ਮਾਂ-ਬਾਪ ਦੇ ਪਿਆਰ ਤੋਂ ਵਾਂਝੀ ਹੋ ਜਾਵੇਗੀ।
ਉਸ ਨੇ ਆਲੇ-ਦੁਆਲੇ ਝਾਤੀ ਮਾਰੀ ਕਿਵੇਂ ਦਫੇਦਾਰਾਂ ਦੀ ਜਸ਼ਨ, ਸੁਨਿਆਰਾਂ ਦੀ ਜੀਤੋ, ਤਖਾਣਾਂ ਦੀ ਮਿੰਦਰੋ, ਸਰਪੰਚਾਂ ਦੀ ਕੈਲੋ ਤੇ ਚੌਧਰੀਆਂ ਦੀ ਨਿੱਕੀ ਬੱਚਿਆਂ ਨੂੰ ਲੈ ਕੇ ਪੇਕੀਂ ਆ ਬੈਠੀਆਂ ਨੇ, ਸਹੁਰਿਆਂ ਦੀਆਂ ਸਤਾਈਆਂ ਦੇ ਭਰਜਾਈਆਂ ਮੂੰਹ ਪਾਣੀ ਨੀਂ ਧਰਦੀਆਂ। ਬਹੁਤੀਆਂ ਉਸ ਦੇ ਹਾਣ ਦੀਆਂ ਸਹੁਰੇ ਘਰੀਂ ਇਸੇ ਤਰ੍ਹਾਂ ਸਮਝੌਤਾ ਕਰੀਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਠੁੰਮਣਾ ਵੀ ਦੇ ਰਹੀਆਂ ਹਨ। ਖੁਦ ਉਸ ਦੀ ਭਰਜਾਈ ਵੀ ਤਾਂ ਉਸ ਦੇ ਭਰਾ ਨਾਲ ਇਸੇ ਤਰ੍ਹਾਂ ਟਾਇਮ ਕੱਢਦੀ ਹੈ, ਉਹ ਵੀ ਘਰੋਂ ਕਦਮ ਪੁੱਟ ਸਕਦੀ ਸੀ ਪਰ ਉਹ ਤਾਂ ਉਦੋਂ ਵੀ ਪੇਂਕੀਂ ਨਹੀਂ ਗਈ ਜਦੋਂ ਉਸ ਦਾ ਭਰਾ ਕੈਲਾ ਡੁਬਈ ਤੁਰ ਗਿਆ ਸੀ। ਇਕੱਲੀ ਔਰਤ ਨੂੰ ਤਾਂ ਦੁਨੀਆਂ ਉਂਜ ਹੀ ਟਿਕਣ ਨਹੀਂ ਦਿੰਦੀ। ਫਿਰ ਮਰੀ ਮਾਂ ਸੁਪਨਿਆਂ ਵਿਚ ਆ ਜਾਂਦੀ, ਮੀਤਿਆ! ਸਹੁਰਿਆਂ ਦੀ ਲੱਤ ਚੰਗੀ ਪੇਕਿਆਂ ਦੀ ਖੱਟ ਨਾਲੋਂ। ਭਾਵੇਂ ਉਸ ਦਾ ਫੱਟੜ ਮਨ ਇਸ ਦਕੀਆਨੂਸੀ ਕਹੌਤ ਨਾਲ ਸਹਿਮਤ ਨਾ ਹੁੰਦਾ ਪਰ ਅੰਦਰੋਂ ਆਵਾਜ਼ ਆਉਂਦੀ, ਫਿਰ ਕਰੇਂਗੀ ਕੀ?
“ਹਾਂ ਮੀਤ ਕਿਥੇ ਗੁੰਮ ਹੋ ਗਈ? ਕਿਸੇ ਦੀਆਂ ਗੱਲਾਂ ਵਿਚ ਨਾ ਆ, ਆਪਣੇ ਘਰ ਵਲ ਦੇਖ।” ਸੱਸ ਨੇ ਉਸ ਨੂੰ ਚੁੱਪ ਦੇਖ ਨਵਾਂ ਪੈਂਤੜਾ ਲਿਆ। ਉਹਨੇ ਆਪਣੇ ਆਪ ਵਿਚ ਆਉਂਦਿਆਂ ਕਿਹਾ ਕਿ ਉਹ ਸੋਚ ਕੇ ਦੱਸੇਗੀ। ਸੱਸ ਦੇ ਇਸ ਕਦਮ ਨੇ ਦੋਰਾਹੇ ‘ਤੇ ਖੜੀ ਜ਼ਿੰਦਗੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ।
ਉਹ ਤਾਂ ਆਪਣੇ ਵਲੋਂ ਸਾਰਾ ਕੁਝ ਮੁਕਾ ਬੈਠੀ ਸੀ ਕਿ ਜਦੋਂ ਉਸ ਦਾ ਘਰ ਵਾਲਾ ਸ਼ੀਰਾ ਉਸ ਦੇ ਆਪਣੇ ਬਿਆਨਾਂ ‘ਤੇ ਉਸ ਦੀ ਹੱਤਿਆ ਦੀ ਕੋਸ਼ਿਸ ਦੇ ਦੋਸ਼ ਵਿਚ ਜੇਲ੍ਹ ਚਲਿਆ ਗਿਆ ਸੀ, ਹੁਣ ਬਾਕੀ ਕੀ ਰਹਿ ਗਿਆ ਸੀ? ਉਸ ਨੇ ਮਨ ਹੀ ਮਨ ਬਾਪ ਤੇ ਭਰਜਾਈ ਨਾਲ ਪਹਿਲਾਂ ਗੱਲ ਕਰਨ ਦੀ ਸੋਚੀ। ਅੱਗੇ ਦੇਖਿਆ ਜਾਵੇਗਾ ਕਿ ਕੀ ਹੋਵੇਗਾ। ਹੁਣ ਵੀ ਕਿਹੜਾ ਸੌਖਾ ਸੀ ਪੇਕੇ ਬੈਠਣਾ। ਉਨ੍ਹਾਂ ਉਸ ਦੀ ਤੇ ਛੋਟੀ ਬੱਚੀ ਦੀ ਅਸੁਰੱਖਿਆ ਕਾਰਨ ਅਜਿਹਾ ਜੋਖਮ ਭਰਿਆ ਕਦਮ ਚੁਕਣ ਤੋਂ ਨਾਂਹ ਕਰ ਦਿੱਤੀ।
ਦੁਬਿਧਾ ਵਿਚ ਹੀ ਉਸ ਨੇ ਕੁਝ ਦੇਰ ਆਪਣੇ ਮਨ ਨੂੰ ਇਸ ਹਾਲਤ ਵਿਚੋਂ ਕੱਢਣ ਲਈ ਗੁਰੂ ਘਰ ਦਾ ਓਟ ਆਸਰਾ ਲਿਆ। ਭਾਈ ਜੀ ਨੇ ਕਥਾ ਛੋਹੀ ਤੇ ਮਾਈ ਭਾਗੋ ਦੀ ਸੂਝ ਸਿਆਣਪ ਦੀ ਇਤਿਹਾਸਕ ਮਿਸਾਲ ਦਿੰਦਿਆਂ ਦੱਸਿਆ ਕਿ ਕਿਵੇਂ ਉਸ ਨੇ ਗੁਰੂ ਦਾ ਸਾਥ ਛੱਡ ਕੇ ਆਉਣ ਵਾਲੇ ਆਪਣੇ ਪਤੀ ਮਹਾਂ ਸਿੰਘ ਸਣੇ 40 ਸਿੰਘਾਂ ਨੂੰ ਵਾਪਸ ਮੁਕਤਸਰ ਦੀ ਧਰਤੀ ‘ਤੇ ਲੜਨ ਲਈ ਪ੍ਰੇਰਿਆ ਸੀ। ਇਸ ਕਥਾ ਨੇ ਜਿਵੇਂ ਉਸ ਦੀਆਂ ਤਾਂ ਅੱਖਾਂ ਖੋਲ੍ਹ ਦਿੱਤੀਆਂ। ਭਾਵੇਂ ਅਜਿਹੀਆਂ ਕਥਾਵਾਂ ਇਸ ਤੋਂ ਪਹਿਲਾਂ ਵੀ ਉਸ ਨੇ ਕਈ ਵਾਰ ਸੁਣੀਆਂ ਸੀ ਪਰ ਅੱਜ ਦਾ ਕਥਾ ਵਖਿਆਨ ਤਾਂ ਲਗਦਾ ਸੀ ਜਿਵੇਂ ਉਸ ਲਈ ਹੀ ਸੀ।
ਮੀਤ ਨੇ ਮਨ ਹੀ ਮਨ ਦੁਆ ਮੰਗੀ, Ḕਮਾਲਕਾ ਰਸਤਾ ਦਿਖਾ ਤਾਂ ਜੋ ਘਰ ਨੂੰ ਮੁੜ ਤੋਂ ਵਸਾਉਣ ਦੀ ਉਹ ਹਿੰਮਤ ਬਟੋਰ ਸਕੇ, ਅੱਗੇ ਉਸ ਦੇ ਕਰਮ।Ḕ ਅੱਜ ਦੇ ਇਸ ਵਿਖਿਆਨ ਨੇ ਤਾਂ ਜਿਵੇਂ ਇਸ ਘਰੇਲੂ ਜੰਗ ਨੂੰ ਸਰ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਸੀ। ਸਭ ਤੋਂ ਪਹਿਲਾਂ ਤਾਂ ਉਹ ਕਦਮ ਚੁੱਕਿਆ ਜਿਸ ਨੇ ਉਸ ਦੀ ਜ਼ਿੰਦਗੀ ਨਰਕ ਬਣਾ ਰੱਖੀ ਸੀ। ਉਸ ਨੇ ਆਪਣੇ ਬਾਪੂ ਨੂੰ ਹਲਫੀਆ ਬਿਆਨ ‘ਤੇ ਦਸਤਖਤ ਕਰ ਦਿੱਤੇ ਕਿ ਉਸ ਦੀ ਜਾਇਦਾਦ ਦਾ ਮਾਲਕ Ḕਮੇਰੇ ਸਾਰੀ ਉਮਰ ਦੇ ਮਾਪੇḔ ਉਸ ਦਾ ਭਰਾ-ਭਤੀਜਾ ਹੈ, ਉਹ ਨਹੀਂ। ਉਸ ਦੇ ਵਿਆਹ, ਪੜਾ੍ਹਈ ‘ਤੇ ਬਥੇਰਾ ਖਰਚਾ ਉਸ ਦੇ ਪਿਓ ਨੇ ਕੀਤਾ ਸੀ। ਨਾਲੇ ਇਸ ਕਦਮ ਨਾਲ ਸਹੁਰਿਆਂ ਦੀ ਵੀ Ḕਕੁੱਤੇ ਝਾਕḔ ਬੰਦ ਹੋ ਜਾਵੇਗੀ। ਉਸ ਨਾਲ ਜੋ ਬੀਤੂ, ਦੇਖੀ ਜਾਊ।
ਉਸ ਨੂੰ ਲੱਗਿਆ ਜਿਵੇਂ ਕੋਈ ਰੂਹਾਨੀ ਤਾਕਤ ਹਲੂਣ ਕ ਕਹਿ ਰਹੀ ਹੈ, Ḕਨਸ਼ੇ ਦੀ ਲੋਰ ਵਿਚ ਸ਼ੀਰੇ ਵਲੋਂ ਕੀਤੀ ਗਲਤੀ ਨੂੰ ਵੀ ਮੁਆਫ ਕਰ ਇੱਕ ਵਾਰੀ ਉਸ ਨੂੰ ਸੁਧਰਨ ਦਾ ਮੌਕਾ ਦੇਹ। ਭਾਵੇਂ ਉਸ ਨਾਲ ਕਿੰਨਾ ਵੀ ਮਾੜਾ ਵਿਹਾਰ ਕੀਤਾ ਸੀ।Ḕ ਸੌ ਵਿਰੋਧਾਂ ਦੇ ਬਾਵਜੂਦ ਉਸ ਨੇ ਹਿੰਮਤੀ ਕਦਮ ਚੁੱਕਦਿਆਂ ਪਤੀ ਨੂੰ ਜੇਲ੍ਹ ਵਿਚੋਂ ਛੁਡਾਇਆ ਜੋ ਜੇਲ੍ਹੋਂ ਛੁਟਦਿਆਂ ਸਿੱਧਾ ਮੀਤ ਤੇ ਉਸ ਦੇ ਪੇਕੇ ਪਰਿਵਾਰ ਕੋਲ ਆਇਆ ਤੇ ਆਪਣੇ ਕੀਤੇ ਉਤੇ ਪਛਤਾਵਾ ਕਰਦਿਆਂ ਅੱਗੇ ਲਈ ਹਰ ਤਰ੍ਹਾਂ ਦੇ ਨਸ਼ੇ ਤੋਂ ਤੋਬਾ ਕੀਤੀ। ਉਸ ਨੇ ਮੀਤ ਤੇ ਨੋਨੀ ਨੂੰ ਆਪਣੇ ਘਰ ਲਿਜਾਣ ਦੀ ਗੁਜ਼ਾਰਿਸ਼ ਕੀਤੀ। ਚਰਨੇ ਨੇ ਧੀ ਦੇ ਇਲਾਜ ਉਤੇ ਲੱਖਾਂ ਰੁਪਏ ਖਰਚ ਕਰ ਦਿੱਤੇ ਸਨ। ਸ਼ੀਰਾ ਤਾਂ ਆਪਣੇ ਵਲੋਂ ਮੀਤ ਨੂੰ ਮੁਕਾ ਹੀ ਗਿਆ ਸੀ। ਪਤਾ ਨਹੀਂ ਕੀਹਦੇ ਭਾਗਾਂ ਨੂੰ ਉਹ ਬਚ ਗਈ। ਪਰ ਅੱਜ Ḕਜਦੋਂ ਭੁਲਿਆ ਨਾ ਜਾਣੋ ਜੇ ਸ਼ਾਮ ਨੂੰ ਘਰ ਆ ਜਾਵੇḔ ਵਾਲੇ ਹਾਲਾਤ ਵਿਚ ਆਪਣੇ ਜੁਆਈ ਨੂੰ ਦੇਖਿਆ ਤਾਂ ਉਸ ਨੇ ਉਸ ਨੂੰ ਆਪਣੇ ਗਲ ਨਾਲ ਲਾ ਕੇ ਮੀਤ ਨੂੰ ਲੈ ਜਾਣ ਦੀ ਇਜਾਜ਼ਤ ਦੇ ਦਿੱਤੀ। ਦੂਰ ਪਿੰਡ ਵਿਚ ਕਿਸੇ ਕੁੜੀ ਦੀ ਡੋਲੀ ਵਿਦਾ ਹੋ ਰਹੀ ਸੀ ਜਿਸ ਵਿਚ ਵਜਦਾ ਰਿਕਾਰਡ Ḕਨੀ ਮਾਏ ਇੱਕ ਘਰ ਤੇਰਾ ਜੋੜਿਆ ਦੂਜਾ ਜੋੜਨ ਚੱਲੀ ਨੀਂ’ ਰੁਕ ਰੁਕ ਕੇ ਉਸ ਦੇ ਕੰਨਾਂ ਵਿਚ ਪੈ ਰਿਹਾ ਸੀ। ਮੀਤ ਕਾਰ ਦੀ ਤਾਕੀ ਖੋਲ੍ਹ ਕੇ ਖੜੇ ਸ਼ੀਰੇ ਵੱਲ ਮੁਸਕਰਾਉਂਦੀ ਹੋਈ ਦੇਖਦੀ ਤੇ ਵਿਦਾ ਕਰਨ ਆਏ ਆਪਣੇ ਬਾਪ ਦੀ ਫੁਲਵਾੜੀ ਵੱਲ ਸੰਤੁਸ਼ਟੀ ਜ਼ਾਹਰ ਕਰਦੀ ਹੋਈ ਗੱਡੀ ਦੀ ਮੂਹਰਲੀ ਸੀਟ ਉਤੇ ਜਾ ਬੈਠੀ ਸੀ।