ਡਾ. ਗੁਰਿੰਦਰ ਕੌਰ
ਫੋਨ: 609-721-0950
ਮੈਕਸੀਕੋ ਨੂੰ ਇਸ ਮਹੀਨੇ ਸਿਰਫ 12 ਦਿਨਾਂ ਦੇ ਵਕਫੇ ਨਾਲ ਆਏ ਦੋ ਸਕਤੀਸ਼ਾਲੀ ਭੁਚਾਲਾਂ ਨੇ ਹਿਲਾ ਕੇ ਰੱਖ ਦਿੱਤਾ ਹੈ। ਪਹਿਲਾ ਭੁਚਾਲ 4 ਸਤੰਬਰ ਨੂੰ 8.1 ਤੀਬਰਤਾ ਦਾ ਦੇਸ਼ ਦੇ ਦੱਖਣੀ ਖੇਤਰ ਵਿਚ ਆਇਆ ਜਿਸ ਨਾਲ ਕਰੀਬ 100 ਲੋਕਾਂ ਦੀ ਮੌਤ ਹੋ ਗਈ। ਇਸ ਸਦਮੇ ਤੋਂ ਹਾਲੇ ਦੇਸ਼ ਸੰਭਲਿਆ ਵੀ ਨਹੀਂ ਸੀ ਕਿ ਦੂਜਾ ਭੁਚਾਲ ਦੇਸ਼ ਦੀ ਰਾਜਧਾਨੀ ਮੈਕਸੀਕੋ ਸਿਟੀ ਦੇ ਨੇੜੇ 19 ਸਤੰਬਰ ਨੂੰ ਦੁਪਹਿਰੇ ਇਕ ਵਜੇ ਦੇ ਕਰੀਬ ਆ ਗਿਆ। ਇਸ ਦੀ ਤੀਬਰਤਾ ਭੂ-ਵਿਗਿਆਨੀਆਂ ਨੇ ਰਿਕਟਰ ਪੈਮਾਨੇ ਉਤੇ 7.1 ਮਾਪੀ ਹੈ।
ਇਸ ਭੁਚਾਲ ਨਾਲ 250 ਲੋਕ ਮਾਰੇ ਗਏ ਜਿਨ੍ਹਾਂ ਵਿਚ 20 ਤੋਂ ਵੱਧ ਸਕੂਲੀ ਬੱਚੇ ਸਨ। ਸ਼ਹਿਰ ਦੀਆਂ ਕੋਈ 44 ਥਾਂਵਾਂ ਉਤੇ ਇਮਾਰਤਾਂ ਬੁਰੀ ਤਰ੍ਹਾਂ ਢਹਿ ਢੇਰੀ ਹੋ ਗਈਆਂ ਜਿਨ੍ਹਾਂ ਵਿਚ ਇੱਕ ਸਕੂਲ ਅਤੇ ਇੱਕ ਗਿਰਜਾਘਰ ਵੀ ਸ਼ਾਮਲ ਹੈ।
19 ਸਤੰਬਰ ਨੂੰ ਆਏ ਭਿਆਨਕ ਭੁਚਾਲ ਨੇ 32 ਸਾਲ ਪਹਿਲਾਂ 1985 ਵਿਚ ਆਏ ਭੁਚਾਲ ਦੀ ਦੁਖਦਾਈ ਯਾਦ ਇੱਕ ਵਾਰ ਫਿਰ ਸ਼ਹਿਰ ਵਾਸੀਆਂ ਨੂੰ ਚੇਤੇ ਕਰਵਾ ਦਿੱਤੀ ਹੈ। ਉਦੋਂ ਆਏ ਭੁਚਾਲ ਵਿਚ ਕੋਈ 10,000 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਵਾਲੇ ਭੁਚਾਲ ਦਾ ਕੇਂਦਰ ਬਿੰਦੂ ਮੈਕਸੀਕੋ ਸਿਟੀ ਤੋਂ 120 ਕਿਲੋਮੀਟਰ ਦੂਰ ਪੁਏਬਲਾ ਸੂਬੇ ਦੇ ਇਟੇਂਸਿਗੋ ਨਾਂ ਦੀ ਥਾਂ ਉਤੇ 51 ਕਿਲੋਮੀਟਰ ਦੀ ਡੂੰਘਾਈ ਉਤੇ ਸੀ। ਇਸ ਭੁਚਾਲ ਨੇ ਮੈਕਸੀਕੋ ਸਿਟੀ, ਮੋਰਲਯੋਂਸ, ਪੁਏਬਲਾ ਅਤੇ ਗੋਈਰੀਰੋ ਸਟੇਟ ਵਿਚ ਭਾਰੀ ਤਬਾਹੀ ਮਚਾਈ ਹੈ।
ਮੈਕਸੀਕੋ ਵਿਚ ਇੰਨੇ ਥੋੜ੍ਹੇ ਵਕਫੇ ਨਾਲ ਆਏ ਦੋ ਸ਼ਕਤੀਸ਼ਾਲੀ ਭੁਚਾਲਾਂ ਨੇ ਲੋਕਾਂ ਦੇ ਮਨਾਂ ਵਿਚ ਕਈ ਸ਼ੰਕੇ ਪੈਦਾ ਕਰ ਦਿੱਤੇ ਹਨ। ਭੂ-ਵਿਗਿਆਨੀਆਂ ਅਨੁਸਾਰ ਇੰਨੇ ਥੋੜ੍ਹੇ ਵਕਫੇ ਨਾਲ ਦੋ ਵੱਡੇ ਭੁਚਾਲਾਂ ਦਾ ਆਉਣਾ ਮੈਕਸੀਕੋ ਵਰਗੇ ਭੁਚਾਲ-ਸੰਵੇਦਨਸ਼ੀਲ ਦੇਸ਼ ਲਈ ਕੋਈ ਬਹੁਤੇ ਅਚੰਭੇ ਵਾਲੀ ਗੱਲ ਨਹੀਂ ਹੈ, ਪਰ ਅਜਿਹਾ ਵਰਤਾਰਾ ਆਮ ਤੌਰ ‘ਤੇ ਘੱਟ ਹੀ ਦੇਖਣ ਵਿਚ ਮਿਲਦਾ ਹੈ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਵੱਡਾ ਭੁਚਾਲ ਆਉਣ ਤੋਂ ਬਾਅਦ ਘੱਟ ਤੀਬਰਤਾ ਵਾਲੇ ਭੁਚਾਲ ਉਸੇ ਥਾਂ ਉਤੇ ਮਿੰਟਾਂ, ਘੰਟਿਆਂ, ਦਿਨਾਂ, ਹਫਤਿਆਂ ਅਤੇ ਕਈ ਵਾਰੀ ਮਹੀਨਿਆਂ-ਬੱਧੀ ਆਉਂਦੇ ਰਹਿੰਦੇ ਹਨ, ਪਰ ਵਧੇਰੇ ਤੀਬਰਤਾ ਵਾਲੇ ਭੁਚਾਲ ਘੱਟ ਹੀ ਆਉਂਦੇ ਹਨ।
ਮੈਕਸੀਕੋ ਵਿਚ ਜ਼ਿਆਦਾ ਭੁਚਾਲ ਆਉਣ ਦਾ ਮੁੱਖ ਕਾਰਨ ਇਸ ਦੀ ਭੂਗੋਲਿਕ ਸਥਿਤੀ ਹੈ। ਇਹ ਦੇਸ਼ ਉਸ ਖਿੱਤੇ ਵਿਚ ਸਥਿਤ ਹੈ ਜਿੱਥੇ ਦੁਨੀਆਂ ਦੇ 80 ਫੀਸਦ ਭੁਚਾਲ ਆਉਂਦੇ ਹਨ। ਇਸ ਖਿੱਤੇ ਨੂੰ ਪੈਸੇਫਿਕ ਰਿੰਗ ਆਫ ਫਾਇਰ (ਫਅਚਿਚਿ ੍ਰਨਿਗ ਾ ਾਂਰਿe) ਵੀ ਕਿਹਾ ਜਾਂਦਾ ਹੈ। ਸਾਡੀ ਧਰਤੀ ਅਸਲ ਵਿਚ ਟੈਕਟੋਨਿਕ ਪਲੇਟਾਂ ਉਤੇ ਟਿੱਕੀ ਹੋਈ ਹੈ। ਜਦੋਂ ਇਹ ਪਲੇਟਾਂ ਹਿਲਦੀਆਂ ਜਾਂ ਸਰਕਦੀਆਂ ਹਨ ਤਾਂ ਉਸ ਨਾਲ ਧਰਤੀ ਉਪਰ ਭੁਚਾਲ ਆ ਜਾਂਦੇ ਹਨ। ਮੈਕਸੀਕੋ ਦੇਸ਼ ਤਾਂ ਪੰਜ ਟੈਕਟੋਨਿਕ ਪਲੇਟਾਂ ਕੋਕੋਸ, ਪੈਸੇਫਿਕ, ਕਰੇਬੀਅਨ, ਪਨਾਮਾ ਅਤੇ ਨਾਰਥ ਅਮਰੀਕਾ ਉਤੇ ਟਿਕਿਆ ਹੋਇਆ ਹੈ। ਯੂ.ਐਸ਼ਏ. ਜਿਉਲੋਜ਼ੀਕਲ ਸਰਵੇ ਅਨੁਸਾਰ ਕੋਕੋਸ ਪਲੇਟ ਹਰ ਸਾਲ 76 ਮਿਲੀਮੀਟਰ ਦੀ ਰਫਤਾਰ ਨਾਲ ਨਾਰਥ ਅਮਰੀਕਾ ਨੂੰ ਧੱਕਦੀ ਹੋਈ ਉਸ ਦੇ ਹੇਠਾਂ ਨੂੰ ਸਰਕਦੀ ਜਾ ਰਹੀ ਹੈ।
ਮੈਕਸੀਕੋ ਦੁਨੀਆਂ ਦੇ ਸਭ ਤੋਂ ਵੱਧ ਭੁਚਾਲ-ਸੰਵੇਦਨਸ਼ੀਲ ਦੇਸ਼ਾਂ ਵਿਚੋਂ ਇੱਕ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਜਦੋਂ 19 ਸਤੰਬਰ ਨੂੰ ਭੁਚਾਲ ਆਇਆ ਤਾਂ ਮੈਕਸੀਕੋ ਦੇ ਲੋਕ ਭੁਚਾਲ ਤੋਂ ਬਚਾਅ ਸਬੰਧੀ ਅਭਿਆਸ ਕਰ ਰਹੇ ਸਨ। ਮੈਕਸੀਕੋ ਸ਼ਹਿਰ ਵਿਚ ਭੁਚਾਲ ਦਾ ਆਉਣਾ ਅਤੇ ਉਸ ਤੋਂ ਹੋਣ ਵਾਲੇ ਭਾਰੀ ਨੁਕਸਾਨ ਦਾ ਕਾਰਨ ਸ਼ਹਿਰ ਦਾ ਇੱਕ ਸੁੱਕੀ ਹੋਈ ਝੀਲ ਦੀ ਜ਼ਮੀਨ ਉਤੇ ਵੱਸਿਆ ਹੋਣਾ ਹੈ। ਸ਼ਹਿਰ ਦੀ ਥੱਲੇ ਵਾਲੀ ਜ਼ਮੀਨ ਬਹੁਤ ਪੋਲੀ ਹੈ, ਪਰ ਸ਼ਹਿਰ ਤੇਜ਼ੀ ਨਾਲ ਉਪਰ ਵੱਲ ਨੂੰ ਵਧ ਰਿਹਾ ਹੈ। ਇਸ ਸ਼ਹਿਰ ਥੱਲੜੀ ਪੋਲੀ ਜ਼ਮੀਨ ਕੰਕਰੀਟ ਅਤੇ ਲੋਹੇ ਨਾਲ ਬਣੀਆਂ ਇਮਾਰਤਾਂ ਦਾ ਬੋਝ ਝੱਲਣ ਤੋਂ ਅਸਮਰੱਥ ਹੈ ਅਤੇ ਭੁਚਾਲ ਆਉਣ ਦੀ ਸੂਰਤ ਵਿਚ ਸ਼ਹਿਰ ਵਿਚ ਭਾਰੀ ਤਬਾਹੀ ਹੁੰਦੀ ਹੈ। ਸਾਲ 1985 ਵਿਚ ਆਏ ਭੁਚਾਲ ਪਿਛੋਂ ਮੈਕਸੀਕੋ ਸਰਕਾਰ ਨੇ ਭੂ-ਵਿਗਿਆਨੀਆਂ ਦੀ ਰਾਇ ਲੈ ਕੇ ਭੁਚਾਲ-ਨਿਰੋਧਕ ਇਮਾਰਤਾਂ ਬਣਾਉਣੀਆਂ ਸ਼ੁਰੂ ਕੀਤੀਆਂ ਹਨ ਤਾਂਕਿ ਜਾਨੀ-ਮਾਲੀ ਨੁਕਸਾਨ ਘੱਟ ਤੋਂ ਘੱਟ ਹੋਵੇ। ਇਸੇ ਕਰਕੇ ਇਸ ਸਾਲ ਆਏ ਭੁਚਾਲ ਵਿਚ ਭਾਵੇਂ 250 ਤੋਂ ਵੱਧ ਵਿਅਕਤੀ ਮਾਰੇ ਗਏ ਪਰ ਇਹ ਗਿਣਤੀ ਸਾਲ 1985 ਵਿਚ ਹੋਈਆਂ ਮੌਤਾਂ ਦੀ ਗਿਣਤੀ ਤੋਂ ਬਹੁਤ ਘੱਟ ਹੈ।
ਮੈਕਸੀਕੋ ਵਿਚ ਆਏ ਤਾਜ਼ੇ ਭੁਚਾਲ ਤੋਂ ਭਾਰਤ ਨੂੰ ਸਬਕ ਲੈਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਭਾਰਤ ਦਾ ਲਗਭਗ 54 ਫੀਸਦ ਰਕਬਾ ਭੁਚਾਲ-ਸੰਵੇਦਨਸ਼ੀਲ ਖੇਤਰ ਵਿਚ ਆਉਂਦਾ ਹੈ ਅਤੇ ਇੰਡੀਅਨ ਟੈਕਟੋਨਿਕ ਪਲੇਟ ਵੀ ਹਰ ਸਾਲ 47 ਮਿਲੀਮੀਟਰ ਦੀ ਦਰ ਨਾਲ ਹਿਮਾਲਿਆ ਵੱਲ ਲਗਾਤਾਰ ਸਰਕਦੀ ਜਾ ਰਹੀ ਹੈ ਜਿਸ ਨਾਲ ਭੁਚਾਲ ਆਉਣ ਦੀ ਸੰਭਾਵਨਾ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।
ਵਿਸ਼ਵ ਬੈਂਕ ਅਤੇ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਸਾਲ 2050 ਤੱਕ ਭਾਰਤ ਦੀ 200 ਮਿਲੀਅਨ ਸ਼ਹਿਰੀ ਆਬਾਦੀ ਭੁਚਾਲਾਂ ਅਤੇ ਤੁਫਾਨਾਂ ਵਰਗੀਆਂ ਕੁਦਰਤੀ ਆਫਤਾਂ ਦੀ ਮਾਰ ਥੱਲੇ ਆ ਸਕਦੀ ਹੈ। ਇਸ ਕਥਨ ਦੀ ਸੱਚਾਈ ਨੂੰ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਸਾਡੇ ਦੇਸ਼ ਵਿਚ ਇਮਾਰਤਾਂ ਬਣਾਉਣ ਵੇਲੇ ਭੂ-ਵਿਗਿਆਨੀਆਂ ਦੀ ਰਾਇ ਨਹੀਂ ਲਈ ਜਾਂਦੀ।
ਗੁਹਾਟੀ, ਸ੍ਰੀਨਗਰ, ਜੰਮੂ, ਸ਼ਿਮਲਾ, ਦੇਹਰਾਦੂਨ, ਪਟਨਾ, ਮੇਰਠ, ਜਲੰਧਰ, ਲੁਧਿਆਣਾ ਅਤੇ ਦਿੱਲੀ ਸਮੇਤ ਕਈ ਵੱਡੇ ਸ਼ਹਿਰ ਅਤਿ-ਦਰਜੇ ਭਾਵ ਪੰਜਵੇਂ ਦਰਜੇ ਦੇ ਭੁਚਾਲ-ਸੰਵੇਦਨਸ਼ੀਲ ਖੇਤਰ ਵਿਚ ਪੈਂਦੇ ਹਨ। ਸੋਚਣ ਵਾਲੀ ਗੱਲ ਹੈ ਕਿ ਜੇ ਦਿੱਲੀ ਵਿਚ ਮੈਕਸੀਕੋ ਸਿਟੀ ਜਿੰਨੀ ਤੀਬਰਤਾ ਦਾ ਭੁਚਾਲ ਆ ਜਾਵੇ ਤਾਂ ਮੌਤਾਂ ਦੀ ਗਿਣਤੀ ਸੈਂਕੜਿਆਂ ਵਿਚ ਨਹੀਂ, ਲੱਖਾਂ ਵਿਚ ਹੋ ਸਕਦੀ ਹੈ ਕਿਉਂਕਿ ਇੱਥੇ ਇੱਕ ਵਰਗ ਕਿਲੋਮੀਟਰ ਵਿਚ ਲਗਭਗ 13,000 ਲੋਕ ਰਹਿੰਦੇ ਹਨ ਅਤੇ ਇੱਥੋਂ ਦੀਆਂ 80 ਫੀਸਦ ਤੋਂ ਵੀ ਵੱਧ ਇਮਾਰਤਾਂ ਭੁਚਾਲ ਦੀ ਮਾਰ ਸਹਿਣ ਤੋਂ ਅਸਮਰੱਥ ਹਨ ਭਾਵ ਭੁਚਾਲ ਨਿਰੋਧਕ ਮਾਪ-ਦੰਡਾਂ ਉਤੇ ਪੂਰੀਆਂ ਨਹੀਂ ਉਤਰਦੀਆਂ।
ਗੁਹਾਟੀ, ਸ਼ਿਮਲਾ, ਦੇਹਰਾਦੂਨ ਅਤੇ ਸ੍ਰੀਨਗਰ ਵਰਗੇ ਪਹਾੜੀ ਸ਼ਹਿਰ ਵੀ ਭੁਚਾਲ-ਸੰਵੇਦਨਸ਼ੀਲ ਖੇਤਰ ਵਿਚ ਆਉਂਦੇ ਹਨ। ਸ਼ਿਮਲਾ ਵਿਚ ਤਾਂ ਸਿਰਫ 2 ਫੀਸਦ ਇਮਾਰਤਾਂ ਹੀ ਭੁਚਾਲ-ਨਿਰੋਧਕ ਹਨ, ਹਾਲੇ ਵੀ ਉਥੇ ਕੋਈ ਵੀ ਇਮਾਰਤ ਬਣਾਉਂਦੇ ਸਮੇਂ ਨਾ ਤਾਂ ਭੁਚਾਲ-ਨਿਰੋਧਕ ਤਕਨੀਕ ਅਪਨਾਈ ਜਾਂਦੀ ਹੈ ਅਤੇ ਨਾ ਹੀ ਭੂ-ਵਿਗਿਆਨੀਆਂ ਦੀ ਰਾਇ ਲਈ ਜਾਂਦੀ ਹੈ। ਇਹ ਅਣਗਹਿਲੀ ਆਉਣ ਵਾਲੇ ਸਮੇਂ ਵਿਚ ਬਹੁਤ ਵਿਨਾਸ਼ਕਾਰੀ ਸਾਬਤ ਹੋ ਸਕਦੀ ਹੈ। ਉਸਾਰੀ ਵੇਲੇ ਭੁਚਾਲ-ਸੰਵੇਦਨਸ਼ੀਲਤਾ ਦੇ ਨਿਯਮਾਂ ਦਾ ਧਿਆਨ ਨਾ ਰੱਖਣ ਕਰਕੇ ਸਾਲ 2001 ਵਿਚ ਗੁਜਰਾਤ ਦੇ ਭੁਜ ਖੇਤਰ ਵਿਚ ਆਏ 7.7 ਤੀਬਰਤਾ ਦੇ ਭੁਚਾਲ ਨਾਲ 20,000 ਲੋਕ ਮਾਰੇ ਗਏ ਸਨ ਤੇ ਦੋ ਲੱਖ ਤੋਂ ਵੱਧ ਜਖਮੀ ਹੋ ਗਏ ਸਨ। ਇੰਨਾ ਹੀ ਨਹੀਂ, ਕੋਈ 4 ਲੱਖ ਘਰ ਮਿੱਟੀ ਦੇ ਢੇਰ ਵਿਚ ਬਦਲ ਗਏ ਸਨ। ਇਸੇ ਤਰ੍ਹਾਂ ਹੀ ਸਾਲ 1993 ਵਿਚ ਮਹਾਰਾਸ਼ਟਰ ਦੇ ਲਟੂਰ ਖੇਤਰ ਵਿਚ ਆਏ 6.4 ਤੀਬਰਤਾ ਦੇ ਭੁਚਾਲ ਨਾਲ ਵੀ 10,000 ਲੋਕ ਮਰ ਗਏ ਸਨ, ਜਦਕਿ ਦੋਵੇਂ ਖੇਤਰ ਸੰਘਣੀ ਆਬਾਦੀ ਵਾਲੇ ਨਹੀਂ ਸਨ।
ਸਾਡੇ ਦੇਸ਼ ਦੀ ਹਾਲਤ ਤਾਂ ਇਸ ਮਾਮਲੇ ਵਿਚ ਇੰਨੀ ਪਤਲੀ ਹੈ ਕਿ ਜੇ ਗੁਆਂਢੀ ਦੇਸ਼ ਵਿਚ ਭੁਚਾਲ ਆਉਂਦਾ ਹੈ ਤਾਂ ਵੀ ਸਾਡੇ ਦੇਸ਼ ਦੇ ਲੋਕ ਮਾਰੇ ਜਾਂਦੇ ਹਨ ਕਿਉਂਕਿ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ ਕਿ ਉਹ ਭੁਚਾਲ-ਸੰਵੇਦਨਸ਼ੀਲ ਖੇਤਰ ਵਿਚ ਰਹਿੰਦੇ ਹਨ। ਸਾਲ 2015 ਵਿਚ ਨੇਪਾਲ ਵਿਚ ਆਏ ਭੁਚਾਲ ਨਾਲ 70 ਦੇ ਕਰੀਬ ਲੋਕ ਬਿਹਾਰ ਅਤੇ ਉਤਰ ਪ੍ਰਦੇਸ਼ ਵਿਚ ਮਾਰੇ ਗਏ ਸਨ।
ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੇ ਵੱਡੇ ਸ਼ਹਿਰਾਂ, ਜੋ ਭੁਚਾਲ-ਸੰਵੇਦਨਸ਼ੀਲ ਖੇਤਰ ਵਿਚ ਆਉਂਦੇ ਹਨ, ਵਿਚ ਅਸਮਾਨ ਛੁਹੰਦੀਆਂ ਇਮਾਰਤਾਂ ਬਣਾਉਣ ਦੀ ਥਾਂ ਭੁਚਾਲ-ਨਿਰੋਧਕ ਨਵੀਆਂ ਤਕਨੀਕਾਂ ਨੂੰ ਅਪਨਾ ਕੇ ਜਾਂ ਵਾਤਾਵਰਣ ਨਾਲ ਰਾਬਤਾ ਰੱਖਣ ਵਾਲੀਆਂ ਪੁਰਾਣੀਆਂ ਤਕਨੀਕਾਂ ਨਾਲ ਇਮਾਰਤਾਂ ਬਣਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਭੰਗ ਦੇ ਭਾੜੇ ਨਾ ਜਾਣ। ਲੋਕ ਭੁਚਾਲ ਨਾਲ ਨਹੀਂ ਮਰਦੇ, ਸਗੋਂ ਇਮਾਰਤਾਂ ਦੇ ਥੱਲੇ ਆ ਕੇ ਮਰ ਜਾਂਦੇ ਹਨ। ਜੇ ਇਮਾਰਤ ਲਕੜੀ, ਬਾਂਸ ਅਤੇ ਮਿੱਟੀ ਦੀ ਬਣੀ ਹੈ ਤਾਂ ਲੋਕ ਜਖਮੀ ਹੁੰਦੇ ਹਨ, ਪਰ ਜੇ ਉਹ ਇੱਟਾਂ, ਪੱਥਰ ਅਤੇ ਲੋਹੇ ਦੀ ਬਣੀ ਹੈ ਤਾਂ ਲੋਕ ਉਨ੍ਹਾਂ ਥੱਲੇ ਦੱਬ ਕੇ ਮਰ ਜਾਂਦੇ ਹਨ।
ਪਹਾੜੀ ਇਲਾਕਿਆਂ ਵਿਚ ਵੱਸੇ ਸ਼ਹਿਰਾਂ ਨੂੰ ਵੱਡੀਆਂ ਅਤੇ ਚੌੜੀਆਂ ਸੜਕਾਂ ਬਣਾ ਕੇ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਦੀ ਥਾਂ ਉਨ੍ਹਾਂ ਦੀ ਕੁਦਰਤੀ ਸੁੰਦਰਤਾ ਕਾਇਮ ਰੱਖਦਿਆਂ ਪੁਰਾਣੇ ਸਮਿਆਂ ਦੇ ਇਮਾਰਤੀ ਢਾਂਚੇ ਨੂੰ ਤਰਜੀਹ ਦੇਣੀ ਚਾਹੀਦੀ ਹੈ, ਨਹੀਂ ਤਾਂ ਪੈਸਾ ਬਣਾਉਣ ਦੇ ਚੱਕਰ ਵਿਚ ਉਤਰਾਖੰਡ ਦੇ ਚਾਰ ਧਾਮਾਂ ਦੇ ਸ਼ਹਿਰਾਂ ਵਾਂਗ ਬਾਕੀ ਪਹਾੜੀ ਸ਼ਹਿਰ ਵੀ ਤਬਾਹ ਹੋ ਜਾਣਗੇ।
ਇਸ ਦੇ ਨਾਲ-ਨਾਲ ਸਾਡੀ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਜਾਪਾਨ ਜਾਂ ਅਮਰੀਕਾ ਵਰਗੇ ਉਨਤ ਦੇਸ਼ਾਂ ਤੋਂ ਨਵੀਂ ਭੁਚਾਲ-ਨਿਰੋਧਕ ਇਮਾਰਤ ਉਸਾਰੀ ਦੀਆਂ ਤਕਨੀਕਾਂ ਦੀ ਜਾਣਕਾਰੀ ਲੈ ਕੇ ਇਮਾਰਤਾਂ ਬਣਾਉਣ ਦੀ ਇਜਾਜ਼ਤ ਦੇਵੇ ਤਾਂਕਿ ਭੁਚਾਲ ਵਰਗੀ ਕੁਦਰਤੀ ਆਫਤ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਸਰਕਾਰ ਇਮਾਰਤਾਂ ਬਣਾਉਣ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰੇ। ਸਰਕਾਰ ਨੂੰ ਬਿਪਤਾ-ਪ੍ਰਬੰਧਨ ਨੂੰ ਚੁਸਤ-ਦਰੁਸਤ ਕਰਨਾ ਚਾਹੀਦਾ ਹੈ ਤਾਂ ਕਿ ਭੁਚਾਲ ਜਾਂ ਹੋਰ ਕਿਸੇ ਵੀ ਕੁਦਰਤੀ ਬਿਪਤਾ ਆਉਣ ਦੀ ਸੂਰਤ ਵਿਚ ਲੋਕਾਂ ਨੂੰ ਸਮੇਂ ਸਿਰ ਮਦਦ ਮਿਲ ਸਕੇ।