ਜਿਉਂਦੀਆਂ ਰਹਿਣ ਜੀਆ ਔਰ ਜੀਆ

ਗੁਰਬੀਰ ਚਾਨਾ
ਫ਼ਿਲਮ ‘ਜੀਆ ਔਰ ਜੀਆ’ ਹੋਣਹਾਰ ਕੋਰੀਓਗ੍ਰਾਫ਼ਰ ਹਾਵਰਡ ਰੋਜ਼ਮੇਅਰ ਦੀ ਪਲੇਠੀ ਫਿਲਮ ਹੈ। ਇਹ ਫਿਲਮ ਉਸ ਨੇ ਮਸ਼ਹੂਰ ਅਦਾਕਾਰ ਦੇਵ ਅਨੰਦ ਅਤੇ ਉਘੇ ਗਾਇਕ ਮੁਹੰਮਦ ਰਫ਼ੀ ਨੂੰ ਸਮਰਪਿਤ ਕੀਤੀ ਹੈ। ਇਸ ਸਮਰਪਣ ਦੀ ਅਸਲ ਕਹਾਣੀ ਅਦਾਕਾਰ ਦੇਵ ਆਨੰਦ ਅਤੇ ਅਦਾਕਾਰਾ ਆਸ਼ਾ ਪਾਰਿਖ ਦੀ 1961 ਵਿਚ ਬਣੀ ਫਿਲਮ ‘ਜਬ ਪਿਆਰ ਕਿਸੀ ਸੇ ਹੋਤਾ ਹੈ’ ਨਾਲ ਸਬੰਧਤ ਹੈ। ਇਸ ਫਿਲਮ ਦਾ ਗੀਤ ਹਾਵਰਡ ਰੋਜ਼ਮੇਅਰ ਨੇ ਆਪਣੀ ਫਿਲਮ ‘ਜੀਆ ਔਰ ਜੀਆ’ ਵਿਚ ਖੂਬ ਵਰਤਿਆ ਹੈ।

ਇਹ ਗੀਤ ਮੁਹੰਮਦ ਰਫ਼ੀ ਨੇ ਗਾਇਆ ਸੀ ਅਤੇ ਇਸ ਦਾ ਸੰਗੀਤ ਤਿਆਰ ਕੀਤਾ ਸੀ ਉਘੇ ਸੰਗੀਤਕਾਰ ਸ਼ੰਕਰ ਜੈਕਿਸ਼ਨ ਨੇ। ਹਾਵਰਡ ਰੋਜ਼ਮੇਅਰ ਮੁਤਾਬਕ, ਉਹ ਇਸ ਗੀਤ ਨੂੰ ਕਿਸੇ ਨਾ ਕਿਸੇ ਢੰਗ ਨਾਲ ਆਪਣੀ ਫਿਲਮ ਦਾ ਆਧਾਰ ਬਣਾਉਣਾ ਚਾਹੁੰਦਾ ਸੀ ਅਤੇ ਹੁਣ ਆਣ ਕੇ ਉਸ ਦਾ ਇਹ ਸੁਪਨਾ ‘ਜੀਆ ਔਰ ਜੀਆ’ ਫਿਲਮ ਬਣਾ ਕੇ ਪੂਰਾ ਹੋਇਆ ਹੈ। ਇਸ ਫਿਲਮ ਵਿਚ ਇਹ ਗੀਤ ਜਿਓਤਿਕਾ ਤਾਂਗੜੀ ਅਤੇ ਰਾਸ਼ਿਦ ਅਲੀ ਨੇ ਗਾਇਆ ਹੈ। ਇਸ ਦਾ ਫਿਲਮਾਂਕਣ ਮੁੰਬਈ ਵਿਚ ਹੀ ਕੀਤਾ ਗਿਆ ਹੈ। ਇਸ ਫਿਲਮ ਵਿਚ ਮੁੱਖ ਭੂਮਿਕਾਵਾਂ ਰਿਚਾ ਚੱਢਾ ਅਤੇ ਕਾਲਕੀ ਕੋਇਚਲਿਨ ਦੀਆਂ ਹਨ ਅਤੇ ਇਹ ਫਿਲਮ 27 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਯਾਦ ਰਹੇ ਕਿ ਦੋਵੇਂ ਅਦਾਕਾਰਾਵਾਂ ਫਿਲਮ ਸਨਅਤ ਵਿਚ ਆਪਣੀ ਵੱਖਰੀ, ਨਿਆਰੀ ਤੇ ਨਿਵੇਕਲੀ ਥਾਂ ਰੱਖਦੀਆਂ ਹਨ। ਫਿਲਮ ਦੀ ਕਹਾਣੀ ਦੋ ਕੁੜੀਆਂ ਦੁਆਲੇ ਘੁੰਮਦੀ ਹੈ। ਦੋਵੇਂ ਇਕ ਸਫ਼ਰ ਦੌਰਾਨ ਸਹੇਲੀਆਂ ਬਣਦੀਆਂ ਹਨ ਅਤੇ ਇਕਫਾਕਵਸ ਉਨ੍ਹਾਂ ਨੂੰ ਇਕੱਠਿਆਂ ਵੀ ਰਹਿਣਾ ਪੈਂਦਾ ਹੈ। ਦੋਹਾਂ ਕੁੜੀਆਂ ਦੇ ਸੁਭਾਅ ਕਿਉਂਕਿ ਐਨ ਇਕ ਦੂਜੇ ਤੋਂ ਉਲਟ ਹਨ, ਇਸ ਲਈ ਦੋਹਾਂ ਵਿਚਕਾਰ ਕੋਈ ਨਾ ਕੋਈ ਰੱਫੜ ਪਿਆ ਹੀ ਰਹਿੰਦਾ ਹੈ। ਬੱਸ ਇਨ੍ਹਾਂ ਦੋਹਾਂ ਦੇ ਤਕਰਾਰ, ਪਿਆਰ ਅਤੇ ਇਕ ਦੂਜੀ ਨੂੰ ਸਮਝਣ-ਸਮਝਾਉਣ ਨੂੰ ਆਧਾਰ ਬਣਾ ਕੇ ਹੀ ਹਾਵਰਡ ਰੋਜ਼ਮੇਅਰ ਨੇ ਇਹ ਕਹਾਣੀ ਬਣਾਈ ਹੈ। ਜਿਥੇ ਕਿਤੇ ਵੀ ਇਹ ਫਿਲਮ ਦਿਖਾਈ ਗਈ , ਦੋਹਾਂ ਅਦਾਕਾਰਾਵਾਂ ਦੇ ਨਾਲ ਨਾਲ ਫਿਲਮਸਾਜ਼ ਦੀ ਵੀ ਭਰਵੀਂ ਸ਼ਲਾਘਾ ਹੋਈ ਹੈ। ਇਹ ਫਿਲਮ ਕਰ ਕੇ ਕਾਲਕੀ ਕੋਇਚਲਿਨ ਅਤੇ ਰਿਚਾ ਚੱਢਾ ਵੀ ਬਹੁਤ ਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਹਿਜ਼ ਫਿਲਮਾਂ ਬਣਾਉਣ ਲਈ ਫਿਲਮਾਂ ਵਿਚ ਕੰਮ ਨਹੀਂ ਕਰਦੀਆਂ, ਸਗੋਂ ਫਿਲਮ ਵਿਚ ਕੋਈ ਨਾ ਕੋਈ ਸੁਨੇਹਾ ਵੀ ਹੋਣਾ ਚਾਹੀਦਾ ਹੈ। ਦੋਹਾਂ ਅਦਾਕਾਰਾਵਾਂ ਦਾ ਰਿਕਾਰਡ ਦੱਸਦਾ ਹੈ ਕਿ ਉਨ੍ਹਾਂ ਨੇ ਆਪਣੇ ਇਨ੍ਹਾਂ ਵਿਚਾਰਾਂ ਉਤੇ ਸਦਾ ਪਹਿਰਾ ਦਿੱਤਾ ਹੈ ਅਤੇ ਦਰਸ਼ਕਾਂ ਨੂੰ ਵਧੀਆ ਫਿਲਮਾਂ ਦੇਖਣ ਲਈ ਦਿੱਤੀਆਂ ਹਨ। ਪਿਛੇ ਜਿਹੇ ਰਿਚਾ ਚੱਢਾ ਦੀ ਫਿਲਮ ‘ਮਸਾਨ’ ਦੀ ਖੂਬ ਤਾਰੀਫ ਹੋਈ ਸੀ ਅਤੇ ਉਸ ਨੂੰ ਇਸ ਫਿਲਮ ਵਿਚ ਅਦਾਕਾਰੀ ਬਦਲੇ ‘ਸਟਾਰਡਸਟ ਇਨਾਮ’ ਵੀ ਮਿਲਿਆ ਸੀ। ਇਸੇ ਤਰ੍ਹਾਂ ਕਾਲਕੀ ਕੋਇਚਲਿਨ ਦੀ ਫਿਲਮ ‘ਮਾਰਗਰੀਟਾ ਵਿਦ ਏ ਸਟਰਾਅ’ ਦੀ ਵੀ ਖੂਬ ਪ੍ਰਸ਼ੰਸਾ ਹੋਈ ਸੀ। ਇਹ ਫਿਲਮ ਉਸ ਅਪਾਹਜ ਕੁੜੀ ਦੀ ਕਹਾਣੀ ਹੈ ਜੋ ਜ਼ਿੰਦਗੀ ਨੂੰ ਪੂਰੀ ਭਰਪੂਰਤਾ ਨਾਲ ਜਿਊਣਾ ਲੋਚਦੀ ਹੈ। ਆਪਣੀ ਇਹੀ ਇੱਛਾ ਪੂਰੀ ਕਰਨ ਲਈ ਉਹ ਸਫ਼ਰ ਉਤੇ ਨਿਕਲ ਪੈਂਦੀ ਹੈ। ਅੱਜ ਕੱਲ੍ਹ ਰਿਚਾ ਅਤੇ ਕਾਲਕੀ ‘ਜੀਆ ਔਰ ਜੀਆ’ ਦੇ ਪ੍ਰਚਾਰ ਲਈ ਨਿਕਲੀਆਂ ਹੋਈਆਂ ਹਨ ਅਤੇ ਇਸ ਸਫ਼ਰ ਦੌਰਾਨ ਵੀ ਇਹ ਇਕ ਦੂਜੇ ਤੋਂ ਵਾਹਵਾ ਕੁਝ ਸਿੱਖ ਰਹੀਆਂ ਹਨ। ਰਿਚਾ ਚੱਢਾ ਕਾਲਕੀ ਕੋਇਚਲਿਨ ਤੋਂ ਫਰਾਂਸੀਸੀ ਅਤੇ ਕਾਲਕੀ ਰਿਚਾ ਤੋਂ ਪੰਜਾਬੀ ਸਿੱਖ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਦੇ ਪ੍ਰਚਾਰ ਦਾ ਇਹ ਸਫਰ ਵੀ ਉਨ੍ਹਾਂ ਨੂੰ ਫਿਲਮ ਵਿਚਲੀਆਂ ਦੋਹਾਂ ਕੁੜੀਆਂ ਦੇ ਕਿਰਦਾਰਾਂ ਵਾਂਗ ਹੀ ਉਤਸ਼ਾਹ ਦੇ ਰਿਹਾ ਹੈ।