ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਿਰ ਵਿਵਾਦਾਂ ਵਿਚ ਘਿਰ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਭਾਵੇਂ ਦੋਸ਼ ਲਾ ਰਹੇ ਹਨ ਕਿ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲ ਦਿੱਤਾ ਜਾ ਰਿਹਾ ਹੈ, ਪਰ ਇਸ ਸੰਸਥਾ ਦੇ ਮੁਲਾਜ਼ਮਾਂ ਵੱਲੋਂ ਕਮੇਟੀ ਦੀਆਂ ਵਧੀਕੀਆਂ ਬਾਰੇ ਧੜਾ-ਧੜ ਕੀਤੇ ਖੁਲਾਸਿਆਂ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਭਰਾ ਭਾਈ ਹਿੰਮਤ ਸਿੰਘ ਤੋਂ ਬਾਅਦ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਵਧੀਕੀਆਂ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਬਲਬੀਰ ਸਿੰਘ ਉਹੀ ਅਰਦਾਸੀਆ ਹੈ ਜਿਸ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਉ ਦੇਣ ਤੋਂ ਨਾਂਹ ਕਰ ਦਿੱਤੀ ਸੀ। ਇਸ ਅਰਦਾਸੀਏ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਸੀ, ਪਰ ਸਿੱਖ ਜਥੇਬੰਦੀਆਂ ਦੇ ਰੋਹ ਕਾਰਨ ਉਨ੍ਹਾਂ ਨੂੰ ਬਹਾਲ ਕਰ ਕੇ ਮਾਛੀਵਾੜਾ ਬਦਲੀ ਕਰ ਦਿੱਤੀ ਗਈ। ਹਾਲਾਂਕਿ ਬਡੂੰਗਰ ਦੇ ਪ੍ਰਧਾਨ ਬਣਨ ਪਿੱਛੋਂ ਉਨ੍ਹਾਂ ਦਾ ਤਬਾਦਲਾ ਰੋਕ ਦਿੱਤਾ ਗਿਆ ਸੀ। ਬਲਬੀਰ ਸਿੰਘ ਦਾ ਦੋਸ਼ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਮੈਨੇਜਰ ਉਸ ਦੇ ਹਾਜ਼ਰ ਹੋਣ ਵਿਚ ਅੜਿੱਕਾ ਖੜ੍ਹਾ ਕਰ ਰਿਹਾ ਹੈ। ਇਸੇ ਲਈ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਤਿਆਰੀ ਵਿਚ ਹੈ। ਇਸ ਤੋਂ ਪਹਿਲਾਂ ਗ੍ਰੰਥੀ ਸਿੰਘਾਂ ਨੇ ਅਣਦੇਖੀ ਦੇ ਦੋਸ਼ ਲਾਉਂਦਿਆਂ ਸ਼੍ਰੋਮਣੀ ਕਮੇਟੀ ਖਿਲਾਫ ਸੰਘਰਸ਼ ਦਾ ਬਿਗਲ ਵਜਾਇਆ ਹੋਇਆ ਹੈ। ਮੁਲਾਜ਼ਮਾਂ ਵੱਲੋਂ ਇਨਸਾਫ ਲਈ ਚੁੱਕਿਆ ਝੰਡਾ ਸ਼੍ਰੋਮਣੀ ਕਮੇਟੀ ਲਈ ਸ਼ੁਭ ਸੰਕੇਤ ਨਹੀਂ। ਇਹ ਮੁਲਾਜ਼ਮ ਸ਼੍ਰੋਮਣੀ ਕਮੇਟੀ ਦੇ ਰਾਜ਼ਦਾਰ ਹਨ ਅਤੇ ਵੱਡੇ ਰਾਜ਼ ਖੋਲ੍ਹਣ ਦੇ ਦਾਅਵੇ ਵੀ ਕਰ ਰਹੇ ਹਨ।
ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ‘ਤੇ ਹਮੇਸ਼ਾਂ ਸਿਫਾਰਸ਼ਾਂ ‘ਤੇ ਨੌਕਰੀ ਦੇਣ ਤੇ ਸਿਆਸੀ ਇਸ਼ਾਰਿਆਂ ‘ਤੇ ਫੈਸਲੇ ਲੈਣ ਦੇ ਦੋਸ਼ ਲੱਗਦੇ ਹਨ। ਇਹੀ ਕਾਰਨ ਹੈ ਕਿ ਹੁਣ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਦੇ ਨਾਲ ਨਾਲ ਇਸ ਦੀਆਂ ਕਈ ਸੰਸਥਾਵਾਂ ਵਿਚ ਬਤੌਰ ਮੈਂਬਰ ਜਾਂ ਚੇਅਰਮੈਨ ਸੀ। ਹੁਣ ਭਾਵੇਂ ਜਬਰ ਜਨਾਹ ਦਾ ਵੀਡੀਓ ਸਾਹਮਣੇ ਆਉਣ ਪਿੱਛੋਂ ਉਸ ਨੂੰ ਪੰਥ ਵਿਚੋਂ ਛੇਕਦਿਆਂ ਸਾਰੇ ਅਹੁਦੇ ਵਾਪਸ ਲੈ ਲਏ ਗਏ, ਪਰ ਮਾੜੇ ਚਾਲ ਚਲਣ ਕਾਰਨ ਉਹ ਹਮੇਸ਼ਾ ਚਰਚਾ ਵਿਚ ਰਿਹਾ। ਸਿਆਸਤ ਵਿਚ ਆਉਣ ਤੋਂ ਪਹਿਲਾਂ ਉਸ ‘ਤੇ ਕਈ ਮਾਮਲੇ ਦਰਜ ਸਨ, ਪਰ ਇਸ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਵਿਚ ਸਿਆਸੀ ਬਾਜ਼ੀ ਜਿੱਤਣ ਦੇ ਗੁਣ ਦਿੱਸੇ ਤੇ ਉਸ ਨੂੰ ਵਾਰ ਵਾਰ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾਇਆ ਗਿਆ। ਹੁਣ ਤਾਂ ਇਹ ਵੀ ਚਰਚਾ ਸੀ ਕਿ ਉਹ ਕਿਰਪਾਲ ਸਿੰਘ ਬਡੂੰਗਰ ਦਾ ਜਾਨਸ਼ੀਨ ਬਣਨ ਦਾ ਦਾਅਵੇਦਾਰ ਸੀ।
ਸ਼੍ਰੋਮਣੀ ਕਮੇਟੀ ਦੀਆਂ ਵਧੀਕੀਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਜ਼ਿਆਦਾਤਰ ਮੁਲਾਜ਼ਮ ਉਹੀ ਹਨ ਜਿਨ੍ਹਾਂ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਤੇ ਬੇਅਦਬੀ ਦੀਆਂ ਘਟਨਾਵਾਂ ਵਿਚ ਬਾਦਲ ਪਰਿਵਾਰ ਉਤੇ ਉਂਗਲ ਚੁੱਕੀ ਸੀ। ਸਭ ਤੋਂ ਪਹਿਲਾਂ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਸੁਖਬੀਰ ਸਿੰਘ ਬਾਦਲ ‘ਤੇ ਦੋਸ਼ ਲਾਏ ਸਨ ਕਿ ਡੇਰਾ ਮੁਖੀ ਨੂੰ ਮੁਆਫੀ ਉਸੇ ਦੇ ਇਸ਼ਾਰੇ ਉਤੇ ਦਿੱਤੀ ਗਈ। ਇਸ ਖੁਲਾਸੇ ਪਿੱਛੋਂ ਉਨ੍ਹਾਂ ਦੀ ਸੁਰੱਖਿਆ ਛਤਰੀ ਛਾਂਗ ਦਿੱਤੀ ਗਈ ਤੇ ਕੁਝ ਸਮੇਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਗਿਆ।
ਉਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਨੂੰ ਵੀ ਨਹੀਂ ਬਖਸ਼ਿਆ ਗਿਆ। ਪਿਛਲੇ ਦਿਨੀਂ ਉਨ੍ਹਾਂ ਦੇ ਭਰਾ ਭਾਈ ਹਿੰਮਤ ਸਿੰਘ ਦੀ ਬਦਲੀ ਹਰਿਆਣੇ ਵਿਚ ਕਰ ਦਿੱਤੀ ਗਈ ਜਿਸ ਕਾਰਨ ਉਨ੍ਹਾਂ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਅਸਤੀਫਾ ਦੇਣ ਸਮੇਂ ਭਾਈ ਹਿੰਮਤ ਸਿੰਘ ਨੇ ਸਾਫ ਕਿਹਾ ਸੀ ਕਿ ਬੇਅਦਬੀ ਕਾਂਡ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਬਾਰੇ ਉਹ ਆਉਂਦੇ ਦਿਨਾਂ ਵਿਚ ਕਈ ਅਹਿਮ ਖੁਲਾਸੇ ਕਰਨਗੇ। ਹੁਣ ਭਾਈ ਬਲਬੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਆਖ ਦਿੱਤਾ ਕਿ ਇਹ ਸਭ ਗਿਣੀ ਮਿਥੀ ਸਾਜ਼ਿਸ਼ ਤਹਿਤ ਕਰਾਇਆ ਗਿਆ। ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਤੋਂ ਬਾਅਦ ਸਿੱਖ ਪੰਥ ਵਿਚ ਉਠੀ ਰੋਸ ਦੀ ਲਹਿਰ ਦੌਰਾਨ ਸਿੱਖਾਂ ਨੂੰ ਆਪਸ ਵਿਚ ਉਲਝਾਉਣ ਲਈ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਹੁਣ ਤੱਕ ਸੌ ਤੋਂ ਵੱਧ ਥਾਂਵਾਂ ‘ਤੇ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਹੋਈ।
ਉਧਰ, ਸ਼੍ਰੋਮਣੀ ਕਮੇਟੀ ਪ੍ਰਧਾਨ ਬਡੂੰਗਰ ਵੀ ਚੁਫੇਰਿਓਂ ਉਠ ਰਹੀ ਬਗਾਵਤ ਕਾਰਨ ਘਿਰੇ ਮਹਿਸੂਸ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸਹਿਯੋਗ ਨਾ ਦੇਣ ਕਾਰਨ ਵੀ ਉਨ੍ਹਾਂ ਦੀ ਅਲੋਚਨਾ ਹੋ ਰਹੀ ਹੈ। ਹੁਣ ਉਨ੍ਹਾਂ ਇਸ ਵਿਵਾਦ ਤੋਂ ਖਹਿੜਾ ਛੁਡਾਉਣ ਲਈ ਆਖਣਾ ਸ਼ੁਰੂ ਕਰ ਦਿੱਤਾ ਹੈ ਕਿ ਪਹਿਲਾਂ ਬੇਅਦਬੀ ਮਾਮਲਿਆਂ ਅਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਸਬੰਧੀ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕੀਤੀ ਜਾਵੇ।
ਯਾਦ ਰਹੇ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਬਾਦਲ ਸਰਕਾਰ ਨੇ ਬਣਾਇਆ ਸੀ ਤੇ ਇਸ ਦੀ ਜਾਂਚ ‘ਤੇ ਤਸੱਲੀ ਨਾ ਹੋਣ ਉਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਸੀ। ਬਡੂੰਗਰ ਦੀ ਇਸ ਮੰਗ ‘ਤੇ ਸਵਾਲ ਉਠ ਰਹੇ ਹਨ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਬਾਦਲ ਰਾਜ ਵੇਲੇ ਹੀ ਰਿਪੋਰਟ ਦਾਖਲ ਕਰ ਦਿੱਤੀ ਗਈ ਸੀ ਤੇ ਹੁਣ ਨਵੇਂ ਕਮਿਸ਼ਨ ਵੱਲੋਂ ‘ਸੰਮਨ’ ਭੇਜਣ ‘ਤੇ ਹੀ ਪੁਰਾਣੇ ਕਮਿਸ਼ਨ ਦੀ ਰਿਪੋਰਟ ਕਿਉਂ ਯਾਦ ਆਈ।
________________________________
ਕਮਿਸ਼ਨ ਵੱਲੋਂ ਬਡੂੰਗਰ ਦੀ ਨੀਅਤ ‘ਤੇ ਸਵਾਲ
ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਨੀਅਤ ਉਤੇ ਸਵਾਲ ਚੁੱਕੇ ਹਨ। ਕਮਿਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਮੇਟੀ ਪ੍ਰਧਾਨ ਨੂੰ ਕੋਈ ਸੰਮਨ ਜਾਰੀ ਨਹੀਂ ਕੀਤੇ, ਸਗੋਂ 9 ਅਕਤੂਬਰ ਨੂੰ ਮੁਲਾਕਾਤ ਲਈ ਬੇਨਤੀ ਕੀਤੀ ਸੀ, ਪਰ ਬਡੂੰਗਰ ਨੇ ਇਸ ਨੂੰ ਸੰਮਨਾਂ ਵਜੋਂ ਪ੍ਰਚਾਰ ਕੇ ਸਿੱਖ ਸੰਗਤ ਨੂੰ ਗੁੰਮਰਾਹ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਮੇਟੀ ਉਤੇ ਅੜਿੱਕੇ ਡਾਹੁਣ ਵਾਲੀ ਪਹੁੰਚ ਅਤੇ ਨਾ ਮਿਲਵਰਤਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਇਸ ਮੁੱਦੇ ਉਤੇ ਸਿਆਸਤਦਾਨਾਂ ਦੀ ਸੁਰ ਵਿਚ ਸੁਰ ਮਿਲਾ ਰਹੀ ਹੈ ਅਤੇ ਅਕਾਲ ਤਖਤ ਦੇ ਜਥੇਦਾਰ ਨੂੰ ਸੰਮਨ ਜਾਰੀ ਕਰਨ ਬਾਰੇ ਗਲਤ ਜਾਣਕਾਰੀ ਫੈਲਾਅ ਰਹੀ ਹੈ, ਜਦੋਂ ਕਿ ਉਸ ਨੂੰ ਭਲੀ-ਭਾਂਤ ਪਤਾ ਹੈ ਕਿ ਅਜਿਹੇ ਕੋਈ ਸੰਮਨ ਜਾਰੀ ਨਹੀਂ ਹੋਏ। ਕਮਿਸ਼ਨ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਤੋਂ ਇਹ ਆਸ ਕੀਤੀ ਜਾ ਰਹੀ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਵਿਚ ਕਮਿਸ਼ਨ ਦੀ ਮਦਦ ਵਾਸਤੇ ਅੱਗੇ ਆਏਗੀ। ਜਿਹੜੇ ਇਤਰਾਜ਼ ਉਠਾ ਰਹੇ ਹਨ, ਜਾਪਦਾ ਹੈ ਕਿ ਉਹ ਬੇਅਦਬੀ ਦੀਆਂ ਘਟਨਾਵਾਂ ਤੋਂ ਪਰਦਾ ਉਠਣ ਨਹੀਂ ਦੇਣਾ ਚਾਹੁੰਦੇ। ਕਮਿਸ਼ਨ ਨੇ ਕਿਹਾ ਕਿ ਅਸਹਿਯੋਗ ਵਾਲੇ ਵਤੀਰੇ ਕਾਰਨ ਕਮਿਸ਼ਨ ਇਸ ਮਾਣਮੱਤੀ ਸੰਸਥਾ ਦੇ ਵਿਚਾਰਾਂ ਤੋਂ ਵਾਂਝਾ ਰਹਿ ਗਿਆ। ਕਮਿਸ਼ਨ ਹੁਣ ਅਪ੍ਰਮਾਣਿਤ ਰਿਕਾਰਡ ਉਤੇ ਨਿਰਭਰ ਕਰੇਗਾ, ਪਰ ਹਾਲੇ ਵੀ ਸ਼੍ਰੋਮਣੀ ਕਮੇਟੀ ਤੋਂ ਸਹਿਯੋਗ ਦਾ ਇੰਤਜ਼ਾਰ ਰਹੇਗਾ।