ਮਧੂਬਾਲਾ ਹੁਸਨ ਤੇ ਅਦਾਕਾਰੀ ਦਾ ਬੇਜੋੜ ਮੇਲ ਸੀ। ਮਧੂਬਾਲਾ ਦਾ ਜੀਵਨ ਬਚਪਨ ਤੋਂ ਹੀ ਦੁੱਖਾਂ, ਤਕਲੀਫਾਂ ਤੇ ਸੰਘਰਸ਼ ਭਰਿਆ ਸੀ। 14 ਫਰਵਰੀ, 1933 ਨੂੰ ਨਵੀਂ ਦਿੱਲੀ ਵਿਖੇ ਜਨਾਬ ਅਤਾਉੱਲਾ ਖਾਨ ਦੇ ਘਰ ਜਨਮੀ ਮੁਮਤਾਜ਼ ਜਹਾਂ ਦੇਹਲਵੀ ਉਰਫ਼ ਮਧੂਬਾਲਾ ਨੂੰ ਘਰੋਂ ਗਰੀਬੀ ਤੇ ਆਪਣੇ ਪੰਜ ਭੈਣ-ਭਰਾਵਾਂ ਦੀ ਮੌਤ ਦਾ ਦੁੱਖ ਝੱਲਣਾ ਪਿਆ ਸੀ । ਘਰ ਦੀ ਗਰੀਬੀ ਦੂਰ ਕਰਨ ਲਈ 1942 ਵਿਚ ਬਤੌਰ ਬਾਲ ਅਦਾਕਾਰਾ ਉਸ ਨੇ ਫ਼ਿਲਮ ‘ਬਸੰਤ’ ਰਾਹੀਂ ਬਾਲੀਵੁੱਡ ਵਿਚ ਪ੍ਰਵੇਸ਼ ਕੀਤਾ ਤੇ ‘ਧੰਨਾ ਭਗਤ’, ‘ਰਾਜਪੂਤਾਨੀ’, ‘ਪੁਜਾਰੀ’, ‘ਫੁਲਵਾੜੀ’, ‘ਮੁਮਤਾਜ਼’ ਫ਼ਿਲਮਾਂ ਵਿਚ ਕੰਮ ਕੀਤਾ ਤੇ ਸਫ਼ਲਤਾ ਪ੍ਰਾਪਤ ਕੀਤੀ। ਅਦਾਕਾਰ ਰਾਜ ਕਪੂਰ ਨਾਲ ਨਿਰਦੇਸ਼ਕ ਕੇਦਾਰ ਸ਼ਰਮਾ ਦੀ ਫ਼ਿਲਮ ‘ਨੀਲ ਕਮਲ’ ਰਾਹੀਂ ਮਧੂਬਾਲਾ ਨੇ ਬਤੌਰ ਨਾਇਕਾ ਜਦ ਆਪਣਾ ਕੈਰੀਅਰ ਸ਼ੁਰੂ ਕੀਤਾ ਤਾਂ ਉਸ ਦੀ ਉਮਰ ਸਿਰਫ 14 ਸਾਲ ਸੀ। ਅਦਾਕਾਰਾ ਦੇਵਿਕਾ ਰਾਣੀ ਵੱਲੋਂ ਉਸ ਨੂੰ ਮੁਮਤਾਜ ਦੀ ਥਾਂ ਮਧੂਬਾਲਾ ਨਾਂ ਦਿੱਤੇ ਜਾਣ ਪਿੱਛੋਂ ਜਦ ‘ਬੰਬੇ ਟਾਕੀਜ਼’ ਦੀ ਪੇਸ਼ਕਸ਼ ਫ਼ਿਲਮ ‘ਮਹਿਲ’ (1949) ਵਿਚ ਇਕ ਪ੍ਰੇਤਾਤਮਾ ਵਜੋਂ ਉਸ ਨੇ ਜ਼ਬਰਦਸਤ ਭੂਮਿਕਾ ਨਿਭਾਈ ਤਾਂ ਦਰਸ਼ਕ ਅਸ਼-ਅਸ਼ ਕਰ ਉੱਠੇ ਸਨ। ਲਤਾ ਮੰਗੇਸ਼ਕਰ ਤੇ ਮਧੂਬਾਲਾ ਦੇ ਜੀਵਨ ਦੀ ਇਹ ਸਭ ਤੋਂ ਪਹਿਲੀ ਸੁਪਰਹਿੱਟ ਫ਼ਿਲਮ ਸੀ। ‘ਦੁਲਾਰੀ’, ‘ਤਰਾਨਾ’ ਤੇ ‘ਬੇਕਸੂਰ’ ਜਿਹੀਆਂ ਕਾਮਯਾਬ ਫ਼ਿਲਮਾਂ ਦੇਣ ਤੋਂ ਬਾਅਦ 1950 ਵਿਚ ਮਧੂਬਾਲਾ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਸ ਦੇ ਦਿਲ ਵਿਚ ਛੇਕ ਸੀ ਤੇ ਉਸ ਦੀ ਜ਼ਿੰਦਗੀ ਬੜੀ ਥੋੜ੍ਹੀ ਸੀ। 1954 ਵਿਚ ਬਣ ਰਹੀ ਫ਼ਿਲਮ ‘ਬਹੁਤ ਦਿਨ ਹੂਏ’ ਦੇ ਸੈੱਟ ‘ਤੇ ਆਈ ਖੂਨ ਦੀ ਉਲਟੀ ਨੇ ਉਸ ਦੀ ਵਿਗੜਦੀ ਹਾਲਤ ਦਾ ਖੁਲਾਸਾ ਸ਼ਰੇਆਮ ਕਰ ਦਿੱਤਾ ਸੀ। ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਵਿਚ ਵੀ ਮਸ਼ਹੂਰ ਮਧੂਬਾਲਾ ਦੀ ਪੂਰੇ ਪੰਨੇ ਦੀ ਤਸਵੀਰ ਅਮਰੀਕੀ ਮੈਗਜ਼ੀਨ ‘ਥੀਏਟਰ ਆਰਟ’ ਵਿਚ ‘ਦਿ ਬਿਗੈਸਟ ਸਟਾਰ ਇਨ ਦਾ ਵਰਲਡ’ ਸਿਰਲੇਖ ਨਾਲ ਛਾਪੀ ਗਈ ਸੀ। ਉੱਘਾ ਅਮਰੀਕੀ ਫ਼ਿਲਮ ਨਿਰਦੇਸ਼ਕ ਫਰੈਂਕ ਕਾਪਰਾ ਤਾਂ ਮਧੂਬਾਲਾ ਨੂੰ ਸਾਈਨ ਕਰਨ ਲਈ ਮੁੰਬਈ ਵੀ ਆਇਆ ਸੀ। ਬਿਮਨ ਰਾਏ ਦੀ ਫ਼ਿਲਮ ‘ਬਿਰਾਜ ਬਹੂ’ ਵਿਚ ਕੰਮ ਕਰਨ ਨੂੰ ਤਰਸਦੀ ਮਧੂਬਾਲਾ ਨੇ ‘ਮੁਗਲ-ਏ-ਆਜ਼ਮ’ (1960) ਵਿਚ ‘ਅਨਾਰਕਲੀ’ ਦੇ ਕਿਰਦਾਰ ਨੂੰ ਫ਼ਿਲਮੀ ਪਰਦੇ ‘ਤੇ ਜੀਵੰਤ ਕਰਾ ਦਿੱਤਾ ਸੀ। ‘ਲਾਲ ਦੁਪੱਟਾ’, ‘ਅਪਰਾਧੀ’, ‘ਦੌਲਤ’, ‘ਨਾਦਾਨ’, ‘ਸਾਕੀ’, ‘ਤੀਰ ਅੰਦਾਜ਼’, ‘ਰਾਜ ਹੱਠ’, ‘ਜਾਅਲੀ ਨੋਟ’, ‘ਮਿਸਟਰ ਐਾਡ ਮਿਸਿਜ਼ 55’, ‘ਬਰਸਾਤ ਕੀ ਰਾਤ’, ‘ਹਾਫ਼ ਟਿਕਟ’, ‘ਪਾਸਪੋਰਟ’, ‘ਝੂਮਰ’, ‘ਕਾਲਾ ਪਾਨੀ’, ‘ਅਮਰ ਪ੍ਰੇਮ’ ਤੇ ‘ਦੋ ਉਸਤਾਦ’ ਜਿਹੀਆਂ ਹਿੱਟ ਫ਼ਿਲਮਾਂਦੇਣ ਵਾਲੀ ਮਧੂਬਾਲਾ ਨੇ ਬਤੌਰ ਨਿਰਮਾਤਰੀ, ਫ਼ਿਲਮ ‘ਨਾਤਾ’ (1955) ਬਣਾਈ ਸੀ ਤੇ ਬਿਮਾਰੀ ਨਾਲ ਲੜਦਿਆਂ ਹੋਇਆਂ ਬਤੌਰ ਨਿਰਦੇਸ਼ਕਾ ‘ਫਰਜ਼ ਔਰ ਇਸ਼ਕ’ (1969) ਸ਼ੁਰੂ ਕੀਤੀ ਸੀ ਜੋ ਪੂਰੀ ਨਾ ਹੋ ਸਕੀ ਤੇ 23 ਫਰਵਰੀ, 1969 ਨੂੰ ਸਿਰਫ 36 ਵਰ੍ਹਿਆਂ ਦੀ ਉਮਰ ਵਿਚ ਹੀ ਉਸ ਦਾ ਦਿਹਾਂਤ ਹੋ ਗਿਆ ਸੀ।
Leave a Reply