ਸਰਕਾਰਾਂ ਤੇ ਬਾਗੀਆਂ ਵਿਚਾਲੇ ਭੇੜ ਕਾਰਨ ਸੰਯੁਕਤ ਰਾਸ਼ਟਰ ਡਾਢਾ ਫਿਕਰਮੰਦ

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਨੇ ਸਰਕਾਰਾਂ ਤੇ ਬਾਗੀਆਂ ਵਿਚਲੇ ਭੇੜ ਕਾਰਨ ਬੱਚਿਆਂ ਦੇ ਹੋ ਰਹੇ ਨੁਕਸਾਨ ਸਬੰਧੀ ਚਿੰਤਾ ਪ੍ਰਗਟਾਈ ਹੈ। ਵੱਖਵਾਦੀ ਗੁੱਟਾਂ ਤੇ ਨਕਸਲੀਆਂ ਵੱਲੋਂ ਬੱਚਿਆਂ ਨੂੰ ਆਪਣੇ ਨਾਲ ਰਲਾਉਣ ਦੀਆਂ ਸਰਕਾਰੀ ਰਿਪੋਰਟਾਂ ਬਾਰੇ ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਸਰਕਾਰ ਤੇ ਅਜਿਹੇ ਗੁੱਟਾਂ ਵਿਚਲੀਆਂ ਹਿੰਸਕ ਘਟਨਾਵਾਂ ਕਾਰਨ ਬੱਚਿਆਂ ਉਤੇ ਮਾੜਾ ਪ੍ਰਭਾਵ ਪੈਂਦਾ ਰਹੇਗਾ। ਭਾਰਤ ਦੇ ਛੱਤੀਸਗੜ੍ਹ, ਝਾਰਖੰਡ ਅਤੇ ਜੰਮੂ-ਕਸ਼ਮੀਰ ਵਿੱਚ ਇਹ ਵਰਤਾਰਾ ਬਹੁਤ ਚਿੰਤਾਜਨਕ ਹੈ।

ਆਪਣੀ ਸਾਲਾਨਾ ਰਿਪੋਰਟ ‘ਚਿਲਡਰਨ ਇਨ ਆਰਮਡ ਕਨਫਲਿਕਟ’ ਵਿਚ ਸਕੱਤਰ ਜਨਰਲ ਐਂਤੋਨੀਓ ਗੁਟੇਰੇਜ਼ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਹਥਿਆਰਬੰਦ ਗੁੱਟਾਂ ਵੱਲੋਂ ਬੱਚਿਆਂ ਨੂੰ ਭਰਤੀ ਕਰਨ ਤੇ ਉਨ੍ਹਾਂ ਦੀ ਵਰਤੋਂ ਕਰਨ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਇਨ੍ਹਾਂ ਗੁੱਟਾਂ ਵਿਚ ਛੱਤੀਸਗੜ੍ਹ ਤੇ ਝਾਰਖੰਡ ਵਿਚਲੇ ਨਕਸਲੀਆਂ ਦੇ ਗੁੱਟ ਵੀ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਰਕਾਰੀ ਰਿਪੋਰਟਾਂ ਮੁਤਾਬਕ ਹਥਿਆਰਬੰਦ ਗੁੱਟਾਂ ਵੱਲੋਂ ਜੰਮੂ-ਕਸ਼ਮੀਰ ਵਿੱਚ ਘੱਟੋ-ਘੱਟ 30 ਸਕੂਲ ਫੂਕੇ ਤੇ ਭੰਨੇ ਗਏ ਹਨ। ਇਸ ਤੋਂ ਇਲਾਵਾ ਇਹ ਵੀ ਖੁਲਾਸਾ ਹੋਇਆ ਹੈ ਕਿ ਸੁਰੱਖਿਆ ਦਸਤਿਆਂ ਨੇ ਕਈ ਹਫਤਿਆਂ ਤੱਕ ਚਾਰ ਸਕੂਲਾਂ ਦੀ ਆਪਣੇ ਕੰਮ-ਕਾਰ ਲਈ ਵਰਤੋਂ ਕੀਤੀ। ਸਕੱਤਰ ਜਨਰਲ ਨੇ ਕਿਹਾ ਕਿ ਛੱਤੀਸਗੜ੍ਹ ਵਿਚ ਤਾਂ ਕਈ ਸਕੂਲ ਵੀ ਮਾਓਵਾਦੀਆਂ ਵੱਲੋਂ ਚਲਾਏ ਜਾ ਰਹੇ ਹਨ ਤੇ ਬੱਚਿਆਂ ਨੂੰ ਜੰਗੀ ਟਰੇਨਿੰਗ ਦਿੱਤੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਪੜਤਾਲ ਤੇ ਰਿਪੋਰਟਿੰਗ ਸਬੰਧੀ ਪਾਬੰਦੀਆਂ ਕਾਰਨ ਸੰਯੁਕਤ ਰਾਸ਼ਟਰ ਹਥਿਆਰਬੰਦ ਗੁੱਟਾਂ ਵੱਲੋਂ ਬੱਚੇ ਭਰਤੀ ਕੀਤੇ ਜਾਣ ਦੀ ਰਿਪੋਰਟਾਂ ਦੀ ਪੁਸ਼ਟੀ ਨਹੀਂ ਕਰ ਸਕਿਆ। ਇਸ ਸਾਲ ਮਾਰਚ ਮਹੀਨੇ ਪੁਲਿਸ ਨੇ ਝਾਰਖੰਡ ਦੇ ਜ਼ਿਲ੍ਹਾ ਗੁਮਲਾ ਵਿਚ ਅਜਿਹੇ 23 ਬੱਚਿਆਂ ਦੀ ਪਛਾਣ ਕੀਤੀ ਸੀ ਤੇ ਉਨ੍ਹਾਂ ਨੂੰ ਵੱਖ-ਵੱਖ ਸਕੂਲਾਂ ਵਿਚ ਭਰਤੀ ਕਰਵਾਉਣ ਵਿਚ ਵੀ ਮਦਦ ਕੀਤੀ ਸੀ। ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਹਥਿਆਰਬੰਦ ਗੁੱਟਾਂ ਵੱਲੋਂ ਬੱਚਿਆਂ ਦੀ ਆਤਮਘਾਤੀ ਹਮਲਾਵਰਾਂ ਵਜੋਂ ਵਰਤੋਂ ‘ਤੇ ਵੀ ਚਿੰਤਾ ਪ੍ਰਗਟਾਈ ਗਈ ਹੈ।
ਸ੍ਰੀ ਗੁਟੇਰੇਜ਼ ਨੇ ਕਿਹਾ ਕਿ ਸੰਨ 2016 ਵਿਚ ਵੱਖ-ਵੱਖ ਵਿਵਾਦਾਂ ਕਾਰਨ ਅੱਠ ਹਜ਼ਾਰ ਤੋਂ ਵੱਧ ਬੱਚੇ ਮਾਰੇ ਗਏ ਜਾਂ ਜ਼ਖ਼ਮੀ ਹੋਏ। ਉਨ੍ਹਾਂ ਨੇ ਵਿਵਾਦਾਂ ਨਾਲ ਸਬੰਧਤ ਧਿਰਾਂ ਨੂੰ ਅਪੀਲ ਕੀਤੀ ਕਿ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਤਹਿਤ ਬੱਚਿਆਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਨਿਭਾਈ ਜਾਵੇ।