ਲਾਸ ਵੇਗਸ ਦੁਖਾਂਤ: ਕਿਸ ਨੂੰ ਦੇਈਏ ਦੋਸ਼?

ਅਭੈ ਸਿੰਘ
ਫੋਨ: +91-98783 75903
ਅਮਰੀਕਾ ਵਿਚ ਲਾਸ ਵੇਗਸ ਦੇ ਮੁਕਾਮ ਉਪਰ ਹੱਸਦੇ ਖੇਡਦੇ ਲੋਕਾਂ ਉਪਰ ਇੱਕ ਦਮ ਮੌਤਾਂ ਦਾ ਮੀਂਹ ਆਣ ਲੱਥਾ। ਇਸ ਦੀ ਗੁੱਥੀ ਕੋਈ ਨਹੀਂ ਸਮਝ ਪਾ ਰਿਹਾ। ਇੱਕ ਖੁੱਲ੍ਹੀ ਜਗ੍ਹਾ ਕਰੀਬ 20 ਹਜ਼ਾਰ ਲੋਕ ਗੀਤ ਸੰਗੀਤ ਦਾ ਪ੍ਰੋਗਰਾਮ ਸੁਣ ਰਹੇ ਸਨ ਕਿ ਅਚਾਨਕ ਅਸਮਾਨ ਵੱਲੋਂ ਮੌਤਾਂ ਆਣ ਟਪਕੀਆਂ। ‘ਮੌਤਾਂ ਦਾ ਮੀਂਹ’ ਮੁਹਾਵਰੇ ਦੇ ਤੌਰ ‘ਤੇ ਵਰਤਿਆ ਜਾਂਦਾ ਤਾਂ ਸੁਣਿਆ ਹੀ ਸੀ, ਪਰ ਇਹ ਤਾਂ ਸਚਮੁੱਚ ਦਾ ਮੀਂਹ ਸੀ। ਸਾਹਮਣੇ ਦੇ ਹੋਟਲ ਦੀ 32 ਵੀਂ ਮੰਜ਼ਿਲ ਉਪਰੋਂ ਬਾਰੂਦੀ ਅੱਗਾਂ ਦੇ ਮੀਂਹ ਦਾ ਜ਼ੋਰਦਾਰ ਛੜਾਕਾ ਆਇਆ; ਜਿਵੇਂ ਬੱਦਲ ਫਟਣ ਦੀ ਮਿੰਟੋ-ਮਿੰਟੀ ਤਬਾਹੀ ਆ ਜਾਂਦੀ ਹੈ, ਇਸੇ ਤਰ੍ਹਾਂ ਕੁਝ ਮਿੰਟਾਂ ਵਿਚ ਹੀ 60 ਮੌਤਾਂ ਤੇ 500 ਤੋਂ ਵੱਧ ਲੋਕ ਜ਼ਖ਼ਮੀ।

ਕਿਸ ਤਰ੍ਹਾਂ ਲਹੂ ਦੇ ਫਵਾਰੇ ਚੱਲੇ ਹੋਣਗੇ, ਕਿਸ ਤਰ੍ਹਾਂ ਦੀ ਭਗਦੜ ਮਚੀ ਹੋਵੇਗੀ ਅਤੇ ਕਿਸ ਤਰ੍ਹਾਂ ਲੋਕਾਂ ਨੇ ਚੀਕਾਂ ਮਾਰੀਆਂ ਹੋਣਗੀਆਂ, ਆਪਣੇ ਸਾਥੀਆਂ ਤੇ ਆਪਣੇ ਬੱਚਿਆਂ ਨੂੰ ਕਿਵੇਂ ਪਾਗਲਾਂ ਵਾਂਗ ਆਵਾਜ਼ਾਂ ਲਗਾਈਆਂ ਹੋਣਗੀਆਂ, ਸਾਡੇ ਵਾਸਤੇ ਕਿਆਸ ਕਰਨਾ ਵੀ ਸੌਖਾ ਨਹੀਂ। ਤੇ ਇਹ ਸਭ ਕੁਝ ਉਸ ਹਾਲਤ ਵਿਚ ਜਦੋਂ ਕੁਝ ਪਲ ਪਹਿਲਾਂ ਹੀ ਲੋਕ ਗਾਣਿਆਂ ਦੀਆਂ ਧੁਨਾਂ ਉਪਰ ਝੂਮ ਰਹੇ ਹੋਣਗੇ ਤੇ ਜ਼ੋਰ ਜ਼ੋਰ ਦੀ ਤਾੜੀਆਂ ਮਾਰ ਰਹੇ ਹੋਣਗੇ। ਕਈ ਉਨ੍ਹਾਂ ਧੁਨਾਂ ਉਪਰ ਨੱਚ ਰਹੇ ਹੋਣਗੇ ਤੇ ਕਈ ਨੱਚਣ ਦਾ ਮੂਡ ਬਣਾ ਰਹੇ ਹੋਣਗੇ। ਕਈ ਹੱਥ ਵਿਚ ਫੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਵਿਚ ਠੂੰਗੇ ਮਾਰ ਰਹੇ ਹੋਣਗੇ।
ਇਨਸਾਨ ਜੰਮਦਿਆਂ ਹੀ ਮੌਤਾਂ ਵੇਖਦਾ ਆਇਆ ਹੈ, ਵੱਡੀ ਗਿਣਤੀ ਦੀਆਂ ਮੌਤਾਂ ਵੀ। ਅਸੀਂ ਅਕਸਰ ਮੌਤਾਂ ਤੋਂ ਬਾਅਦ ਗ਼ਮ ਦਾ ਇਜ਼ਹਾਰ ਵੀ ਕਰਦੇ ਹਾਂ ਤੇ ਗ਼ਮੋ-ਗੁੱਸੇ ਦਾ ਵੀ। ਮੌਤਾਂ ਖ਼ਿਲਾਫ਼ ਸੜਕਾਂ ‘ਤੇ ਨਿਕਲਦੇ ਹਾਂ, ਨਾਅਰੇ ਲਗਾਉਂਦੇ ਹਾਂ, ਪੱਥਰ ਮਾਰਦੇ ਹਾਂ। ਮੌਤਾਂ ਖ਼ਿਲਾਫ਼ ਗੁੱਸਾ ਜ਼ਾਹਿਰ ਕਰਦਿਆਂ ਕਈ ਹੋਰ ਮੌਤਾਂ ਪੈਦਾ ਕਰਦੇ ਹਾਂ। ਕਾਤਲਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ, ਇੱਕ ਸਿਰ ਦੇ ਬਦਲੇ ਦਸ ਸਿਰ ਲਿਆਉਣ ਦੀਆਂ ਗੱਲਾਂ ਕਰਦੇ ਹਾਂ। ਇਥੇ ਸੜਕਾਂ ‘ਤੇ ਆ ਕੇ ਕੀ ਕਰਾਂਗੇ, ਕਿੰਨੇ ਸਿਰ ਲਿਆਵਾਂਗੇ; ਕਾਤਲ ਤਾਂ ਪਹਿਲਾਂ ਹੀ ਆਪਣਾ ਸਿਰ 32ਵੀਂ ਮੰਜ਼ਿਲ ਦੀ ਬਾਲਕੋਨੀ ਵਿਚ ਰੱਖ ਗਿਆ ਹੈ!
ਮੌਤਾਂ ਤੋਂ ਬਾਅਦ ਅਸੀਂ ਇੱਕ ਦੂਜੇ ਤੋਂ ਵੱਧ ਕੇ ਨਿੰਦਾ ਦੇ ਪ੍ਰਸਤਾਵ ਪਾਸ ਕਰਦੇ ਹਾਂ। ਇਥੇ ਅਜਿਹੇ ਪ੍ਰਸਤਾਵਾਂ ਦਾ ਵੀ ਮੂੰਹ ਮੱਥਾ ਨਹੀਂ ਬਣ ਰਿਹਾ ਕਿ ਕਿਸ ਦੀ ਨਿੰਦਾ ਕੀਤੀ ਜਾਵੇ, ਕਿਸ ਨੂੰ ਲਾਹਨਤਾਂ ਪਾਈਆਂ ਜਾਣ। ਅਕਸਰ ਅਜਿਹੀਆਂ ਮੌਤਾਂ ਤੋਂ ਬਾਅਦ ਸੁਰੱਖਿਆ ਦੇ ਇੰਤਜ਼ਾਮਾਂ ਦੀਆਂ ਕਮੀਆਂ ਗਿਣਾਈਆਂ ਜਾਂਦੀਆਂ ਹਨ। ਵਿਰੋਧੀ ਪਾਰਟੀਆਂ ਸਭ ਜ਼ਿੰਮੇਵਾਰੀ ਸੱਤਾਧਾਰੀ ਪਾਰਟੀ ਉਪਰ ਲਗਾਉਂਦੀਆਂ ਹਨ। ਇਥੇ ਇਹ ਵੀ ਮੁਮਕਿਨ ਨਹੀਂ। ਕੀ ਹੋ ਸਕਦੇ ਸਨ ਸੁਰੱਖਿਆ ਇੰਤਜ਼ਾਮ? ਸਾਰੇ ਦਰਵਾਜ਼ਿਆਂ ਉਪਰ ਮੈਟਲ ਡਿਟੈਕਟਰ ਲੱਗਦੇ ਤੇ ਹਰ ਦਰਸ਼ਕ ਦੀ ਦੋਹਰੀ ਤੀਹਰੀ ਤਲਾਸ਼ੀ ਹੁੰਦੀ, ਪਰ ਫਿਰ ਵੀ ਅਸਮਾਨੋਂ ਵਰਸਦੀਆਂ ਮੌਤਾਂ ਦਾ ਕੀ ਹੋ ਸਕਦਾ ਸੀ?
ਇਸ ਦੇ ਬਾਵਜੂਦ ਇਹ ਕੋਈ ਕੁਦਰਤੀ ਆਫ਼ਤ ਨਹੀਂ ਸੀ। ਇਹ ਕੋਈ ਸੁਨਾਮੀ, ਭੂਚਾਲ ਜਾਂ ਝੱਖੜ ਤੂਫਾਨ ਨਹੀਂ ਸੀ। ਇਹ ਕੋਈ ਆਵਾਜਾਈ ਦਾ ਜਾਂ ਸਨਅਤੀ ਹਾਦਸਾ ਵੀ ਨਹੀਂ ਸੀ ਕਿ ਕੋਈ ਟਰੱਕ ਜਾਂ ਕੋਈ ਹਵਾਈ ਜਹਾਜ਼ ਆ ਡਿੱਗਿਆ ਹੋਵੇ, ਤੇ ਜਾਂ ਨਜ਼ਦੀਕ ਹੀ ਕਿਸੇ ਕਾਰਖ਼ਾਨੇ ਵਿਚੋਂ ਗੈਸ ਦਾ ਵੱਡਾ ਚੈਂਬਰ ਫਟ ਗਿਆ ਹੋਵੇ; ਹਾਲਾਂਕਿ ਕੁਝ ਅਜਿਹਾ ਵੀ ਵਾਪਰ ਸਕਦਾ ਹੈ ਤੇ ਵਾਪਰਦਾ ਵੀ ਆਇਆ ਹੈ, ਲੇਕਿਨ ਇਹ ਤਾਂ ਬੰਦੇ ਵੱਲੋਂ ਹੀ ਬੰਦੇ ਮਾਰਨ ਦਾ ਕੰਮ ਹੋਇਆ ਹੈ। ਉਹ ਵੀ ਅਚਨਚੇਤੀ ਨਹੀਂ, ਬਾਕਾਇਦਾ ਯੋਜਨਾ ਬਣਾ ਕੇ ਬੰਦੇ ਮਾਰਨ ਦਾ ਕੰਮ ਕੀਤਾ ਗਿਆ। ਤੇ ਇਹੀ ਤਾਂ ਦੁੱਖ ਦੀ ਸਭ ਤੋਂ ਵੱਡੀ ਕਹਾਣੀ ਹੈ।
ਜਿਸ ਬੰਦੇ ਨੇ ਇਹ ਕਾਰਾ ਕੀਤਾ, ਉਹ ਅਮਰੀਕਾ ਦਾ ਹੀ ਨਾਗਰਿਕ ਸੀ ਤੇ ਉਸ ਦਾ ਨਾਮ ਸਟੀਫਨ ਪੈਡੌਕ ਸੀ। ਉਸ ਦੀ 64 ਸਾਲ ਦੀ ਉਮਰ ਸੀ ਅਤੇ ਉਸ ਕੋਲ ਪਿਸਤੌਲਾਂ ਤੇ ਬੰਦੂਕਾਂ ਰਲਾ ਕੇ 23 ਹਥਿਆਰ ਸਨ। ਉਸ ਦੇ ਘਰ ਵਿਚ 19 ਹੋਰ ਵੀ ਬੰਦੂਕਾਂ ਸਨ। ਅਜਿਹੇ ਹਾਦਸੇ ਦੁਨੀਆਂ ਵਿਚ ਇਸ ਤੋਂ ਪਹਿਲਾਂ ਵੀ ਅਤੇ ਖ਼ਾਸ ਕਰ ਕੇ ਅਮਰੀਕਾ ਵਿਚ ਹੋ ਚੁੱਕੇ ਹਨ। ਇੱਕ ਵਾਰ ਇੱਕ ਸਕੂਲ ਦੇ ਵਿਦਿਆਰਥੀ ਨੇ ਹੀ 12 ਬੰਦੇ ਮਾਰ ਦਿੱਤੇ ਸਨ। ਵੱਡਾ ਸਵਾਲ ਇਹ ਹੈ ਕਿ ਬੰਦੇ ਮਾਰਨ ਦਾ ਸ਼ੌਕ ਕਿਉਂ? ਇਹ ਬੰਦਾ ਕਿਸੇ ਦੂਸਰੇ ਖ਼ਾਸ ਮਜ਼ਹਬ ਦਾ ਵੀ ਹੋ ਸਕਦਾ ਸੀ, ਕਿਸੇ ਹੋਰ ਮੁਲਕ ਦਾ ਵੀ ਹੋ ਸਕਦਾ ਸੀ। ਫਿਰ ਅਜਿਹੀਆਂ ਗੱਲਾਂ ਬਹੁਤ ਚੱਲਦੀਆਂ ਕਿ ਵੇਖਿਆ ਫਲਾਂ ਧਰਮ ਵਾਲਿਆਂ ਦੀ ਕਰਤੂਤ, ਵੇਖੇ ਫਲਾਂ ਮੁਲਕ ਵਾਲਿਆਂ ਦੇ ਮੰਦੇ ਕਾਰਨਾਮੇ। ਬੰਦੇ ਦੀ ਕੀ ਕਰਤੂਤ ਹੈ, ਅਜੇ ਅਸੀਂ ਇਧਰ ਧਿਆਨ ਨਹੀਂ ਦਿੰਦੇ। ਅਸੀਂ ਬੰਦੇ ਦੀ ਪੀੜ੍ਹੀ ਹੇਠ ਸੋਟਾ ਫੇਰ ਕੇ ਨਹੀਂ ਵੇਖ ਰਹੇ। ਜਾਣੇ ਜਾਂ ਅਣਜਾਣੇ ਇਨਸਾਨੀ ਸਭਿਅਤਾ ਮੌਤਾਂ ਤੇ ਕਤਲਾਂ ਦੀ ਜ਼ਹਿਨੀਅਤ ਵੱਲ ਵਧ ਰਹੀ। ਮੌਤਾਂ ਦੇ ਵਣਜਾਰਿਆਂ ਦੀਆਂ ਤਾਰੀਫ਼ਾਂ ਹੁੰਦੀਆਂ, ਦੂਜਿਆਂ ਨੂੰ ਮੌਤ ਦੇ ਘਾਟ ਉਤਾਰਨ ਦੇ ਸੋਹਲੇ ਗਾਏ ਜਾਂਦੇ ਹਨ। ਵੱਡੇ ਵੱਡੇ ਸ਼ਹਿਰਾਂ ਦੇ ਚੌਕਾਂ ਵਿਚ ਹੱਥਾਂ ਵਿਚ ਨੰਗੀਆਂ ਤਲਵਾਰਾਂ ਵਾਲਿਆਂ ਦੇ ਬੁੱਤ ਅਤੇ ਮੋਢਿਆਂ ਉਪਰ ਬੰਦੂਕਾਂ ਦੇ ਬੁੱਤ। ਹਰ ਗੱਲ ਵਿਚ ਗੁੱਸਾ ਤੇ ਹਰ ਗੁੱਸੇ ਵਿਚ ਬੰਦੂਕ। ਹਰ ਗੁੱਸੇ ਦਾ ਹੱਲ ਬੰਦੂਕ ਵਿਚ ਲੱਭਿਆ ਜਾ ਰਿਹਾ ਹੈ। ਬੰਦੇ ਵਿਚ ਬੰਦਿਆਂ ਨੂੰ ਮਾਰਨ ਦਾ ਸ਼ੌਕ ਹਕੀਕੀ ਤੌਰ ‘ਤੇ ਪੈਦਾ ਹੋ ਰਿਹਾ ਹੈ ਤੇ ਅੱਜ ਦੀ ਇਨਸਾਨੀ ਸਭਿਅਤਾ ਦੇ ਸਾਹਮਣੇ ਸਭ ਤੋਂ ਵੱਡੀ ਆਫ਼ਤ ਇਹੀ ਹੈ।
ਕਦੇ ਸੁਣਿਆ ਸੀ, ਕੁਝ ਲੋਕ ਦੂਜਿਆਂ ਦੀ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਨਾਲੋਂ ਕੀਮਤੀ ਸਮਝਦੇ ਹਨ, ਦੂਜਿਆਂ ਦੇ ਸੁੱਖ ਆਰਾਮ ਨੂੰ ਵੀ ਆਪਣੀ ਜ਼ਿੰਦਗੀ ਨਾਲੋਂ ਕੀਮਤੀ ਸਮਝਦੇ ਹਨ। ਇਸ ਤਰ੍ਹਾਂ ਦੀ ਇਨਸਾਨੀ ਫਿਤਰਤ ਰੱਬੀ ਦਾਤ ਹੈ। ਅਜਿਹੇ ਗੁਣਾਂ ਕਰ ਕੇ ਇਨਸਾਨੀਅਤ ਕਾਇਮ ਰਹੀ ਹੈ। ਹੁਣ ਇੱਕ ਨਵੀਂ ਫ਼ਿਤਰਤ ਪੈਦਾ ਹੋ ਰਹੀ ਹੈ, ਦੂਸਰਿਆਂ ਦੀ ਮੌਤ ਨੂੰ ਆਪਣੀ ਜ਼ਿੰਦਗੀ ਨਾਲੋਂ ਅਹਿਮ ਸਮਝਣਾ। ਇਹ ਪਾਪੀ ਫ਼ਿਤਰਤ ਹੈ। ਹਰ ਕਤਲ ਰੱਬੀ ਫ਼ਿਤਰਤ ਦੇ ਉਲਟ ਹੈ, ਆਪਣਾ ਖ਼ੁਦ ਦਾ ਕਤਲ ਵੀ। ਅਮਰੀਕਾ ਦੇ ਰਾਸ਼ਟਰਪਤੀ ਤੇ ਹੋਰ ਦੇਸ਼ਾਂ ਦੇ ਲੀਡਰਾਂ ਨੇ ਵੀ ਗ਼ਮ ਤੇ ਗੁੱਸੇ ਦਾ ਜੋ ਇਜ਼ਹਾਰ ਕਰਨਾ ਸੀ, ਕਰ ਦਿੱਤਾ। ਅਮਰੀਕਾ ਦੇ ਰਾਸ਼ਟਰਪਤੀ ਨੇ ਮੁਲਕ ਦੇ ਝੰਡੇ ਨੂੰ ਅੱਧਾ ਨੀਵਾਂ ਕਰਨ ਦਾ ਹੁਕਮ ਦਿੱਤਾ ਜੋ ਨਾ ਮਰਨ ਵਾਲੇ ਵੇਖ ਸਕਣਗੇ, ਨਾ ਮਾਰਨ ਵਾਲਾ; ਨਾ ਸ਼ਿਕਾਰ ਤੇ ਨਾ ਸ਼ਿਕਾਰੀ; ਲੇਕਿਨ ਅਮਰੀਕਾ ਦੇ ਲੋਕਾਂ ਨੇ ਆਪਣੇ ਸਦਰ ਦੇ ਬਿਆਨ ਵਿਚ ਇੱਕ ਕਮੀ ਜ਼ਰੂਰ ਵੇਖੀ। ਉਨ੍ਹਾਂ ਨੂੰ ਉਮੀਦ ਸੀ ਕਿ ਘੱਟੋ-ਘੱਟ ਸਖ਼ਤਮਿਜਾਜ਼ ਟਰੰਪ ਅਮਰੀਕਾ ਵਿਚ ਹਥਿਆਰ ਰੱਖਣ ਵਾਸਤੇ ਕਰੜੇ ਲਾਇਸੈਂਸ ਨਿਯਮਾਂ ਦਾ ਐਲਾਨ ਕਰੇਗਾ ਜਿਸ ਦੀ ਮੰਗ ਕਈ ਸਾਲਾਂ ਤੋਂ ਚੱਲ ਰਹੀ ਸੀ।
ਮੰਨਿਆ ਕਿ ਹਥਿਆਰਾਂ ਦੀ ਲਾਇਸੈਂਸ ਪ੍ਰਣਾਲੀ ਲਾਗੂ ਕਰਨ ਦੇ ਬਾਵਜੂਦ ਨਾਜਾਇਜ਼ ਹਥਿਆਰ ਇਕੱਠੇ ਕਰਨੇ ਮੁਸ਼ਕਿਲ ਨਹੀਂ। ਇਹ ਹੋ ਵੀ ਰਹੇ ਹਨ, ਪਰ ਸਿਰਫ਼ ਇੱਕ ਸਮਝ ਪੈਦਾ ਕਰਨ ਦੀ ਲੋੜ ਹੈ ਕਿ ਸਮਾਜਿਕ ਕੰਟਰੋਲ ਤੋਂ ਬਾਹਰ ਇਹ ਹਥਿਆਰ ਤਬਾਹੀ ਦਾ ਸਬੱਬ ਹਨ। ਲਾਸ ਵੇਗਸ ਵਿਚ 42 ਹਥਿਆਰ ਇੱਕ ਬੰਦੇ ਕੋਲ ਸਨ। ਕਈ ਜਗ੍ਹਾ ਇਹ ਕੋਈ ਦਸ ਬਾਰਾਂ ਜਾਂ ਵੱਧ ਬੰਦਿਆਂ ਕੋਲ ਹੋ ਸਕਦੇ ਹਨ, ਕਿਸੇ ਜਮਾਤ ਜਾਂ ਸੰਸਥਾ ਕੋਲ ਹੋ ਸਕਦੇ ਹਨ। ਇਨ੍ਹਾਂ ਉਪਰ ਕਿਸੇ ਦਾ ਕੰਟਰੋਲ ਨਹੀਂ, ਉਹ ਲੋਕ ਆਪਣੀ ਹੀ ਮਰਜ਼ੀ ਦੇ ਮਾਲਕ ਹੋਣਗੇ ਤੇ ਇਨ੍ਹਾਂ ਦਾ ਇਸਤੇਮਾਲ ਆਪਣੀ ਹੀ ਮਰਜ਼ੀ ਨਾਲ ਕਰਨਗੇ।
ਲਾਸ ਵੇਗਸ ਦੇ ਸਟੀਫਨ ਪੈਡੌਕ ਨੇ ਆਪਣੀ ਮਰਜ਼ੀ ਨਾਲ, ਆਪਣੇ ਦਿਮਾਗ਼ ਨਾਲ ਤੇ ਆਪਣੇ ਦਿਲ ਨਾਲ ਜੋ ਠੀਕ ਲੱਗਾ, ਕੀਤਾ। ਇਸੇ ਤਰ੍ਹਾਂ ਕੋਈ ਗਰੁਪ ਕੋਈ ਵੱਡਾ ਗਰੁਪ ਆਪਣੀ ਹੀ ਮਰਜ਼ੀ ਨਾਲ ਆਪਣੇ ਹੀ ਦਿਮਾਗ਼ ਤੇ ਦਿਲ ਨਾਲ ਜੋ ਠੀਕ ਲੱਗੇ, ਕਰ ਸਕਦਾ ਹੈ ਤੇ ਕਰ ਰਿਹਾ ਹੈ, ਉਹ ਮੌਤਾਂ ਦੇ ਨਿੱਕੇ ਨਿੱਕੇ ਮੀਂਹ ਵਰ੍ਹਾਅ ਰਿਹਾ ਹੈ ਤੇ ਉਹ ਕਿਸੇ ਦੇ ਕੰਟਰੋਲ ਵਿਚ ਨਹੀਂ, ਉਸ ਨੂੰ ਕਿਸੇ ਸਲਾਹ ਦੀ ਲੋੜ ਨਹੀਂ। ਇਹ ਮੇਰੀ ਧਰਤੀ ਦਾ ਸਭ ਤੋਂ ਵੱਡਾ ਦੁਖਾਂਤ ਬਣ ਗਿਆ ਹੈ। ਅਸੀਂ ਲਾਸ ਵੇਗਸ ਘਟਨਾ ਤੋਂ ਦੁਖੀ ਹਾਂ, ਪਰ ਦਸਹਿਰੇ ਵਾਲੇ ਦਿਨ ਭਾਰਤ ਪ੍ਰਧਾਨ ਮੰਤਰੀ ਤੀਰ ਕਮਾਨ ਲੈ ਕੇ ਤਸਵੀਰ ਖਿਚਾ ਰਿਹਾ ਹੈ ਜਦੋਂ ਕਿ ਪਤਾ ਹੈ ਕਿ ਇਹ ਚੀਜ਼ ਮੌਤ ਦਾ ਸਾਮਾਨ ਹੈ, ਜ਼ਿੰਦਗੀ ਦਾ ਨਹੀਂ। ਇੱਕ ਹੋਰ ਤਸਵੀਰ ਵਿਚ ਇੱਕ ਬੰਦਾ ਦੋਹਾਂ ਹੱਥਾਂ ਵਿਚ ਸਤਿਕਾਰ ਨਾਲ ਬੰਦੂਕ ਚੁੱਕੀ ਖਲੋਤਾ ਹੈ ਤੇ ਉਸ ਉਪਰ ਸ਼ਰਧਾ ਨਾਲ ਚੁੰਮਣ ਨਿਛਾਵਰ ਕਰ ਰਿਹਾ ਹੈ। ਵਿਜੈ ਦਸ਼ਮੀ ਦੇ ਨਾਂ ਉਪਰ ਬੰਦੂਕਾਂ ਉਪਰ ਫੁੰਮ੍ਹਣ ਬੰਨ੍ਹੇ ਜਾ ਰਹੇ ਹਨ ਤੇ ਆਰæਐਸ਼ਐਸ਼ ਦਾ ਸੰਚਾਲਕ ਸੰਧੂਰ ਲਗਾ ਕੇ ਸ਼ਸਤਰ ਪੂਜਾ ਕਰਦਾ ਹੈ। ਉਸ ਸ਼ਸਤਰ ਦੀ ਪੂਜਾ ਜਿਸ ਨੇ ਕੁਝ ਮਿੰਟਾਂ ਵਿਚ ਹੀ 60 ਬੰਦੇ ਮਾਰ ਮੁਕਾਏ। ਲਾਸ ਵੇਗਸ ਵਰਗੇ ਮੌਤਾਂ ਦੇ ਮੀਂਹਾਂ ਦੇ ਕਾਲੇ ਕਲਹਿਣੇ ਬੱਦਲ ਇੱਧਰੋਂ ਹੀ ਆਉਂਦੇ ਹਨ। ਇਹ ਹਰ ਗੁੱਸੇ ਦਾ ਹੱਲ ਬੰਦੂਕ ਵਿਚੋਂ ਲੱਭਣ ਦੀ ਸੋਚ ਵਿਚੋਂ ਆਉਂਦੇ ਹਨ। ਇਹ ਬੰਦੇ ਦੀ ਕਾਤਲ ਜ਼ਹਿਨੀਅਤ ਵਿਚੋਂ ਆਉਂਦੇ ਹਨ। ਇਹ ਸ਼ਸਤਰ ਪੂਜਾ ਵਿਚੋਂ ਆਉਂਦੇ ਹਨ।