ਅੰਨ ਬ੍ਰਹਮ ਹੈ

ਜਤਿੰਦਰ ਸਿੰਘ ਹਾਂਸ ਦੀ ਕਹਾਣੀ ‘ਅੰਨ ਬ੍ਰਹਮ ਹੈ’ ਅੱਜ ਦੇ ਜੀਵਨ ਦੀਆਂ ਕਈ ਝਾਕੀਆਂ ਪੇਸ਼ ਕਰਦੀ ਹੈ। ਲਿਖਾਰੀ ਨੇ ਇਕ ਘਟਨਾ ਨੂੰ ਆਧਾਰ ਬਣਾ ਕੇ ਕੁਝ ਨੁਕਤੇ ਬੜੇ ਜ਼ੋਰ ਨਾਲ ਉਭਾਰੇ ਹਨ ਅਤੇ ਸਮਾਜ ਦੇ ਕੁਝ ਖਾਸ ਵਰਗਾਂ ਉਤੇ ਤਿੱਖੀ ਚੋਟ ਕੀਤੀ ਹੈ। ਕਹਾਣੀ ਵਿਚ ਕਾਮਰੇਡ ਪਾਤਰ ਜਿਸ ਢੰਗ ਨਾਲ ਆਇਆ ਹੈ, ਉਹ ਦਿਲਾਂ ਨੂੰ ਟੁੰਬਣ ਵਾਲਾ ਹੈ।

-ਸੰਪਾਦਕ

ਜਤਿੰਦਰ ਸਿੰਘ ਹਾਂਸ
ਫੋਨ: 91-98554-25700

“ਧਰਮ ਨਾਲ ਲੋਹੜਾ ਈ ਹੋ ਗਿਆ।” ਬੁੜਬੜਾਉਂਦਾ ਘਬਰਾਇਆ ਚੌਕੀਦਾਰ, ‘ਕਾਮਰੇਟæææ ਕਾਮਰੇਟ’ ਕਹਿ ਕੇ ਆਵਾਜ਼ਾਂ ਮਾਰੀ ਜਾ ਰਿਹਾ ਸੀ। ਕਾਮਰੇਡ ਮੋਹਣ ਸਿੰਘ ਦਾ ਦਰਵਾਜ਼ਾ ਖੜਕਾਈ ਜਾ ਰਿਹਾ ਸੀ।
ਚੌਕੀਦਾਰ ਪਿੰਡ ਵਿਚ ‘ਜਾਗਦੇ ਰਹੋ’ ਦਾ ਹੋਕਾ ਦਿੰਦਾ ਫਿਰ ਰਿਹਾ ਸੀ। ਸੜਕ ਕਿਨਾਰੇ ਪਈ ਬੱਚੇ ਦੀ ਲਾਸ਼ ਦੇਖ ਕੇ ਘਬਰਾ ਗਿਆ ਸੀ। ਉਹ ਬੁੜਬੜਾਈ ਜਾ ਰਿਹਾ ਸੀ, “ਇਨ੍ਹਾਂ ਲੋਕਾਂ ਨੂੰ ਜਿੰਨਾ ਮਰਜ਼ੀ ‘ਜਾਗਦੇ ਰਹੋ’ ਦਾ ਹੋਕਾ ਦਿੰਦੇ ਰਹੋ, ਇਨ੍ਹਾਂ ਨਹੀਂ ਜਾਗਣਾ। ਕਿੰਨਾ ਕਲਜੁਗ ਆ ਗਿਆ, ਇਸ ਭੋਰਾ ਭਰ ਮਾਸੂਮ ਨੇ ਕਿਸੇ ਦਾ ਕੀ ਵਿਗਾੜਿਆ ਹੋਣਾ। ਜਿਨ੍ਹਾਂ ਦਾ ਕੋਈ ਵਾਲੀ-ਵਾਰਸ ਨ੍ਹੀਂ, ਉਨ੍ਹਾਂ ਦਾ ਕਾਮਰੇਟ ਆ।”
ਉਹ ਕਈ ‘ਸਮਾਜ ਸੇਵਕ’ ਅਖਵਾਉਂਦਿਆਂ ਦਾ ਦਰਵਾਜ਼ਾ ਖੜਕਾ ਆਇਆ ਸੀ। ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ।

ਅੱਧੀ ਰਾਤ ਦਾ ਵਕਤ ਹੋਣਾ। ਚੌਕੀਦਾਰ ਦੀਆਂ ਆਵਾਜ਼ਾਂ ਸੁਣ ਕੇ ਮੋਹਣ ਸਿੰਘ ਅੱਖਾਂ ਮਲਦਾ ਉਠਿਆ। ਉਹ ਕਿਸਾਨ ਯੂਨੀਅਨ ਦੇ ਰੇਲ ਰੋਕੋ ਅੰਦੋਲਨ ਤੋਂ ਅਜੇ ਥੋੜ੍ਹੀ ਦੇਰ ਪਹਿਲਾਂ ਹੀ ਆ ਕੇ ਸੁੱਤਾ ਸੀ। ਉਹ ਸਿਰ ‘ਤੇ ਪਰਨਾ ਲਪੇਟਦਾ, ਪੈਰੀਂ ਜੁੱਤੀ ਅੜਾਉਂਦਾ ਮੰਜੇ ਤੋਂ ਉਠ ਕੇ ਤੁਰ ਪਿਆ। “ਅੱਧੀ ਰਾਤ, ਚੌਕੀਦਾਰ ਨੂੰ ਕੀ ਮੁਸੀਬਤ ਆ ਪਈ?”
ਕਾਮਰੇਡ ਮੋਹਣ ਸਿੰਘ ਦੀ ਪਤਨੀ ਗੁਰਜੀਤ, ਜਿਸ ਨੂੰ ਉਹ ‘ਮੁਸੀਬਤਾਂ ਮਾਰੀ’ ਕਹਿ ਕੇ ਹੱਸਦਾ, ਉਸ ਨਾਲ ਲੜ ਕੇ ਪੇਕੀਂ ਗਈ ਹੋਈ ਸੀ। ਜਦੋਂ ਉਹ ਲੜਦੀ, ‘ਮੈਂ ਤੇਰੇ ਸਿਰ ਚੜ੍ਹ ਕੇ ਮਰ ਜਾਣਾ’ ਦੀ ਧਮਕੀ ਜ਼ਰੂਰ ਦਿੰਦੀ। ਜੇ ਉਹ ਪੇਕੀਂ ਨਾ ਗਈ ਹੁੰਦੀ ਤਾਂ ਉਹਨੇ ਅੱਧੀ ਰਾਤੀਂ ਦਰਵਾਜ਼ਾ ਖੜਕਾਉਣ ਵਾਲੇ ਨੂੰ ਗਾਲ੍ਹਾਂ ਜ਼ਰੂਰ ਕੱਢਣੀਆਂ ਸਨ, “ਇਨ੍ਹਾਂ ਲੋਕਾਂ ਨੂੰ ਭੋਰਾ ਸ਼ਰਮ ਨ੍ਹੀਂ, ਹੱਗਣ-ਮੂਤਣ ਜਾਣ ਲਈ ਵੀ ਕਾਮਰੇਟ ਨੂੰ ਸੱਦਣ ਆ ਜਾਣਗੇ।”
ਘਰ ਦੇ ਕਬੀਲਦਾਰੀ ਦੇ ਕੰਮਾਂ ਤੋਂ ਬਿਨਾ ਉਹ ਸਾਰੇ ਕੰਮ ਜੋ ਮੋਹਣ ਸਿੰਘ ‘ਲੋਕ ਭਲਾਈ’ ਦੇ ਸਮਝ ਕੇ ਕਰਦਾ, ਉਹਦੀ ਪਤਨੀ ਗੁਰਜੀਤ ਉਨ੍ਹਾਂ ਨੂੰ ‘ਮੁਸੀਬਤ ਸਹੇੜਨਾ’ ਕਹਿੰਦੀ।
“ਮੈਂ ਤੈਨੂੰ ਵੀ ਸਹੇੜਿਆ।” ਮੋਹਣ ਸਿੰਘ ਹਾਸੇ ਵਿਚ ਕਹਿੰਦਾ।
“ਤਾਹੀਓਂ ਤਾਂ ਮੈਂ ਮੁਸੀਬਤਾਂ ‘ਚ ਪਈ ਆਂ।” ਉਹ ਬਿਨਾ ਗੱਲ ਸਮਝਦਿਆਂ ਮੱਥੇ ‘ਤੇ ਹੱਥ ਮਾਰ ਕੇ ਕਹਿੰਦੀ।
ਕੱਲ੍ਹ ਲੜਾਈ ਇਸ ਗੱਲ ਤੋਂ ਸ਼ੁਰੂ ਹੋਈ ਸੀ। ਉਹ ਚਾਹੁੰਦੀ ਸੀ ਕਾਮਰੇਡ ਉਹਦੇ ਨਾਲ, ਉਹਦੇ ਬਾਪੂ ਦੀ ਖਬਰ ਲੈਣ ਉਹਦੇ ਪੇਕੀਂ ਚੱਲੇ। ਉਹਦਾ ਬਾਪੂ ਸਖਤ ਬਿਮਾਰ ਸੀ। ਡਾਕਟਰ ਨੇ ਕਹਿ ਦਿੱਤਾ ਸੀ, ‘ਇਹਦੀ ਘਰ ਲਿਜਾ ਕੇ ਸੇਵਾ ਕਰ’ਲੋ।’ ਕਾਮਰੇਡ ਦਾ ਪਹਿਲਾਂ ਹੀ ਕਿਸਾਨ ਯੂਨੀਅਨ ਦੇ ਰੇਲ ਰੋਕੋ ਅੰਦੋਲਨ ‘ਚ ਜਾਣ ਦਾ ਪ੍ਰੋਗਰਾਮ ਸੀ।
ਕਾਮਰੇਡ ਦੀ ਨਾਂਹ ਸੁਣ ਕੇ ਗੁਰਜੀਤ ਕੌਰ ਦੀਆਂ ਅੱਖਾਂ ਭਰ ਆਈਆਂ, “ਮੈਨੂੰ ਪਤਾ ਥੋਨੂੰ ਮੇਰੀ ਭੋਰਾ ਕਦਰ ਨ੍ਹੀਂ, ਜਿਉਂਦੇ ਜੀਆਂ ਦੇ ਮੇਲੇ ਹੁੰਦੇ ਨੇæææ ਜਿਵੇਂ ਡਾਕਟਰ ਨੇ ਜੁਆਬ ਦੇ ਦਿੱਤਾ, ਕੀ ਪਤਾ ਉਨ੍ਹਾਂ ਦਾ। ਬਾਅਦ ‘ਚ ਪਛਤਾਵਾ ਹੀ ਰਹਿ ਜਾਂਦਾ। ਲੋਕ ਕਾਮਰੇਟ-ਕਾਮਰੇਟ ਕਹਿ ਕੇ ਥੋਤੋਂ ਕੰਮ ਕੱਢ ਲੈਂਦੇ ਨੇ, ਤੁਸੀਂ ਵੱਡੇ ਬਣੇ ਫਿਰਦੇ ਓ।” ਉਹ ਅੱਖਾਂ ਤੇ ਨੱਕ ਸਾਫ ਕਰਦੀ ਬੋਲੀ ਗਈ।
ਮੋਹਣ ਸਿੰਘ ਆਪਣੀਆਂ ਦਲੀਲਾਂ ਦੇਣ ਲੱਗਾ, “ਤੈਨੂੰ ਯਾਦ ਆ? ਜਦੋਂ ਬਾਪੂ ਮੰਡੀਓਂ ਕਣਕ ਵੇਚ ਕੇ ਆਇਆ, ਤਾਂ ਹਰ ਸਾਲ ਦੀ ਤਰ੍ਹਾਂ ਉਸ ਸਾਲ ਵੀ ਸਿਰ ਕਰਜਾ ਲੈ ਕੇ ਮੁੜਿਆ ਸੀ। ਉਹਨੇ ਆ ਕੇ ਰੋਟੀ ਨਹੀਂ ਖਾਧੀ ਸੀ, ਰਾਤ ਨੂੰ ਸਲਫਾਸ ਖਾ ਗਿਆ ਸੀ। ਮਿੱਟੀ ਭੋਰਾਂ ਦਾ ਬਲਦੇਵ ਆਪਣੀ ਵਿਕੀ ਹੋਈ ਜਮੀਨ ‘ਚ ਟਾਹਲੀ ਨਾਲ ਲਟਕਦਾ, ਮੇਰੀਆਂ ਅੱਖਾਂ ਅੱਗਿਓਂ ਨਹੀਂ ਜਾਂਦਾ। ਇਕ ਪਾਸੇ ਕਿਸਾਨਾਂ ਦੀ ਫਸਲ ਰੁਲਦੀ ਆ, ਉਹੀ ਫਸਲ ਵਪਾਰੀ ਕੋਲ ਜਾ ਕੇ ਸਿਓਨੇ ਦੇ ਭਾਅ ਹੋ ਜਾਂਦੀ ਆ। ਦੂਜੇ ਪਾਸੇ ਗਰੀਬ-ਗੁਰਬਾ ਦਾਣੇ-ਦਾਣੇ ਨੂੰ ਮੁਹਤਾਜ ਆ। ਜੇ ਏਕਣੇ ਸਰਕਾਰਾਂ ਜੱਟਾਂ ਨਾਲ ਧੱਕਾ ਕਰਦੀਆਂ ਰਹੀਆਂ ਤਾਂ ਹੋਰ ਪਤਾ ਨਹੀਂ ਕਿੰਨੇ ਕੁ ਜਣੇ ਅਣਆਈ ਮਰਨਗੇ। ਅੱਜ ਮੇਰਾ ਇੱਧਰ ਜਾਣਾ ਈ ਬਣਦਾ, ਤੂੰ ਉਧਰ ਜਾ ਆ।”
ਗੁਰਜੀਤ ਨੂੰ ਇਹੋ ਜਿਹੇ ਭਾਸ਼ਣ ਸੁਣਨੇ ਹੋਰ ਵੱਡੀ ਮੁਸੀਬਤ ਲੱਗਦੇ। ਉਹਨੇ ਕੰਨਾਂ ‘ਤੇ ਹੱਥ ਰੱਖ ਲਏ। ਉਹ ਬੁਸ-ਬੁਸ ਕਰਦੀ ਤਿਆਰ ਹੋਈ। ਜਾਣ ਲੱਗੀ ਨੇ ਆਖਰੀ ਗੱਲ ਵੀ ਕਹਿ ਦਿੱਤੀ, “ਹੁਣ ਮੇਰਾ ਇਸ ਘਰ ‘ਚੋਂ ਦਾਣਾ ਪਾਣੀ ਮੁੱਕ ਗਿਆ।”
ਮੋਹਣ ਸਿੰਘ ਕਿਸਾਨ ਯੂਨੀਅਨ ਵਾਲੇ ਝੰਡਾ ਸਿੰਘ ਦੇ ਘਰ ਚਲਾ ਗਿਆ। ਉਥੇ ਉਚੇ ਚੌਤਰੇ ਵਾਲੇ ਦਲਵਾਰ ਸਿੰਘ ਦੀ ਟਰਾਲੀ ਖੜ੍ਹੀ ਸੀ ਜਿਸ ਵਿਚ ਪਿੰਡ ਦੇ ਹੋਰ ਲੋਕ ਵੀ ਬੈਠੇ ਸਨ। ਉਹ ਉਨ੍ਹਾਂ ਨਾਲ ਰੇਲ ਰੋਕੋ ਅੰਦੋਲਨ ਵਿਚ ਹਿੱਸਾ ਲੈਣ ਚਲਿਆ ਗਿਆ।
ਰਾਮਪੁਰ ਵਾਲੇ ਰੇਲਵੇ ਸਟੇਸ਼ਨ ਦੇ ਨੇੜੇ ਸੈਂਕੜੇ ਲੋਕ ਇਕੱਠੇ ਹੋਏ ਸਨ। ਟਰਾਲੀ ਗੁਰਦੁਆਰੇ ਕੋਲ ਖੜ੍ਹਾ ਕੇ ਲੋਕਾਂ ਨੇ ਹਰੇ-ਪੀਲੇ ਰੰਗੇ ਝੰਡੇ ਚੱਕ ਲਏ। ਨਾਅਰੇ ਮਾਰਦੇ ਰੇਲਵੇ ਸਟੇਸ਼ਨ ਵੱਲ ਤੁਰ ਪਏ। ਕਿਸਾਨੀ ਦੀ ਮਾੜੀ ਹਾਲਤ, ਖੁਦਕੁਸ਼ੀਆਂ ਅਤੇ ਸਰਕਾਰਾਂ ਦੀਆਂ ਬਦਨੀਤੀਆਂ ਬਾਰੇ ਗਰਮ-ਗਰਮ ਭਾਸ਼ਣ ਹੋਏ, ਨਾਅਰੇ ਲੱਗੇ।
ਅਗਲਾ ਪ੍ਰੋਗਰਾਮ ਰੇਲ ਗੱਡੀ ਦਾ ਪਹੀਆ ਜਾਮ ਕਰਨ ਲਈ ਰੇਲਵੇ ਲਾਈਨ ‘ਤੇ ਬੈਠਣਾ ਸੀ। ਉਥੇ ਦਰੀਆਂ ਵਿਛਾ ਲਈਆਂ।
ਪੁਲਿਸ ਦੇ ਸਿਪਾਹੀ ਕੋਈ ਮਾੜੀ ਘਟਨਾ ਵਾਪਰਨ ਤੋਂ ਹੁਸ਼ਿਆਰ ਹੋਏ ਖੜ੍ਹੇ ਸਨ। ਪੁਲਿਸ ਅਫਸਰ ਆਪਣੇ ਸੀਨੀਅਰ ਅਫਸਰਾਂ ਨੂੰ ਬਿੰਦੇ-ਪਲੇ ਹਾਲਾਤ ਬਾਰੇ ਵੈਰਲਸ (ਵਾਇਰਲੈਸ) ਰਾਹੀਂ ਜਾਣੂ ਕਰਵਾ ਰਹੇ ਸਨ। ਚਿੰਤਾ ‘ਚ ਡੁੱਬਿਆ ਸਟੇਸ਼ਨ ਮਾਸਟਰ ਰੇਲ ਮਹਿਕਮੇ ਦੇ ਅਫਸਰਾਂ ਨੂੰ ਸਥਿਤੀ ਬਾਰੇ ਦੱਸ ਰਿਹਾ ਸੀ।
ਕਿਸਾਨ ਰੇਲ ਦੀ ਪਟੜੀ ‘ਤੇ ਜਾ ਪਏ ਸਨ। ਸਭ ਤੋਂ ਅੱਗੇ ਮੋਹਣ ਸਿੰਘ ਪਿਆ ਸੀ। ਇਸ ਤੋਂ ਬਾਅਦ ਰਣਧੀਰ ਸਿੰਘ ਲੰਬੜਦਾਰ ਦਾ ਸਾਂਝੀ ਬੰਸਾ ਪਿਆ ਸੀ। ਰੇਲ ਗੱਡੀ ਨੇ ਦੂਰੋਂ ‘ਕੂਕ’ ਮਾਰੀ। ਲਾਈਨ ‘ਤੇ ਧਰਨਾ ਲਾਈ ਬੈਠੇ ਬੰਦੇ ਉਧਰ ਨੂੰ ਦੇਖਣ ਲੱਗੇ। ਬੰਸਾ ਉਠ ਕੇ ਬੈਠ ਗਿਆ ਕਹਿੰਦਾ, “ਕਾਮਰੇਟਾ ਮੈਂ ਤਾਂ ਸਮਝਦਾ ਸੀ ਉਧਰੋਂ ਆਉਣੀ ਆ, ਇਹ ਐਧਰੋਂ ਆ’ਗੀ। ਕਾਮਰੇਟਾ, ਮੈਂ ਫਾਟਕਾਂ ਕੋਲੋਂ ਲੰਘਦੀ ਗੱਡੀ ਕਈ ਵਾਰ ਦੇਖੀ ਆ, ਮੂਹਰੇ ਇੰਜਣ ਹੁੰਦਾ। ਡਰਾਈਵਰ ਬਹੁਤ ਪਿੱਛੇ ਹੁੰਦਾ। ਜੇ ਡਰਾਈਵਰ ਨੂੰ ਲਾਈਨ ‘ਤੇ ਪਏ ਬੰਦੇ ਨਾ ਦਿਖੇ, ਰੇਲ ਨੇ ਆਪਣੇ ਟੁਕੜੇ ਕਰ ਦੇਣੇ ਆ।”
ਬੰਸਾਂ ਪੈਰਾਂ ਭਾਰ ਬੈਠਾ ਸੀ, ਜਿਵੇਂ ਹੁਣੇ ਰੇਸ ਲਾਉਣ ਵਾਲਾ ਹੋਵੇ। ਉਹਨੇ ਆਲੇ-ਦੁਆਲੇ ਨਜ਼ਰ ਮਾਰਦਿਆਂ ਮੋਹਣ ਸਿੰਘ ਤੋਂ ਪੁੱਛਿਆ, “ਕਾਮਰੇਟਾ, ਆਪਣੇ ਪਿੰਡ ਆਲਾ ਜੈਲਦਾਰ ਦਾ ਜੰਗੀਰ ਸਿਓਂ ਕਿਥੇ ਆ?”
“ਉਹ ਨ੍ਹੀਂ ਆਇਆ।” ਮੋਹਣ ਸਿੰਘ ਨੇ ਕਿਹਾ।
“ਸਰਪੰਚ ਅਮਰ ਸਿੰਘ ਕਿਥੇ ਆ?” ਬੰਸੇ ਨੇ ਪੁੱਛਿਆ।
“ਅਹੁ ਖੜ੍ਹਾ ਸਟੇਸ਼ਨ ਦੇ ਕਮਰੇ ਕੋਲ, ਛੱਲੀ ਭੋਰ-ਭੋਰ ਚੱਬ ਰਿਹਾ।” ਮੋਹਣ ਸਿੰਘ ਨੇ ਗਰਦਨ ਉਚੀ ਕਰ ਕੇ ਦੇਖ ਕੇ ਦੱਸਿਆ। ਫਿਰ ਓਵੇਂ ਲਾਈਨ ‘ਤੇ ਪੈ ਗਿਆ।
ਬੰਸਾ ਬੋਲਿਆ, “ਜਿਨ੍ਹਾਂ ਕੋਲ ਬਹੁਤੀਆਂ ਜਮੀਨਾਂ-ਜਾਇਦਾਦਾਂ ਨੇ, ਉਨ੍ਹਾਂ ਵਿਚੋਂ ਤਾਂ ਕੋਈ ਆਇਆ ਨ੍ਹੀਂ। ਜਿਹੜਾ ਆਇਆ, ਉਹ ਪਰੇ ਖੜ੍ਹਾ ਅਰਾਮ ਨਾਲ ਛੱਲੀ ਭੋਰ ਭੋਰ ਖਾਈ ਜਾਂਦਾ। ਤੇਰੇ ਖੇਤਾਂ ‘ਚ ਤੇਰੇ ਖਾਣ ਜੋਗੀ ਕਣਕ ਹੁੰਦੀ ਆ, ਤੈਂ ਵੇਚਣੀ ਨ੍ਹੀਂ। ਮੈਂ ਕਣਕ ਮੁੱਲ ਲੈਣੀ ਆ। ਆਪਾਂ ਰੇਲ ਦੀ ਪਟੜੀ ‘ਤੇ ਮਰਨ ਨੂੰ ਪਏ ਆਂ, ਬਈ ਕਣਕ ਦਾ ਭਾਅ ਵਧਾਵੋ। ਚੱਲ ਉਠ ਕਾਮਰੇਟਾ, ਆਪਾਂ ਨੂੰ ਕੀ ਫਾਇਦਾ ਭਾਅ ਵਧਾ ਕੇ?”
“ਬੰਸਾ ਸਿਅ੍ਹਾਂ, ਜੇ ਆਪਾਂ ਜਾਨ ਬਚਾ ਕੇ ਭੱਜ ਲੇ, ਹੱਕਾਂ ਲਈ ਨਾ ਲੜੇ, ਪਤਾ ਨ੍ਹੀਂ ਕਿੰਨੇ ਕੁ ਕਿਸਾਨ ਖੁਦਕੁਸ਼ੀਆਂ ਕਰਨਗੇ। ਹੁਣ ਜਾਂ ਤਾਂ ਸ਼ਹੀਦ ਹੋਵਾਂਗੇ ਜਾਂ ਗੱਡੀ ਰੋਕਾਂਗੇ।” ਕਾਮਰੇਡ ਬੋਲਿਆ।
ਗੱਡੀ ਦੀ ਪਟੜੀ ਧਮਕ ਰਹੀ ਸੀ। ਚੀਕਾਂ ਮਾਰਦੀ ਗੱਡੀ ਉਨ੍ਹਾਂ ਤੋਂ ਕਾਫੀ ਦੂਰ ਪਿਛਾਂਹ ਹੀ ਰੁਕ ਗਈ ਸੀ। ਹੋਰ ਲੋਕਾਂ ਨਾਲ ਬੰਸਾ ਵੀ ਘਬਰਾਇਆ ਬੈਠਾ ਸੀ। ਗੱਡੀ ਰੁਕ ਜਾਣ ਤੋਂ ਕਾਫੀ ਸਮੇਂ ਬਾਅਦ ਹੱਸਦਾ ਬੋਲਿਆ, “ਕੇਰਾਂ ਤਾਂ ਸਾਲੀ ਦੀਆਂ ਚੀਕਾਂ ਕਢਾ’ਤੀਆਂ।”
ਸਾਰੇ ਕਿਸਾਨ ਯੂਨੀਅਨ ਸ਼ਿੰਦਾਬਾਦ, ਇਨਕਲਾਬ ਸ਼ਿੰਦਾਬਾਦ ਦੇ ਨਾਅਰੇ ਮਾਰ ਰਹੇ ਸੀ।
ਕਾਮਰੇਡ ਨੇ ਵੀ ਭਾਸ਼ਣ ਦਿੱਤਾ ਸੀ, “ਆਪਣੇ ਸੰਘਰਸ਼ ਨੂੰ ਇਸ ਕਰ ਕੇ ਬੂਰ ਨਹੀਂ ਪੈ ਰਿਹਾ, ਆਪਣੀ ਯੂਨੀਅਨ ਦਾ ਪ੍ਰਧਾਨ ਆਪਾਂ ਨੂੰ ਲੁੱਟਣ ਵਾਲੀ ਆੜ੍ਹਤੀਆਂ ਦੀ ਯੂਨੀਅਨ ਦਾ ਪ੍ਰਧਾਨ ਵੀ ਹੈ। ਉਹ ਬੰਦਾ ਮੰਡੀਕਰਨ ਬੋਰਡ ਦਾ ਚੇਅਰਮੈਨ ਆ। ਉਹ ਲੁੱਟੇ ਜਾਣ ਵਾਲਿਆਂ ਨਾਲੋਂ ਲੁੱਟਣ ਵਾਲਿਆਂ ਵੱਲ ਵੱਧ ਹੋ ਗਿਆ।”
ਲੀਡਰਾਂ ਨੇ ਕਾਮਰੇਡ ਨੂੰ ਵਿਚਾਲੇ ਹੀ ਰੋਕ ਲਿਆ ਸੀ। ਪਰ੍ਹੇ ਲਿਜਾ ਕੇ ਕੁਝ ਸਮਝਾਇਆ ਸੀ।
ਜੇ ਯੂਨੀਅਨ ਦੇ ਲੀਡਰਾਂ ਦੀ ਗੱਲ ਮੰਨੀਏ, ਉਥੇ ਤਾਂ ਮੋਹਣ ਸਿੰਘ ਜਿੱਤ ਆਇਆ ਸੀ। ਜਦੋਂ ਉਹ ਘਰੇ ਆਇਆ ਤਾਂ ਦੇਖਿਆ ਸੱਚੀਂ ਹੀ ਉਹਦੀ ਪਤਨੀ ਪੇਕਿਆਂ ਤੋਂ ਮੁੜੀ ਨਹੀਂ ਸੀ। ਉਹਨੇ ਕਈ ਵਾਰ ਫੋਨ ਕੀਤੇ, ਪਰ ਉਧਰੋਂ ਕਿਸੇ ਨੇ ਗੱਲ ਨਾ ਕੀਤੀ। ‘ਮੁਸੀਬਤਾਂ ਮਾਰੀ’ ਰੁੱਸ ਕੇ ਪੇਕੀਂ ਗਈ ਸੀ। ਉਹਨੂੰ ਮਨਾਉਣਾ ਦਿੱਲੀ ਸਰਕਾਰ ਨੂੰ ਮਨਾਉਣਾ ਸੀ।

ਕਹਾਣੀ ਕਿਧਰ ਨੂੰ ਲੈ ਤੁਰਿਆ। ਗੱਲ ਤਾਂ ਉਸ ਬੱਚੇ ਦੀ ਸੀ ਜਿਸ ਦੀ ਲਾਸ਼ ਜਿਉਣੇ ਚੌਕੀਦਾਰ ਨੇ ਦੇਖੀ ਸੀ; ਪਰ ‘ਅੰਨ ਭਗਵਾਨ’ ਬਾਰੇ ਦੱਸਣ ਤੋਂ ਪਹਿਲਾਂ ‘ਅੰਨ ਦਾਤੇ’ ਬਾਰੇ ਦੱਸਣਾ ਜ਼ਰੂਰੀ ਸੀ।

ਮੋਹਣ ਸਿੰਘ ਨੇ ਜਿਉਣੇ ਚੌਕੀਦਾਰ ਦੀ ਆਵਾਜ਼ ਪਛਾਣ ਲਈ ਸੀ। ਫਿਰ ਵੀ ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਪੁੱਛਿਆ, “ਕੌਣ?”
“ਮੈਂ ਆ ਜੀ, ਜਿਉਣਾ ਚੌਕੀਦਾਰ।” ਹਮੇਸ਼ਾ ਗੜ੍ਹਕਵੀਂ ਆਵਾਜ਼ ‘ਚ ਗੱਲ ਕਰਨ ਵਾਲਾ ਜਿਉਣਾ ਘਬਰਾਈ ਜਿਹੀ ਆਵਾਜ਼ ‘ਚ ਬੋਲ ਰਿਹਾ ਸੀ। “ਕਾਮਰੇਟ ਜੀ, ਕੋਈ ਜੁਆਕ ਮਾਰ ਕੇ ਸਿੱਟ ਗਿਆ, ਆਪਣੇ ਘਰ ਕੋਲ, ਬਹੁਤ ਕਲਯੁਗ ਆ ਗਿਆ। ਧਰਮ ਨਾਲ ਮੇਰੇ ਤਾਂ ਪੈਰਾਂ ਹੇਠੋਂ ਜਮੀਨ ਨਿਕਲ’ਗੀ। ਪਹਿਲਾਂ ਮੈਂ ਸੋਚਿਆ, ਮਨਾਂ ਕਾਹਨੂੰ ਜਾਂਦੀਏ ਬਲਾਏ ਦੁਪਹਿਰਾ ਕੱਟ ਜਾ, ਆਲੀ ਗੱਲ ਕਰਨੀ ਆ। ਜਿਵੇਂ ਦੁਨੀਆਂ ਅੱਖਾਂ ਮੀਚ ਕੇ ਲੰਘ ਜਾਂਦੀ ਹੁੰਦੀ ਆ, ਆਪਾਂ ਲੰਘ ਜਾਨੇ ਆਂ। ਬੰਦੇ ਦੀ ਦੇਹ ਨੂੰ ਕਾਂ-ਕੁੱਤੇ ਖਾਣ ਧਰਮ ਨਾਲ ਐਨਾ ਕਲਯੁਗ ਤਾਂ ਨ੍ਹੀਂ ਆਇਆ ਅਜੇ। ਸਰਪੰਚ ਨੂੰ ਉਹਦੇ ਮੁਬਾਇਲ ‘ਤੇ ਫੋਨ ਕੀਤਾ, ਉਹ ਸ਼ਰਾਬੀ ਹੋਇਆ ਪਿਆ ਸੀ। ਜੀਹਦਾ ਵੀ ਦਰ ਖੜਕਾਇਆ, ਕਹਿੰਦਾ, ‘ਸਵੇਰੇ ਦੇਖਾਂਗੇ।’ ਫਿਰ ਮੈਂ ਸੋਚਿਆ, ਜਿਨ੍ਹਾਂ ਦਾ ਕੋਈ ਨਹੀਂ, ਉਨ੍ਹਾਂ ਦਾ ਕਾਮਰੇਟ ਆ।” ਚੌਕੀਦਾਰ ਇਹ ਗੱਲਾਂ ਮੋਹਣ ਸਿੰਘ ਨੂੰ ਦੱਸਦਾ ਬੈਟਰੀ ਨਾਲ ਚਾਨਣ ਕਰਦਾ ਅੱਗੇ-ਅੱਗੇ ਤੁਰੀ ਜਾ ਰਿਹਾ ਸੀ।
ਮੋਹਣ ਸਿੰਘ ਦਾ ਘਰ ਪਿੰਡੋਂ ਬਾਹਰ ਖੇਤਾਂ ਵਿਚ ਸੀ। ਲਾਸ਼ ਉਹਦੇ ਘਰ ਦੇ ਨੇੜੇ ਸੜਕ ਦੇ ਕੰਢੇ ਪਈ ਸੀ।
ਲਾਸ਼ ਕੋਲ ਜਾ ਕੇ ਚੌਕੀਦਾਰ ਨੇ ਬੈਟਰੀ ਦਾ ਚਾਨਣ ਬੱਚੇ ਦੇ ਮੂੰਹ ‘ਤੇ ਕੀਤਾ। ਲਾਸ਼ ਨੌਂ ਦਸ ਸਾਲ ਦੇ ਬੱਚੇ ਦੀ ਸੀ। ਸਿਰ ਦੇ ਵਾਲ ਕੱਟੇ ਹੋਏ ਸਨ। ਤੇੜ ਨਿੱਕਰ ਜੋ ਲਹੂ ਨਾਲ ਲਿੱਬੜੀ ਪਈ ਸੀ, ਤੋਂ ਬਿਨਾ ਸਾਰਾ ਸਰੀਰ ਨੰਗਾ ਸੀ। ਸਰੀਰ ‘ਤੇ ਖਰੋਚਾਂ ਤੇ ਜਖ਼ਮ ਸਨ। ਆਲੇ-ਦੁਆਲੇ ਖੂਨ ਦੇ ਛਿੱਟੇ ਸਨ।
“ਏਨੇ ਕੁ ਬੱਚੇ ਨਾਲ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਆ ਭਲਾ?” ਮੋਹਣ ਸਿੰਘ ਦੇ ਅੰਦਰੋਂ ਜਿਵੇਂ ਰੁੱਗ ਭਰਿਆ ਗਿਆ ਹੋਵੇ।
“ਆਪਣੇ ਪਿੰਡ ਦਾ ਤਾਂ ਲੱਗਦਾ ਨ੍ਹੀਂ। ਮੈਂ ਆਪਣੇ ਪਿੰਡ ਦੇ ਸਾਰੇ ਜੁਆਕਾਂ ਨੂੰ ਜਾਣਦਾਂ।” ਚੌਕੀਦਾਰ ਨੇ ਫਿਰ ਬੱਚੇ ਦੇ ਮੂੰਹ ‘ਤੇ ਬੈਟਰੀ ਦਾ ਚਾਨਣ ਕਰਦਿਆਂ ਕਿਹਾ, “ਦੁਰ ਫਿੱਟੇ ਮੂੰਹ ਜਾਲਮੋ, ਧਰਮ ਨਾਲ ਗਰਕ ਜੋਂ ਤੁਸੀਂ।”
ਲਾਸ਼ ਵੱਲ ਤੁਰੇ ਜਾਂਦੇ ਕਾਮਰੇਟ ਨੂੰ ਚੌਕੀਦਾਰ ਨੇ ਬਾਹੋਂ ਫੜ ਕੇ ਰੋਕ ਲਿਆ, “ਪੁਲਿਸ ਕੇਸ ਆ ਜੀ, ਪੁਲਿਸ ਨੂੰ ਫੋਨ ਕਰੋ। ਧਰਮ ਨਾਲ ਕਿਤੇ ਆਪਾਂ ਪੁਲਿਸ ਦੇ ਚੱਕਰ ‘ਚ ਨਾ ਪੈ ਜਾਈਏ।”
ਮੋਹਣ ਸਿੰਘ ਪੁਲਿਸ ਦੇ ਚੱਕਰ ਤੋਂ ਕਦ ਡਰਦਾ ਸੀ, ਪਰ ਉਹ ਉਥੋਂ ਕੁਝ ਸੋਚ ਕੇ ਮੁਬਾਇਲ ਚੁੱਕਣ ਘਰ ਨੂੰ ਤੁਰ ਪਿਆ। ਘਰੋਂ ਕਾਣਸ ‘ਤੇ ਪਿਆ ਮੁਬਾਇਲ ਚੁੱਕ ਕੇ ਠਾਣੇ ਨੂੰ ਫੋਨ ਕਰਨ ਲੱਗਾ। ਉਧਰੋਂ ਕੰਪਿਊਟਰ ਬੋਲੀ ਜਾ ਰਿਹਾ ਸੀ।
“ਕਾਮਰੇਟਾ ਊਂ ਤਾਂ ਤੂੰ ਕਹੇਂਗਾ, ਜੁਆਕ ਦੀ ਲਾਸ਼ ਕੋਲ ਪਈ ਆ, ਇਹਨੂੰ ਖਾਣ ਦਾ ਹਾਬੜਾ ਲੱਗਿਆ, ਪਰ ਸੱਚ ਦੱਸਾਂ ਜਦੋਂ ਦੀ ਲਾਸ਼ ਦੇਖੀ ਆ, ਮੇਰੇ ਦਿਲ ਨੂੰ ਕੁਝ ਹੋਈ ਜਾਂਦਾ ਧਰਮ ਨਾਲ। ਮੈਨੂੰ ਲੱਗਦਾ ਮੈਨੂੰ ਹੁਣੇ ਦੌਰਾ ਪੈ ਜਾਣਾ। ਭਾਬੀ ਜੀ ਨੂੰ ਕਹਿ ਕੇ ਚਾਹ ਬਣਵਾਓ, ਨਹੀਂ ਮੈਨੂੰ ਕੁਝ ਹੋ ਜਾਣਾ।” ਚੌਕੀਦਾਰ ਮੋਹਣ ਸਿੰਘ ਨੂੰ ਕਹਿਣ ਲੱਗਾ।
“ਤੂੰ ਹੀ ਬਣਾ ਲਾ ਰਸੋਈ ‘ਚ ਜਾ ਕੇ।” ਮੋਹਣ ਸਿੰਘ ਬੋਲਿਆ।
“ਪਹਿਲੇ ਜਮਾਨੇ ‘ਚ ਹੱਡ ‘ਚ ਪ੍ਰਾਣ ਹੁੰਦੇ ਸੀ, ਹੁਣ ਤਾਂ ਧਰਮ ਨਾਲ ਅੰਨ ‘ਚ ਪ੍ਰਾਣ ਨੇ।” ਕਹਿੰਦਾ ਚੌਕੀਦਾਰ ਰਸੋਈ ਵੱਲ ਤੁਰ ਪਿਆ।
ਮੋਹਣ ਸਿੰਘ ਕਦੇ ਐਬੂਲੈਂਸ ਨੂੰ, ਕਦੇ ਪੁਲਿਸ ਨੂੰ ਫੋਨ ਕਰਦਾ ਬੱਚੇ ਦੀ ਲਾਸ਼ ਵੱਲ ਤੁਰ ਪਿਆ। ਉਹਨੇ ਸਰਪੰਚ ਅਤੇ ਪਿੰਡ ਦੇ ਹੋਰ ਲੋਕਾਂ ਨੂੰ ਵੀ ਫੋਨ ਕੀਤੇ। ਉਹ ਕੰਮ ਵਿਚ ਜੀਅ ਜਾਨ ਨਾਲ ਜੁਟ ਗਿਆ। ਉਸ ਵਿਚ ਇਹੋ ਤਾਂ ਗੱਲ ਸੀ ਜਿਹੜੀ ਉਹਨੂੰ ਕਾਮਰੇਡ ਬਣਾਉਂਦੀ ਸੀ। ਉਹ ਕਿਸੇ ਕਮਿਊਨਿਸਟ ਪਾਰਟੀ ਦਾ ਤਾਂ ਕੀ, ਕਿਸੇ ਵੀ ਰਾਜਨੀਤਕ ਪਾਰਟੀ ਦਾ ਮੈਂਬਰ ਨਹੀਂ ਸੀ।
ਅਜਿਹੀ ਹੀ ਇੱਕ ਗੱਲ ਤੁਹਾਨੂੰ ਦੱਸਦਾਂ, ਜਿਨ੍ਹੇ ਉਹਨੂੰ ਕਾਮਰੇਡ ਬਣਾ ਦਿੱਤਾ ਸੀ। ਉਸ ਸਾਲ ਮੀਂਹ ਬਹੁਤ ਪਏ ਸਨ। ਪੰਦਰਾਂ ਦਿਨ ਝੜੀ ਨਾ ਹਟੀ। ਮੋਹਣ ਸਿੰਘ ਜਦੋਂ ‘ਕੰਮੀਆਂ ਦੇ ਵਿਹੜੇ’ ਗਿਆ, ਉਥੇ ਗਲੀਆਂ ਪਾਣੀ ਨਾਲ ਭਰੀਆਂ ਹੋਈਆਂ ਸਨ। ਸਾਰੇ ਪਿੰਡ ਦਾ ਪਾਣੀ ਚਮਾੜੀ ਵਾਲੇ ਟੋਭੇ ਵੱਲ ਹੀ ਤਾਂ ਜਾਂਦਾ ਸੀ। ਉਨ੍ਹਾਂ ਦੇ ਘਰਾਂ ਅੰਦਰ ਵੀ ਪਾਣੀ ਫਿਰ ਰਿਹਾ ਸੀ। ਕਈ ਪਰਿਵਾਰ, ਜੋ ਨਿੱਤ ਕਮਾਉਂਦੇ, ਉਹੀ ਖਾਂਦੇ, ਉਨ੍ਹਾਂ ਦੇ ਚੁੱਲ੍ਹੇ ਨਹੀਂ ਸਨ ਬਲੇ। ਉਨ੍ਹਾਂ ਦੀ ਹਾਲਤ ਦੇਖ ਕੇ ਮੋਹਣ ਸਿੰਘ ਦਾ ਮਨ ਪਸੀਜ ਗਿਆ। ਉਹਨੂੰ ਚੈਨ ਨਾ ਆਵੇ, ਉਹਦੇ ਘਰ ਪਏ ਦਾਣੇ ਏਨੇ ਢਿੱਡ ਭਰਨ ਜੋਗੇ ਨਹੀਂ ਸਨ। ਉਹਨੇ ਪਿੰਡ ਦੇ ਵੱਡੇ ਬੰਦਿਆਂ ਨਾਲ ਗੱਲ ਕੀਤੀ, ਉਹ ਕਹਿੰਦੇ, ਜਿਹਦਾ ਢਿੱਡ ਦੁਖੂ, ਆਪੇ ਦਵਾਈ ਲੈ ਲੂ।”
“ਉਹ ਆਪ ਤਾਂ ਮੰਗਦੇ ਨ੍ਹੀਂ, ਤੂੰ ਕੌਣ, ਅਖੇ ਖਾਹਮਖਾਹ।”
“ਜੇ ਉਨ੍ਹਾਂ ਆਪ ਨ੍ਹੀਂ ਆਉਣਾ, ਤਾਂ ਆਪਣੀਆਂ ਤੀਮੀਆਂ ਨੂੰ ਭੇਜਣ, ਜਿੰਨੇ ਮਰਜੀ ਲੈ ਜਾਣ ਦਾਣੇ।”
“ਉਹ ਕੰਮ ਕਰਨ ਤਾਂ ਸ਼ਹਿਰ ਜਾਂਦੇ ਨੇ, ਪਿੰਡ ‘ਚ ਕਿਸੇ ਦੀ ਵੱਢੀ ਉਂਗਲ ‘ਤੇ ਨ੍ਹੀਂ ਮੂਤਦੇ। ਉਥੋਂ ਲਿਆਉਣ ਦਾਣੇ।”
ਉਨ੍ਹਾਂ ‘ਵੱਡੇ ਬੰਦਿਆਂ’ ਨੇ ਛੋਟੀਆਂ ਗੱਲਾਂ ਕਰ ਕੇ ਉਨ੍ਹਾਂ ਨੂੰ ਮੋੜ ਦਿੱਤਾ ਸੀ, ਪਰ ਮੋਹਣ ਸਿੰਘ ਦੀ ਪਤਨੀ ਦੇ ਕਹਿਣ ਵਾਂਗ ਉਹਨੇ ‘ਮੁਸੀਬਤ ਸਹੇੜ’ ਲਈ। ਇਹ ਨਾ ਸਮਝਣਾ ਕਿ ਲੋਕਾਂ ਲਈ ਮੁਸੀਬਤ ਮੁੱਲ ਲੈ ਕੇ ਉਹ ਕਿਸੇ ‘ਤੇ ਅਹਿਸਾਨ ਕਰ ਰਿਹਾ ਹੁੰਦਾ, ਸਗੋਂ ਅਹਿਸਾਨ ਤਾਂ ਉਲਟਾ ਉਸ ‘ਤੇ ਹੋ ਰਿਹਾ ਹੁੰਦਾ।
ਉਹਨੇ ਪਤਨੀ ਨਾਲ ਲੜਦਿਆਂ-ਭਿੜਦਿਆਂ ਗਰੀਬਾਂ ਨੂੰ ਆਪਣੇ ਘਰੋਂ ਜਿੰਨੀ ਕਣਕ ਦੇ ਸਕਦਾ ਸੀ, ਦੇ ਦਿੱਤੀ। ਹੁਣ ਉਹਨੂੰ ਸਮਝ ਨਾ ਲੱਗੇ, ਉਹ ਹੋਰ ਮਦਦ ਕਿਵੇਂ ਕਰੇ।
ਉਹ ਮਸਲੇ ਦਾ ਹੱਲ ਲੱਭਣ ਲਈ, ਗੋਡੇ-ਗੋਡੇ ਪਾਣੀ ਵਿਚ ਸ਼ਹਿਰ ਵੱਲ ਸਾਇਕਲ ‘ਤੇ ਜਾ ਰਿਹਾ ਸੀ। ਉਹਨੇ ਦੇਖਿਆ, ਸ਼ਹਿਰ ਦੀਆਂ ਜੜ੍ਹਾਂ ਵਿਚ ਵੱਡੇ-ਵੱਡੇ ਸਰਕਾਰੀ ਗੁਦਾਮ ਸਨ, ਲੱਖਾਂ ਕੁਇੰਟਲ ਕਣਕ ਨਾਲ ਭਰੇ ਹੋਏ। ਕੁਝ ਕਣਕ ਦੀਆਂ ਬੋਰੀਆਂ ਦੇ ਅੰਬਾਰ ਗੁਦਾਮਾਂ ਤੋਂ ਬਾਹਰ ਵੀ ਲੱਗੇ ਹੋਏ ਸਨ। ਸ਼ਾਇਦ ਗੁਦਾਮਾਂ ਅੰਦਰ ਥਾਂ ਨਹੀਂ ਬਚੀ ਹੋਣੀ। ਇਸੇ ਕਰ ਕੇ ਬਾਹਰ ਕਣਕ ਦੀਆਂ ਬੋਰੀਆਂ ਦੇ ਢੇਰ ਲਾ ਕੇ ਉਤੋਂ ਤਰਪਾਲਾਂ ਨਾਲ ਢਕ ਦਿੱਤੇ ਸਨ।
‘ਇਹ ਕਣਕ ਤਾਂ ਸਾਰੇ ਪੰਜਾਬ ਦੇ ਗਰੀਬਾਂ ਦੀ ਭੁੱਖ ਦੂਰ ਕਰ ਸਕਦੀ ਆ। ਇਹ ਗੁਦਾਮ ਤਾਂ ਹੀ ਭਰੇ ਨੇ, ਤਾਂ ਜੋ ਔਖੇ ਵੇਲੇ ਦੇਸ਼ ਦੇ ਲੋਕਾਂ ਦੇ ਕੰਮ ਆ ਸਕਣ,Ḕ ਮੋਹਣ ਸਿੰਘ ਨੇ ਸੋਚਿਆ। ਉਹਨੇ ਗੁਦਾਮਾਂ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ। ਉਹ ਉਸ ਦੀਆਂ ਗੱਲਾਂ ਸੁਣ ਕੇ ਮੁਸਕਰਾਏ। ਉਹ ਉਨ੍ਹਾਂ ਨੂੰ ਝੱਲਾ ਜਿਹਾ ਬੰਦਾ ਲੱਗਿਆ। ਆਖਿਰ ਖਹਿੜਾ ਛੁਡਾਉਣ ਲਈ ਉਨ੍ਹਾਂ ਸੌ ਦੀ ਇੱਕ ਸੁਣਾ ਦਿੱਤੀ, “ਜਨਾਬ ਸਰਕਾਰੀ ਹੁਕਮਾਂ ਬਿਨਾ ਇਕ ਦਾਣਾ ਵੀ ਨੀ ਦੇ ਸਕਦੇ।”
“ਸਰਕਾਰਾਂ ਵੀ ਅਸੀਂ ਓ ਬਣਾਉਨੇ ਆਂ ਤਾਂ ਜੋ ਔਖੇ ਵੇਲੇ ਲੋਕਾਂ ਦੇ ਕੰਮ ਆ ਸਕਣ।” ਮੋਹਣ ਸਿੰਘ ਨੇ ਕਿਹਾ, ਪਰ ਮੁਲਾਜ਼ਮਾਂ ਨੇ ਉਸ ਦੀ ਗੱਲ ਸੁਣੀ ਹੀ ਨਾ। ਉਹ ਕਿਤੇ ਹਟਣ ਵਾਲਾ ਸੀ! ਉਹਨੇ ਸੰਘਰਸ਼ ਦਾ ਐਲਾਨ ਕਰ ਦਿੱਤਾ। ਉਹਨੇ ਦਰੱਖਤ ਦਾ ਟਾਹਣਾ ਤੋੜ ਕੇ ਉਹਦਾ ਡੰਡਾ ਬਣਾ ਲਿਆ। ਆਪਣੀ ਕੇਸਰੀ ਪੱਗ ਪਾੜ ਉਹਨੂੰ ਝੰਡੇ ਵਾਂਗ ਬਣਾ ਕੇ ਡੰਡੇ ‘ਤੇ ਟੰਗ ਲਿਆ। ਗੁਦਾਮਾਂ ਦੇ ਬਾਹਰ ਪਈਆਂ ਕਣਕ ਦੀਆਂ ਬੋਰੀਆਂ ਦੇ ਢੇਰ ‘ਤੇ ਚੜ੍ਹ ਕੇ ਉਨ੍ਹਾਂ ‘ਤੇ ਕਬਜ਼ਾ ਕਰਦਿਆਂ ਉਨ੍ਹਾਂ ਉਪਰ ਝੰਡਾ ਗੱਡ ਦਿੱਤਾ।
ਤਮਾਸ਼ਬੀਨਾਂ ਦਾ ਇਕੱਠ ਹੋ ਗਿਆ। ਉਹ ਦੋ ਕੁ ਨਾਅਰੇ ਮਾਰ ਕੇ ਭਾਸ਼ਣ ਦੇਣ ਲੱਗਾ, “ਸਾਥੀਓ, ਸਾਡੇ ਦੇਸ਼ ਦੇ ਗਰੀਬ ਲੋਕ ਭੁੱਖੇ ਮਰਦੇ ਨੇ, ਇਹ ਅਨਾਜ ਗਰੀਬਾਂ ‘ਚ ਵੰਡਿਆ ਜਾਊ।”
“ਇਨਕਲਾਬ।”
“ਜਿੰਦਾਬਾਦ।”
“ਇਨਕਲਾਬ।”
“ਜਿੰਦਾਬਾਦ।”
ਲੋਕ ਵੀ ਮੋਹਣ ਸਿੰਘ ਦੇ ਨਾਹਰਿਆਂ ਦਾ ਜੁਆਬ ਸ਼ਿੰਦਾਬਾਦ, ਮੁਰਦਾਬਾਦ ‘ਚ ਦੇਣ ਲੱਗੇ।
ਗੁਦਾਮ ਦੇ ਮੁਲਾਜ਼ਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਹ ‘ਪਾਗਲ ਬੰਦਾ’ ਕੀ ਕਰ ਰਿਹਾ। ਉਨ੍ਹਾਂ ਨੂੰ ਸਮਝ ਨਾ ਆਵੇ। ਉਨ੍ਹਾਂ ਪੁਲਿਸ ਬੁਲਾ ਲਈ। ਠਾਣੇਦਾਰ ਨੇ ਮੋਹਣ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅੜਿਆ ਰਿਹਾ, “ਜਿੰਨਾ ਚਿਰ ਕਣਕ ਗਰੀਬਾਂ ‘ਚ ਵੰਡੀ ਨਹੀਂ ਜਾਂਦੀ, ਸੰਘਰਸ਼ ਜਾਰੀ ਰਹੂ।”
ਠਾਣੇਦਾਰ ਨੇ ਉਹਨੂੰ ਗੱਲਬਾਤ ‘ਚ ਉਲਝਾ ਕੇ ਬਹੁਤ ਹੁਸ਼ਿਆਰੀ ਨਾਲ ਗ੍ਰਿਫਤਾਰ ਕਰ ਲਿਆ। ਜਦੋਂ ਉਹ ਠਾਣਿਓਂ ਛੁੱਟ ਕੇ ਆਇਆ, ਜਿਹੜੇ ਲੋਕਾਂ ਲਈ ਉਹ ਇਹ ਸਭ ਕੁਝ ਕਰ ਰਿਹਾ ਸੀ, ਉਹੀ ਉਹਦਾ ਮਜ਼ਾਕ ਉਡਾਉਣ ਲੱਗੇ।
“ਮੋਹਣੇ ਨੇ ਕੀ ਖੱਟਿਆ ਪਾਇਆ?”
“ਕੁਝ ਨੀ, ਐਵੇਂ ਉਹਦਾ ਕਾਮਰੇਟਾਂ ਵਾਂਗੂੰ ਸੰਘਰਸ਼ ਕਰਨ ਨੂੰ ਜੀਅ ਕਰ ਆਇਆ।”
ਇਸ ਤਰ੍ਹਾਂ ਉਹਦੀ ਅੱਲ ‘ਕਾਮਰੇਟ’ ਪੈ ਗਈ।
ਜਦੋਂ ਲੋਕ ਭਲਾਈ ਦੇ ਕੰਮ ਕਰਦਿਆਂ ਉਹ ਆਪਣੀ ਥੋੜ੍ਹੀ ਜਿਹੀ ਜਮੀਨ ਵੀ ਵੇਚ ਬੈਠਾ ਤਾਂ ਲੋਕ ਹੱਸਦੇ, “ਲਓ ਬਈ ਕਾਮਰੇਟ ਦਾ ਸੰਘਰਸ਼ ਕੰਮ ਆ ਗਿਆ, ਉਹਨੇ ਆਪਣੀ ‘ਢਾਲ’ ਮੁਆਫ ਕਰਾ’ਲੀ।”

ਗੱਲ ਤਾਂ ਉਸ ਬੱਚੇ ਦੀ ਚੱਲ ਰਹੀ ਸੀ ਜਿਸ ਦੀ ਲਾਸ਼ ਮਿਲੀ ਸੀ। ਕਹਾਣੀ ਹੋਰ ਪਾਸੇ ਤੁਰ ਪਈ। ਪਰ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਇਸ ਦੇਸ਼ ਵਿਚ ਅੰਨ ਦੇ ਵੱਡੇ-ਵੱਡੇ ਭੰਡਾਰ ਹਨ, ਜਿਹੜੇ ਮੀਂਹਾਂ ‘ਚ ਗਲ ਰਹੇ ਨੇ।

ਹੁਣ ਮਾਮਲਾ ਵੱਖਰਾ ਸੀ। ਮੋਹਣ ਸਿੰਘ ਦੇ ਸਾਹਮਣੇ ਮਾਸੂਮ ਦੀ ਲਾਸ਼ ਪਈ ਸੀ। ਉਹਨੇ ਪਿੰਡ ਦੇ ਜਿਨ੍ਹਾਂ ਬੰਦਿਆਂ ਨੂੰ ਫੋਨ ਕੀਤੇ, ਸਭ ਨੇ ਉਹਨੂੰ ਇਸ ਮਾਮਲੇ ‘ਚ ਨਾ ਪੈਣ ਦੀ ਸਲਾਹ ਦਿੱਤੀ।
ਉਹ ਬੱਚੇ ਦੀ ਲਾਸ਼ ਕੋਲ ਪਹੁੰਚਿਆ। ਬੈਟਰੀ ਨਾਲ ਚਾਨਣ ਕਰ ਕੇ ਬੱਚੇ ਦੇ ਨੱਕ ਕੋਲ ਹੱਥ ਕਰ ਕੇ ਦੇਖਿਆ। ਉਹਦਾ ਸਾਹ ਚਲਦਾ ਸੀ। ਮੋਹਣ ਸਿੰਘ ਦੀ ਖੁਸ਼ੀ ਦੀ ਹੱਦ ਨਾ ਰਹੀ। ਉਹਨੇ ਬੱਚੇ ਦੀ ਬਾਂਹ ਫੜ ਕੇ ਨਬਜ਼ ਦੇਖੀ। “ਜਿਉਂਦਾ”, ਉਹ ਖੁਸ਼ੀ ਵਿਚ ਚੀਕਿਆ।
ਉਹ ਬੱਚੇ ਨੂੰ ਚੁੱਕ ਕੇ ਘਰ ਲੈ ਆਇਆ। ਬੱਚਾ ਬੇਹੋਸ਼ ਸੀ। ਉਹਨੇ ਬੱਚੇ ਨੂੰ ਸਾਫ ਜਿਹੇ ਕੱਪੜੇ ਨਾਲ ਸਾਫ ਕਰ ਕੇ ਪਾਇਆ। ਬੱਚੇ ਨੇ ਘੁੱਟ ਕੇ ਮੁੱਠੀ ਮੀਚੀ ਹੋਈ ਸੀ। ਪਤਾ ਨਹੀਂ, ਉਸ ਵਿਚ ਕੀ ਸੀ। ਕਾਮਰੇਡ ਐਬੂਲੈਂਸ ਨੂੰ ਫੋਨ ਕਰਨ ਲੱਗਾ।
ਚੌਕੀਦਾਰ ਰਸੋਈ ਵਿਚੋਂ ਦੋ ਗਿਲਾਸ ਚਾਹ ਬਣਾ ਲਿਆਇਆ। ਬੱਚੇ ਨੂੰ ਅੰਦਰ ਮੰਜੇ ‘ਤੇ ਪਿਆ ਦੇਖ ਕੇ ਘਬਰਾ ਗਿਆ, “ਕਾਮਰੇਟ ਜੀ, ਪਾ ਲਿਆ ਗਲ ਖੂਨ। ਧਰਮ ਨਾਲ। ਘਰ ਕਾਹਨੂੰ ਲਿਆਉਣਾ ਤੀæææ।”
“ਜਿਉਂਦਾ, ਚਾਹ ਸਿੱਟ ਪਰ੍ਹੇ। ਆ ਕੇ ਪੀਵਾਂਗੇ। ਚੱਲ ਇਹਨੂੰ ਹਸਪਤਾਲ ਲੈ ਚੱਲ। ਐਂਬੂਲੈਂਸ ਵਾਲੇ ਫੋਨ ਨ੍ਹੀਂ ਚੱਕਦੇ।”
ਉਦੋਂ ਤਕ ਪਿੰਡ ਦੇ ਕਈ ਬੰਦੇ, ਜਿਨ੍ਹਾਂ ਨੂੰ ਉਹਨੇ ਫੋਨ ਕੀਤੇ ਸਨ, ਮੋਹਣ ਸਿੰਘ ਦੇ ਘਰ ਆ ਗਏ। ਨੇਕ ਦੇ ਮੁੰਡੇ ਸ਼ਿਵਜੀ ਨੇ ਬੱਚੇ ਨੂੰ ਪਛਾਣ ਲਿਆ ਸੀ। ਉਹ ਉਹਦੇ ਬਾਰੇ ਦੱਸਣ ਲੱਗਾ, “ਇਹ ਤਾਂ ਜੀ ਆਹ ਆਪਣੇ ਲਾਗਲੇ ਪਿੰਡ ਬੀਜਾਪੁਰ ਕੋਠੇ ਦੀਆਂ ਮੜ੍ਹੀਆਂ ਕੋਲ ਜਿਹੜਾ ਟੋਭਾ, ਉਹਦੇ ਕੰਢੇ ਇਕ ਤੀਮੀ ਰਹਿੰਦੀ ਆ, ਇਹ ਉਸੇ ਦੀ ਵੱਡੀ ਕੁੜੀ ਆ। ਉਹ ਤਾਂ ਜੀ ਯੂæਪੀæ ਤੋਂ ਆ, ਭਈਆ ਰਾਣੀ। ਮੁਜੱਫਰ ਨਗਰ ਉਹਦਾ ਪਿੰਡ ਆ। ਪਿੰਡ ਦੇ ਬੰਦੇ ਨਾਲ ਨਿਕਲ ਆਈ। ਚੌਦਾਂ-ਪੰਦਰਾਂ ਸਾਲ ਹੋ’ਗੇ ਉਹਨੂੰ ਆਈ ਨੂੰ। ਹੁਣ ਪਤਾ ਨ੍ਹੀਂ ਲੱਗਦਾ, ਉਹ ਯੂæਪੀæ ਦੀ ਆ ਜਾਂ ਇਧਰਲੀ ਆ। ਪੂਰੀ ਪੰਜਾਬੀ ਬੋਲਦੀ ਆ। ਉਹ ਬੰਦਾ ਜਿਹੜਾ ਉਹਨੂੰ ਕੱਢ ਕੇ ਲਿਆਇਆ ਤੀ, ਪਹਿਲਾਂ ਤਾਂ ਉਹਨੇ ਆਪਣੇ ਕੋਲ ਰੱਖੀ, ਫਿਰ ਕਿਸੇ ਨੂੰ ਵੇਚ ਕੇ ਭੱਜ ਗਿਆ। ਉਹਨੇ ਕੁਛ ਸਮਾਂ ਰੱਖੀ, ਫਿਰ ਅੱਗੇ ਵੇਚ ਕੇ ਵੱਧ ਪੈਸੇ ਵੱਟ’ਲੇ। ਓਵੇਂ ਵਿਕਦੀ-ਵਿਕਦੀ ਇਕ ਬੁੜ੍ਹੇ ਬੰਦੇ ਨੂੰ ਵੇਚ’ਤੀ। ਉਹਦੇ ਮਰੇ ‘ਤੇ ਇਕੱਲੀ ਰਹਿਣ ਲੱਗ’ਪੀ। ਹੁਣ ਬੀਜਾਪੁਰ ਕੋਠੇ ਦੀਆਂ ਮੜ੍ਹੀਆਂ ‘ਚ ਟੋਭੇ ਦੇ ਕੰਢੇ ਝੁੱਗੀ ਪਾ ਕੇ ਰਹਿੰਦੀ ਆ। ਉਹਦੇ ਵੱਖ-ਵੱਖ ਬੰਦਿਆਂ ਤੋਂ ਤਿੰਨ ਜੁਆਕ ਨੇ, ਚੌਥਾ ਹੋਣ ਆਲਾ। ਜਦੋਂ ਪੁੱਛੋ, ਘਰੋਂ ਕਿਉਂ ਭੱਜ ਆਈ ਤਾਂ ਢਿੱਡ ‘ਤੇ ਹੱਥ ਮਾਰ ਕੇ ਕਹੂ, “ਆਹ ਢਿੱਡ ਲੈ ਆਇਆ ਜੀ।”
ਸ਼ਿਵਜੀ ਉਹਦੇ ਬਾਰੇ ਸਭ ਕੁਝ ਜਾਣਦਾ ਸੀ। ਉਹ ਵੀ ਉਸ ਕੋਲ ਰਾਤ ਬਰਾਤੇ ਜਾਣ ਵਾਲਿਆਂ ਬੰਦਿਆਂ ਵਿਚੋਂ ਹੀ ਸੀ। ਉਹ ਉਹਦੇ ਬਾਰੇ ਦੱਸਣੋਂ ਨਹੀਂ ਹਟ ਰਿਹਾ ਸੀ।
ਜਿਸ ਨੂੰ ਸਿਰ ਦੇ ਵਾਲ ਕੱਟਿਆਂ ਕਰ ਕੇ ਮੁੰਡਾ ਸਮਝ ਰਹੇ ਸੀ, ਉਹ ਕੁੜੀ ਸੀ। ਮਾਮਲਾ ਹੋਰ ਪੇਚੀਦਾ ਹੋ ਗਿਆ। ਜੁਰਮ ਵੀ ਵੱਡਾ ਹੀ ਹੋਇਆ ਹੋਵੇਗਾ। ਸ਼ਾਇਦ ਉਸ ਮਾਸੂਮ ਨਾਲ ਬਲਾਤਕਾਰæææ।
ਜ਼ੈਲਦਾਰਾਂ ਦੇ ਜੰਗੀਰ ਸਿੰਘ ਦੇ ਘਰ ਕਾਰ ਸੀ। ਉਹਨੇ ਕਾਰ ਲਿਆਉਣ ਤੋਂ ਨਾਂਹ ਕਰ ਦਿੱਤੀ, “ਭਾਈ ਮੈਥੋਂ ਪੁਲਿਸ ਦੇ ਚੱਕਰਾਂ ‘ਚ ਨ੍ਹੀਂ ਪਿਆ ਜਾਣਾ। ਮੈਂ ਦਿਲ ਦਾ ਮਰੀਜ਼ ਆਂ।” ਉਹ ਗੱਡੀ ਦੇ ਖੂਨ ਨਾਲ ਲਿਬੜਨ ਤੋਂ ਡਰ ਗਿਆ ਸੀ।
ਸਾਰੇ ਪੁਲਿਸ ਤੇ ਐਂਬੂਲੈਂਸ ਨੂੰ ਉਡੀਕਣ ਦੀ ਸਲਾਹ ਦੇਣ ਲੱਗੇ।
ਕੋਈ ਕਹਿ ਰਿਹਾ ਸੀ, “ਬੱਚੀ ਦੇ ਮਾਂ-ਬਾਪ ਬਿਨਾ ਕਦਮ ਨਾ ਪੁੱਟਿਓ ਭਾਈæææ ਜਮਾਨਾ ਖਰਾਬ ਆ।”
ਬੱਚੀ ਦੀ ਹਾਲਤ ਵਿਗੜਦੀ ਜਾ ਰਹੀ ਸੀ। ਖੂਨ ਵਗੀ ਜਾ ਰਿਹਾ ਸੀ। ਸ਼ਿਵਜੀ ਨੂੰ ਬੱਚੀ ਦੇ ਮਾਂ-ਬਾਪ ਲਿਆਉਣ ਲਈ ਕਹਿ ਕੇ ਕਾਮਰੇਟ ਨੇ ਮੋਟਰ ਸਾਈਕਲ ਨੂੰ ਕਿੱਕ ਮਾਰੀ। ਲੋਕਾਂ ਨੇ ਰੋਕਦਿਆਂ ਚੌਕੀਦਾਰ ਨੂੰ ਕਿਹਾ, “ਇਹਨੂੰ ਲੈ ਕੇ ਪਿੱਛੇ ਬੈਠ।”
ਉਹਦਾ ਮੋਟਰ ਸਾਈਕਲ ਸਰਕਾਰੀ ਹਸਪਤਾਲ ਵੱਲ ਭੱਜਿਆ ਜਾ ਰਿਹਾ ਸੀ।

ਹਸਪਤਾਲ ਦੇ ਬਾਹਰ ਬੈਠਾ ਮੋਹਣ ਸਿੰਘ ਸੋਚ ਰਿਹਾ ਸੀ, “ਕੌਣ ਹਰਾਮਖੋਰ ਸੀ, ਜਿਹਨੇ ਬੱਚੀ ਦੀ ਇਹ ਹਾਲਤ ਕਰ ਦਿੱਤੀ। ਇਹਦੀ ਮਾਂ ਨੂੰ ਆਪਣੀ ਬੱਚੀ ਦਾ ਭੋਰਾ ਵੀ ਫਿਕਰ ਨਹੀਂ? ਇਕ ਅਸੀਂ ਹਾਂ ਜਿਹੜੇ ਬੱਚੇ ਲਈ ਤਰਸ ਰਹੇ ਹਾਂ। ‘ਮੁਸੀਬਤਾਂ ਮਾਰੀ’ ਇਸੇ ਕਰ ਕੇ ਬਹੁਤੀ ਦੁਖੀ ਰਹਿੰਦੀ ਹੈ। ਮੈਂ ਇਸ ਮਾਸੂਮ ਕੁੜੀ ਨੂੰ ਗੋਦ ਲੈ ਲੈਣਾ।”
“ਕਿਥੇ ਆ, ਕਿਥੇ ਆ? ਮੇਰੀ ਬੱਚੀ।” ਸ਼ਿਵਜੀ ਦੇ ਮੋਟਰ ਸਾਈਕਲ ਤੋਂ ਉਤਰ ਕੇ ਔਰਤ ਕਮਲਿਆਂ ਵਾਂਗ ਹਸਪਤਾਲ ਦੇ ਐਮਰਜੈਂਸੀ ਵਾਰਡ ਵੱਲ ਭੱਜੀ। ਉਹਨੇ ਪੁਰਾਣੇ ਜਿਹੇ ਮੈਲੇ ਕੱਪੜੇ ਪਾਏ ਹੋਏ ਸਨ। ਵਾਲ ਖਿੱਲਰੇ ਹੋਏ ਸਨ, ਗੋਦੀ ਛੋਟਾ ਜਿਹਾ ਬੱਚਾ ਸੀ।
ਚੌਕੀਦਾਰ ਉਹਨੂੰ ਆਈæਸੀæਯੂæ ਵਿਚ ਪਈ ਕੁੜੀ ਦਿਖਾ ਲਿਆਇਆ। ਉਹ ਬਾਹਰ ਆ ਕੇ ਬੌਂਦਲਿਆਂ ਵਾਂਗ ਬੈਂਚ ‘ਤੇ ਬੈਠਣ ਦੀ ਥਾਂ ਧਰਤੀ ‘ਤੇ ਬੈਠ ਗਈ। ਰੋਈ ਜਾ ਰਹੀ ਸੀ। ਉਹਦੀ ਗੋਦੀ ਵਿਚ ਚੂਹੀ ਦੇ ਮੂੰਹ ਵਾਲਾ, ਕਮਜ਼ੋਰ ਜਿਹਾ ਬੱਚਾ ਟਿਆਂਹ-ਟਿਆਂਹ ਕਰੀ ਜਾ ਰਿਹਾ ਸੀ। ਉਹ ਰੋਂਦੀ ਸਭ ਦੇ ਸਾਹਮਣੇ ਆਪਣੇ ਖਾਲੀ ਮੋਮਜਾਮੇ ਦੇ, ਜਿਨ੍ਹਾਂ ਵਿਚੋਂ ਹਵਾ ਵੀ ਨਿਕਲ ਚੁੱਕੀ ਹੁੰਦੀ ਹੈ, ਭੁਕਾਨੇ ਵਾਂਗ ਲਮਕਦੇ ਦੁੱਧ ਉਹਦੇ ਮੂੰਹ ‘ਚ ਪਾਉਂਦੀ। ਬੱਚਾ ਫਿਰ ਵੀ ਟਿਆਂਹ-ਟਿਆਂਹ ਕਰੀ ਜਾ ਰਿਹਾ ਸੀ। ਉਹਨੇ ਬੱਚੇ ਨੂੰ ਧਰਤੀ ‘ਤੇ ਪਾ ਦਿੱਤਾ ਤੇ ਬੋਲੀ, “ਮੈਨੂੰ ਖਾ ਲੈæææ।” ਫਿਰ ਬਿੱਲੀ ਦੇ ਰੋਣ ਵਰਗੀ ਆਵਾਜ਼ ਵਿਚ ਰੋਣ ਲੱਗੀ।
ਸ਼ਿਵਜੀ ਨੇ ਧਰਤੀ ‘ਤੇ ਪਏ ਬੱਚੇ ਨੂੰ ਚੁੱਕ ਲਿਆ।
“ਮੈਂ ਤਾਂ ਕੱਲ੍ਹ ਦੀ ਨੇ ਅੰਨ ਦਾ ਦਾਣਾ ਨ੍ਹੀਂ ਮੂੰਹ ‘ਤੇ ਧਰਿਆ। ਦੁੱਧ ਕਿਥੋਂ ਉਤਰਨਾ! ਉਤੋਂ ਮੈਂ ਸ਼ਿਲੇ ‘ਚ ਆਂ।”
ਕਾਮਰੇਡ ਨੇ ਉਸ ਔਰਤ, ਜਿਸ ਦਾ ਨਾਂ ਪੂਜਾ ਸੀ, ਨੂੰ ਦਿਲਾਸਾ ਦਿੱਤਾ। ਉਸ ਲਈ ਬਰੈਡ ਦਾ ਪੈਕਟ ਤੇ ਚਾਹ ਲੈ ਆਇਆ। ਉਹ ਰੋਂਦੀ ਰੋਂਦੀ ਬਰੈਡ ਦਾ ਸਾਰਾ ਪੈਕਟ ਹੀ ਖਾ ਗਈ। ਫਿਰ ਹੱਥ ਜੋੜ ਕੇ ਕਹਿੰਦੀ, “ਸਰਦਾਰ ਜੀ, ਮੇਰੀ ਬੱਚੀ ਨੂੰ ਬਚਾ ਲੋ, ਮੇਰੀ ਸਲੋਨੀ ਨੂੰæææ।”
“ਇਹਦਾ ਬਾਪ ਕਿਥੇ ਆ?” ਚੌਕੀਦਾਰ ਨੇ ਪੁੱਛਿਆ।
“ਸਰਦਾਰ ਜੀ, ਰੱਬ ਜਾਣੇ ਇਨ੍ਹਾਂ ਦਾ ਬਾਪ ਕਿਥੇ ਆ? ਸਰਦਾਰ ਜੀ, ਮੈਂ ਤਾਂ ਢਿੱਡ ਖਾਤਰ ਪਰਦੇਸ ਫਿਰਦੀ ਆਂ। ਮੇਰੀ ਸਲੋਨੀ ਨੂੰ ਬਚਾ ਲੋ।” ਉਹਨੇ ਫਿਰ ਹੱਥ ਜੋੜੇ।
“ਸਰਦਾਰ ਜੀ, ਦੁਨੀਆਂ ਬੀ ਮਤਲਵੀ ਆ। ਜਿਹਨੂੰ ਮੈਂ ਪਿਆਰ ਕੀਤਾ ਸੀ, ਉਹ ਮੈਨੂੰ ਵੇਚ ਕੇ ਭੱਜ ਗਿਆ। ਫਿਰ ਹੋਰ ਬਥੇਰੇ ਲੋਕ ਆ’ਗੇ ਜਿਹੜੇ ਕਹਿੰਦੇ ਤੈਨੂੰ ਪਿਆਰ ਕਰਦੇ ਆਂ, ਪਰ ਪਿਛਲੇ ਕਈ ਦਿਨਾਂ ਤੋਂ ਕੋਈ ਨ੍ਹੀਂ ਆਇਆ। ਸਭ ਨੂੰ ਪਤਾ ਸੀ, ਮੇਰੇ ਬੱਚਾ ਹੋਣ ਵਾਲਾ। ਮੈਂ ਉਨ੍ਹਾਂ ਦੇ ਕੰਮ ਨ੍ਹੀਂ ਆ ਸਕਦੀ। ਕਈ ਦਿਨਾਂ ਤੋਂ ਮੈਨੂੰ ਬੁਖਾਰ ਨੇ ਸੁੱਟਿਆ ਹੋਇਆ ਸੀ, ਕੱਲ੍ਹ ਸਵੇਰ ਦੀ ਹਾਲਤ ਬਹੁਤ ਮਾੜੀ ਸੀ। ਮੈਂ ਪਿੰਡ ‘ਚ ਜਿਨ੍ਹਾਂ ਘਰਾਂ ‘ਚ ਕੰਮ ਕਰਨ ਜਾਂਦੀ ਸਾਂ, ਰੋਟੀ-ਟੁੱਕ ਲੈ ਆਉਂਦੀ ਸਾਂ, ਉਥੇ ਨਾ ਜਾ ਸਕੀ। ਮੈਂ ਸਵੇਰ ਦੀ ਤੜਫਦੀ ਸੀ। ਸਲੋਨੀ ਬਹੁਤ ਸਿਆਣੀ ਆ, ਉਹ ਮੈਨੂੰ ਸਾਂਭਦੀ ਰਹੀ। ਬੱਚਾ ਹਨੇਰੇ ਹੋਏ ਹੋਇਆ, ਘਰੇ ਖਾਣ ਨੂੰ ਦਾਣਾ ਵੀ ਨਹੀਂ ਸੀ। ਜਦੋਂ ਮੈਨੂੰ ਜਨਮ ਪੀੜਾ ਤੋਂ ਸੁਰਤ ਆਈ ਤਾਂ ਭੁੱਖ ਨਾਲ ਤੜਫਦੇ ਦੂਜੇ ਬੱਚਿਆਂ ਦਾ ਖਿਆਲ ਆਇਆ।æææ
ਮੇਰੀ ਸਾਂਭ-ਸੰਭਾਲ ਕਰਦੀ ਸਲੋਨੀ ਮੈਨੂੰ ਕਹਿਣ ਲੱਗੀ, ਮੰਮਾ, ਆਪਣੇ ਘਰੇ ਖਾਣ ਨੂੰ ਕੁਝ ਵੀ ਨ੍ਹੀਂ। ਮੈਂ ਪਿੰਡੋਂ ਲੈ ਕੇ ਆਉਨੀ ਆਂ।
ਉਹ ਸੋਟੀ ਚੁੱਕ ਕੇ ਥੋੜ੍ਹੀ ਕੁ ਦੂਰ ਜਾ ਕੇ ਹਨੇਰੇ ਤੋਂ ਡਰਦੀ ਮੁੜ ਆਈ।
Ḕਪਾਣੀ ਪੀ ਕੇ ਸੌਂ ਜਾਓ।Ḕ ਮੈਂ ਕਿਹਾ।
ਕੁਝ ਦਿਨ ਪਹਿਲਾਂ ਮੇਰੀ ਚੁੰਨੀ ਦੇ ਲੜ ਬੰਨ੍ਹੇ ਕਣਕ ਦੇ ਦਾਣਿਆਂ ਨੂੰ ਦੇਖ ਉਹਨੇ ਮੈਨੂੰ ਪੁੱਛਿਆ ਸੀ, ‘ਮੰਮੀ ਇਹ ਦਾਣੇ ਕਿਉਂ ਬੰਨ੍ਹੇ ਨੇ?’
ਮੈਂ ਉਹਨੂੰ ਦੱਸਿਆ, ‘ਆਪਾਂ ਮੜ੍ਹੀਆਂ ਕੋਲ ਰਹਿੰਦੇ ਆਂ। ਪਿੰਡ ਦੀਆਂ ਸਿਆਣੀਆਂ ਬੁੜ੍ਹੀਆਂ ਦੱਸਦੀਆਂ, ਬਈ ਭੂਤ-ਪ੍ਰੇਤ, ਇੱਲ-ਬਲਾ ਕੱਚਾ ਮਾਸ ਖਾਣ ਲਈ ਭੌਂਦੇ ਫਿਰਦੇ ਰਹਿੰਦੇ ਨੇ। ਚੁੰਨੀ ਦੇ ਲੜ ਬੰਨ੍ਹਿਆ ਅੰਨ-ਭਗਵਾਨ ਦੇਖ ਕੇ ਮੁੜ ਜਾਂਦੇ ਨੇ।’
ਇਹ ਗੱਲ ਉਹਦੇ ਯਾਦ ਆ’ਗੀ ਹੋਣੀ ਆ। ਸਲੋਨੀ ਨੇ ਆ ਕੇ ਮੇਰੀ ਚੁੰਨੀ ਦੇ ਲੜੋਂ ਕਣਕ ਦੇ ਦਾਣੇ ਖੋਲ੍ਹ ਕੇ ਅੱਧੇ ਉਥੇ ਹੀ ਬੰਨ੍ਹ ਦਿੱਤੇ, ਅੱਧੇ ਆਪਣੀ ਮੁੱਠੀ ‘ਚ ਲੈ ਕੇ ਕਹਿੰਦੀ, ‘ਹੁਣ ਨ੍ਹੀਂ ਮੈਂ ਡਰਦੀ, ਮੇਰੇ ਨਾਲ ਅੰਨ ਭਗਵਾਨ ਆ।’
ਸਰਦਾਰ ਜੀ ਉਹਤੋਂ ਆਪਣੇ ਛੋਟੇ ਭੈਣ-ਭਰਾ ਭੁੱਖੇ ਨਾ ਦੇਖ ਹੋਏ। ਉਹ ਜੁਆਕੜੀ ਆਪ ਵੀ ਤਾਂ ਭੁੱਖੀ-ਭਾਣੀ ਸੀ। ਉਹ ਤਾਂ ਪਿੰਡੋਂ ਰੋਟੀ ਲੈਣ ਗਈ ਸੀ।”
ਪੂਜਾ ਫੁੱਟ-ਫੁੱਟ ਕੇ ਰੋ ਪਈ ਸੀ, “ਮੇਰੀ ਬੱਚੀ ਨੂੰ ਬਚਾ ਲੋ, ਸਰਦਾਰ ਜੀ ਮੇਰੀ ਬੱਚੀ ਨੂੰæææ।”
ਕਾਮਰੇਡ ਪੂਜਾ ਦੇ ਮੋਢੇ ‘ਤੇ ਹੱਥ ਰੱਖ ਕੇ ਉਹਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਨ ਲੱਗਾ।
ਟੀæਵੀæ ਵਾਲਿਆਂ ‘ਬੱਚੀ ਨਾਲ ਬਲਾਤਕਾਰ’ ਦੀ ਖਬਰ ਚੁੱਕ ਲਈ ਸੀ।
ਸਲੋਨੀ ਦੇ ਬਿਆਨ ਲੈਣ ਪੁਲਿਸ ਮੁਲਾਜ਼ਮ ਆਏ। ਉਹ ਅਜੇ ਬਿਆਨ ਦੇਣ ਦੇ ਯੋਗ ਨਹੀਂ ਸੀ। ਉਹ ਮੋਹਣ ਸਿੰਘ, ਪੂਜਾ ਅਤੇ ਚੌਕੀਦਾਰ ਨੂੰ ਠਾਣੇ ਆਉਣ ਲਈ ਕਹਿ ਗਏ ਸੀ। ਤਿੰਨਾਂ ਨੇ ਠਾਣੇ ਜਾ ਕੇ ਮੁਨਸ਼ੀ ਕੋਲ ਬਿਆਨ ਦਰਜ ਕਰਵਾਏ। ਉਸ ਠਾਣੇ ਦਾ ਠਾਣੇਦਾਰ ਉਹੀ ਸੀ ਜਿਸ ਨੇ ਗੁਦਾਮਾਂ ਤੋਂ ਮੋਹਣ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਉਹਨੇ ਮੋਹਣ ਸਿੰਘ ਨੂੰ ਠਾਣੇ ਹੀ ਰੁਕਣ ਲਈ ਕਹਿ ਦਿੱਤਾ। ਪੂਜਾ ਅਤੇ ਚੌਕੀਦਾਰ ਹਸਪਤਾਲ ਚਲੇ ਗਏ। ਉਥੇ ਸਰਪੰਚ ਅਤੇ ਪਿੰਡ ਦੇ ਉਹ ‘ਸਮਾਜ ਸੇਵੀ’ ਵੀ ਬੈਠੇ ਸਨ, ਜਿਹੜੇ ਰਾਤ ਬੱਚੀ ਨੂੰ ਹਸਪਤਾਲ ਨਹੀਂ ਲਿਆਏ ਸਨ। ਉਹ ਮੀਡੀਆ ਵਾਲਿਆਂ ਨਾਲ ਬਲਾਤਕਾਰੀਆਂ ਨੂੰ ਛੇਤੀ ਫੜ ਕੇ ਸਖਤ ਸਜ਼ਾਵਾਂ ਦੇਣ ਦੇ ਬਿਆਨ ਦੇ ਰਹੇ ਸਨ।
ਚੌਕੀਦਾਰ ਨੇ ਮੋਹਣ ਸਿੰਘ ਨੂੰ ਠਾਣੇ ਬਿਠਾਉਣ ਵਾਲੀ ਗੱਲ ਜਦੋਂ ਸਰਪੰਚ ਹੋਰਾਂ ਨੂੰ ਦੱਸੀ, ਤਾਂ ਘੁਸਰ-ਮੁਸਰ ਹੋਈ, “ਹੁਣ ਕਾਮਰੇਟ ਨੂੰ ਬੰਦਾ ਬਣਾ ਕੇ ਠਾਣਿਓਂ ਕੱਢਣਗੇ।”
ਸਲੋਨੀ ਆਈæਸੀæਯੂ ਵਿਚ ਬੇਹੋਸ਼ ਪਈ ਸੀ। ਉਹਦੀ ਮੁੱਠੀ ਅਜੇ ਵੀ ਘੁੱਟ ਕੇ ਮੀਚੀ ਹੋਈ ਸੀ।