ਵਿਚਾਰਾਂ ਦੀ ਆਜ਼ਾਦੀ ਤੇ ਵਿਚਾਰਧਾਰਾ ਦੀ ਰਾਜਨੀਤੀ

-ਜਤਿੰਦਰ ਪਨੂੰ
ਭਾਰਤ ਵਿਚ ਗੌਰੀ ਲੰਕੇਸ਼ ਵਰਗੇ ਪੱਤਰਕਾਰਾਂ ਅਤੇ ਗੋਵਿੰਦ ਪਾਨਸਰੇ, ਨਰਿੰਦਰ ਦਾਭੋਲਕਰ ਤੇ ਕਲਬੁਰਗੀ ਵਰਗੇ ਬੁੱਧੀਜੀਵੀਆਂ ਦੇ ਕਤਲਾਂ ਦੀ ਲੜੀ ਖਿਲਾਫ ਰੋਸ ਪ੍ਰਗਟਾਉਣ ਲਈ ਲੰਘੇ ਸਨਿਚਰਵਾਰ ਅੰਮ੍ਰਿਤਸਰ ਵਿਚ ਸਮਾਗਮ ਰੱਖਿਆ ਗਿਆ ਸੀ। ਮੈਂ ਜਾਣ ਦਾ ਵਾਅਦਾ ਵੀ ਕੀਤਾ ਸੀ, ਪਰ ਅਚਾਨਕ ਸਿਹਤ ਵਿਗੜ ਜਾਣ ਕਾਰਨ ਜਾ ਨਾ ਸਕਿਆ। ਅਸੀਂ ਇਸ ਗਿਣਤੀ ਵਿਚ ਨਹੀਂ ਪੈ ਸਕਦੇ ਕਿ ਐਨੇ ਪੱਤਰਕਾਰ ਤੇ ਹੋਰ ਬੁੱਧੀਜੀਵੀ ਮਾਰ ਦਿੱਤੇ ਗਏ ਹਨ ਅਤੇ ਇਸ ਵਿਚ ਵੀ ਨਹੀਂ ਕਿ ਅਗਲਾ ਨੰਬਰ ਫਲਾਣੇ-ਫਲਾਣੇ ਵਿਚੋਂ ਕਿਸ ਦਾ ਲੱਗਣ ਦੀਆਂ ਗੱਲਾਂ ਸੁਣੀਆਂ ਜਾ ਰਹੀਆਂ ਹਨ। ਇਸ ਰਾਹ ਉਤੇ ਸਾਨੂੰ ਕਿਸੇ ਨੇ ਡੰਡੇ ਨਾਲ ਜ਼ਬਰਦਸਤੀ ਨਹੀਂ ਸੀ ਤੋਰਿਆ। ਆਪਣੀ ਸੋਚ ਮੁਤਾਬਕ ਆਏ ਸਾਂ, ਫਿਰ ‘ਉਖਲੀ ਵਿਚ ਸਿਰ ਦੇ ਦਿੱਤਾ ਤਾਂ ਮੋਹਲਿਆਂ ਦਾ ਕੀ ਗਿਣਨਾ’ ਸੋਚ ਕੇ ਚੱਲਣਾ ਚਾਹੀਦਾ ਹੈ।

ਅਸੀਂ ਇੱਕ ਅਜਿਹੇ ਦੌਰ ‘ਚੋਂ ਗੁਜ਼ਰ ਰਹੇ ਹਾਂ, ਜਿਸ ਵਿਚ ਅਰਥਾਂ ਦੇ ਅਨਰਥ ਹੋ ਰਹੇ ਹਨ। ਭਾਰਤੀ ਰਾਜਨੀਤੀ ਉਤੇ ਭਾਰੂ ਹੋ ਰਹੀ ਵਿਚਾਰਧਾਰਾ ਦੇ ਇੱਕ ਲੇਖਕ ਨੇ ਕੁਝ ਮਹੀਨੇ ਪਹਿਲਾਂ ਲੇਖ ਲਿਖਿਆ ਤਾਂ ਇਹ ਗੱਲ ਸਹਿਜ ਭਾਵ ਨਾਲ ਲਿਖ ਦਿੱਤੀ ਕਿ ਨਾਥੂਰਾਮ ਗੌਡਸੇ ਤੋਂ ਗਲਤੀ ਹੋ ਗਈ, ਮਹਾਤਮਾ ਗਾਂਧੀ ਨੂੰ ਨਿਸ਼ਾਨਾ ਬਣਾ ਲਿਆ, ਅਸਲ ਵਿਚ ਉਸ ਨੂੰ ਜਵਾਹਰ ਲਾਲ ਨਹਿਰੂ ਨੂੰ ਮਾਰਨਾ ਚਾਹੀਦਾ ਸੀ। ਉਸੇ ਲੇਖਕ ਨੇ ਇੱਕ ਵਾਰ ਇਹ ਗੱਲ ਵੀ ਲਿਖੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਹੀਂ, ਸਰਦਾਰ ਵੱਲਭ ਭਾਈ ਪਟੇਲ ਹੋਣਾ ਚਾਹੀਦਾ ਸੀ। ਹੁਣ ਜਦੋਂ ਮਹਾਤਮਾ ਗਾਂਧੀ ਦੇ ਕਤਲ ‘ਤੇ ਨਾਥੂਰਾਮ ਗੌਡਸੇ ਨੂੰ ਫਾਂਸੀ ਵਾਲੇ ਕੇਸ ਨੂੰ ਗਲਤ ਕਿਹਾ ਜਾ ਰਿਹਾ ਹੈ ਤਾਂ ਉਹੀ ਲੇਖਕ ਇਸ ਸੋਚਣੀ ਦਾ ਝੰਡਾਬਰਦਾਰ ਵੀ ਹੈ। ਉਸ ਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਮਹਾਤਮਾ ਗਾਂਧੀ ਦੇ ਦੋ ਪੁੱਤਰਾਂ ਨੇ ਗੌਡਸੇ ਅਤੇ ਉਸ ਨਾਲ ਫਾਂਸੀ ਲਾਏ ਗਏ ਨਾਰਾਇਣ ਆਪਟੇ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਲਈ ਕਿਹਾ ਸੀ, ਪਰ ਇਹ ਅਪੀਲ ਰੱਦ ਹੋ ਗਈ ਸੀ ਤੇ ਰੱਦ ਕਰਨ ਵਾਲੇ ਤਿੰਨ ਜਣਿਆਂ ਵਿਚ ਨਹਿਰੂ, ਪਟੇਲ ਅਤੇ ਉਸ ਵਕਤ ਭਾਰਤ ਦਾ ਗਵਰਨਰ ਜਨਰਲ ਰਾਜਾਗੋਪਾਲਾਚਾਰੀ ਸ਼ਾਮਲ ਸਨ। ਉਸ ਲੇਖਕ ਨੂੰ ਪਟੇਲ ਚੰਗਾ ਲੱਗਦਾ ਹੈ ਤੇ ਗੌਡਸੇ ਵੀ। ਇਹੋ ਜਿਹੀ ਸੋਚ ਵਾਲੇ ਲੋਕ ਜਦੋਂ ਇੱਕ ਖਾਸ ਮੁਹਿੰਮ ਦਾ ਹਿੱਸਾ ਬਣਦੇ ਤੇ ਚੁਣ-ਚੁਣ ਕੇ ਵਿਚਾਰਧਾਰਕ ਹਮਲਾਵਰੀ ਦੇ ਨਾਲ ਕਤਲ ਵਰਗੇ ਅਪਰਾਧਾਂ ਦਾ ਪੱਖ ਪੂਰਦੇ ਹਨ ਤਾਂ ਉਨ੍ਹਾਂ ਖਿਲਾਫ ਸਹੀ ਸੋਚ ਵਾਲੇ ਲੋਕਾਂ ਦੀ ਇੱਕਸੁਰਤਾ ਦੀ ਲੋੜ ਹੋਰ ਵਧ ਜਾਂਦੀ ਹੈ।
ਗਿਲਾ ਇਸ ਗੱਲ ਦਾ ਹੈ ਕਿ ਸਹੀ ਸੋਚ ਵਾਲੇ ਲੋਕਾਂ ਦੀ ਇੱਕਸੁਰਤਾ ਵਧਣ ਦੀ ਥਾਂ ਇਸ ਰਾਹੇ ਤੁਰਨ ਵਾਲੇ ਕਈ ਲੋਕ ਇਸ ਤਰ੍ਹਾਂ ਰਾਹ ਬਦਲ ਜਾਂਦੇ ਹਨ, ਜਿਵੇਂ ਕਦੇ ਇਸ ਨਾਲ ਕੋਈ ਵਾਸਤਾ ਹੀ ਨਾ ਰਿਹਾ ਹੋਵੇ। ਪਿਛਲੇ ਤੀਹਾਂ ਤੋਂ ਵੱਧ ਸਾਲਾਂ ਵਿਚ ਅਸੀਂ ਏਨੇ ਲੋਕਾਂ ਨੂੰ ਇਸ ਤਰ੍ਹਾਂ ਰਸਤੇ ਬਦਲਦੇ ਵੇਖਿਆ ਹੈ ਕਿ ਹੁਣ ਆਪਣੇ ਨਾਲ ਤੁਰੇ ਜਾਂਦੇ ਲੋਕਾਂ ਵੱਲ ਵੀ ਮੁੜ-ਮੁੜ ਇਸ ਸ਼ੱਕ ਨਾਲ ਅੱਖ ਉਠਦੀ ਹੈ ਕਿ ਇਹ ਬੰਦਾ ਸਾਡੇ ਨਾਲ ਰਹੇਗਾ ਜਾਂ ਔਖੀ ਘੜੀ ਸਾਥ ਛੱਡ ਜਾਵੇਗਾ!
ਅਸੀਂ ਮਿਸਾਲਾਂ ਗਿਣਨੀਆਂ ਸ਼ੁਰੂ ਕਰੀਏ ਤਾਂ ਸੁਸ਼ਮਾ ਸਵਰਾਜ ਤੋਂ ਤੁਰਨਾ ਪੈ ਸਕਦਾ ਹੈ। ਜਦੋਂ ਮੋਰਾਰਜੀ ਦੇਸਾਈ ਦੀ ਸਰਕਾਰ ਸਮੇਂ ਆਰæ ਐਸ਼ ਐਸ਼ ਨਾਲ ਸਬੰਧ ਰੱਖਣ ਜਾਂ ਨਾ ਰੱਖਣ ਦੇ ਮੁੱਦੇ ‘ਤੇ ਜਨਤਾ ਪਾਰਟੀ ਟੁੱਟੀ ਅਤੇ ਆਰæ ਐਸ਼ ਐਸ਼ ਨਾਲ ਵਫਾਦਾਰੀ ਵਾਲਿਆਂ ਨੇ ਵੱਖਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਬਣਾਈ, ਉਸ ਦਾ ਵਿਰੋਧ ਕਰਦੇ ਲੋਕਾਂ ਦੇ ਅੱਗੇ ਲੱਗੀ ਲੀਡਰਸ਼ਿਪ ਵਿਚ ਸੁਸ਼ਮਾ ਸਵਰਾਜ ਵੀ ਸ਼ਾਮਲ ਸੀ। ਫਿਰ ਉਹ ਭਾਜਪਾ ਵਿਚ ਚਲੀ ਗਈ ਅਤੇ ਅੱਜ ਉਸ ਪਾਰਟੀ ਦੀ ਹਾਈ ਕਮਾਂਡ ਦਾ ਹਿੱਸਾ ਹੈ।
ਬਾਬਰੀ ਮਸਜਿਦ ਢਾਹੇ ਜਾਣ ਸਮੇਂ ਕੇਂਦਰ ਦੀ ਨਰਸਿਮਹਾ ਰਾਓ ਸਰਕਾਰ ਦਾ ਇੱਕ ਮੰਤਰੀ ਸੁਰਿੰਦਰ ਸਿੰਘ ਆਹਲੂਵਾਲੀਆ ਭਾਜਪਾ ਦੇ ਖਿਲਾਫ ਬੜਾ ਬੋਲਦਾ ਸੀ। ਪਟਨਾ ਸਾਹਿਬ ਵਾਲੇ ਸਿੱਖਾਂ ਦੇ ਤਖਤ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਉਦੋਂ ਪ੍ਰਧਾਨ ਸੀ ਤੇ ਕਹਿੰਦਾ ਹੁੰਦਾ ਸੀ ਕਿ ਭਾਜਪਾ ਦੀ ਨੀਤੀ ਘੱਟ-ਗਿਣਤੀਆਂ ਲਈ ਬਹੁਤ ਮਾਰੂ ਹੈ। ਜਲੰਧਰ ਦੇ ਐਮæ ਜੀæ ਐਨæ ਕਾਲਜ ਵਿਚ ਉਸ ਦੇ ਸਨਮਾਨ ਸਮਾਗਮ ਸਮੇਂ ਉਸ ਦਾ ਭਾਸ਼ਣ ਮੈਂ ਖੁਦ ਸੁਣਿਆ ਸੀ। ਫਿਰ ਉਹ ਭਾਜਪਾ ਵਿਚ ਜਾ ਰਲਿਆ। ਹੁਣ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿਚ ਮੰਤਰੀ ਹੈ ਤੇ ਉਸ ਨੂੰ ਘੱਟ-ਗਿਣਤੀਆਂ ਦਾ ਭਲਾ ਭਾਜਪਾ ਦੇ ਰਾਜ ਵਿਚ ਦਿਖਾਈ ਦਿੰਦਾ ਹੈ। ਏਦਾਂ ਦੇ ਕਈ ਹੋਰ ਰਾਜਸੀ ਆਗੂ ਛੜੱਪੇ ਮਾਰ ਕੇ ਉਥੇ ਜਾ ਪਹੁੰਚੇ ਹਨ।
ਉਘਾ ਹਿੰਦੀ ਵਿਅੰਗਕਾਰ ਸੰਪਤ ਸਰਲ ਮਜ਼ਾਕ ਕਰਦਾ ਹੈ ਕਿ ਇੱਕ ਸਮਾਗਮ ਵਿਚ ਇੱਕ ਵਿਧਾਇਕ ਨੂੰ ਬੈਠੇ ਵੇਖ ਕੇ ਮੈਂ ਪੁੱਛ ਲਿਆ, “ਕੀ ਇਹ ਕਾਂਗਰਸ ਦੇ ਆਗੂ ਹਨ!” ਕੋਲ ਖੜ੍ਹੇ ਗੰਨਮੈਨ ਨੇ ਕਿਹਾ, “ਜੀ ਨਹੀਂ, ਇਹ ਭਾਜਪਾ ਦੇ ਆਗੂ ਹਨ, ਕਾਂਗਰਸ ਦੇ ਇੱਕ ਘੰਟਾ ਪਹਿਲਾਂ ਸਨ।” ਉਹ ਮਜ਼ਾਕ ਨਾਲ ਕਹਿੰਦਾ ਹੈ ਕਿ ਅਗਲੀਆਂ ਪਾਰਲੀਮੈਂਟ ਚੋਣਾਂ ਵੇਲੇ ਭਾਜਪਾ ਦਾ ਚੋਣ ਨਿਸ਼ਾਨ ‘ਕਮਲ ਦਾ ਫੁੱਲ’ ਸ਼ਾਇਦ ਨਾ ਰਹੇ ਤੇ ਉਸ ਦੀ ਥਾਂ ਨਵਾਂ ਨਿਸ਼ਾਨ ‘ਹੱਥ ਵਿਚ ਫੜਿਆ ਕਮਲ ਦਾ ਫੁੱਲ’ ਵੇਖਣਾ ਹੀ ਪੈ ਜਾਵੇ। ਇਸ ਲਈ ਦਲ ਬਦਲਦੇ ਅਜਿਹੇ ਸਿਆਸੀ ਆਗੂਆਂ ਉਤੇ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ।
ਗਿਲਾ ਸਾਨੂੰ ਉਨ੍ਹਾਂ ਲੋਕਾਂ ਉਤੇ ਹੈ, ਜੋ ਕਿਸੇ ਸਮੇਂ ਭਾਰਤ ਵਿਚ ਧਰਮ ਨਿਰਪੱਖਤਾ ਦੇ ਝੰਡਾਬਰਦਾਰ ਹੋਇਆ ਕਰਦੇ ਸਨ। ਤੀਹ ਕੁ ਸਾਲ ਪਹਿਲਾਂ ਅਸੀਂ ਬਹੁਤੀ ਅੰਗਰੇਜ਼ੀ ਨਾ ਆਉਂਦੀ ਹੋਣ ਦੇ ਬਾਵਜੂਦ ਅੰਗਰੇਜ਼ੀ ਕਿਤਾਬ ‘ਇੰਡੀਆ: ਦ ਸੀਜ਼ ਵਿਦਿਨ’ ਬੜੇ ਔਖੇ ਹੋ ਕੇ ਪੜ੍ਹੀ ਸੀ, ਕਿਉਂਕਿ ਉਹ ਕਿਤਾਬ ਕਸ਼ਮੀਰ ਵਾਦੀ ਤੋਂ ਲੈ ਕੇ ਭਾਰਤ ਦੀ ਹਰ ਨੁੱਕਰ ਵਿਚ ਫੈਲਦੀ ਜਾਂਦੀ ਫਿਰਕਾਪ੍ਰਸਤੀ ਅਤੇ ਵੱਖਵਾਦ ਦੀ ਰੁਚੀ ਬਾਰੇ ਬਹੁਤ ਵਧੀਆ ਢੰਗ ਨਾਲ ਸੁਚੇਤ ਕਰਦੀ ਸੀ। ਜਿਸ ਲੇਖਕ ਨੇ ਇਹ ਸ਼ਾਨਦਾਰ ਕਿਤਾਬ ਲਿਖੀ ਸੀ, ਐਮæ ਜੇæ ਅਕਬਰ ਨਾਂ ਦਾ ਉਹ ਸੱਜਣ ਕੁਝ ਦੇਰ ਬਾਅਦ ਕਾਂਗਰਸ ਪਾਰਟੀ ਵੱਲੋਂ ਪਾਰਲੀਮੈਂਟ ਮੈਂਬਰ ਬਣ ਗਿਆ। ਕੁਝ ਲੋਕਾਂ ਨੂੰ ਚੰਗਾ ਨਹੀਂ ਸੀ ਲੱਗਾ, ਪਰ ਕੁਝ ਲੋਕ ਇਹ ਕਹਿੰਦੇ ਸਨ ਕਿ ਭਾਜਪਾ ਦੀ ਫਿਰਕਾਪ੍ਰਸਤੀ ਦਾ ਮੁਕਾਬਲਾ ਕਰਨ ਲਈ ਏਦਾਂ ਕਰਨਾ ਉਸ ਦੀ ਮਜਬੂਰੀ ਹੋਵੇਗੀ। ਉਹ ਰਾਜਨੀਤੀ ਵਿਚ ਆਣ ਕੇ ਉਸੇ ਪਹਿਲੀ ਸੋਚ ਦੇ ਮੁਤਾਬਕ ਲਿਖਦਾ ਰਿਹਾ। ਪਿਛਲੀ ਵਾਰ ਜਦੋਂ ਭਾਜਪਾ ਨੂੰ ਭਾਰਤ ਉਤੇ ਕਾਬਜ਼ ਹੁੰਦੀ ਮਹਿਸੂਸ ਕੀਤਾ ਤਾਂ ਕਈ ਹੋਰਨਾਂ ਵਾਂਗ ਉਹ ਵੀ ਉਡਾਰੀ ਲਾ ਕੇ ਉਸੇ ਵਾੜੇ ਜਾ ਵੜਿਆ। ਅੱਜ ਉਹ ਕੇਂਦਰੀ ਰਾਜ ਮੰਤਰੀ ਹੈ।
ਉਸੇ ਤੀਹ ਕੁ ਸਾਲ ਪਹਿਲਾਂ ਦੇ ਦੌਰ ਵਿਚ ਪੰਜਾਬ ਦਾ ਇੱਕ ਸਿੱਖ ਵਕੀਲ ਇਹ ਗੱਲ ਹਿੱਕ ਠੋਕ ਕੇ ਕਹਿੰਦਾ ਹੁੰਦਾ ਸੀ ਕਿ ਸਿੱਖਾਂ ਨੇ ਹਿੰਦੂਕਰਨ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਲਈ ਇੱਕ ਵੱਖਰਾ ਦੇਸ਼ ਸਿਰਜਣਾ ਪਵੇਗਾ ਤੇ ਇਸ ਲਈ ਕੁਰਬਾਨੀਆਂ ਦੇਣ ਤੋਂ ਝਿਜਕਣਾ ਨਹੀਂ ਚਾਹੀਦਾ। ਅੱਜ ਕੱਲ੍ਹ ਉਹੋ ਸਿੱਖ ਆਗੂ ਆਰæ ਐਸ਼ ਐਸ਼ ਦੀ ਅਗਵਾਈ ਹੇਠ ਚੱਲਦੀ ਰਾਸ਼ਟਰੀ ਸਿੱਖ ਸੰਗਤ ਨਾਲ ਜਾ ਜੁੜਿਆ ਹੈ ਅਤੇ ਸਿੱਖੀ ਦੀਆਂ ਤੰਦਾਂ ਹਿੰਦੂ ਧਰਮ ਦੀ ਪ੍ਰਾਚੀਨਤਾ ਨਾਲ ਇਸ ਤਰ੍ਹਾਂ ਜੋੜ ਕੇ ਗੱਲ ਕਰਦਾ ਹੈ, ਜਿਵੇਂ ਕੋਈ ਆਰæ ਐਸ਼ ਐਸ਼ ਦਾ ਜਮਾਂਦਰੂ ਸੋਇਮ ਸੇਵਕ ਵੀ ਨਹੀਂ ਕਰ ਸਕਦਾ ਹੋਵੇਗਾ।
ਕੁਝ ਸਾਲ ਪਹਿਲਾਂ ਜਦੋਂ ਮੈਨੂੰ ਪੂਨੇ ਜਾਣਾ ਪਿਆ ਤਾਂ ਉਥੇ ਇਹ ਗੱਲ ਸੁਣ ਕੇ ਹੈਰਾਨੀ ਹੋਈ ਸੀ ਕਿ ਗੋਵਿੰਦ ਪਾਨਸਰੇ ਅਤੇ ਨਰਿੰਦਰ ਦਾਭੋਲਕਰ ਦੇ ਵਿਰੋਧ ਦੀ ਮੁਹਿੰਮ ਚਲਾਉਣ ਵਾਲਿਆਂ ਵਿਚ ਕੁਝ ਖੱਬੇ ਪੱਖੀ ਲਹਿਰ ਦੇ ਭਗੌੜੇ ਵੀ ਹਨ ਤੇ ਉਹ ਹੋਰਨਾਂ ਤੋਂ ਵੱਧ ਤਿੱਖਾ ਬੋਲਦੇ ਹਨ। ਇਸ ਮਾਹੌਲ ਵਿਚ ਉਰਦੂ ਦਾ ਸ਼ੇਅਰ ਯਾਦ ਆਉਂਦਾ ਹੈ, ‘ਹਮੇਂ ਅਪਨੋ ਨੇ ਮਾਰਾ, ਗੈਰੋਂ ਮੇਂ ਕਹਾਂ ਦਮ ਥਾ। ਹਮਾਰੀ ਕਿਸ਼ਤੀ ਵਹਾਂ ਡੂਬੀ, ਜਹਾਂ ਪਾਨੀ ਕਮ ਥਾ।’
ਕੁਝ ਲੋਕ ਇਹ ਦੌਰ ਵੇਖ ਕੇ ਪੁੱਛਦੇ ਹਨ ਕਿ ਹੁਣ ਕੀ ਹੋਵੇਗਾ, ਕੀ ਇਸ ਹਨੇਰੀ ਅੱਗੇ ਹਰ ਕੋਈ ਝੁਕ ਜਾਵੇਗਾ? ਸਾਡੇ ਮੂੰਹੋਂ ਹਾਂ ਨਹੀਂ ਨਿਕਲਦਾ, ਸਗੋਂ ਜੈਮਲ ਪੱਡਾ ਦਾ ਗੀਤ ਯਾਦ ਆਉਂਦਾ ਹੈ, ”ਪੈਰ ਸੂਲਾਂ ‘ਤੇ ਵੀ ਨੱਚਦੇ ਰਹਿਣਗੇ, ਬੁੱਤ ਬਣ ਕੇ ਪੀੜ ਨੂੰ ਜਰਨਾ ਨਹੀਂ।” ਜਿਨ੍ਹਾਂ ਨੇ ਸੋਚ ਉਤੇ ਪਹਿਰਾ ਦੇਣ ਲਈ ਅੰਮ੍ਰਿਤਸਰ ਵਿਚ ਸਮਾਗਮ ਕੀਤਾ ਤੇ ਕਰਵਾਇਆ ਹੈ, ਉਹ ਪੀੜ ਨੂੰ ਬੁੱਤ ਬਣ ਕੇ ਜਰਨ ਵਾਲੇ ਨਹੀਂ, ਸੂਲਾਂ ਉਤੇ ਨੱਚਣ ਦੀ ਸੋਚ ਦੇ ਝੰਡਾ ਬਰਦਾਰ ਹਨ ਤੇ ਅਸੀਂ ਜਿੱਥੇ ਵੀ ਹਾਂ, ਉਨ੍ਹਾਂ ਦੇ ਨਾਲ ਹਾਂ।