ਸਿਖਰ ਵਾਰਤਾ

ਬਲਜੀਤ ਬਾਸੀ
ਸਰਕਾਰਾਂ ਦੇ ਮੁਖੀਆਂ ਦੀ ਹੋਣ ਵਾਲੀ ਮੀਟਿੰਗ ਵਿਚ ਕੀਤੇ ਜਾਂਦੇ ਵਿਚਾਰਾਂ ਨੂੰ ‘ਸਿਖਰ ਵਾਰਤਾ’ ਆਖਦੇ ਹਨ ਜਿਵੇਂ ਜੀ-20 ਸਿਖਰ ਵਾਰਤਾ। ਇਹ ਅੰਗਰੇਜ਼ੀ ਦੇ ਪਦ ੁੰਮਮਟਿ ੰeeਟਨਿਗ ਦਾ ਸਿੱਧਾ ਅਨੁਵਾਦ ਹੈ। ਅੰਗਰੇਜ਼ੀ ਵਾਲੇ ਤਾਂ ਨਿਰਾ ੁੰਮਮਟਿ ਕਹਿ ਕੇ ਵੀ ਗੁਜ਼ਾਰਾ ਕਰ ਲੈਂਦੇ ਹਨ ਪਰ ਅਸੀਂ ਪੰਜਾਬੀ ਅਜੇ ਇਸ ਜੋਗੇ ਕਿਥੇ ਹੋਏ ਹਾਂ। ਅਜੋਕਾ ਗਿਆਨ ਪ੍ਰਗਟ ਕਰਨ ਲਈ ਅੰਗਰੇਜ਼ੀ ਸ਼ਬਦਾਂ, ਵਕੰਸ਼ਾਂ, ਉਕਤੀਆਂ ਦਾ ਅਨੁਵਾਦ ਕਰਨ ਦੀ ਮਜਬੂਰੀ ਵਧਦੀ ਹੀ ਜਾਂਦੀ ਹੈ। ਵੱਡੇ ਲੋਕ ਵੱਡੇ ਵਿਸ਼ਿਆਂ ਬਾਰੇ ਵਾਰਤਾਲਾਪ ਕਰਦੇ ਹਨ, ਆਪਾਂ ਉਨ੍ਹਾਂ ਦੇ ਸਾਹਮਣੇ ਤਿਲ ਕਾ ਮਾਣੁ ਵੀ ਨਹੀਂ। ਫਿਰ ਵੀ ਅੱਜ ਪਾਠਕਾਂ ਨਾਲ ਸਿਖਰ ਵਾਰਤਾ ਕਰਨ ਦਾ ਮਨ ਬਣਿਆ ਹੈ। ‘ਸਿਖਰ ਵਾਰਤਾ’ ਯਾਨਿ ਸਿਖਰ ਸ਼ਬਦ ਬਾਰੇ ਚਰਚਾ।

ਸਿਖਰ ਲਈ ਸਾਡੇ ਕੋਲ ਹੋਰ ਸ਼ਬਦ ਹਨ-ਟੀਸੀ, ਚੋਟੀ, ਸਿਰਾ। ਭਗਤ ਕਬੀਰ ਵਲੋਂ ਇਸ ਸ਼ਬਦ ਦੀ ਵਰਤੋਂ ਦੇਖੋ, ‘ਊਚ ਭਵਨ ਕਨਕਾਮਨੀ ਸਿਖਰਿ ਧਜਾ ਫਹਰਾਇ॥ ਤਾ ਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ॥’ ਅਰਥਾਤ ਉਚੇ ਮਹਲ-ਮਾੜੀਆਂ, ਬਹੁਤਾ ਧਨ-ਪਦਾਰਥ ਹੋਵੇ ਤੇ ਸੁੰਦਰ ਨਾਰਾਂ ਹੋਵਣ, ਚੋਟੀ ਉਤੇ ਝੰਡਾ ਝੂਲਦਾ ਹੋਵੇ, ਇਸ ਸਾਰੇ ਰਾਜ-ਭਾਗ ਨਾਲੋਂ ਮੰਗ ਕੇ ਲਿਆਂਦੀ ਭਿੱਛਿਆ ਚੰਗੀ ਹੈ ਜੇ ਮਨੁੱਖ ਸੰਤਾਂ ਦੀ ਸੰਗਤ ਵਿਚ ਰਹਿ ਕੇ ਰੱਬ ਦੀ ਸਿਫਤ-ਸਾਲਾਹ ਕਰਦਾ ਹੋਵੇ। ਗੁਰੂ ਅਰਜਨ ਦੇਵ ਦਾ ਫੁਰਮਾਨ ਹੈ, Ḕਤੇਰਸਿ, ਤਰਵਰ ਸਮੁਦ ਕਨਾਰੈ॥ ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ॥’ ਅਰਥਾਤ ਮਨੁਖ ਦਾ ਸਰੀਰ ਸਮੁੰਦਰ ਕੰਢੇ ਉਗੇ ਰੁੱਖ ਵਾਂਗ ਹੈ। ਪਰ ਜੋ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨੂੰ ਜੀਵਨ ਦਾ ਮੂਲ ਬਣਾਉਂਦਾ ਹੈ, ਉਹ ਸੁਰਤਿ ਦੀ ਡੋਰ ਦੀ ਬਰਕਤ ਨਾਲ ਸਿਖਰ ਤੇ ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ।
ਸਿਖਰ ਸ਼ਬਦ ਸਿਰਫ ਭੌਤਿਕ ਚੋਟੀ ਲਈ ਹੀ ਨਹੀਂ ਸਗੋਂ ਕਿਸੇ ਭਾਵ ਦੀ ਅਤਿਤਾਈ ਲਈ ਵੀ ਵਰਤਿਆ ਜਾਂਦਾ ਹੈ ਜਿਵੇਂ ਭਰ ਜਵਾਨੀ ਵਿਚ ਮਰੀ ਧੀ ਲਈ ਕੀਰਨਾ ਹੈ, “ਹਾਏ ਹਾਏ ਧੀਏ ਮੋਰਨੀਏ, ਸਿਖਰ ਦੁਪਹਿਰੇ ਤੋਰਨੀਏ।’ ਬੁੱਲੇ ਸ਼ਾਹ ਦੀ ਸੁਣੋ,
ਸਤਿਗੁਰ ਬੇੜੀ ਫੜੀ ਖਲੋਤੀ,
ਤੈਂ ਕਿਉਂ ਲਾਈ ਆ ਦੇਰੀ।
ਪ੍ਰੀਤਮ ਪਾਸ ਤੇ ਟੋਲਨਾ ਕਿਸ ਨੂੰ,
ਭੁੱਲ ਗਿਉਂ ਸਿਖਰ ਦੁਪਹਿਰੀ।
ਸ਼ਿਵ ਕੁਮਾਰ ਬਟਾਲਵੀ ਆਪਣੀ ਕਵਿਤਾ ਵਿਚ ਅਜਿਹਾ ਸ਼ਬਦ ਜੜੇ ਬਿਨਾ ਕਿਵੇਂ ਰਹਿ ਸਕਦਾ ਹੈ, Ḕਸਿਖਰ ਦੁਪਹਿਰ ਸਿਰ ‘ਤੇ ਮੇਰਾ ਢਲ ਚਲਿਆ ਪਰਛਾਵਾਂ।’ ਸਿਖਰ ਦੁਪਹਿਰ ਯਾਨਿ ਜਦ ਸੂਰਜ ਸਿਖਰ ‘ਤੇ ਹੁੰਦਾ ਹੈ, ਅਸੀਂ ‘ਸਿਖਰ ਰਾਤ’ ਨਹੀਂ ਕਹਿੰਦੇ। ਪੰਜਾਬੀ ਵਿਚ ਆਮ ਵਰਤੀ ਜਾਂਦੀ ਇਹ ਉਕਤੀ ਭਰ ਜਵਾਨੀ ਦੀ ਪ੍ਰਤੀਕ ਹੈ।
ਕਿਸੇ ਦੀ ਕਲਾ ਸਿਖਰ ਦੀ ਹੁੰਦੀ ਹੈ, ਕਿਸੇ ਦੀ ਸੁੰਦਰਤਾ ਸਿਖਰ ਨੂੰ ਛੂਹੰਦੀ ਹੈ। ਕੋਈ ਚੀਜ਼ ਜਿਉਂ ਜਿਉਂ ਉਪਰ ਨੂੰ ਉਠਦੀ ਜਾਂਦੀ ਹੈ ਅਰਥਾਤ ਸਿਖਰ ਨੂੰ ਪੁੱਜਦੀ ਹੈ, ਤਿਉਂ ਤਿਉਂ ਬਾਰੀਕ, ਪਤਲੀ ਅਤੇ ਤਿੱਖੀ ਹੁੰਦੀ ਜਾਂਦੀ ਹੈ। ਇਸ ਲਈ ਸਿਖਰ ਸ਼ਬਦ ਦਾ ਇਕ ਅਰਥ ਤਲਵਾਰ ਦੀ ਧਾਰ ਵੀ ਹੈ ਅਤੇ ਥਣਾਂ ਦੀ ਚੂਚੀ ਵੀ। ਸਿਖਰ ਤੋਂ ਬਣਿਆ ਵਿਸ਼ੇਸ਼ਣ ਹੈ, ਸਿਖਰਲਾ/ਸਿਖਰਲੀ। ਸਿਖਰ ਸ਼ਬਦ ਵਿਚ ਲੂੰ-ਕੰਡੇ ਖੜ੍ਹੇ ਹੋਣ ਦਾ ਭਾਵ ਵੀ ਹੈ। ਡਰ ਦੇ ਮਾਰੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ, ਇਸ ਲਈ ਇਸ ਸ਼ਬਦ ਵਿਚ ਡਰਨ ਜਾਂ ਡਰ ਨਾਲ ਕੰਬਣ ਦੇ ਭਾਵ ਵੀ ਹਨ। ਪੰਜਾਬੀ ਸਾਹਿਤਕਾਰ ਸਿਖਰ ਤੋਂ ਵਿਕਸਿਆ ਸਿਹਰ ਕਦੇ ਕਦੇ ਵਰਤਦੇ ਹਨ, ਜਿਸ ਵਿਚ ਇਹ ਭਾਵ ਹਨ,
ਇਕ ਵਾਕ ਸੁਣ ਕੇ ਸਿਹਰ ਗਏ
ਚੰਨ ਗੁੰਮਿਆਂ ਤਾਰੇ ਬਿਖਰ ਗਏ
ਮੇਰੇ ਮਨ ਦੇ ਨੀਰ ਗੰਧਲ ਗਏ
ਬੜੀ ਦੇਰ ਤੀਕ ਨ ਨਿੱਤਰੇ
ਚੱਲ ਸੂਰਜਾ, ਚੱਲ ਧਰਤੀਏ
ਮੁੜ ਸੁੰਨ ਸਮਾਧੀ ‘ਚ ਪਰਤੀਏ
ਕੱਲ ਰਾਤ ਹੋਏ ਨੇ ਰਾਤ ਭਰ
ਏਹੀ ਤਾਰਿਆਂ ਵਿਚ ਤਜ਼ਕਰੇæææ। -ਸੁਰਜੀਤ ਪਾਤਰ
ਸਿਹਰਾਉਣਾ ਵਿਚ ਸਹਿਲਾਉਣਾ ਅਰਥਾਤ ਹੌਲੀ ਹੌਲੀ ਹੱਥ ਫੇਰਨ ਦਾ ਭਾਵ ਹੈ। ਧਿਆਨ ਰਹੇ, ਸਿਹਰ ਦਾ ਅਰਥ ਜਾਦੂ ਵੀ ਹੁੰਦਾ ਹੈ ਜੋ ਅਰਬੀ-ਫਾਰਸੀ ਵਲੋਂ ਆਇਆ ਹੈ। ਮੰਜੇ ਦੇ ਸਿਰ ਵਾਲੇ ਹਿੱਸੇ ਨੂੰ ਸਰ੍ਹਾਂਦੀ ਕਹਿੰਦੇ ਹਨ ਅਤੇ ਸਿਰ ਵਾਲੀ ਬਾਹੀ ਨੂੰ ਸੇਰੂ। ਇੱਟ ਦੇ ਘਟ ਚੌੜੇ ਪਾਸੇ ਨੂੰ ਵੀ ਸੇਰੂ ਆਖਦੇ ਹਨ।
ਪੰਜਾਬੀ ਸਭਿਆਚਾਰ ਵਿਚ ਸਿਹਰੇ ਦੀ ਬਹੁਤ ਮਹੱਤਤਾ ਹੈ, Ḕਜਿਹੜਾ ਆਸ਼ਕਾਂ ਵਿਚ ਮਸ਼ਹੂਰ ਰਾਂਝਾ, ਸਿਰ ਓਸ ਦੇ ਇਸ਼ਕ ਦਾ ਸਿਹਰਾ ਨੀ।’ (ਹੀਰ ਵਾਰਿਸ)। ਲਾੜੇ ਦੇ ਮੱਥੇ ‘ਤੇ ਬੰਨ੍ਹੇ ਜਾਣ ਵਾਲੇ ਤਿੱਲੇ ਦੀਆਂ ਤਾਰਾਂ ਜਾਂ ਫੁੱਲਾਂ ਨਾਲ ਬਣਾਈਆਂ ਲੜੀਆਂ ਦੇ ਮੁਕਟ ਨੂੰ ਸਿਹਰਾ ਆਖਦੇ ਹਨ। ਲਾੜੇ ਦੀ ਉਸਤਤ ਵਿਚ ਗਾਏ ਜਾਂਦੇ ਗੀਤ ਨੂੰ ਵੀ ਸਿਹਰਾ ਕਿਹਾ ਜਾਂਦਾ ਹੈ। ਦਰਅਸਲ ਯੁਧ ਵਿਚ ਜਾਣ ਤੋਂ ਪਹਿਲਾਂ ਸਿਹਰਾ ਜਾਂ ਸੇਹਰ ਪੱਗ ਵਾਂਗ ਬੰਨ੍ਹਿਆ ਜਾਂਦਾ ਸੀ। ‘ਮਹਾਨ ਕੋਸ਼’ ਅਨੁਸਾਰ ਇਹ ਫਾਰਸੀ ਸ਼ਿਰਹਾਰ ਤੋਂ ਬਣਿਆ। ਅਮਰਵੰਤ ਸਿੰਘ ਦੇ ‘ਅਰਬੀ-ਫਾਰਸੀ ਤੋਂ ਉਤਪੰਨ ਪੰਜਾਬੀ ਸ਼ਬਦਾਵਲੀ’ ਨੇ ਫਰਹਗੰ-ਏ-ਆਸਿਫੀਆ ਦੇ ਹਵਾਲੇ ਨਾਲ ਇਸ ਨੂੰ ਸਿਰ+ਹਾਰ ਅਰਥਾਤ ਸਿਰ ‘ਤੇ ਬੰਨ੍ਹਿਆ ਹਾਰ ਦੱਸਿਆ ਹੈ। ਇਸ ਨੂੰ ਫਾਰਸੀ ਸਿਹ+ਹਾਰ ਤੋਂ ਬਣਿਆ ਵੀ ਕਿਹਾ ਜਾਂਦਾ ਹੈ। ਫਾਰਸੀ ਵਿਚ ਸਿਹ ਦਾ ਅਰਥ ਤਿੰਨ ਹੁੰਦਾ ਹੈ ਭਾਵ ਤਿੰਨ ਲੜੀਆਂ ਵਾਲਾ ਹਾਰ। ਇਸ ਨੂੰ ਸ਼ੌਹਰ ਤੋਂ ਵਿਗੜਿਆ ਵੀ ਕਿਹਾ ਗਿਆ ਹੈ। ਪਰ ਟਰਨਰ ਅਨੁਸਾਰ ਇਹ ਸਿਖਰ ਦਾ ਵਿਕਸਿਤ ਰੂਪ ਹੈ। ਪਲੈਟਸ ਅਨੁਸਾਰ ਇਹ ਸੰਸਕ੍ਰਿਤ ਸ਼ੇਖਰਕ ਤੋਂ ਵਿਗਸੇ ਪ੍ਰਾਕ੍ਰਿਤ ਰੂਪ ਸੇਹਰਓ ਤੋਂ ਵਿਉਤਪਤ ਹੋਇਆ। ਇਸ ਵਿਉਤਪਤੀ ਵਿਚ ਵਧੇਰੇ ਦਮ ਹੈ ਕਿਉਂਕਿ ਸੰਸਕ੍ਰਿਤ ਸ਼ੇਖਰ ਦਾ ਅਰਥ ਕਲਗੀ, ਮੁਕਟ, ਦਾਉਣੀ ਆਦਿ ਹੈ। (ਸਫਲਤਾ ਦਾ) ਸਿਹਰਾ ਬੰਨ੍ਹਣਾ, ਸਿਹਰਾ ਆਪਣੇ ਸਿਰ ਲੈਣਾ ਆਦਿ ਮੁਹਾਵਰੇ ਵੀ ਹਨ। ਸ਼ੇਖਰ (ਜਿਵੇਂ ਚੰਦਰ ਸ਼ੇਖਰ) ਗੋਤ ਵਿਚ ਵੀ ਸਿਖਰ ਦਾ ਭਾਵ ਹੈ।
ਸਿਖਰ ਸ਼ਬਦ ਸੰਸਕ੍ਰਿਤ ਸ਼ਿਖਰ ਦਾ ਹੀ ਬਦਲਿਆ ਰੂਪ ਹੈ। ਸ਼ਿਖਰ ਸ਼ਿਖਾ ਨਾਲ ਸਬੰਧਤ ਸ਼ਬਦ ਹੈ ਜੋ ਸੰਸਕ੍ਰਿਤ ਵਿਚ ਇਕ ਸੁਤੰਤਰ ਸ਼ਬਦ ਹੈ। ਸ਼ਿਖਾ ਦੇ ਅਰਥ ਹਨ-ਸਿਰ ਦੀ ਬੋਦੀ, ਕਲਗੀ; ਲਾਟ; ਕਿਰਨ; ਚੋਟੀ, ਟੀਸੀ, ਸਿਰਾ; ਨੋਕ; ਫੁੰਗਲੀ; ਚੂਚੀ ਆਦਿ। ਗੁਰੂ ਨਾਨਕ ਨੇ ਇਹ ਸ਼ਬਦ ਵਰਤਿਆ ਹੈ, Ḕਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ॥’ ਅਰਥਾਤ ਕਿਸੇ ਨੇ ਚੰਮ ਦੀ ਝੋਲੀ ਲੈ ਲਈ, ਕਿਸੇ ਨੇ ਮੰਗਣ ਵਾਸਤੇ ਖੱਪਰ ਫੜ੍ਹ ਲਿਆ, ਕੋਈ ਡੰਡਾਧਾਰੀ ਸੰਨਿਆਸੀ ਬਣ ਗਿਆ, ਕਿਸੇ ਨੇ ਮ੍ਰਿਗ-ਛਾਲਾ ਲੈ ਲਈ, ਕੋਈ ਬੋਦੀ, ਜਨੇਊ ਤੇ ਧੋਤੀ ਦਾ ਧਾਰਨੀ ਹੋਇਆ। ਮੋਨੀਅਰ-ਵਿਲੀਅਮਜ਼ ਨੇ ਸ਼ਿਖਾ ਸ਼ਬਦ ਵਿਚ Ḕਸ਼ਿḔ ਧਾਤੂ ਵੱਲ ਸੰਕੇਤ ਕੀਤਾ ਹੈ ਜਿਸ ਵਿਚ ਕੱਟਣ, ਤਿੱਖਾ ਕਰਨ, ਪਤਲਾਉਣ ਦੇ ਭਾਵ ਹਨ। ਪਹਾੜ ਆਦਿ ਜਿਉਂ ਜਿਉਂ ਉਪਰ ਨੂੰ ਉਠਦੇ ਹਨ, ਤਿੱਖੇ ਹੁੰਦੇ ਜਾਂਦੇ ਹਨ।
ਸ਼ਿਖ ਤੋਂ ਬਣੇ ਸ਼ਿਖੰਡੀ ਸ਼ਬਦ ਦਾ ਅਰਥ ਹੈ-ਮੋਰ; ਕੁੱਕੜ; ਪੀਲੀ ਜੂੜੀ, ਬੋਦੀ। ਗੁਰੂ ਅਰਜਨ ਦੇਵ ਨੇ ਪਹਾੜ ਦੇ ਅਰਥਾਂ ਵਿਚ ਸਿਖੰਡ ਅਤੇ ਸਿਖੰਡਣਹ ਸ਼ਬਦ ਵਰਤੇ ਹਨ, ‘ਘਟੰਤ ਬਸੁਧਾ ਗਿਰਿ ਤਰ ਸਿਖੰਡੰ॥’ ਅਰਥਾਤ ਧਰਤੀ ਉਚੇ ਉਚੇ ਪਹਾੜ ਤੇ ਰੁੱਖ ਨਾਸਵੰਤ ਹਨ; ‘ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ॥ ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧਯਤੇ॥’ ਸਾਹਿਬ ਸਿੰਘ ਅਨੁਸਾਰ ਅਰਥ ਹੈ, “ਮਨੁੱਖ ਅੱਤ ਛੋਟਾ ਅਣੂ ਬਣ ਕੇ ਅਕਾਸ਼ਾਂ ਤਕ ਸਾਰੇ ਦੀਪਾਂ ਲੋਕਾਂ ਅਤੇ ਪਹਾੜਾਂ ਉਪਰ ਅੱਖ ਦੇ ਇਕ ਫੋਰ ਵਿਚ ਹੀ ਹੋ ਆਵੇ, (ਇਤਨੀ ਸਿੱਧੀ ਹੁੰਦਿਆਂ ਭੀ) ਗੁਰੂ ਤੋਂ ਬਿਨਾ ਉਸ ਦਾ ਜੀਵਨ ਸਫਲ ਨਹੀਂ ਹੁੰਦਾ।”
ਮਜੇ ਦੀ ਗੱਲ ਹੈ ਕਿ ਸਿਰ ਧੋਣ ਲਈ ਵਰਤੀ ਜਾਂਦੀ ਸ਼ਿਕਾਕਾਈ ਵਿਚ ਇਹ ਸ਼ਬਦ ਬੋਲਦਾ ਹੈ। ਇਹ ਸ਼ਬਦ ਤੈਲਗੂ ਭਾਸ਼ਾ ਵਿਚ ਨਿਰਮਿਤ ਹੋਇਆ ਲਗਦਾ ਹੈ। ਸੰਸਕ੍ਰਿਤ ਸ਼ਿਖ ਸ਼ਬਦ ਤੈਲਗੂ ਵਿਚ (ਵਾਲਾਂ ਦੀ) ਬੋਦੀ, ਜੂੜਾ, ਗੁੱਟਾ ਆਦਿ ਦੇ ਅਰਥਾਂ ਵਿਚ ḔਸਿਗਾḔ ਜਾਂ ḔਸਿਕਾḔ ਦੇ ਰੂਪ ਵਿਚ ਪ੍ਰਚਲਿਤ ਹੋਇਆ। ਦਰਾਵੜ ਭਾਸ਼ਾਵਾਂ ਵਿਚ ḔਕਾਈḔ ਸ਼ਬਦ ਦਾ ਅਰਥ ḔਫਲḔ ਹੁੰਦਾ ਹੈ। ਸੋ ਸ਼ਿਕਾ+ਕਾਈ ਦਾ ਸ਼ਾਬਦਿਕ ਅਰਥ ਹੋਇਆ, ਸ਼ਿਖਾਫਲ ਅਰਥਾਤ ਸਿਰ ਦੇ ਵਾਲਾਂ ਲਈ ਵਰਤਿਆ ਜਾਣ ਵਾਲਾ ਫਲ। ਇਸ ਫਲ ਤੋਂ ਤੇਲ ਤੇ ਹੋਰ ਦੇਸੀ ਔਸ਼ਧੀਆਂ ਵੀ ਬਣਾਈਆਂ ਜਾਂਦੀਆਂ ਹਨ। ਪ੍ਰਸੰਗਵਸ ਦੱਸ ਦੇਈਏ ਕਿ ਅੰਬ ਦੇ ਅਰਥਾਂ ਵਾਲੇ ਅੰਗਰੇਜ਼ੀ ਸ਼ਬਦ ਮੈਂਗੋ ਵਿਚ ਕਾਈ ਦਾ ਰੁਪਾਂਤਰ ਬੋਲਦਾ ਹੈ। ਤਾਮਿਲ ਮਾਨ (ਅੰਬ)+ ਕਾਇ (ਫਲ, ਕੱਚਾ ਫਲ) = ਮਾਨਕਾਇ। ਇਹ ਸ਼ਬਦ ਪੁਰਤਗੀਜ਼ ਵਿਚ ਮੰਗਾ ਦੇ ਰੂਪ ਵਿਚ ਗਿਆ ਤੇ ਉਥੋਂ ਅੰਗਰੇਜ਼ੀ ਵਿਚ ਮੈਂਗੋ ਵਜੋਂ ਪ੍ਰਚਲਿਤ ਹੋਇਆ। ਤਾਮਿਲ ਵਿਚ ਮਾਨਕਾਇ ਹਾਰ ਵਿਚਲੇ ਅੰਬਸ਼ਕਲ ਦੇ ਨਗ ਨੂੰ ਵੀ ਆਖਦੇ ਹਨ। ਦੁਨੀਆਂ ਭਰ ਦੀਆਂ ਭਾਸ਼ਾਵਾਂ ਵਿਚ ਅੰਬ ਲਈ ਭਾਰਤੀ ਮੰਕਾਇ ਜਾਂ ਅੰਬ ਤੋਂ ਬਣੇ ਸ਼ਬਦ ਹੀ ਚਲਦੇ ਹਨ।