ਖੁਦਕੁਸ਼ੀ ਕਿਉਂ?

ਪਿਛਲੇ ਦੋ ਹਫਤਿਆਂ ਵਿਚ ਹੋਈਆਂ ਡੇਢ ਦਰਜਨ ਕਿਸਾਨ ਖੁਦਕੁਸ਼ੀਆਂ ਨੇ ਦਰਦਮੰਦਾਂ ਦਾ ਧਿਆਨ ਇਸ ਵਹਿਸ਼ਤ ਵੱਲ ਖਿਚਿਆ ਹੈ। ਬੇਸ਼ਕ ਕਿਸਾਨ ਕਰਜਿਆਂ ਦੀ ਬਿਪਤਾ ਤੋਂ ਅੱਕ ਕੇ ਖੁਦਕੁਸ਼ੀਆਂ ਦੇ ਰਾਹ ਪੈਂਦੇ ਹਨ ਪਰ ਇਸ ਦਾ ਨਤੀਜਾ ਉਨ੍ਹਾਂ ਦੇ ਪਰਿਵਾਰ ਦੇ ਰੁਲ ਜਾਣ ਵਿਚ ਨਿਕਲਦਾ ਹੈ। ਉਹ ਕਿਸਾਨ ਜੋ ਹਰ ਮੁਸੀਬਤ ਦਾ ਸਾਹਮਣਾ ਪੂਰੇ ਦਿਲ ਗੁਰਦੇ ਨਾਲ ਕਰਦਾ ਆਇਆ ਹੈ, ਉਸ ਦੇ ਇਸ ਤਰ੍ਹਾਂ ਹਾਰ ਮੰਨ ਜਾਣ ‘ਤੇ ਲੇਖਕ ਮਝੈਲ ਸਿੰਘ ਸਰਾਂ ਦੀ ਵੀ ਰੂਹ ਕੰਬ ਜਾਂਦੀ ਹੈ ਤੇ

ਫਿਰ ਉਹ ਹੋਕਾ ਦਿੰਦਾ ਹੈ, “ਕਿਸਾਨ ਵੀਰੋ ਕਿਸੇ ਨੇ ਨਹੀਂ ਰੋਕਣਾ ਤੁਹਾਨੂੰ ਇਸ ਖੁਦਕੁਸ਼ੀ ਵਾਲੇ ਰਾਹ ਤੋਂ, ਖੁਦ ਹੀ ਇਸ ਰਾਹ ਤੋਂ ਪਾਸਾ ਵੱਟਣਾ ਪੈਣਾ। ਜਿਨ੍ਹਾਂ ਦਾ ਹੱਕ ਬਣਦਾ, ਉਨ੍ਹਾਂ ਨੇ ਹੋਰ ਬਥੇਰੇ ਮਸਲੇ ਖੜ੍ਹੇ ਕੀਤੇ ਹੋਏ ਆ, ਉਨ੍ਹਾਂ ਦਾ ਕਿੱਥੇ ਵਿਹਲ ਆ?” -ਸੰਪਾਦਕ

ਮਝੈਲ ਸਿੰਘ ਸਰਾਂ

ਸਮਝ ਤੋਂ ਬਾਹਰ ਹੋਈ ਜਾਂਦਾ ਕਿ ਪੰਜਾਬ ਦਾ ਕਿਸਾਨ ਕਿਉਂ ਦਿਨ ਬ-ਦਿਨ ਖੁਦਕੁਸ਼ੀਆਂ ਦੇ ਰਾਹ ਪਈ ਜਾਂਦਾ! ਇੱਕ ਤਰ੍ਹਾਂ ਰੇਸ ਹੀ ਲਾ ਲਈ ਲਗਦੀ ਆ ਕਿ ਕਿਤੇ ਮੈਂ ਦੂਜੇ ਤੋਂ ਪਿੱਛੇ ਨਾ ਰਹਿ ਜਾਵਾਂ, ਪਤਾ ਨਹੀਂ ਕਿਹੜਾ ਗੋਲਡ ਕੱਪ ਜਿੱਤਣ ਨੂੰ ਪਏ ਹੋਏ ਆ! ਕਿਹੜਾ ਕੰਮ ਫੜ੍ਹ ਲਿਆ! ਇਹ ਭਲਾ-ਮਰ ਜਾਣਾ ਕੋਈ ਹੱਲ ਹੁੰਦਾ ਕਿਸੇ ਮੁਸੀਬਤ ਦਾ? ਕਿਸ ਹਿਰਖ ਦਾ ਮਾਰਿਆ ਭਲਾ ਤੁਰਿਓਂ ਆ ਇਸ ਰਾਹ ‘ਤੇ! ਆਪ ਤਾਂ ਅੱਖਾਂ ਮੀਟ ਜਾਂਦੇ ਆ, ਟੱਬਰ ਦੇ ਜੀਆਂ ਨੂੰ ਕਿਹਦੇ ਸਹਾਰੇ ਛੱਡ ਕੇ?
ਇਹੋ ਕਬੀਲਦਾਰੀ ਸਿੱਖੀ ਆ ਆਪਣੇ ਪੁਰਖਿਆਂ ਤੋਂ! ਕੀ ਮੁਟਿਆਰ ਧੀ ਦਾ ਵਿਆਹ ਹੋ ਜਾਊ ਤੇਰੇ ਰੱਸਾ ਗਲ ‘ਚ ਪਾਉਣ ਨਾਲ? ਤੈਨੂੰ ਨਹੀਂ ਪਤਾ ਪਿਓ ਬਾਹਰੀ ਧੀ ਦਾ ਕੀ ਹਸ਼ਰ ਹੁੰਦਾ ਇਸ ਸਮਾਜ ਵਿਚ? ਕੌਣ ਸਾਂਭੂ ਬੁੱਢੇ ਮਾਂ-ਬਾਪ ਨੂੰ, ਤੇਰੇ ਸਲਫਾਸ ਖਾ ਕੇ ਅਰਥੀ ‘ਤੇ ਪੈ ਕੇ ਘਰੋਂ ਨਿਕਲ ਜਾਣ ਪਿਛੋਂ? ਕੀ ਸਿਵਿਆਂ ਦਾ ਰਾਹ ਹੀ ਬਚਿਆ ਤੁਹਾਡੀਆਂ ਮੁਸੀਬਤਾਂ ਦਾ ਇੱਕੋ ਇੱਕ ਹੱਲ? ਕਿਹਦੇ ਸਿਰ ਚੜ੍ਹ ਕੇ ਖੇਤ ‘ਚ ਜਾ ਕੇ ਕੀਟਨਾਸ਼ਕ ਦੁਆਈ ਪੀ ਬੰਨੇ ‘ਤੇ ਲਾਸ਼ ਬਣ ਕੇ ਡਿੱਗ ਜਾਂਦੇ ਹੋ? ਲੀਡਰਾਂ ਦੇ ਸਿਰ ਚੜ੍ਹ ਕੇ ਕਰਦੇ ਹੋ ਖੁਦਕੁਸ਼ੀ ਕਿ ਇਨ੍ਹਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ, ਰਾਜ ਤਖਤ ‘ਤੇ ਬੈਠ ਕੇ ਤੁਹਾਡਾ ਕਰਜ਼ਾ ਮੁਆਫ ਕਰ ਦਿਆਂਗੇ ਤੇ ਹੁਣ ਇਹਤੋਂ ਕੰਨੀ ਖਿਸਕਾਈ ਜਾਂਦੇ ਆ! ਜ਼ਰਾ ਠੰਡੇ ਦਿਮਾਗ ਨਾਲ ਵਿਚਾਰਿਓ ਕਿ ਸਿਆਸੀ ਲੀਡਰਾਂ ਦੇ ਅੱਜ ਤੱਕ ਕੀਤੇ ਸਾਰੇ ਵਾਅਦੇ ਤੁਹਾਡੇ ਨਾਲ ਪੂਰੇ ਹੋਏ ਆ? ਜੇ ਤਾਂ ਪਹਿਲੇ ਵਾਅਦੇ ਪੂਰੇ ਹੋ ਗਏ ਤੇ ਤੁਸੀਂ ਸੰਤੁਸ਼ਟ ਹੋ ਉਨ੍ਹਾਂ ਤੋਂ, ਬੱਸ ਕਰਜ਼ਾ ਮੁਆਫੀ ਵਾਲਾ ਵਾਅਦਾ ਹੀ ਬਰਦਾਸ਼ਤ ਨਹੀਂ ਹੋਇਆ ਤਾਂ ਫਿਰ ਕਰੀ ਜਾਓ ਜੋ ਕੁਝ ਕਰਨਾ, ਇਸ ਹਿਰਖ ਦੇ ਮਾਰਿਓ। ਚੇਤੇ ਰੱਖਿਓ, ਸਿਵਿਆਂ ਦੀ ਅੱਗ ਇਸ ਲਈ ਲਟ ਲਟ ਬਲਦੀ ਆ ਕਿ ਉਹਨੇ ਇਸ ਤੋਂ ਬਾਅਦ ਤੁਹਾਡੇ ਘਰ ਦੇ ਚੁੱਲ੍ਹੇ ਨੂੰ ਠੰਡਾ ਕਰ ਜਾਣਾ ਹੁੰਦਾ ਆ।
ਤੁਹਾਨੂੰ ਪਤਾ ਹੋਣਾ, ਤੁਹਾਡੇ ਪੁਰਖਿਆਂ ਨੇ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਕਿਹੜੀ ਕਿਹੜੀ ਕੁਰਬਾਨੀ ਨਹੀਂ ਕੀਤੀ ਤੇ ਇਸ ਮੁਲਕ ਦੇ ਦੇਸੀ ਲੀਡਰਾਂ ਨੇ ਉਸ ਵਕਤ ਉਨ੍ਹਾਂ ਨਾਲ ਵੀ ਇਹ ਵਾਅਦਾ ਨਹੀਂ ਸੀ ਕੀਤਾ ਕਿ ਤੁਹਾਡਾ ਆਜ਼ਾਦੀ ਦਾ ਹੱਕ ਤੁਹਾਨੂੰ ਦਿੱਤਾ ਜਾਵੇਗਾ ਤੇ ਤੁਸੀਂ ਉਸ ਖਿੱਤੇ ਵਿਚ ਆਜ਼ਾਦੀ ਦਾ ਨਿੱਘ ਮਾਣੋਗੇ। ਤੁਹਾਡੇ ਪੁਰਖਿਆਂ ਨੇ ਉਨ੍ਹਾਂ ‘ਤੇ ਯਕੀਨ ਕਰਕੇ ਸ਼ਹਾਦਤਾਂ ਦੇ ਕੇ ਮੁਲਕ ਨੂੰ ਆਜ਼ਾਦ ਕਰਵਾ ਦਿੱਤਾ ਤੇ ਉਹੀ ਲੀਡਰ ਜਦੋਂ ਤੁਹਾਡੇ ਪੁਰਖਿਆਂ ਵਲੋਂ ਦਿਵਾਈ ਆਜ਼ਾਦੀ ਤੋਂ ਬਾਅਦ ਰਾਜ ਤਖਤ ‘ਤੇ ਬੈਠੇ ਤਾਂ ਨਾਲ ਹੀ ਕੀਤੇ ਵਾਅਦੇ ਵੀ ਛੂ ਮੰਤਰ ਹੋ ਗਏ। ਉਹੀ ਲੀਡਰ ਪੈਰ ‘ਤੇ ਹੀ ਮੁੱਕਰ ਗਏ ਕਿ ਹੁਣ ਹਾਲਾਤ ਬਦਲ ਗਏ ਆ। ਦੱਸੋ ਤੁਸੀਂ! ਕੀ ਤੁਹਾਡੇ ਪੁਰਖੇ ਇਸ ਵਾਅਦਾ-ਖਿਲਾਫੀ ਦੇ ਰੋਸ ਵਜੋਂ ਖੁਦਕੁਸ਼ੀਆਂ ਦੇ ਰਾਹ ਪੈ ਗਏ ਸਨ ਭਲਾ? ਉਨ੍ਹਾਂ ਨੂੰ ਤਾਂ ਬਣਦੇ ਹੱਕ ਵੀ ਨਾ ਮਿਲੇ, ਉਹ ਫਿਰ ਵੀ ਡਟੇ ਰਹੇ, ਉਜੜ-ਪੁੱਜੜ ਕੇ ਵੀ ਮੁੜ ਨਵੇਂ ਸਿਰਿਓਂ ਜ਼ਿੰਦਗੀ ਰਵਾਂ ਕੀਤੀ, ਤੇ ਤੁਹਾਨੂੰ ਨਿੱਤ ਦਿਨ ਮਰਨ ਚੜ੍ਹਿਆ ਹੋਇਆ ਕਿ ਸਾਨੂੰ ਕਰਜ਼ੇ ਦੀ ਮੁਆਫੀ ਨਹੀਂ ਦਿੰਦੇ ਹਾਕਮ।
ਇੱਕ ਗੱਲ ਨੂੰ ਪੱਕਾ ਮਨ ‘ਚ ਵਸਾਓ ਕਿ ਮੁਆਫੀ ਕਿਸੇ ਕੀਤੇ ਜ਼ੁਰਮ ਦੀ ਮਿਲਦੀ ਆ, ਤੇ ਤੁਸੀਂ ‘ਮੁਆਫੀ ਮੁਆਫੀ’ ਦਾ ਰਾਗ ਅਲਾਪ ਕੇ ਇਹ ਖੁਦ ਕਬੂਲ ਕਰਦੇ ਹੋ ਕਿ ਤੁਹਾਡਾ ਚੁੱਕਿਆ ਕਰਜ਼ਾ, ਤੁਹਾਡਾ ਕੀਤਾ ਹੋਇਆ ਜ਼ੁਰਮ ਆ। ਤੁਸੀਂ ਖੁਦਕੁਸ਼ੀ ਕਰਕੇ ਆਪਣੇ ਪਰਿਵਾਰ ਨੂੰ ਬੇਸਹਾਰਾ ਛੱਡ ਕੇ ਉਹ ਸਜ਼ਾ ਦਿੰਦੇ ਹੋ, ਜੋ ਜੁਰਮ ਉਨ੍ਹਾਂ ਨੇ ਕੀਤਾ ਹੀ ਨਹੀਂ ਹੁੰਦਾ। ਜੇ ਮਾਲਿਆ ਵਰਗੇ ਧਨਾਢ ਦਾ ਅਰਬਾਂ ਦਾ ਕਰਜ਼ਾ ਵੱਟੇ ਖਾਤੇ ਵਿਚ ਇਹ ਹਾਕਮ ਪਾ ਸਕਦੇ ਆ, ਫਿਰ ਤੁਹਾਡਾ ਕਿਉਂ ਨਹੀਂ? ਤੁਸੀਂ ਕਿਉਂ ਮੁਆਫ ਕਰਾਉਣ ਦੀ ਰਟ ਲਾਈ ਹੋਈ ਆ।
ਇੱਕ ਕਰਜ਼ੇ ਕਰਕੇ ਤੁਰਿਓਂ ਆ ਸਿਵਿਆਂ ਦੇ ਰਾਹ ਤੁਸੀਂ, ਕਿਹਦੇ ਸਿਰ ਕਰਜ਼ਾ ਨਹੀਂ ਹੈਗਾ, ਤੁਹਾਨੂੰ ਲਗਦਾ ਹੋਣਾ ਬਾਹਰਲੇ ਮੁਲਕਾਂ ‘ਚ ਗਏ ਤੁਹਾਡੇ ਪੇਂਡੂ ਖੌਰੇ ਸਵਰਗਾਂ ‘ਚ ਰਹਿੰਦੇ ਹੋਣੇ ਆ, ਬਿਨਾ ਕਿਸੇ ਫਿਕਰ ਫਾਕੇ ਤੋਂ! ਅਸਲੀਅਤ ਇਹ ਆ, ਹਰੇਕ ਸਿਰ ਕਰਜ਼ੇ ਦੀ ਪੰਡ ਆ, ਤੁਸੀਂ ਤਾਂ ਫਿਰ ਵੀ ਆਪਣੇ ਘਰ ਵਿਚ ਬੈਠੇ ਹੋਣੇ ਆ, ਇਥੇ ਆਲੇ ਉਹ ਵੀ ਕਰਜ਼ੇ ਵਾਲੇ ਘਰ ਵਿਚ ਰਹਿੰਦੇ ਆ, ਕੰਮਾਂ ‘ਤੇ ਜਾਣ ਵਾਲੀਆਂ ਕਾਰਾਂ ਕਰਜ਼ੇ ‘ਤੇ ਹਨ, ਘਰ ਦਾ ਬਹੁਤਾ ਸਾਮਾਨ ਕਰਜ਼ਾ ਚੁੱਕ ਕੇ ਲਿਆ ਹੋਇਆ, ਨਿਆਣੇ ਆਪਣੀਆਂ ਪੜ੍ਹਾਈਆਂ ਕਰਜ਼ਾ ਚੁੱਕ ਕੇ ਕਰਦੇ ਆ ਤੇ ਫਿਰ ਨੌਕਰੀ ਕਰਕੇ ਅੱਧੀ ਉਮਰ ਉਹ ਕਰਜ਼ਾ ਲਾਹੁਣ ‘ਤੇ ਲਾ ਦਿੰਦੇ ਆ। ਦਿਨ ਰਾਤ ਕੰਮ ਲਈ ਇੱਕ ਕਰੀ ਰੱਖਦੇ ਆ ਸਾਰੇ। ਜ਼ਰੂਰਤ ਪੈਣ ‘ਤੇ ਜਿੰਨਾ ਕੁ ਹੋ ਸਕਦਾ, ਤੁਹਾਡੇ ਨਾਲ ਖੜ੍ਹਨ ਦੀ ਵੀ ਕੋਸ਼ਿਸ਼ ਕਰਦੇ ਆ।
ਇਥੇ ਕਰਜ਼ਾ ਚੁੱਕਣ ਨੂੰ ਕੋਈ ਗੁਨਾਹ ਨਹੀਂ ਮੰਨਿਆ ਜਾਂਦਾ ਕਿਉਂਕਿ ਪਤਾ ਹੁੰਦਾ ਜੋ ਚੁੱਕਿਆ, ਉਹ ਲਾਹੁਣਾ ਵੀ ਖੁਦ ਹੀ ਆ। ਕੋਈ ਕਿਸੇ ਕੋਲ ਫਰਿਆਦ ਨਹੀਂ ਕਰਦਾ ਕਿ ਮੁਆਫ ਕਰ ਦਿਓ, ਨਾ ਹੀ ਫਾਹਾ ਲੈਣ ਦੀ ਸੋਚਦੇ ਆ ਕਦੇ। ਫਿਰ ਭਰਾਵੋ ਤੁਸੀਂ ਕਿਉਂ ਇਸ ਰਾਹ ਜਾਈ ਜਾਂਦੇ ਹੋ? ਤੁਹਾਡੇ ਹੈਥੇ ਵਾਲਿਆਂ ਬਾਰੇ ਤਾਂ ਮੈਂ ਕੁਸ਼ ਨਹੀਂ ਕਹਿ ਸਕਦਾ ਪਰ ਇਥੇ ਵਾਲਿਆਂ ਬਾਰੇ ਤੁਹਾਨੂੰ ਸੱਚ ਦੱਸਾਂ, ਸਾਰਾ ਦਿਨ ਦਸ-ਬਾਰਾਂ ਘੰਟੇ ਕੰਮ ਕਰਕੇ ਤ੍ਰਿਕਾਲਾਂ ਨੂੰ ਘਰ ਆ ਕੇ ਰੋਟੀ ਖਾਣ ਵੇਲੇ ਜਦੋਂ ਟੈਲੀਵਿਜ਼ਨ ‘ਤੇ ਤੁਹਾਡੀਆਂ ਖੁਦਕੁਸ਼ੀ ਦੀਆਂ ਖਬਰਾਂ ਦੇਖਦੇ ਹਾਂ ਤਾਂ ਵਿਰਲਾਪ ਕਰਦੇ ਤੁਹਾਡੇ ਮਾਪੇ ਤੇ ਬੱਚੇ ਅਤੇ ਤੁਹਾਡੀ ਘਰ ਵਾਲੀ ਦੇ ਕੀਰਨੇ ਦੇਖ-ਸੁਣ ਕੇ ਰੋਟੀ ਦੀ ਬੁਰਕੀ ਸੰਘੋਂ ਥੱਲੇ ਨਹੀਂ ਲੰਘਦੀ।
ਕਿਉਂ ਭਰਾਵੋ ਅਨਰਥ ਕਰ ਰਹੇ ਹੋ! ਮੁੜ ਆਓ ਇਸ ਰਾਹ ਤੋਂ, ਵਾਸਤਾ ਆ ਰੱਬ ਦਾ। ਤੁਸੀਂ ਰੱਬ ਨੂੰ ਮੰਨਣ ਵਾਲੇ ਹੋ, ਸਾਡਾ ਜਨਮ ਰੱਬ ਦੀ ਰਜ਼ਾ ਨਾਲ ਹੋਇਆ, ਫਿਰ ਕਿਉਂ ਉਸ ਦੀ ਰਜ਼ਾ ਨੂੰ ਉਲਟਾ ਗੇੜ ਦੇਣ ‘ਤੇ ਬਜ਼ਿਦ ਹੋ, ਤੁਸੀਂ ਜਿਉਂਦੇ ਜੀਅ ਜਿਸ ਕਰਜ਼ੇ ਦੀ ਮੁਆਫੀ ਨਾ ਮਿਲਣ ‘ਤੇ ਮੌਤ ਨੂੰ ਗਲੇ ਲਾਉਂਦੇ ਹੋ, ਕੀ ਰੱਬ ਤੁਹਾਨੂੰ ਉਹਦੀ ਹੁਕਮ ਅਦੂਲੀ ਕਰਨ ‘ਤੇ ਮੁਆਫੀ ਦੇ ਦੇਊ। ਨਾ ਜਿਉਂਦੇ ਜੀਅ ਤੇ ਨਾ ਮਰ ਕੇ ਹੀ ਮੁਆਫੀ, ਫਿਰ ਮਰਨਾ ਕਿਉਂ! ਕਿਉਂ ਦੋ ਗੁਨਾਹਾਂ ਦੇ ਭਾਗੀਦਾਰ ਬਣਦੇ ਹੋ? ਕਰਜ਼ਾ ਜ਼ਿੰਦਗੀ ਨੂੰ ਸੁਖਾਲਾ ਕਰਨ ਲਈ ਲਿਆ, ਕੋਈ ਐਸ਼ ਕਰਨ ਲਈ ਤਾਂ ਨਹੀਂ ਨਾ! ਜੇ ਵਕਤ ਮਾੜਾ ਆਉਣ ਕਰਕੇ ਕਰਜ਼ਾ ਨਹੀਂ ਉਤਾਰ ਹੋਇਆ ਤਾਂ ਚੰਗਾ ਵੀ ਆ ਜਾਊ ਵਕਤ, ਉਤਰ ਜਾਊ ਇਹ ਕਰਜ਼ਾ ਵੀ ਪਰ ਕੀ ਇੱਕ ਵਾਰ ਕੀਤੀ ਖੁਦਕੁਸ਼ੀ ਮੁੜ ਕੇ ਜ਼ਿੰਦਗੀ ਲਿਆ ਦੇਊ? ਕੀ ਘਰ ਵਾਲੀ ‘ਤੇ ਦਿੱਤੀ ਚਿੱਟੀ ਚੁੰਨੀ ਮੁੜ ਕੇ ਉਹਨੂੰ ਸੁਹਾਗਣ ਬਣਾ ਦੇਊ? ਕੀ ਸਿਵਿਆਂ ਦੇ ਰਾਹ ਪਿਆ ਪੁੱਤ ਬਜ਼ੁਰਗ ਮਾਪਿਆਂ ਨੂੰ ਮੁੜ ਮਿਲ ਜਾਊ? ਕੀ ਇੱਕ ਵਾਰ ਲਾਸ਼ ਬਣਿਆ ਪਿਓ ਮੁੜ ਆਪਣੇ ਨਿਆਣਿਆਂ ਨੂੰ ਮੋਢਿਆਂ ‘ਤੇ ਚੁੱਕ ਕੇ ਖਿਡਾ ਸਕੇਗਾ? ਕਿਹਨੂੰ ਬਾਪ ਕਹਿ ਕੇ ਹਾਕ ਮਾਰੂ ਤੇਰਾ ਪੁੱਤ? ਕਦੇ ਸੋਚਿਆ, ਰੱਸਾ ਗਲ ਪਾਉਣ ਤੋਂ ਪਹਿਲਾਂ! ਕੌਣ ਧਰਮੀ ਬਾਪ ਬਣ ਕੇ ਲਾਡਲੀ ਧੀ ਨੂੰ ਡੋਲੀ ‘ਚ ਉਹਦੇ ਸਹੁਰੇ ਘਰ ਭੇਜੂ?
ਓ ਭਰਾਵੋ! ਤੁਸੀਂ ਪੁਸ਼ਤ-ਦਰ-ਪੁਸ਼ਤ ਬੜੇ ਗੈਰਤਮੰਦ ਚਲੇ ਆ ਰਹੇ ਹੋ, ਖੁਦਕੁਸ਼ੀ ਗੈਰਤਮੰਦਾਂ ਦਾ ਕੰਮ ਥੋੜਾ ਆ ਯਾਰੋ! ਤੁਹਾਡੇ ਇਸ ਖੁਦਕੁਸ਼ੀ ਵਾਲੇ ਫੈਸਲੇ ਨੇ ਸਮੁਚੇ ਸੂਰਬੀਰਾਂ ਦੇ ਪੰਜਾਬ ਨੂੰ ਡਰਪੋਕਾਂ ਦੀ ਕਤਾਰ ਵਿਚ ਲਿਆ ਖੜ੍ਹਾ ਕਰ ਦੇਣਾ, ਇਹ ਕਲੰਕ ਨਹੀਂ ਲੱਗਣ ਦੇਣਾ ਆਪਣੇ ਮੱਥੇ ‘ਤੇ ਵੀਰੋ, ਦੁਨੀਆਂ ਭਾਵੇਂ ਏਧਰ ਦੀ ਓਧਰ ਹੋ ਜਾਵੇ! ਬੱਸ ਜੀਣਾ ਹੈ ਜੀਣਾ! ਜੇ ਪਹਿਲਾਂ ਹਾਕਮਾਂ ਦੀ ਅਣਦੇਖੀ ਦੇ ਹਿਰਖ ਮਾਰਿਆ ਫਾਹਾ ਲੈਂਦਾ ਤਾਂ ਹੁਣ ਇਨ੍ਹਾਂ ਦੇ ਸਿਰ ਚੜ੍ਹ ਕੇ ਜਿਉਣਾ ਹੈ, ਇਨ੍ਹਾਂ ਨੂੰ ਇਹ ਚਿਤਾਰਨਾ ਕਿ ਤੁਸੀਂ ਤਾਂ ਰਲ-ਮਿਲ ਕੇ ਕੋਈ ਕਸਰ ਛੱਡੀ ਨਹੀਂ ਸਾਨੂੰ ਮਾਰਨ ਦੀ, ਪਰ ਦੇਖ ਲਓ ਆਹ! ਅਸੀਂ ਫਿਰ ਵੀ ਜਿਉਂਦੇ ਹਾਂ ਤੇ ਐਦਾਂ ਹੀ ਜੀਆਂਗੇ ਵੀ!
ਸਰਕਾਰੇ ਤੂੰ ਵੀ ਕਦੇ ਸੁਹਿਰਦ ਹੋ ਜਾਹ! ਜੇ ਵਾਅਦੇ ਕਰਦੀ ਆ ਤਾਂ ਨਿਭਾਉਣੇ ਵੀ ਤਾਂ ਸਿੱਖ! ਫੋਕੀਆਂ ਮੱਤਾਂ ਹੀ ਨਾ ਦੇਈ ਜਾਹ ਕਿ ਚਾਦਰ ਦੇਖ ਕੇ ਪੈਰ ਪਸਾਰੋ, ਇਹ ਸਭ ਨੂੰ ਪਤਾ ਹੈਗਾ, ਕੋਈ ਨਵੀਂ ਗੱਲ ਨਹੀਂ ਪਰ ਚਾਦਰ ਤੁਸੀਂ ਰਹਿਣ ਕਿੱਥੇ ਦਿੱਤੀ ਗਰੀਬ ਕਿਸਾਨ ਕੋਲ? ਇੱਕ ਲੀਰ ਬਣਾ ਕੇ ਰੱਖ ਦਿਤੀ ਆ ਤੇਰੀਆਂ ਕੁਚਾਲਾਂ ਨੇ। ਅੱਜ ਜਿਹਨੂੰ ਤੁਸੀਂ ਚਾਦਰ ਕਹਿੰਦੇ ਹੋ, ਠੋਕਰ ਲੱਗੀ ‘ਤੇ ਪੈਰ ਦੇ ਅੰਗੂਠੇ ‘ਤੇ ਬੰਨ੍ਹਣ ਜੋਗੀ ਵੀ ਨਹੀਂ ਰਹੀ ਤੇ ਤੁਸੀਂ ਲੀਡਰੋ ਪੈਰ ਪਸਾਰਨ ਦੀਆਂ ਗੱਲਾਂ ਕਰਦੇ ਹੋ। ਦਿਨ ਰਾਤ ਮਿੱਟੀ ਨਾਲ ਮਿੱਟੀ ਹੋਣ ਵਾਲੇ ਦੀਆਂ ਵੀ ਕੋਈ ਹਸਰਤਾਂ ਹਨ, ਕਿਥੋਂ ਪੂਰੀਆਂ ਕਰੇ? ਧੀ ਦੇ ਵਿਆਹ ਦੀ ਕਿਹਨੂੰ ਖੁਸ਼ੀ ਨਹੀਂ ਹੁੰਦੀ, ਕਿੱਦਾਂ ਕਰੇ ਖਾਲੀ ਜੇਬ ਨਾਲ? ਜੇ ਆੜਤੀਆਂ ਤੋਂ ਫੜ੍ਹ ਕੇ ਨਾ ਕਰੇ ਤਾਂ ਦੱਸੋ ਹੋਰ ਕੋਈ ਤਰੀਕਾ, ਉਵੇਂ ਕਰ ਲਊ।
ਆੜਤੀਏ ਤੋਂ ਲਿਆ ਕਰਜ਼ਾ ਉਦੋਂ ਹੀ ਸਿਰੋਂ ਨਹੀਂ ਲਹਿੰਦਾ ਜਦੋਂ ਫਸਲ ਮਾਰੀ ਜਾਂਦੀ ਜਾਂ ਸਰਕਾਰੇ ਤੇਰੇ ਕੁਪ੍ਰਬੰਧ ਕਰਕੇ ਮੰਡੀਆਂ ‘ਚ ਰੁਲਦੀ ਆ ਜਾਂ ਤੂੰ ਆਪਣੇ ਆਕਿਆਂ ਨੂੰ ਉਨ੍ਹਾਂ ਦੇ ਤੇਰੇ ‘ਤੇ ਕੀਤੇ ਉਪਕਾਰ ਬਦਲੇ ਜਿਣਸਾਂ ਦੇ ਭਾਅ ਕੌਡੀਆਂ ਦੇ ਕਰਕੇ ਕਿਸਾਨਾਂ ਦੀ ਲੁੱਟ ਕਰਕੇ ਉਨ੍ਹਾਂ ਦੇ ਗੋਦਾਮ ਭਰ ਦਿੰਦੀ ਆਂ, ਜਿਹੜੇ ਵਕਤ ਲੰਘਣ ‘ਤੇ ਉਹੀ ਸੋਨੇ ਦੇ ਭਾਅ ਵੇਚਦੇ ਆ। ਆੜਤੀਆ ਵੀ ਕਿਸਾਨ ਦੇ ਨਾਲ ਹੀ ਮਾਰਿਆ ਜਾ ਰਿਹਾ ਕਿਉਂਕਿ ਉਹਦਾ ਦਿੱਤਾ ਕਿਸਾਨ ਨੂੰ ਕਰਜ਼ਾ ਮਰਦਾ ਜਾਂਦਾ। ਇਹ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਜ਼ਿਆਦਾਤਰ ਆੜਤੀਏ ਪੇਂਡੂ ਪਿਛੋਕੜ ਵਾਲੇ ਖੁਦ ਵੀ ਕਿਸਾਨ ਹਨ ਤੇ ਸਰਕਾਰ ਦੀ ਨਜ਼ਰ ਵਿਚ ਆੜਤੀਏ ਦਾ ਕਰਜ਼ਾ ਉਹਦੀ ਪਰਿਭਾਸ਼ਾ ਵਿਚ ਹੀ ਨਹੀਂ ਆਉਂਦਾ ਜਦਕਿ ਅਸਲੀਅਤ ਇਹ ਹੈ ਕਿ ਕਿਸਾਨ ਦੁਖੀ ਹੀ ਆੜਤੀਏ ਦੇ ਕਰਜ਼ੇ ਤੋਂ ਹੈ ਤੇ ਆੜਤੀਆ ਮਰਦਾ ਹੀ ਅੱਕ ਚੱਬਦਾ ਜਦੋਂ ਉਹਨੂੰ ਦਿਸਣ ਲਗਦਾ ਕਿ ਉਹਦਾ ਦਿੱਤਾ ਕਰਜ਼ਾ ਨਾ ਕਿਸਾਨ ਮੋੜਨ ਦੇ ਸਮਰਥ ਰਿਹਾ ਤੇ ਨਾ ਹੀ ਸਰਕਾਰ ਇਸ ਬਾਰੇ ਸੁਹਿਰਦ ਹੈ। ਫਿਰ ਉਹ ਕਰਦਾ ਕਿਸਾਨ ‘ਤੇ ਕੇਸ, ਤਾਂ ਹੁੰਦੇ ਕੁਰਕੀ ਦੇ ਅਦਾਲਤੀ ਫੈਸਲੇ ਤੇ ਜੱਟ ਮਜਬੂਰ ਹੁੰਦਾ ਖੁਦਕੁਸ਼ੀ ਕਰਨ ਨੂੰ।
ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਕੋ-ਆਪਰੇਟਿਵ ਸੁਸਾਇਟੀ ਦੇ ਕਰਜ਼ੇ ਦੀ ਥਾਂ ਆੜਤੀਏ ਦੇ ਕਰਜ਼ੇ ਬਾਰੇ ਸੋਚਦੀ ਜੋ ਵੱਡਾ ਕਾਰਨ ਬਣਦਾ ਜਾ ਰਿਹਾ ਖੁਦਕੁਸ਼ੀਆਂ ਦਾ। ਕੋ-ਆਪਰੇਟਿਵ ਸੁਸਾਇਟੀਆਂ ਦੇ ਕਰਜ਼ੇ ਫਸਲੀ ਕਰਜ਼ੇ ਹੁੰਦੇ ਹਨ ਤੇ ਜੋ ਕਿਸਾਨ ਨੇ ਮੋੜਨੇ ਹੀ ਹੁੰਦੇ ਹਨ ਪਰ ਕੀਤਾ ਕੀ ਜਾਂਦਾ, ਪੁਰਾਣੇ ਕਰਜ਼ੇ ਕਾਗਜ਼ਾਂ ਵਿਚ ਹੀ ਨਵੇਂ ਕਰ ਦਿੱਤੇ ਜਾਂਦੇ ਹਨ, ਸਿਰਫ ਪਿਛਲੇ ਛੇ ਮਹੀਨਿਆਂ ਦਾ ਵਿਆਜ ਜਮ੍ਹਾਂ ਕਰਵਾਇਆ ਜਾਂਦਾ। ਕਿਸੇ ਸਹਿਕਾਰੀ ਸੁਸਾਇਟੀ ਦੇ ਕਰਜ਼ੇ ‘ਚ ਫਸਿਆ ਸ਼ਾਇਦ ਹੀ ਕੋਈ ਕਿਸਾਨ ਖੁਦਕੁਸ਼ੀ ਕਰਕੇ ਮਰਿਆ ਹੋਵੇ। ਜੇ ਕਿਸਾਨ ਸਿਰ ਚੜ੍ਹੇ ਕਰਜ਼ੇ ਨੂੰ ਖੇਤੀ ਤੇ ਗੈਰ ਖੇਤੀ ‘ਚ ਵੰਡ ਕੇ ਸਿਰਫ ਖੇਤੀ ਨਾਲ ਸਬੰਧਤ ਕਰਜ਼ੇ ਦੀ ਮੁਕਤੀ ਦੀ ਗੱਲ ਕਰਨੀ ਹੈ ਤਾਂ ਖੁਦਕੁਸ਼ੀ ਰੁਕਣੀ ਨਹੀਂ। ਗੈਰ ਖੇਤੀ ਕਰਜ਼ਾ ਦਰਅਸਲ ਸਮਾਜੀ ਕਰਜ਼ਾ ਹੈ ਜੋ ਕਿਸਾਨ ਨੂੰ ਮਜਬੂਰਨ ਲੈਣਾ ਪੈਂਦਾ, ਨਾ ਸਰਦੇ ਨੂੰ। ਜ਼ਿਆਦਾ ਨਮੋਸ਼ੀ ਹੀ ਇਸ ਕਰਜ਼ੇ ਦੀ ਮਾਰਦੀ ਆ ਕਿਉਂਕਿ ਕਰਜ਼ਾ ਲੈਣ ਵਕਤ ਉਹ ਮੋੜਨ ਦਾ ਵਾਅਦਾ ਵੀ ਛੇਤੀ ਕਰ ਲੈਂਦਾ ਪਰ ਹਾਲਾਤ ਸਾਜ਼ਗਾਰ ਨਾ ਹੋਣ ਕਾਰਨ ਮੁੜਦਾ ਨਹੀਂ ਤੇ ਕਰਜ਼ਾ ਦੇਣ ਵਾਲੇ ਨਾਲ ਅੱਖ ਮਿਲਾਉਣ ਤੋਂ ਕੰਨੀ ਕਤਰਾਉਣ ਲੱਗ ਜਾਂਦਾ। ਬੱਸ ਇੱਥੇ ਹੀ ਖੁਦਕੁਸ਼ੀ ਦੀ ਨੀਂਹ ਰੱਖ ਹੋ ਜਾਂਦੀ ਆ।
ਸਮੇਂ ਦੇ ਚਲਣ ਨਾਲ ਤੇ ਬੇਆਸੀ ਦੇ ਆਲਮ ਵਿਚ ਅੱਖ ਮਿਲਾਉਣ ਤੋਂ ਕੰਨੀ ਕਤਰਾਉਣ ਵਾਲਾ ਜ਼ਿੰਦਗੀ ਤੋਂ ਹੀ ਕੰਨੀ ਕਤਰਾ ਜਾਂਦਾ ਇੱਕ ਦਿਨ। ਕਾਰਪੋਰੇਟ ਬੈਂਕਾਂ ਦਾ ਨਾ ਮੁੜਿਆ ਕਿਸਾਨੀ ਕਰਜ਼ਾ ਵੱਟੇ ਖਾਤੇ ਪਾਉਣਾ ਚਾਹੀਦਾ ਜਿਵੇਂ ਮਾਲਿਆ ਵਰਗੇ ਧਨਾਢ ਦਾ ਪਾਇਆ ਸਰਕਾਰ ਨੂੰ ਵੀ ਨਹੀਂ ਦੇਣਾ ਬਣਦਾ।
ਪੰਜਾਬ ਦੇ ਸਾਰੇ ਸਿਆਸੀ ਲੀਡਰ ਕਿਸਾਨ ਖੁਦਕੁਸ਼ੀਆਂ ਵਿਚੋਂ ਆਪਣਾ ਭਵਿੱਖ ਦੇਖ ਰਹੇ ਹਨ-ਸਿਰਫ ਭਵਿੱਖ ਹੀ ਨਹੀਂ ਸਗੋਂ ਉਜਲਾ ਭਵਿੱਖ। ਨਿੱਕੀ ਜਿਹੀ ਵੀ ਦਰਦ ਦੀ ਕਣੀ ਨਹੀਂ ਇਨ੍ਹਾਂ ਬੇਗੈਰਤ ਲੀਡਰਾਂ ਵਿਚ ਗਰੀਬ ਕਿਸਾਨ ਲਈ! ਇਹ ਤਾਂ ਉਹਦੀ ਖੁਦਕੁਸ਼ੀ ਨੂੰ ਵੀ ਤਖਤ ‘ਤੇ ਬੈਠਣ ਲਈ ਪੌੜੀ ਬਣਾਉਂਦੇ ਆ। ਹੋਰ ਤਾਂ ਕੋਈ ਕਹੇ ਭਾਵੇਂ ਕਹੇ ਪਰ ਜਦੋਂ ਆਹ ਬਾਦਲ ਮੰਡਲੀ, ਜਿਹਨੇ ਉਹਦੇ ਖੁਦਕੁਸ਼ੀਆਂ ਕਰਨ ਦੇ ਪਿਛਲੇ ਦਸਾਂ ਸਾਲਾਂ ਵਿਚ ਪੂਰੇ ਬਾਨਣੂੰ ਬੰਨੇ, ਉਹ ਕਰਜ਼ਾ ਮੁਕਤੀ ਦੀ ਗੱਲ ਕਰੇ ਤਾਂ ਇਨ੍ਹਾਂ ਨੂੰ ਫਿਰ ਅਕ੍ਰਿਤਘਣਾਂ ਦੀ ਲਿਸਟ ਵਿਚ ਸਭ ਤੋਂ ਉਪਰ ਰਖਿਆ ਜਾਣਾ ਬਣਦਾ। ਦਸ ਸਾਲ ਤੱਕ ਧਾਰੀ ਬੇਸ਼ਰਮੀ ਵਾਲੀ ਚੁੱਪ ਹੁਣ ਰੋਜ਼ ਖੁਦਕੁਸ਼ੀਆਂ ਦੀਆਂ ਬਾਤਾਂ ਪਾਉਣ ਲੱਗੀ ਆ। ਜਾਣ-ਬੁੱਝ ਕੇ ਚੇਤੇ ਕਰਵਾਉਂਦੇ ਆ ਮਜਬੂਰ ਕਿਸਾਨਾਂ ਨੂੰ ਕਿ ਤੁਸੀਂ ਚੁੱਪ ਕਿਉਂ ਹੋ ਗਏ, ਤੁਸੀਂ ਤਾਂ ਖੁਦਕੁਸ਼ੀ ਕਰਨੀ ਸੀ, ਤੁਹਾਡੇ ਸਿਰ ਤਾਂ ਕਰਜ਼ੇ ਦੀ ਪੰਡ ਆ, ਇਹ ਤੁਹਾਥੋਂ ਕਿੱਥੇ ਲਾਹ ਹੋਣੀ! ਨਾਲੇ ਤੁਹਾਡੇ ਨਾਲ ਕੀਤਾ ਵਾਅਦਾ ਜੁ ਪੂਰਾ ਨਹੀਂ ਕੀਤਾ ਨਵੇਂ ਹਾਕਮਾਂ ਨੇ। ਸੱਚ ਹੋਣਾ, ਜਿਸ ਦਿਨ ਕਿਸੇ ਕਿਸਾਨ ਦਾ ਸਿਵਾ ਬਲਦਾ, ਉਦਣ ਇਨ੍ਹਾਂ ਦੀ ਦੀਵਾਲੀ ਹੁੰਦੀ ਹੋਣੀ। ਬੁੱਚੜਾਂ ਨੂੰ ਵੀ ਮਾਤ ਕਰੀ ਜਾਂਦੇ ਆ!
ਪੰਜਾਬ ਦੇ ਕਿਸਾਨ ਕਰਜ਼ੇ ਦੀ ਮੁਕਤੀ ਵਿਚ ਮੁੱਖ ਅੜਿੱਕਾ ਹੀ ਬਾਦਲ ਟੱਬਰ ਬਣਿਆ ਬੈਠਾ। ਦਿੱਲੀ ਆਲੇ ਧੋਤੀ ਵਾਲਿਆਂ ਦੀ ਸਰਕਾਰ ਵਿਚ ਇਹ ਹਿੱਸੇਦਾਰ ਹਨ, ਕਿਉਂ ਨਹੀਂ ਉਥੋਂ ਕੁਝ ਰਾਹਤ ਲੈਂਦੇ? ਗਰੀਬ ਕਿਸਾਨ ਧਰਨਿਆਂ ‘ਤੇ ਬਿਠਾਲ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗੇ ਹੋਏ ਆ। ਪਹਿਲਾਂ ਊਂ ਪੰਜਾਬ ਕੰਗਾਲ ਕਰ ਮਾਰਿਆ, ਲੁੱਟ ਕੇ ਭਰ ਲਏ ਆਪਣੇ ਘਰ। ਅੱਜ ਕਲ ਸਭ ਤੋਂ ਵੱਡੇ ਭਾਨੀ ਮਾਰ ਬਣੇ ਬਾਦਲ ਟੱਬਰ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਕੇਂਦਰ ਤੋਂ ਪੰਜਾਬ ਲਈ ਕੋਈ ਰਾਹਤ ਨਾ ਮਿਲ ਜਾਵੇ। ਕਿਸਾਨ ਭਰਾਓ, ਇਹ ਤੁਹਾਡੇ ਦੁਸ਼ਮਣ ਹਨ, ਹਾਲ ਦੀ ਘੜੀ।
ਕਿਸਾਨ ਲੀਡਰ ਸਿਰਫ ਹੁਣ ਲੀਡਰੀ ਚਮਕਾਉਣ ‘ਤੇ ਹੋਇਓ ਹਨ, ਇੱਕੋ ਇੱਕ ਰਟ ਲਾ ਕੇ ਬੈਠੇ ਆ ਪਈ ਸਮੁੱਚੇ ਕਰਜ਼ੇ ‘ਤੇ ਇੱਕ ਵਾਢਿਓਂ ਸਾਰੇ ਕਿਸਾਨਾਂ ਦੇ, ਜੋ ਪੂਰੇ ਧਨਾਢ ਵੀ ਹਨ, ਲੀਕ ਵੱਜਣੀ ਚਾਹੀਦੀ ਹੈ। ਭਲਾ ਦੱਸੋ ਬਣਦੀ ਇਹ ਗੱਲ! ਕਿੱਥੇ ਇੱਕ ਗਰੀਬ ਕਿਸਾਨ ਜੋ ਧੀ ਦੇ ਹੱਥ ਪੀਲੇ ਕਰਨ ਤੋਂ ਵੀ ਆਤੁਰ ਹੈ ਤੇ ਕਿੱਥੇ ਇੱਕ ਤਕੜਾ ਜਿਮੀਂਦਾਰ ਜੋ ਸੁੱਖਣਾ ਦੇ ਅਖੰਡ ਪਾਠ ‘ਤੇ ਹੀ ਲੱਖਾਂ ਦੀ ਰਕਮ ਖਰਚ ਦਿੰਦਾ, ਉਤੋਂ ਸਿਤਮ ਦੀ ਗੱਲ ਕਿ ਸਾਰੇ ਸਿਆਸੀ, ਧਾਰਮਿਕ, ਕਿਸਾਨ ਤੇ ਹੋਰ ਸਰਦੇ-ਪੁੱਜਦੇ ਲੀਡਰ ਹਾਜ਼ਰੀ ਲਾਉਣ ਆਉਂਦੇ ਇਨ੍ਹਾਂ ਦੀਆਂ ਦਾਅਵਤਾਂ ਵਿਚ। ਇਨ੍ਹਾਂ ਤਕੜੇ ਜਿਮੀਂਦਾਰਾਂ ਸਿਰ ਸ਼ਾਇਦ ਹੀ ਕਿਸੇ ਆੜਤੀਏ ਦਾ ਕਰਜ਼ਾ ਹੋਵੇ ਪਰ ਬੈਂਕਾਂ ਤੋਂ ਇਨ੍ਹਾਂ ਨੇ ਠੋਕ ਕੇ ਲਿਆ ਹੋਇਆ ਤੇ ਲੱਖੋਵਾਲ ਵਰਗੇ ਕਿਸਾਨ ਲੀਡਰ ਨੂੰ ਫਿਕਰ ਅਸਲ ‘ਚ ਇਨ੍ਹਾਂ ਦੇ ਕਰਜ਼ੇ ਦੀ ਮੁਕਤੀ ਦਾ, ਨਾ ਕਿ ਖੁਦਕੁਸ਼ੀ ਦੇ ਕਗਾਰ ‘ਤੇ ਖੜ੍ਹੇ ਕਿਸਾਨ ਦਾ। ਆਹ ਧਰਨੇ ਲੁਆ ਕੇ ਤੇ ਆਲੂਆਂ ਦੇ ਹਾਰ ਆਪਣੇ ਗਲ ‘ਚ ਪਾ ਕੇ ਡਰਾਮੇ ਕਰ ਰਿਹਾ। ਦਰਅਸਲ ਬਾਦਲਾਂ ਨੂੰ ਖੁਸ਼ ਕਰ ਰਿਹਾ, ਉਨ੍ਹਾਂ ਵਲੋਂ ਉਸ ‘ਤੇ ਕੀਤੇ ਮੰਡੀ ਬੋਰਡ ਦੇ ਚੇਅਰਮੈਨ ਬਣਾਏ ਜਾਣ ਦੇ ਉਪਕਾਰ ਦੇ ਇਵਜ਼ਾਨੇ ਵਜੋਂ। ਕਿਸਾਨ ਵਲੋਂ ਕੀਤੀ ਖੁਦਕੁਸ਼ੀ ਤਾਂ ਇਹਦੇ ਲਈ ਟੌਨਿਕ ਦਾ ਕੰਮ ਕਰਦੀ ਆ। ਭਰਾਵੋ ਇਹਦੇ ਝਾਂਸੇ ਵਿਚ ਨਹੀਂ ਆਉਣਾ ਤੇ ਐਵੇਂ ਨਾ ਮੁਫਤ ‘ਚ ਹੀ ਇਹਦੇ ਲਈ ਟੌਨਿਕ ਬਣੀ ਜਾਓ ਖੁਦਕੁਸ਼ੀ ਕਰਕੇ, ਸਗੋਂ ਹਿੱਕ ਤਾਣ ਕੇ ਪੁਛੋ ਕਿ ਤੂੰ ਪਿਛਲੇ ਦਸਾਂ ਸਾਲਾਂ ‘ਚ ਸਾਡੇ ਲਈ ਕੀ ਕੀਤਾ? ਉਲਟਾ ਸਾਨੂੰ ਰੱਜ ਕੇ ਮੰਡੀਆਂ ‘ਚ ਰੋਲਿਆ।
ਕਿਸਾਨ ਵੀਰੋ ਕਿਸੇ ਨੇ ਨਹੀਂ ਰੋਕਣਾ ਤੁਹਾਨੂੰ ਇਸ ਖੁਦਕੁਸ਼ੀ ਵਾਲੇ ਰਾਹ ਤੋਂ, ਖੁਦ ਹੀ ਇਸ ਰਾਹ ਤੋਂ ਪਾਸਾ ਵੱਟਣਾ ਪੈਣਾ। ਜਿਨ੍ਹਾਂ ਦਾ ਹੱਕ ਬਣਦਾ, ਉਨ੍ਹਾਂ ਨੇ ਹੋਰ ਬਥੇਰੇ ਮਸਲੇ ਖੜ੍ਹੇ ਕੀਤੇ ਹੋਏ ਆ, ਉਨ੍ਹਾਂ ਦਾ ਕਿੱਥੇ ਵਿਹਲ ਆ? ਬਾਹਰਲੇ ਮੁਲਕਾਂ ‘ਚ ਹੀ ਨਹੀਂ ਮੁੱਕਦਾ ਉਨ੍ਹਾਂ ਦਾ ਧਰਮ ਪ੍ਰਚਾਰ, ਖਸਮਾਂ ਨੂੰ ਖਾਵੇ ਤੁਹਾਡੀ ਖੁਦਕੁਸ਼ੀ। ਲਾਲ ਝੰਡੇ ਵਾਲਿਆਂ ਦੇ ਨੁੱਕੜ ਨਾਟਕਾਂ ਤੋਂ ਕਿਸੇ ਵਕਤ ਤੁਸੀਂ ਐਨੇ ਉਤਸ਼ਾਹਿਤ ਹੁੰਦੇ ਸੀ ਕਿ ਇਨਕਲਾਬ ਜ਼ਿੰਦਾਬਾਦ ਨਾਲ ਅਸਮਾਨ ਗੁੰਜਾ ਦਿੰਦੇ ਸੀ ਪਰ ਅੱਜ ਕਲ ਇਨ੍ਹਾਂ ਲਾਲ ਝੰਡੇ ਵਾਲਿਆਂ ਨੂੰ ਤੁਹਾਥੋਂ ਨਫਰਤ ਹੋ ਗਈ ਲਗਦੀ ਆ ਕਿਉਂਕਿ ਤੁਸੀਂ ਗੁਰਦੁਆਰੇ ਜੁ ਮੱਥਾ ਟੇਕਣ ਚਲੇ ਜਾਂਦੇ ਹੋ। ਮਜਾਲ ਆ ਹੁਣ ਨਿੱਤ ਹੁੰਦੀਆਂ ਤੁਹਾਡੀਆਂ ਖੁਦਕੁਸ਼ੀਆਂ ਇਨ੍ਹਾਂ ਨੂੰ ਥੋੜਾ ਜਿਹਾ ਵੀ ਗਮਗੀਨ ਕਰਨ। ਦੁਨੀਆਂ ਦੇ ਵੱਡੇ ਫਿਲਾਸਫਰਾਂ ਦੀਆਂ ਸੌ ਮਿਸਾਲਾਂ ਇਨ੍ਹਾਂ ਖੁਦਕੁਸ਼ੀਆਂ ਦੇ ਸਬੰਧ ਵਿਚ ਲਿਖੀਆਂ ਜਾ ਸਕਦੀਆਂ ਪਰ ਆਪਣੇ ਕੋਲ ਤਾਂ ਰੱਬੀ ਬਾਣੀ ਹੈ ਜਿਹਨੂੰ ਰੋਜ਼ ਮੱਥਾ ਟੇਕਦੇ ਹਾਂ, ਉਨ੍ਹਾਂ ਬੋਲਾਂ ਵੱਲ ਧਿਆਨ ਦੇਈਏ ਫਿਰ ਕਦੇ ਖੁਦਕੁਸ਼ੀ ਸੋਚ ਵਿਚ ਵੀ ਨਹੀਂ ਆਵੇਗੀ! ‘ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ॥’