ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ

ਡਾæ ਗੁਰਨਾਮ ਕੌਰ ਕੈਨੇਡਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 488 ‘ਤੇ ਰਾਗ ਆਸਾ ਵਿਚ ਦਰਜ ਸ਼ਬਦ ‘ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ’ ਵਿਚ ਬਾਬਾ ਫਰੀਦ ਜੀ ਨੇ ਦੂਹਰੀ ਨੀਤੀ ਰੱਖਣ ਵਾਲੇ ਲੋਕਾਂ ਦੀ ਅਸਲੀਅਤ ਉਘਾੜੀ ਹੈ ਕਿ ਜੋ ਮਨੁੱਖ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੁੰਦੇ ਹਨ, ਉਨ੍ਹਾਂ ਦਾ ਰੱਬ ਨਾਲ ਪਿਆਰ ਸਿਰਫ ਦਿਖਾਵੇ ਲਈ ਹੁੰਦਾ ਹੈ ਭਾਵ ਜੋ ਉਤੋਂ ਰੱਬ ਦਾ ਨਾਂ ਲੈਂਦੇ ਹਨ ਪਰ ਅੰਦਰ ਖੋਟ ਹੁੰਦੀ ਹੈ। ਮੂੰਹੋਂ ਤਾਂ ਰੱਬ ਦੇ ਸੱਚੇ ਪ੍ਰੇਮੀ ਹੋਣ ਦਾ ਦਾਅਵਾ ਕਰਦੇ ਹਨ ਪਰ ਅੰਦਰ ਮੁਹੱਬਤ ਨਹੀਂ ਹੁੰਦੀ।

ਅਜਿਹੇ ਮਨੁੱਖਾਂ ਨੂੰ ਫਰੀਦ ਜੀ ਨੇ ਕੱਚੇ ਆਸ਼ਕ ਕਿਹਾ ਹੈ। ਰੱਬ ਦੇ ਪਿਆਰ ਤੇ ਉਸ ਦੇ ਦੀਦਾਰ ਵਿਚ ਰੰਗੇ ਮਨੁੱਖ ਅਸਲੀ ਮਨੁੱਖ ਹਨ ਅਤੇ ਦਿਖਾਵਾ ਕਰਨ ਵਾਲੇ ਧਰਤੀ ‘ਤੇ ਇੱਕ ਕਿਸਮ ਦਾ ਭਾਰ ਹਨ। ਉਹ ਮਨੁੱਖ ਹੀ ਰੱਬ ਦੇ ਦਰਵਾਜ਼ੇ ‘ਤੇ ਦਰਵੇਸ਼ ਹਨ ਭਾਵ ਰੱਬ ਦੇ ਦਰ ਤੋਂ ਉਸ ਦੇ ਪ੍ਰੇਮ ਦੀ ਖੈਰ ਮੰਗਦੇ ਹਨ, ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾਇਆ ਹੈ। ਅਜਿਹੇ ਮਨੁੱਖਾਂ ਨੂੰ ਜਨਮ ਦੇਣ ਵਾਲੀ ਮਾਂ ਭਾਗਾਂ ਵਾਲੀ ਹੁੰਦੀ ਹੈ ਅਤੇ ਉਨ੍ਹਾਂ ਦਾ ਇਸ ਦੁਨੀਆਂ ‘ਤੇ ਆਉਣਾ ਮੁਬਾਰਕ ਹੈ। ਬਾਬਾ ਫਰੀਦ ਅਨੁਸਾਰ ਜਿਨ੍ਹਾਂ ਮਨੁੱਖਾਂ ਨੇ ਉਸ ਪਰਵਰਦਗਾਰ ਦੇ ਅਪਹੁੰਚ ਹੋਣ ਦਾ, ਉਸ ਦੀ ਅਸਲੀਅਤ ਦਾ ਗਿਆਨ ਪ੍ਰਾਪਤ ਕਰ ਲਿਆ ਹੈ, ਉਹ ਅਜਿਹੇ ਮਨੁੱਖਾਂ ਤੋਂ ਸਦਕੇ ਜਾਂਦੇ ਹਨ:
ਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ॥
ਜਿਨ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ॥੧॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ॥
ਵਿਸਰਿਆ ਜਿਨ੍ਹ ਨਾਮੁ
ਤੇ ਭੁਇ ਭਾਰੁ ਥੀਏ॥੧॥ਰਹਾਉ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ॥
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ॥੨॥
ਪਰਵਦਗਾਰ ਅਪਾਰ ਅਗਮ ਬੇਅੰਤ ਤੂ॥
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ॥੩॥
ਤੇਰੀ ਪਨਹ ਖੁਦਾਇ ਤੂ ਬਖਸੰਦਗੀ॥
ਸੇਖ ਫਰੀਦੈ ਖੈਰੁ ਦੀਜੈ ਬੰਦਗੀ॥੪॥੧॥
‘ਪੰਜਾਬ ਟਾਈਮਜ਼’ ਦੇ 30 ਸਤੰਬਰ ਦੇ ਅੰਕ ਵਿਚ ਭਾਰਤ ਦੇ ਮੂਲ ਨਿਵਾਸੀਆਂ ਦੇ ਨਾਂ ‘ਤੇ ਬਣੀ ਜਥੇਬੰਦੀ ਵਾਮਸੇਵਕ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸਬੰਧਤ ‘ਕੱਟੜ ਬ੍ਰਾਹਮਣਵਾਦ ਵਿਰੁਧ ਇਕਜੁੱਟ ਹੋਣ ਦਾ ਤਹੱਈਆ’ ਸਿਰਲੇਖ ਵਾਲੀ ਤਸਵੀਰਾਂ ਸਣੇ ਖਬਰ ਛਪੀ ਹੈ। ਮੇਰਾ ਮਕਸਦ ਇਥੇ ਇਸ ਜਥੇਬੰਦੀ ਦੀ ਮੁਖਾਲਫਤ ਕਰਨਾ ਜਾਂ ਇਸ ਦੇ ਹੱਕ ਵਿਚ ਨਾਹਰਾ ਲਾਉਣਾ ਜਾਂ ਇਸ ਦੇ ਸਿਆਸੀ ਪਹਿਲੂਆਂ ਦੀ ਛਾਣਬੀਣ ਕਰਨਾ ਨਹੀਂ ਹੈ। ਮੇਰਾ ਮਕਸਦ ਸਿਰਫ ਇਹ ਜਾਣਨਾ ਹੈ ਕਿ ਕੀ ਅਜਿਹੀਆਂ ਜਥੇਬੰਦੀਆਂ ਦਾ ਗੁਰਮਤਿ ਅਨੁਸਾਰ ਕੋਈ ਸਮਾਜਿਕ ਏਜੰਡਾ ਵੀ ਹੁੰਦਾ ਹੈ ਜਾਂ ਇਨ੍ਹਾਂ ਦਾ ਮਕਸਦ ਮਹਿਜ ਕੋਈ ਸਿਆਸੀ ਲਾਹਾ ਲੈਣਾ ਹੁੰਦਾ ਹੈ (ਇਸ ਜਥੇਬੰਦੀ ਦਾ ਹਵਾਲਾ ਇਥੇ ਮੈਂ ਸਿਰਫ ਮਿਸਾਲ ਵਜੋਂ ਦਿੱਤਾ ਹੈ)? ਮੇਰਾ ਮਕਸਦ ਉਸ ‘ਅੰਦਰਲੀ ਖੋਟ’ ਦੀ ਗੱਲ ਕਰਨਾ ਹੈ ਜਿਸ ‘ਤੇ ਬਾਬਾ ਫਰੀਦ ਨੇ ਆਪਣੀ ਬਾਣੀ ਵਿਚ ਰੌਸ਼ਨੀ ਪਾਈ ਹੈ।
ਬਠਿੰਡਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਕੋਟ ਗੁਰੂ ਵਿਚ ਪਿੰਡ ਦੇ ਸਰਪੰਚ ਨੇ ਦਲਿਤ ਭਾਈਚਾਰੇ ਦੇ ਸ਼ਮਸ਼ਾਨਘਾਟ ਨੂੰ ਇੱਕ ਕੰਧ ਕਰਕੇ ਬਾਕੀ ਦੇ ਸ਼ਮਸ਼ਾਨਘਾਟ ਨਾਲੋਂ ਵੱਖ ਕਰ ਦਿੱਤਾ ਤੇ ਉਸ ਵੱਖ ਕੀਤੇ ਸ਼ਮਸ਼ਾਨਘਾਟ ਨੂੰ ਕੋਈ ਰਸਤਾ ਵੀ ਨਾ ਛੱਡਿਆ ਕਿਉਂਕਿ ਕੰਧ ਵਿਚਲਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਹੈ। ਅੰਤਿਮ ਸਸਕਾਰ ਲਈ ਮੁਰਦੇ ਨੂੰ ਕੰਧ ਉਤੋਂ ਦੀ ਟਪਾ ਕੇ ਦੂਜੇ ਪਾਸੇ ਲੈ ਕੇ ਜਾਣਾ ਪੈਂਦਾ ਹੈ। ਇਹ ਮਨੁੱਖਤਾ ਤੋਂ ਗਿਰੀ ਅਤੇ ਘਟੀਆ ਹਰਕਤ ਹੈ। ਇਸ ਤੋਂ ਵੀ ਘਟੀਆ ਤੇ ਧਿਆਨ ਖਿੱਚਣ ਵਾਲੀ ਗੱਲ ਇਹ ਹੈ ਕਿ ਸਰਪੰਚ ਅਖਵਾਉਂਦੀ ਬੀਬੀ ਦਾ ਪਰਿਵਾਰ ‘ਸ਼੍ਰੋਮਣੀ ਅਕਾਲੀ ਦਲ’ ਨਾਲ ਸਬੰਧਤ ਹੈ ਅਤੇ ਇਸ ਵਿਚ ਇਜ਼ਾਫਾ ਇਹ ਹੈ ਕਿ ਬੀਬੀ ਸਿਰਫ ਨਾਂ ਦੀ ਹੀ ਸਰਪੰਚਣੀ ਹੈ, ਸਰਪੰਚੀ ਤਾਂ ਅਸਲ ਵਿਚ ਉਸ ਦਾ ਪਤੀ ਬਲਕਰਨ ਸਿੰਘ ਚਲਾਉਂਦਾ ਹੈ। ਇਹ ਹਰਕਤ ਸਿੱਖ ਸਿਧਾਂਤਾਂ ਦੇ ਖਿਲਾਫ ਤਾਂ ਹੈ ਹੀ, ਗੈਰ-ਸੰਵਿਧਾਨਕ ਵੀ ਹੈ। ਵਜ੍ਹਾ ਇਹ ਦੱਸੀ ਗਈ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਦਲਿਤ ਭਾਈਚਾਰੇ ਨੇ ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਨੂੰ ਨਹੀਂ ਬਲਕਿ ਆਮ ਆਦਮੀ ਪਾਰਟੀ (ਆਪ) ਦੀ ਨੁਮਾਇੰਦਗੀ ਕਰ ਰਹੀ ਬੀਬੀ ਨੂੰ ਪਾਈਆਂ ਸਨ।