ਗੁਰੂਤਾ ਤਰੰਗਾਂ ਦੀ ਖੋਜ ਲਈ ਨੋਬਲ ਪੁਰਸਕਾਰ ਮਿਲਣ ‘ਤੇ
ਵਿਗਿਆਨਕ ਖੋਜਾਂ ਨੇ ਮਨੁੱਖ ਦੀ ਝੋਲੀ ਵਿਚ ਸੁੱਖ-ਸੁਵਿਧਾਵਾਂ ਪਾਈਆਂ ਹਨ ਜਿਸ ਵਿਚ ਵਿਗਿਆਨੀਆਂ ਦੀ ਨਿਰੰਤਰ ਘਾਲਣਾ ਅਤੇ ਦਿੱਭ-ਦ੍ਰਿਸ਼ਟੀ ਦਾ ਅਹਿਮ ਰੋਲ ਹੈ। 20ਵੀਂ ਸਦੀ ਦੇ ਮਹਾਨ ਭੌਤਿਕ ਵਿਗਿਆਨੀ, ਐਟਮ ਬੰਬ ਦੇ ਸਿਧਾਂਤਕਾਰ ਅਤੇ ਸਾਖੇਪਵਾਦ ਸਿਧਾਂਤ ਦੇ ਸਿਰਜਣਹਾਰੇ ਅਲਬਰਟ ਆਈਨਸਟਾਈਨ ਨੇ ਸੌ ਕੁ ਸਾਲ ਪਹਿਲਾਂ ਸਾਖੇਪਵਾਦ ਦਾ ਸਿਧਾਂਤ ਦਿੰਦਿਆਂ ਕਿਹਾ ਸੀ ਕਿ ਖਲਾਅ ਵਿਚ ਗੁਰੂਤਾ ਤਰੰਗਾਂ ਹੁੰਦੀਆਂ ਹਨ।
ਫੋਟੋ ਇਲੈਕਟ੍ਰਿਕ ਈਫੈਕਟ ਵਿਚ ਨੋਬਲ ਪੁਰਸਕਾਰ ਜੇਤੂ ਆਈਨਸਟਾਈਨ ਨੂੰ ਜਨਰਲ ਸਾਖੇਪਵਾਦ ਦੇ ਸਿਧਾਂਤ ਦੇ ਮੋਢੀ ਵਜੋਂ ਜਾਣਿਆ ਜਾਂਦਾ ਹੈ। ਇਹ ਆਈਨਸਟਾਈਨ ਦੀ ਕੇਹੀ ਭਵਿੱਖਵਾਣੀ ਸੀ ਜਿਸ ਨੂੰ ਸਿੱਧ ਕਰਨ ਲਈ ਵਿਗਿਆਨੀਆਂ ਨੂੰ ਸੌ ਸਾਲ ਲੱਗ ਗਏ। 2017 ਦਾ ਨੋਬਲ ਪੁਰਸਕਾਰ ਗੁਰੂਤਾ ਤਰੰਗਾਂ ਦੀ ਖੋਜ ਨਾਲ ਜੁੜੇ ਤਿੰਨ ਅਮਰੀਕੀ ਵਿਗਿਆਨੀਆਂ ਨੂੰ ਮਿਲਣ ਦੇ ਮੌਕੇ ‘ਤੇ ਗੁਰੂਤਾ ਤਰੰਗਾਂ ਦੀ ਖੋਜ ਬਾਰੇ ਡਾæ ਗੁਰਬਖਸ਼ ਸਿੰਘ ਭੰਡਾਲ ਵਲੋਂ ਜੁਟਾਈ ਗਈ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
2017 ਦਾ ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ ਤਿੰਨ ਅਮਰੀਕੀ ਵਿਗਿਆਨੀਆਂ-ਡਾæ ਰੈਨਰ ਵੀਸ, ਡਾæ ਬੈਰੀ ਬੈਰਿਸ਼ ਅਤੇ ਡਾæ ਕਿੱਪ ਥੋਰਨ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਨੇ ਖਲਾਅ ਵਿਚ ਗੁਰੂਤਾ ਤਰੰਗਾਂ ਦੀ ਮੌਜੂਦਗੀ ਨੂੰ ਸਿੱਧ ਕੀਤਾ ਹੈ।
ਵਿਗਿਆਨੀ ਨਜ਼ੂਮੀ ਹੁੰਦੇ ਹਨ ਜਿਨ੍ਹਾਂ ਦੀਆਂ ਵਿਗਿਆਨਕ ਭਵਿੱਖਵਾਣੀਆਂ ਹਮੇਸ਼ਾ ਸੱਚੀਆਂ ਹੀ ਹੁੰਦੀਆਂ ਹਨ।
ਆਈਨਸਟਾਈਨ ਨੇ 100 ਕੁ ਸਾਲ ਪਹਿਲਾਂ 1915 ਵਿਚ ਆਪਣੇ ਜਨਰਲ ਸਾਪੇਖਵਾਦ ਦੇ ਸਿਧਾਂਤ ਦਿੰਦਿਆ ਕਿਹਾ ਸੀ ਕਿ ਗੁਰੂਤਾ ਤਰੰਗਾਂ ਖਲਾਅ ਵਿਚ ਹਨ ਜੋ ਗੁਰੂਤਾ ਖਿੱਚ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਨੂੰ ਲੱਭਣ ਦੀਆਂ ਵਿਗਿਆਨੀਆਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਹੁਣ ਵਿਗਿਆਨੀਆਂ ਨੇ ਲੱਭ ਕੇ ਆਈਨਸਟਾਈਨ ਦੀ ਭਵਿੱਖਵਾਣੀ ਨੂੰ ਸੱਚ ਸਾਬਤ ਕਰ ਦਿੱਤਾ ਹੈ। ਇਸ ਨਾਲ ਸਪੇਸ ਵਿਗਿਆਨ ਵਿਚ ਨਵੀਆਂ ਸੰਭਾਵਨਾਵਾਂ ਦਾ ਵਿਸ਼ਾਲ ਖੇਤਰ ਪੈਦਾ ਹੋ ਗਿਆ ਹੈ।
ਦਰਅਸਲ ਆਈਨਸਟਾਈਨ ਨੇ ਆਪਣੇ ਜਨਰਲ ਸਾਪੇਖਵਾਦ ਦੇ ਸਿਧਾਂਤ ਅਨੁਸਾਰ ਇਹ ਭਵਿੱਖਵਾਣੀ ਕੀਤੀ ਸੀ ਕਿ ਗੁਰੂਤਾ ਤਰੰਗਾਂ ਹੁੰਦੀਆਂ ਹਨ ਜੋ ਸਪੇਸ-ਟਾਈਮ (ਸਮੁੱਚਾ ਬ੍ਰਹਿਮੰਡ ਸਪੇਸ ਟਾਈਮ ਫਰੇਮ ਵਿਚ ਬੱਝਾ ਹੋਇਆ ਹੈ) ਫਰੇਮ ਵਿਚ ਪੈਦਾ ਹੋਏ ਤਣਾਅ ਕਾਰਨ ਪੈਦਾ ਹੁੰਦੀਆਂ ਹਨ। ਜਦ ਕੋਈ ਵੱਡੀ ਘਟਨਾ ਬ੍ਰਹਿਮੰਡ ਵਿਚ ਵਾਪਰਦੀ ਹੈ, ਜਿਵੇਂ ਤਾਰਿਆਂ ਦਾ ਫੱਟਣਾ, ਬਲੈਕ ਹੋਲਾਂ ਅਤੇ ਨਿਊਟਰਾਨ ਤਾਰਿਆਂ ਦਾ ਆਪਸ ਵਿਚ ਟਕਰਾਉਣਾ ਜਾਂ ਸਮਾ ਜਾਣ ਨਾਲ ਸਪੇਸ-ਟਾਈਮ ਫਰੇਮ ਵਿਚ ਤਣਾਅ ਪੈਦਾ ਹੁੰਦਾ ਹੈ ਜਿਸ ਨਾਲ ਗੁਰੂਤਾ ਤਰੰਗਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਤਰੰਗਾਂ ਦੀ ਗਤੀ ਸੂਰਜ ਦੀਆਂ ਕਿਰਨਾਂ ਦੀ ਗਤੀ ਦੇ ਬਰਾਬਰ ਹੁੰਦੀ ਹੈ ਅਤੇ ਬ੍ਰਹਿਮੰਡ ਵਿਚ ਸਾਰੇ ਪਾਸੇ ਫੈਲਦੀਆਂ ਹਨ। ਇਹ ਇਸ ਤਰ੍ਹਾਂ ਹੀ ਹੁੰਦਾ ਏ ਜਿਵੇਂ ਕਿਸੇ ਰਬੜ ਦੀ ਸ਼ੀਟ ‘ਤੇ ਭਾਰੀ ਗੇਂਦ ਸੁਟਣ ਨਾਲ ਇਸ ਵਿਚ ਟੋਆ ਪੈ ਜਾਂਦਾ ਹੈ ਜਿਸ ਨਾਲ ਰਬੜ ਦੀ ਸ਼ੀਟ ਇਕ ਪਾਸਿਉਂ ਫੈਲ ਜਾਂਦੀ ਹੈ ਜਦ ਕਿ ਦੂਸਰੇ ਪਾਸਿਉਂ ਸੁੰਗੜ ਜਾਂਦੀ ਹੈ। ਇਸ ਨਾਲ ਇਸ ਵਿਚ ਤਣਾਅ ਪੈਦਾ ਹੋ ਜਾਂਦਾ ਹੈ। ਜੇ ਕੋਈ ਹੋਰ ਚੀਜ ਸੁਟੀਏ ਤਾਂ ਇਹ ਗੇਂਦ ਵਲੋਂ ਪਾਏ ਗਏ ਟੋਏ ਵੱਲ ਖਿੱਚੀ ਚਲੀ ਜਾਂਦੀ ਹੈ। ਅਜਿਹਾ ਹੀ ਖਲਾਅ ਵਿਚਲੇ ਸਪੇਸ-ਟਾਈਮ ਫਰੇਮ ਵਿਚ ਵਾਪਰਦਾ ਹੈ। ਇਹ ਤਰੰਗਾਂ ਬਹੁਤ ਕਮਜ਼ੋਰ ਅਤੇ ਬਹੁਤ ਹੀ ਥੋੜ੍ਹੇ ਸਮੇਂ ਲਈ ਪੈਦਾ ਹੁੰਦੀਆਂ ਹਨ। ਪਿਛਲੇ 40 ਸਾਲ ਤੋਂ ਵਿਗਿਆਨੀ ਅਜਿਹੀਆਂ ਤਰੰਗਾਂ ਦੀ ਪੁਸ਼ਟੀ ਕਰਨ ਲਈ ਵੱਖ ਵੱਖ ਤਜਰਬਿਆਂ ਵਿਚ ਰੁੱਝੇ ਹੋਏ ਸਨ ਅਤੇ ਹੁਣ ਉਨ੍ਹਾਂ ਦੀਆਂ ਕੋਸ਼ਿਸਾਂ ਨੂੰ ਬੂਰ ਪਿਆ ਹੈ।
ਗੁਰੂਤਾ ਤਰੰਗਾਂ ਦੀ ਭਵਿੱਖਵਾਣੀ ਅਤੇ ਇਨ੍ਹਾਂ ਦੀ ਖੋਜ ਦੀ ਕਹਾਣੀ ਬਹੁਤ ਦਿਲਚਸਪ ਹੈ। ਇਸ ਵਿਚ ਬਹੁਤ ਸਾਰੇ ਉਤਰਾਅ ਚੜਾਅ ਆਏ ਹਨ। ਜਦ ਆਈਨਸਟਾਈਨ ਨੇ 1915 ਵਿਚ ਅਜਿਹੀਆਂ ਤਰੰਗਾਂ ਦੀ ਭਵਿੱਖਵਾਣੀ ਕੀਤੀ ਤਾਂ ਉਸ ਨੂੰ ਵੀ ਇਨ੍ਹਾਂ ਦੀ ਹੋਂਦ ‘ਤੇ ਬਹੁਤਾ ਯਕੀਨ ਨਹੀਂ ਸੀ। 1916 ਵਿਚ ਉਸ ਨੇ ਬਲੈਕ ਹੋਲਾਂ ਦੀ ਖੋਜ ਕਰਨ ਵਾਲੇ ਮਹਾਨ ਵਿਗਿਆਨੀ ਕਾਰਲ ਸ਼ਵਾਰਜ਼ਚਾਈਲਡ ਨੂੰ ਕਿਹਾ ਸੀ ਕਿ ਇਹ ਤਰੰਗਾਂ ਨਹੀਂ ਹੁੰਦੀਆਂ ਅਤੇ ਫਿਰ ਕਿਹਾ ਸੀ ਕਿ ਇਹ ਤਰੰਗਾਂ ਹੁੰਦੀਆਂ ਹਨ। ਆਈਨਸਟਾਈਨ ਦੀ ਅਜਿਹੀ ਦੁਚਿੱਤੀ 1936 ਤੱਕ ਰਹੀ ਅਤੇ ਫਿਰ ਉਸ ਨੇ ਤੇ ਉਸ ਦੇ ਸਹਾਇਕ ਨਾਥਨ ਰੌਜ਼ਨ ਨੇ ਇਨ੍ਹਾਂ ਤਰੰਗਾਂ ਦੀ ਸੰਭਾਵਨਾ ਬਾਰੇ ਖੋਜ-ਪੱਤਰ ਪ੍ਰਕਾਸ਼ਤ ਕੀਤਾ।
1969 ਵਿਚ ਮੈਰੀਲੈਂਡ ਯੂਨੀਵਰਸਿਟੀ ਦੇ ਭੌਤਿਕ ਵਿਗਿਆਨੀ ਜੋਸਫ ਵੈਬਰ ਨੇ ਦਾਅਵਾ ਕੀਤਾ ਕਿ ਉਸ ਨੇ 6 ਫੁੱਟ ਲੰਮੇ ਸਿਲੰਡਰ ਨੂੰ ਐਂਟੀਨਾ ਵਜੋਂ ਵਰਤ ਕੇ ਅਜਿਹੀਆਂ ਤਰੰਗਾਂ ਨੂੰ ਲੱਭ ਲਿਆ ਹੈ ਪਰ ਕੋਈ ਵੀ ਹੋਰ ਵਿਗਿਆਨੀ ਇਸ ਦੀ ਪੁਸ਼ਟੀ ਤਾਂ ਨਾ ਕਰ ਸਕਿਆ ਪਰ ਭੌਤਿਕ ਵਿਗਿਆਨੀਆਂ ਵਿਚ ਆਈਨਸਟਾਈਨ ਵਲੋਂ ਦਰਸਾਈਆਂ ਗਈਆਂ ਗੁਰੂਤਾ ਤਰੰਗਾਂ ਦੀ ਭਾਲ ਕਰਨ ਲਈ ਇਕ ਜਿਗਿਆਸਾ ਜਰੂਰ ਪੈਦਾ ਹੋ ਗਈ।
1978 ਵਿਚ ਖਗੋਲ ਵਿਗਿਆਨੀ ਜੋਸਫ ਐਚæ ਟੇਲਰ ਜੂਨੀਅਰ ਅਤੇ ਰਸਲ ਏæ ਹੱਸਲ ਨੇ ਪਤਾ ਲਾਇਆ ਕਿ ਨਿਊਟਰਾਨ ਤਾਰਿਆਂ ਦਾ ਇਕ ਜੋੜਾ ਨਿਰੰਤਰ ਉਰਜਈ ਕਿਰਨਾਂ ਛੱਡ ਰਿਹਾ ਸੀ ਅਤੇ ਦੋਵੇਂ ਇਕ ਦੂਜੇ ਦੇ ਕੋਲ ਉਸੇ ਗਤੀ ਨਾਲ ਆ ਰਹੇ ਸਨ ਜਿਵੇਂ ਕਿ ਅਜਿਹੇ ਨਿਊਟਰਾਨ ਤਾਰੇ ਗੁਰੂਤਾ ਤਰੰਗਾਂ ਛੱਡਣ ਕਾਰਨ ਇਕ ਦੂਜੇ ਦੇ ਕੋਲ ਆਉਣੇ ਚਾਹੀਦੇ ਹਨ ਅਤੇ ਜਿਹਾ ਆਈਨਸਟਾਈਨ ਦੇ ਸਾਪੇਖਵਾਦ ਦੇ ਸਿਧਾਂਤ ਅਨੁਸਾਰ ਦਰਸਾਇਆ ਗਿਆ ਸੀ। ਦਰਅਸਲ ਇਹ ਅਸਿੱਧੇ ਰੂਪ ਵਿਚ ਗੁਰੂਤਾ ਤਰੰਗਾਂ ਦੀ ਹੋਂਦ ਨੂੰ ਸਿੱਧ ਕਰਦੀ ਵਿਗਿਆਨਕ ਲੱਭਤ ਸੀ। ਇਸ ਖੋਜ ਲਈ ਦੋਹਾਂ ਵਿਗਿਆਨੀਆਂ ਨੂੰ 1993 ਦਾ ਨੋਬਲ ਪੁਰਸਕਾਰ ਦਿੱਤਾ ਗਿਆ।
ਗੁਰੂਤਾ ਤਰੰਗਾਂ ਦੀ ਹੋਂਦ ਨੂੰ ਸਿੱਧ ਕਰਨ ਵਾਲੇ ‘ਲੀਗੋ ਪ੍ਰਾਜੈਕਟ’ (ਲੇਜ਼ਰ ਇੰਟਰਫੈਰੋਮੀਟਰਿੱਕ ਗਰੈਵੀਟੇਸ਼ਨਲ ਵੇਵ ਆਬਜ਼ਰਵੇਟਰੀ ਪ੍ਰਾਜੈਕਟ) ਦਾ ਮੁੱਢ ਅਤੇ ਇਸ ਦੀ ਸੰਪੂਰਨਤਾ ਦੀ ਕਹਾਣੀ ਪਰੀ ਕਹਾਣੀ ਤੋਂ ਘੱਟ ਨਹੀਂ ਹੈ। ਹੋਇਆ ਇੰਜ ਕਿ 1975 ਵਿਚ ਵਾਸ਼ਿੰਗਟਨ ਵਿਚ ਕਿਸੇ ਮੀਟਿੰਗ ਵਿਚ ਸ਼ਾਮਲ ਹੋਣ ਆਏ ਦੋ ਮਹਾਨ ਵਿਗਿਆਨੀਆਂ-ਕੈਲਟੈਕ ਦੇ ਡਾæ ਥੌਰਨ ਅਤੇ ਐਮæਆਈæਟੀæ ਦੇ ਡਾæ ਵੀਸ ਨੂੰ ਰਾਤ ਰਹਿਣ ਵਾਸਤੇ ਹੋਟਲ ਦਾ ਸਾਂਝਾ ਕਮਰਾ ਮਿਲਿਆ। ਉਹ ਦੋਵੇਂ ਸਾਰੀ ਰਾਤ ਜਨਰਲ ਸਾਪੇਖਵਾਦ ਸਿਧਾਂਤ ਦੀ ਪਰਖ ਅਤੇ ਗੁਰੂਤਾ ਤਰੰਗਾਂ ਦੀ ਪੁਸ਼ਟੀ ਕਰਨ ਬਾਰੇ ਵਿਚਾਰ-ਚਰਚਾ ਕਰਦੇ ਰਹੇ। ਇਸ ਤੋਂ ਬਾਅਦ ਡਾæ ਥੋਰਨ ਨੇ ਕੈਲਟੈਕ ਵਿਖੇ ਗੁਰੂਤਾ ਤਰੰਗਾਂ ਦਾ ਖੋਜ ਪ੍ਰੋਗਰਾਮ ਸ਼ੁਰੂ ਕਰਨ ਲਈ ਗਲਾਸਗੋ ਯੂਨੀਵਰਸਿਟੀ ਦੇ ਵਿਗਿਆਨੀ ਡਾæ ਡਰੇਵਰ ਨੂੰ ਆਪਣੇ ਨਾਲ ਰਲਾ ਲਿਆ ਅਤੇ ਡਾæ ਵੀਸ ਨੇ ਆਪਣੇ ਅਜਿਹੇ ਵੱਖਰੇ ਖੋਜ ਪ੍ਰੋਗਰਾਮ ਦੀ ਫੰਡਿੰਗ ਲਈ ਨੈਸ਼ਨਲ ਸਾਇੰਸ ਫਾਉਂਡੇਸ਼ਨ ਨਾਲ ਸੰਪਰਕ ਕੀਤਾ ਪਰ ਸੰਸਥਾ ਵਲੋਂ ਡਾæ ਵੀਸ ਦੇ ਖੋਜ ਪ੍ਰੋਗਰਾਮ ਦੇ ਸਿੱਟਿਆਂ ਅਤੇ ਸੰਭਾਵਨਾ ਦਾ ਮਾਖੌਲ ਉਡਾਇਆ ਗਿਆ। ਅਖੀਰ 1984 ਵਿਚ ਨੈਸ਼ਨਲ ਸਾਇੰਸ ਫਾਉਂਡੇਸ਼ਨ ਨੇ ਡਾæ ਥੋਰਨ ਅਤੇ ਡਾæ ਵੀਸ ਦੀਆਂ ਟੀਮਾਂ ਨੂੰ ਇਕੱਠਾ ਕਰ ਸਾਂਝਾ ਗਰੁਪ ਬਣਾ ਕੇ ਗੁਰੂਤਾ ਤਰੰਗਾਂ ਦੀ ਖੋਜ ਦੇ ਪ੍ਰੋਗਰਾਮ ਨੂੰ ਚਲਾਉਣ ਲਈ ਪੈਸਾ ਦੇ ਦਿੱਤਾ। ਪਰ ਤਿੰਨਾਂ ਵਿਗਿਆਨੀਆਂ ਦੀ ਖੋਜ-ਸੁਰ ਇਕਸਾਰ ਨਾ ਹੋਣ ਕਾਰਨ ਸਾਰਿਆਂ ਨੂੰ ਹਟਾ ਕੇ ਇਕ ਡਾਇਰੈਕਟਰ ਦੀ ਨਿਯੁਕਤੀ ਕੀਤੀ ਗਈ ਤਾਂ ਜੋ ਇਹ ਪ੍ਰੋਗਰਾਮ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਮੁਢਲਾ ਲੀਗੋ ਪ੍ਰਾਜੈਕਟ 2000 ਵਿਚ ਸ਼ੁਰੂ ਹੋਇਆ ਅਤੇ ਦਸ ਸਾਲ ਇਹ ਸਿੱਧ ਕਰਨ ਲਈ ਲੱਗ ਗਏ ਕਿ ਕੀ ਇਸ ਤਜਰਬੇ ਨੂੰ ਲੋੜੀਂਦੀਆਂ ਸੇਧਾਂ ਅਤੇ ਲੋੜਾਂ ਅਨੁਸਾਰ ਚਲਾਇਆ ਜਾ ਸਕਦਾ ਹੈ। ਇਸ ਵਿਚ ਦੋ ਲੇਜ਼ਰ ਡਿਟੈਕਟਰ ਲਾਏ ਗਏ ਜਿਨ੍ਹਾਂ ਵਿਚੋਂ ਇਕ ਹੈਨਫੋਰਡ ਵਾਸ਼ਿੰਗਟਨ ਅਤੇ ਦੂਜਾ ਲਿਵਿੰਗਸਟੋਨ ਲਾਸ ਏਂਜਲਸ ਵਿਚ ਹੈ। ਅਗਲੇ ਪੰਜ ਸਾਲ ਤੱਕ ਇਨ੍ਹਾਂ ਡਿਟੈਕਟਰਾਂ ਨੂੰ ਉਚਤਮ ਤਕਨੀਕ ਨਾਲ ਲੈਸ ਕਰਨ ਲਈ ਲੱਗ ਗਏ ਤਾਂ ਕਿ ਗੁਰੂਤਾ ਤਰੰਗਾਂ ਨਾਲ ਪੈਦਾ ਹੋਣ ਵਾਲੇ ਬਹੁਤ ਹੀ ਕਮਜ਼ੋਰ ਸਿਗਨਲ ਨੂੰ ਸੁਣਿਆ ਜਾ ਸਕੇ।
ਲੀਗੋ ਦੇ ਐਨਟੀਨੇ ਐਲ ਸ਼ਕਲ ਦੇ ਹਨ ਜਿਸ ਦੀਆਂ ਦੋ ਬਾਹਾਂ 2æ5 ਮੀਲ ਲੰਮੀਆਂ ਹਨ। ਇਹ ਕੰਕਰੀਟ ਅਤੇ ਲੋਹੇ ਦੀਆਂ ਬਣੀਆਂ ਹਨ ਜਿਸ ਵਿਚ ਪੂਰਨ ਖਲਾਅ ਹੈ ਅਤੇ ਇਨ੍ਹਾਂ ਦੇ ਅਖੀਰ ਵਿਚ ਸ਼ੀਸ਼ੇ ਲਟਕਾਏ ਹੋਏ ਹਨ ਜਿਨ੍ਹਾਂ ਨਾਲ ਗੁਰੂਤਾ ਤਰੰਗਾਂ ਰਾਹੀਂ ਪੈਦਾ ਕੀਤੀ ਮਹੀਨ ਤੋਂ ਮਹੀਨ ਹਿਲਜੁਲ ਦਾ ਪਤਾ ਲਾਇਆ ਜਾ ਸਕੇ। ਇਹ ਤਰੰਗਾਂ ਖਲਾਅ ਵਿਚ ਦੋ ਬਲੈਕ ਹੋਲਾਂ/ਨਿਊਟਰੋਨ ਸਟਾਰਾਂ ਦੇ ਆਪਸ ਵਿਚ ਟਕਰਾਉਣ ਕਾਰਨ, ਸਪੇਸ-ਟਾਈਮ ਫਰੇਮ ਵਿਚ ਪੈਦਾ ਹੋਏ ਖਿਚਾਅ ਕਾਰਨ ਪੈਦਾ ਹੁੰਦੀਆਂ ਹਨ। ਪੈਦਾ ਹੋਣ ਵਾਲੀ ਹਿੱਲਜੁਲ ਨੂੰ ਅਤਿ ਆਧੁਨਿਕ ਡਿਟੈਕਟਰਾਂ ਨਾਲ ਸੁਣਿਆ ਜਾ ਸਕਦਾ ਹੈ।
ਡਾæ ਥੌਰਨ ਅਤੇ ਦੂਸਰਿਆਂ ਨੂੰ ਇਹ ਆਸ ਤਾਂ ਸੀ ਕਿ ਲੀਗੋ ਨਾਲ ਅਜਿਹੀਆਂ ਤਰੰਗਾਂ ਨੂੰ ਜਲਦੀ ਸੁਣ ਸਕਣਗੇ ਪਰ ਉਨ੍ਹਾਂ ਨੂੰ ਇੰਨੀ ਜਲਦੀ ਹੋਣ ਦੀ ਆਸ ਬਿਲਕੁਲ ਨਹੀਂ ਸੀ। ਜਦ 14 ਸਤੰਬਰ ਨੂੰ ਸਵੇਰੇ 4 ਵਜੇ ਲਿਵਿੰਗਸਟੋਨ ਵਾਲੇ ਡਿਟੈਕਟਰ ਵਿਚ ਜੋਰਦਾਰ ਆਵਾਜ਼ ਪੈਦਾ ਹੋਈ ਅਤੇ ਇਸ ਤੋਂ ਠੀਕ 7 ਮਿਲੀ ਸੈਕੰਡ (ਇਹ ਸਮਾਂ ਗਰੂਤਾ ਤਰੰਗਾਂ ਨੂੰ ਰੌਸ਼ਨੀ ਦੀ ਗਤੀ ਨਾਲ ਲਿਵਿੰਗਸਟੋਨ ਤੋਂ ਹੈਨਫੋਰਡ ਤੱਕ ਜਾਣ ਲਈ ਲੱਗਦਾ ਹੈ) ਬਾਅਦ ਹੈਨਫੋਰਡ ਡਿਟੈਕਟਰ ਵਿਚ ਵੀ ਅਜਿਹਾ ਹੀ ਸਿਗਨਲ ਸੁਣਿਆ ਗਿਆ। ਉਸ ਸਮੇਂ ਅਮਰੀਕਾ ਵਿਚ ਕੋਈ ਵੀ ਜਾਗਦਾ ਨਹੀਂ ਸੀ ਪਰ ਇਹ ਸਿਗਨਲ ਕੰਪਿਊਟਰ ਨੇ ਰਿਕਾਰਡ ਕਰ ਲਿਆ ਅਤੇ ਇਸ ਪ੍ਰਾਜੈਕਟ ਨਾਲ ਜੁੜੇ ਯੂਰਪੀ ਵਿਗਿਆਨੀਆਂ ਨੇ ਇਹ ਦੇਖ ਲਿਆ ਸੀ। ਡਾæ ਵੀਸ ਉਨ੍ਹਾਂ ਦਿਨਾਂ ਵਿਚ ਮੈਨੇ ਵਿਖੇ ਛੁੱਟੀਆਂ ਮਨਾ ਰਿਹਾ ਸੀ ਪਰ ਜਦ ਉਸ ਨੂੰ ਸਵੇਰੇ ਉਠ ਕੇ ਆਪਣੇ ਕੰਪਿਊਟਰ ਤੋਂ ਇਸ ਸਿਗਨਲ ਬਾਰੇ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਸ ਦਾ ਕਹਿਣਾ ਸੀ, ਇਹ ਅਦਭੁੱਤ ਸੀ। ਸਿਗਨਲ ਇੰਨਾ ਵੱਡਾ ਸੀ ਕਿ ਮੈਨੂੰ ਵਿਸ਼ਵਾਸ ਹੀ ਨਾ ਆਇਆ। ਸਾਡੀਆਂ ਕੋਸ਼ਿਸ਼ਾਂ ਨੂੰ ਫਲ ਪੈ ਗਿਆ ਸੀ।
ਜਦ ਇਸ ਸਿਗਨਲ ਨਾਲ ਜੁੜੇ ਡਾਟਾ ਦੀ ਪੜਤਾਲ ਕੀਤੀ ਗਈ ਤਾਂ ਸਿੱਧ ਹੋਇਆ ਕਿ ਇਹ ਗੁਰੂਤਾ ਤਰੰਗਾਂ, ਦੋ ਬਲੈਕ ਹੋਲਾਂ ਜਿਨ੍ਹਾਂ ਦਾ ਪੁੰਜ ਸੂਰਜ ਨਾਲੋਂ 36 ਗੁਣਾ ਤੇ 29 ਗੁਣਾ ਸੀ, ਜਦ ਆਪਸ ਵਿਚ ਸਮਾ ਗਏ ਤਾਂ ਸਪੇਸ-ਟਾਈਮ ਫਰੇਮ ਵਿਚ ਪੈਦਾ ਹੋਏ ਤਣਾਅ ਕਾਰਨ ਪੈਦਾ ਹੋਈਆਂ ਸਨ। ਇਨ੍ਹਾਂ ਦੇ ਆਪਸ ਵਿਚ ਸਮਾਉਣ ਨਾਲ ਇਕ ਵੱਡਾ ਬਲੈਕ ਹੋਲ ਜਿਸ ਦਾ ਪੁੰਜ ਸੂਰਜ ਨਾਲੋਂ 62 ਗੁਣਾ ਸੀ, ਬਣ ਗਿਆ ਸੀ। ਲੀਗੋ ਦੇ ਮੌਜੂਦਾ ਡਾਇਰੈਕਟਰ ਡਾæ ਰਿੱਜ਼ ਦਾ ਕਹਿਣਾ ਹੈ ਕਿ ਕੰਪਿਊਟਰ ਨਾਲ ਕੀਤੀਆਂ ਗਿਣਤੀਆਂ-ਮਿਣਤੀਆਂ ਅਨੁਸਾਰ ਇਸ ਨੇ ਆਈਨਸਾਈਨ ਦੇ ਜਨਰਲ ਸਾਪੇਖਵਾਦ ਦੇ ਸਿਧਾਂਤ ਦੀ ਗੁਰੂਤਾ ਤਰੰਗਾਂ ਸਬੰਧੀ ਭਵਿੱਖਵਾਣੀ ਨੂੰ ਸਿੱਧ ਕਰ ਦਿੱਤਾ ਹੈ।
ਲੀਗੋ ਤੋਂ ਰਿਟਾਇਰ ਹੋ ਚੁਕੇ ਡਾæ ਥੋਰਨ ਦਾ ਕਹਿਣਾ ਹੈ ਕਿ ਇਹ ਪੁਸ਼ਟੀ ਇਕ ਮਾਣਮੱਤਾ ਪਲ ਹੈ ਜਿਸ ਨੇ ਖਗੋਲ ਵਿਗਿਆਨ ਵਿਚ ਹੋਰ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਅਤੇ ਸੋਚਾਂ ਨੂੰ ਜਨਮ ਦਿੱਤਾ ਹੈ। ਲੀਗੋ ਨਾਲ ਮੁੱਢ ਤੋਂ ਜੁੜਿਆ ਇਕ ਹੋਰ ਵਿਗਿਆਨੀ ਡਾæ ਡਰੇਵਰ ਡਾਈਮੈਂਸ਼ੀਆ ਦਾ ਮਰੀਜ਼ ਹੈ। ਉਹ ਐਡਿਨਬਰਗ ਦੇ ਨਰਸਿੰਗ ਹੋਮ ਵਿਚ ਹੈ ਜਿਸ ਕਰਕੇ ਉਹ ਇਸ ਪਲ ਨੂੰ ਨਹੀਂ ਮਾਣ ਸਕਦਾ।
ਲੀਗੋ ਪ੍ਰਾਜੈਕਟ ਰਾਹੀਂ ਗੁਰੂਤਾ ਤਰੰਗਾਂ ਦੀ ਹੋਂਦ ਨੂੰ ਸਿੱਧ ਕਰਨ ਵਾਲੇ ਇਸ ਤਜਰਬੇ ਦੀ ਸਫਲਤਾ ਤੋਂ ਡਾæ ਵੀਸ ਸਭ ਤੋਂ ਵੱਧ ਖੁਸ਼ ਅਤੇ ਹੈਰਾਨ ਹੈ। ਐਮæ ਆਈæ ਟੀæ ਤੋਂ ਰਿਟਾਇਰ ਹੋ ਚੁਕੇ ਡਾæ ਵੀਸ ਨੇ 11 ਸਤੰਬਰ 2017 ਨੂੰ ਲਿਵਿੰਗਸਟੋਨ ਡਿਟੈਕਟਰ ਦਾ ਦੌਰਾ ਕੀਤਾ ਸੀ ਅਤੇ ਆਪਣੇ ਸਾਥੀਆਂ ਨੂੰ ਕਿਹਾ ਸੀ, ਐਨਟੀਨਾ ਦੀਆਂ ਪੜ੍ਹਤਾਂ ਵਿਚ ਰੇਡੀਓ ਤਰੰਗਾਂ ਨਾਲ ਗੜਬੜ ਪੈਦਾ ਹੋ ਰਹੀ ਹੈ ਅਤੇ ਇਸ ਤਰੁੱਟੀ ਨੂੰ ਦੂਰ ਕਰਕੇ ਹੀ ਇਸ ਡਿਟੈਕਟਰ ਨੂੰ ਚਾਲੂ ਕੀਤਾ ਜਾਵੇ। ਪਰ ਲੀਗੋ ਪ੍ਰਾਜੈਕਟ ਨਾਲ ਜੁੜੇ ਉਸ ਦੇ ਸਹਿਯੋਗੀਆਂ ਦਾ ਕਹਿਣਾ ਸੀ ਕਿ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਇਸ ਨੂੰ ਚਾਲੂ ਕਰਨ ਵਿਚ ਹੋਰ ਦੇਰੀ ਨਹੀਂ ਕੀਤੀ ਜਾ ਸਕਦੀ।
ਡਾæ ਵੀਸ ਦਾ ਕਹਿਣਾ ਹੈ ਕਿ ਇਹ ਚੰਗਾ ਹੀ ਹੋਇਆ ਕਿ ਉਨ੍ਹਾਂ ਨੇ ਮੇਰੀ ਗੱਲ ਨਹੀਂ ਮੰਨੀ, ਨਹੀਂ ਤਾਂ ਅਸੀਂ ਇਸ ਵੱਡੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਣਾ ਸੀ ਕਿਉਂਕਿ ਅਜਿਹੇ ਪਲ ਬਹੁਤ ਘੱਟ ਵਾਪਰਦੇ ਹਨ ਜਦ ਬਹੁਤ ਵੱਡੇ ਬਲੈਕ ਹੋਲ ਆਪਸ ਵਿਚ ਟਕਰਾਅ ਕੇ ਅਜਿਹੀਆਂ ਗੁਰੂਤਾ ਤਰੰਗਾਂ ਪੈਦਾ ਕਰਦੇ ਹਨ ਜਿਨ੍ਹਾਂ ਨੂੰ ਸੁਣਿਆ ਜਾਂ ਜਿਨ੍ਹਾਂ ਦਾ ਪਤਾ ਲਾਇਆ ਜਾ ਸਕੇ।
ਗੁਰੂਤਾ ਤਰੰਗਾਂ ਦੀ ਹੋਈ ਪੁਸ਼ਟੀ ਬਾਰੇ ਮਹਾਨ ਭੌਤਿਕ ਵਿਗਿਆਨੀ ਪ੍ਰੋæ ਸਟੀਫਨ ਹਾਕਿੰਗ ਦਾ ਕਹਿਣਾ ਹੈ ਕਿ ਇਹ ਵਿਗਿਆਨਕ ਇਤਿਹਾਸ ਦਾ ਇਕ ਅਹਿਮ ਪਲ ਹੈ। ਇਸ ਨਾਲ ਅਸੀਂ ਸਿਰਫ ਗੁਰੂਤਾ ਤਰੰਗਾਂ ਦੀ ਪੁਸ਼ਟੀ ਨਾਲ ਆਈਨਸਟਾਈਨ ਦੇ ਸਾਪੇਖਵਾਦ ਦੇ ਸਿਧਾਂਤ ਨੂੰ ਹੀ ਸਿੱਧ ਨਹੀਂ ਕੀਤਾ ਸਗੋਂ ਦੋ ਬਲੈਕ ਹੋਲਾਂ ਨੂੰ ਕੋਲ ਕੋਲ ਆਉਂਦਿਆਂ ਅਤੇ ਇਕ ਦੂਜੇ ਵਿਚ ਸਮਾ ਕੇ ਇਕ ਵੱਡਾ ਬਲੈਕ ਹੋਲ ਬਣਦਿਆਂ ਵੀ ਦੇਖਿਆ ਹੈ। ਹੁਣ ਅਸੀਂ ਇਹ ਵੀ ਜਾਣ ਸਕਾਂਗੇ ਕਿ ਬ੍ਰਹਿਮੰਡ ਦੀ ਉਤਪਤੀ ਦੌਰਾਨ ਬਿੱਗ ਬੈਂਗ ਤੋਂ ਪਹਿਲਾਂ ਕੀ ਵਾਪਰਿਆ ਅਤੇ ਕਿਵੇਂ ਬਿੱਗ ਬੈਂਗ ਰਾਹੀਂ ਇੰਨੀ ਜ਼ਿਆਦਾ ਊਰਜਾ ਪੈਦਾ ਹੋਈ ਸੀ।
ਯਾਦ ਰੱਖਣਾ! ਆਈਨਸਟਾਈਨ ਵਰਗੇ ਜ਼ਹੀਨ ਵਿਗਿਆਨੀ ਵਿਗਿਆਨਕ ਯੁੱਗ ਪਲਟਾਊ ਹੁੰਦੇ ਹਨ। ਤਾਹੀਂਉਂ ਤਾਂ ਉਸ ਵਲੋਂ ਗੁਰੂਤਾ ਤਰੰਗਾਂ ਬਾਰੇ ਕੀਤੀ ਗਈ ਪੇਸ਼ੀਨਗੋਈ ਨੂੰ ਸਿੱਧ ਕਰਨ ਲਈ 100 ਸਾਲ ਲੱਗ ਗਏ।
ਸੱਚੀਂ! ਆਈਨਸਟਾਈਨ ਹਮੇਸ਼ਾ ਵਾਂਗ ਸਹੀ ਸੀ।