ਲੰਗਾਹ ਦੇ ਖੰਘੂਰੇ ਦਾ ਹੁੰਗਾਰਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਚਾਰ-ਚੁਫੇਰੇ ਰਾਮ ਰਹੀਮ ਦੀ ਚਰਚਾ ਚੱਲਦਿਆਂ ਕੁਝ ਇਹੋ ਜਿਹੇ ਨਿਲੱਜੇ ਰੰਗ-ਰੂਪ ਵਾਲੀ ਸੁੱਚਾ ਸਿੰਘ ਲੰਗਾਹ ਦੀ ‘ਲਾæææਲਾæææਲਾæææਲਾ’ ਸੁਣ ਕੇ ਮੈਨੂੰ ਆਪਣੀ ਹੱਡ ਬੀਤੀ ਯਾਦ ਆ ਗਈ ਜੋ ਉਕਤ ਦੋਹਾਂ ਮਹਾਂਰਥੀਆਂ ਨਾਲ ਸਬੰਧਤ ਹੈ। ਉਦੋਂ ਇਹ ਚਿਤ-ਚੇਤੇ ਵੀ ਨਹੀਂ ਸੀ ਕਿ ਇਨ੍ਹਾਂ ਦਾ ਹਸ਼ਰ ਕਦੇ ਅਜਿਹਾ ਵੀ ਹੋ ਜਾਵੇਗਾ?

ਬਾਦਲ-ਟੌਹੜਾ ਦੀ ਲੜਾਈ ਦੌਰਾਨ ਸੰਨ 2002 ਦਾ ਦਸਵਾਂ ਮਹੀਨਾ ਚੜ੍ਹ ਪਿਆ। ਮੋਹਰੇ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਦੂਜੇ ਅਹੁਦੇਦਾਰਾਂ ਦੀ ਨਵੰਬਰ ਮਹੀਨੇ ਵਾਲੀ ਸਾਲਾਨਾ ਚੋਣ। ਉਦੋਂ ਕਾਂਗਰਸ ਦੀ ਹਕੂਮਤ ਸੀ ਤੇ ਮੁੱਖ ਮੰਤਰੀ ਸਨ ਕੈਪਟਨ ਅਮਰਿੰਦਰ ਸਿੰਘ ਜੋ ਅੰਦਰਖਾਤੇ ਟੌਹੜਾ ਗਰੁਪ ਦੀ ਮਦਦ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਬਾਦਲੀ ਜੂਲੇ ਤੋਂ ਨਿਜਾਤ ਦਿਵਾਉਣ ਦੀ ਚਾਹਤ ਰੱਖਦੇ ਸਨ।
ਅਜੇ ਸਾਡੇ ਮੈਂਬਰਾਂ ਨਾਲ ਰਾਬਤਾ ਕਾਇਮ ਕਰਨ ਲਈ ਸਰਕਾਰੀ ਸ੍ਰੋਤਾਂ ਨੇ ਕੋਈ ਸੰਪਰਕ ਨਹੀਂ ਸੀ ਸਾਧਿਆ ਕਿ ਸਿਰੇ ਦੇ ਸਿਆਸੀ ਸ਼ਾਤਰ ਕਹੇ ਜਾਂਦੇ ਬਜ਼ੁਰਗ ਬਾਦਲ ਨੇ ਆਪਣੇ ਧੜੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ‘ਸਾਂਭਣ’ ਦੀ ਕਵਾਇਦ ਸ਼ੁਰੂ ਕਰ ਦਿੱਤੀ। ਪਹਿਲਾਂ ਸਾਨੂੰ ਹਿਮਾਚਲ-ਹਰਿਆਣਾ ਦੀ ਹੱਦ ‘ਤੇ ਨਾਢਾ ਸਾਹਿਬ ਦੇ ਗੁਰਦੁਆਰੇ ਰੱਖ ਕੇ ‘ਸੁਖ ਸਹੂਲਤਾਂ’ ਮੁਹੱਈਆ ਕਰਵਾਈਆਂ ਗਈਆਂ। ਹਫਤੇ ਕੁ ਬਾਅਦ ਸਾਨੂੰ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿਚ ਬਾਲਾਸਰ ਲਿਜਾਇਆ ਗਿਆ; ਇਹ ਕਹਿ ਕੇ ਕਿ ਨਾਡਾ ਸਾਹਿਬ ਕੈਪਟਨ ਸਰਕਾਰ ਦੀ ‘ਰੇਂਜ’ ਵਿਚ ਆਉਂਦਾ ਹੈ। ਅਖੇ, ਇਥੇ ਮੈਂਬਰਾਂ ਨਾਲ ਸੰਪਰਕ ਬਣਾਉਣਾ ਆਸਾਨ ਹੈ, ਸਰਕਾਰ ਲਈ।
ਮੈਂ ਤੇ ਮੇਰੇ ਦੋ ਸਾਥੀਆਂ-ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਅਤੇ ਭਾਈ ਪ੍ਰੀਤਮ ਸਿੰਘ ਜੱਲੋ ਮਾਜਰਾ ਨੂੰ ਬਾਲਾਸਰ ਇਸ ਕਾਰਨ ਚੰਗਾ ਨਾ ਲੱਗਾ ਕਿ ਇਥੇ ਮੈਂਬਰਾਂ ਲਈ ਰੋਟੀ-ਪਾਣੀ ਤਿਆਰ ਕਰਨ ਵਾਲੇ ਨੇਪਾਲੀ ਬਹਾਦਰ ਸਿਗਰਟ-ਤੰਬਾਕੂ ਵਰਤਣ ਵਾਲੇ ਸਨ। ਸੋ ਇਕ ਹੀ ਰਾਤ ਦੇ ਵਿਸਰਾਮ ਤੋਂ ਬਾਅਦ ਸਾਡੀ ਸ਼ਿਕਾਇਤ ‘ਤੇ ਸਾਨੂੰ ਬਡੂੰਗਰ ਸਾਬ੍ਹ ਚੌਟਾਲਿਆਂ ਦੇ ਫਾਰਮ ‘ਤੇ ਛੱਡ ਆਏ।
ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਅਜਿਹੀ ਚੋਣ ਵਾਲੇ ਪੰਜ ਨਵੰਬਰ (1996 ਤੋਂ 2001) ਮੈਂ ਅਮਨ-ਅਮਾਨ ਨਾਲ ਨੇਪਰੇ ਚੜ੍ਹਦੇ ਤਾਂ ਦੇਖੇ ਹੋਏ ਸਨ, ਪਰ ਮੈਂਬਰਾਂ ਦੀਆਂ ਵੋਟਾਂ ਖਾਤਰ ਯਰਗਮਾਲੀਆਂ ਵਾਂਗ ਬੰਦੀ ਬਣਾ ਕੇ ਉਨ੍ਹਾਂ ਦੀ ਖਾਤਰਦਾਰੀ ਹੋ ਰਹੀ ਪਹਿਲੀ ਵਾਰ ਦੇਖ ਰਿਹਾ ਸਾਂ। ਧਾਰਮਿਕ ਸੰਸਥਾ ਦੇ ਮੈਂਬਰਾਂ ਦੀ ‘ਸੇਵਾ’ ਵਾਲਾ ਕਿੱਸਾ ‘ਈਸਬਗੋਲ ਤੇ ਕੁਝ ਨਾ ਫੋਲ’ ਵਾਲੀ ਕਹਾਵਤ ਦੇ ਪਰਦੇ ਨਾਲ ਢਕ ਕੇ, ਮੈਂ ਆਪਣੇ ਵਿਸ਼ੇ ਵੱਲ ਵਧਦਾ ਹਾਂ। ਬੱਸ ਇੰਨਾ ਕੁ ਦੱਸ ਦਿਆਂ ਕਿ ਜ਼ਮੀਰ ਨੂੰ ਨਾ ਮਾਰਦਿਆਂ, ਦੋਹਾਂ ਸਾਥੀਆਂ ਦੀ ਸਹਿਮਤੀ ਨਾਲ ਮੈਂ ਉਥੋਂ ਆਜ਼ਾਦ ਹੋਣ ਦਾ ਫੈਸਲਾ ਕਰ ਲਿਆ।
ਬਾਹਰ ਫਿਰ-ਤੁਰ ਕੇ ਦਾਤਣ-ਕੁਰਲਾ ਕਰਨ ਦੇ ਬਹਾਨੇ ਅਸੀਂ ਤਿੰਨੇ ਜਣੇ ਵੱਡੇ ਤੜਕੇ ਫਾਰਮ ਵਿਚੋਂ ਬਾਹਰ ਨਿਕਲੇ। ਪਹਿਰੇਦਾਰ ਸਿਪਾਹੀ ਵੀ ਸੁਸਤਾ ਰਹੇ ਸਨ। ਘੰਟੇ ਦੋ ਘੰਟੇ ਬਾਅਦ ਦੋਵੇਂ ਸਾਥੀ ਤਾਂ ਪਿਛੇ ਮੁੜ ਗਏ ਹੋਣਗੇ (ਅੱਜ ਕੱਲ੍ਹ ਇਹ ਦੋਵੇਂ ਜਣੇ ਬਾਦਲ ਦਲ ਛੱਡ ਚੁਕੇ ਹਨ), ਪਰ ਮੈਂ ਪੈਦਲ ਸ਼ੂਟ ਵੱਟ ਲਈ। ਦੂਰ ਸੜਕ ‘ਤੇ ਟਾਂਵੀਆਂ ਟਾਂਵੀਆਂ ਲੰਘਦੀਆਂ ਗੱਡੀਆਂ ਦੀਆਂ ਲਾਈਟਾਂ ਦੀ ਸੇਧ ਰੱਖ ਕੇ ਤੁਰਿਆ ਰਿਹਾ। ਕੁਝ ਸਫਰ ਰਾਹ ਵਿਚ ਮਿਲੇ ਹਰਿਆਣਵੀ ਜਾਟਾਂ ਦੇ ਟਰੈਕਟਰ ‘ਤੇ ਮੁਕਾਇਆ।
25 ਅਕਤੂਬਰ 2002 ਦੇ ਸਵੇਰੇ ਸੁਵਖਤੇ ਜਦ ਸਾਡਾ ਟਰੈਕਟਰ ਡੱਬਵਾਲੀ ਸ਼ਹਿਰ ਵਿਚ ਦਾਖਲ ਹੋਇਆ ਤਾਂ ਪਤਾ ਲੱਗਾ ਕਿ ਬੀਤੀ ਸ਼ਾਮ ਪੱਤਰਕਾਰ ਰਾਮ ਚੰਦਰ ਛਤਰਪਤੀ ਦਾ ਕਤਲ ਹੋ ਗਿਆ ਹੈ। ਬੱਸ ਅੱਡੇ ਵਿਚ ਵੀ ਅਤੇ ਮਗਰੋਂ ਬੱਸ ਵਿਚ ਬੈਠਿਆਂ ਵੀ ਲੋਕਾਂ ਮੂੰਹੋਂ ਸੁਣਿਆ ਕਿ ਇਹ ਪੱਤਰਕਾਰ ਫਲਾਣੇ ਬਾਬੇ ਦੇ ਕੱਚੇ ਚਿੱਠੇ ਲਿਖਦਾ ਰਹਿੰਦਾ ਸੀ; ਇਸ ਕਰ ਕੇ ਸ਼ਾਇਦ ਉਸੇ ਨੇ ਹੀ ਛਤਰਪਤੀ ਦੀ ਆਵਾਜ਼ ਬੰਦ ਕਰਾਉਣ ਦੀ ਸੋਚੀ ਹੋਵੇਗੀ। ਕੁਝ ਸਵਾਰੀਆਂ ਬਾਬੇ ਦੀ ‘ਤਾਕਤ’ ਅਤੇ ‘ਪਹੁੰਚ’ ਦੀਆਂ ਗੱਲਾਂ ਵੀ ਕਰ ਰਹੀਆਂ ਸਨ।
ਚਲੋ ਖੈਰ! ਗੱਲ ਮੁੱਕਦੀ ਮੈਂ ਆਪਣੇ ਪਿੰਡ ਪਹੁੰਚ ਗਿਆ। ਦੂਜੇ ਦਿਨ ਨਵਾਂ ਸ਼ਹਿਰ ਜਾ ਕੇ ਮੈਂ ਹੱਥ ਲਿਖਤ ਬਿਆਨ ਸਾਰੇ ਪੱਤਰਕਾਰਾਂ ਨੂੰ ਦੇ ਦਿੱਤੇ ਕਿ ਨਵੰਬਰ ਵਿਚ ਹੋਣ ਵਾਲੀ ਚੋਣ ਮੌਕੇ ਮੈਂ ਆਪਣੀ ਮਰਜ਼ੀ ਨਾਲ ਵੋਟ ਪਾਵਾਂਗਾ, ਕਿਸੇ ਲਾਲਚ ਜਾਂ ਕਿਸੇ ਆਗੂ ਦੇ ਦਬਾਅ ਅਧੀਨ ਨਹੀਂ। ਲਓ ਜੀ, ਇਹ ਬਿਆਨ ਦੇ ਕੇ ਮੈਂ ਤਾਂ ਢਾਹਾਂ ਕਲੇਰਾਂ ਹਸਪਤਾਲ ਚਲਾ ਗਿਆ ਜਿਥੇ ਮੈਂ ਆਪਣੀ ਰੋਜ਼ੀ-ਰੋਟੀ ਲਈ ਸਰਵਿਸ ਕਰਦਾ ਸਾਂ, ਪਰ ਅਖਬਾਰਾਂ ਵਿਚ ਬਿਆਨ ਛਪਣ ‘ਤੇ ਮੇਰੀ ਭਾਲ ਵਿਚ ‘ਫੌਜਾਂ’ ਤੁਰ ਪਈਆਂ। ਸਭ ਤੋਂ ਪਹਿਲਾਂ ਮੇਰੇ ਘਰੇ ਵਧਾਈਆਂ ਤੇ ‘ਸ਼ਾਬਾਸ਼’ ਦੇਣ ਆਏ ਪ੍ਰੇਮ ਸਿੰਘ ਚੰਦੂਮਾਜਰਾ, ਜੋ ਉਦੋਂ ਟੌਹੜਾ ਗਰੁਪ ਵਿਚ ਸਨ। ਫਿਰ ਬਾਦਲ ਦਲੀਏ ਆਗੂ ਮੇਰੀ ‘ਮੁੜ ਵਾਪਸੀ’ ਦੇ ਯਤਨ ਕਰਨ ਲੱਗੇ। ਕੁਝ ਖਦਸ਼ਿਆਂ ਕਾਰਨ ਆਪਣੇ ਨੇੜਲੇ ਦੋਸਤਾਂ ਦੀ ਸਲਾਹ ‘ਤੇ ਮੈਂ ਅਗਿਆਤਵਾਸ ਲੈ ਲਿਆ। ਕਦੇ ਬਡੂੰਗਰ ਸਾਹਿਬ, ਕਦੇ ਬੀਬੀ ਜਗੀਰ ਕੌਰ ਅਤੇ ਕਦੇ ਕੋਈ ਹੋਰ ਆਗੂ ਮੇਰੇ ਘਰ ‘ਤਫਤੀਸ਼ੀ ਗੇੜੇ’ ਮਾਰਨ ਲੱਗੇ। ਵੱਡੇ ਬਾਦਲ ਜੀ ਵੱਲੋਂ ਫੋਨ ‘ਤੇ ਕੀਤੀਆਂ ਕਈ ਤਰ੍ਹਾਂ ਦੀਆਂ ‘ਆਫਰਾਂ’ ਸੁਣ ਸੁਣ ਮੇਰੀ ਪਤਨੀ ਅੱਕ ਗਈ, ਪਰ ਉਸ ਨੇ ਕਿਸੇ ਨੂੰ ਵੀ ਮੇਰਾ ਥਹੁ-ਪਤਾ ਨਾ ਦੱਸਿਆ (ਧੱਕੇ ਨਾਲ ਵੋਟ ‘ਚੁੱਕਣ’ ਜਾਂ ‘ਖਰੀਦਣ’ ਲਈ ਸਿਆਸਤਦਾਨ ਅੰਦਰਖਾਤੇ ਕੀ ਕੀ ਕੁਝ ਕਰਦੇ ਹਨ, ਇਹ ‘ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ’ ਵਾਲੀ ਗੱਲ ਹੈ)।
ਆਖਰ ਉਹ ਦਿਨ ਆ ਗਿਆ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਦੂਜੇ ਅਹੁਦੇਦਾਰ ਚੁਣੇ ਜਾਣੇ ਸਨ। ਬਾਦਲ ਦਲ ਦੇ ਮੈਂਬਰ ਹਵਾਈ ਜਹਾਜ਼ ਰਾਹੀਂ ਲੱਦ ਕੇ ਲਿਆਂਦੇ ਹੋਏ ਸਨ। ਬੇਹੱਦ ਤਣਾ-ਤਣੀ ਵਾਲੇ ਮਾਹੌਲ ਵਿਚ ਜਨਰਲ ਹਾਊਸ ਦੀ ਕਾਰਵਾਈ ਸ਼ੁਰੂ ਹੋਈ। ‘ਕੱਲੇ ‘ਕੱਲੇ ਮੈਂਬਰ ਦਾ ਨਾਂ ਬੋਲ ਕੇ ਉਸ ਨੂੰ ਪਰਚੀ ਫੜਾ ਕੇ ਪਰਦੇ ਵਿਚ ਰੱਖੀ ਸੰਦੂਕੜੀ ਵਿਚ ਵੋਟ ਪਾਉਣ ਲਈ ਕਿਹਾ ਜਾਂਦਾ। ਆਪਣਾ ਨਾਂ ਬੋਲੇ ਤੋਂ ਜਦੋਂ ਮੈਂ ਸਟੇਜ ਲਾਗੇ ਖੜ੍ਹੇ ਅਧਿਕਾਰੀ ਤੋਂ ਪਰਚੀ ਲੈਣ ਗਿਆ ਤਾਂ ਸਭ ਤੋਂ ਮੋਹਰੇ ਧੜਵੈਲ ਆਗੂ ਬਣ ਕੇ ਬੈਠੇ ਭਾਈ ਸੁੱਚਾ ਸਿੰਘ ਲੰਗਾਹ ਨੇ ਮੇਰੇ ਵੱਲ ਘੂਰ ਕੇ ਦੇਖਿਆ, ਮੁੱਛ ‘ਤੇ ਹੱਥ ਫੇਰਿਆ ਤੇ ਖੰਘੂਰਾ ਜਿਹਾ ਮਾਰ ਕੇ ਬੋਲੇ, “ਹੂੰਅæææਅੱਛਾ! ਇਹ ਐ ਦੁਪਾਲਪੁਰੀਆ ਮੈਂਬਰ!”
ਹੁਣ ਮੈਂ ਸ਼ੋਸ਼ਲ ਮੀਡੀਏ ਵਿਚ ਲੰਗਾਹ ਬਾਰੇ ਪੜ੍ਹ, ਸੁਣ ਅਤੇ ‘ਦੇਖ’ ਕੇ ਉਸ ਖੰਘੂਰੇ ਦੇ ਹੁੰਗਾਰੇ ਵਜੋਂ ਇੰਜ ਕਹਿ ਦਿਆਂ, “ਅੱਛਾ ਜੀæææ! ਇਹ ਨੇ ਜ਼ææਥੇæææਦਾæææਰ ਸੁੱਚਾ ਸਿੰਘ ਜੀ ਲੰਗਾਹ ਸਾਬ੍ਹ!”