ਹਰਮੋਹਿੰਦਰ ਚਹਿਲ
ਪੰਦਰਵੀਂ ਸਦੀ ਦੇ ਅਖੀਰ ਵਿਚ ਸਪੇਨ, ਫਰਾਂਸ, ਪੁਰਤਗਾਲ ਅਤੇ ਇੰਗਲੈਂਡ ਵਰਗੇ ਹੋਰਨਾਂ ਯੂਰਪੀਅਨ ਦੇਸ਼ਾਂ ਦੀ ਤਰ੍ਹਾਂ ਇਕਮੁੱਠ ਹੋ ਕੇ ਮਜ਼ਬੂਤ ਮੁਲਕ ਬਣ ਚੁਕਾ ਸੀ। ਇੱਥੇ ਕਿੰਗ ਫਰਦੀਨੈਂਦ ਅਤੇ ਕੁਈਨ ਇਸਾਬੈਲਾ ਦੀ ਸਰਦਾਰੀ ਹੇਠ ਰਾਜਾਸ਼ਾਹੀ ਕਾਇਮ ਸੀ। ਇਥੋਂ ਦੀ ਬਹੁਤੀ ਆਬਾਦੀ ਗਰੀਬ ਕਿਸਾਨਾਂ ਦੀ ਸੀ ਅਤੇ ਦੋ ਕੁ ਫੀਸਦੀ ਹੀ ਅਮੀਰ ਲੋਕ ਸਨ। ਸਪੇਨ ਉਸ ਵੇਲੇ ਦੂਜੇ ਗੁਆਂਢੀ ਮੁਲਕਾਂ ਦੀ ਤਰ੍ਹਾਂ ਅਮੀਰ ਹੋਣ ਦੀ ਦੌੜ ਵਿਚ ਸੀ। ਉਦੋਂ ਵਿਦੇਸ਼ਾਂ ਨਾਲ ਵਪਾਰ ਕਰਨ ਲਈ ਸਭ ਤੋਂ ਵੱਡੀ ਕਰੰਸੀ ਸੋਨਾ ਹੀ ਸੀ। ਸੋ ਹਰ ਮੁਲਕ ਸੋਨਾ ਇਕੱਠਾ ਕਰਨ ਦੀ ਹੋੜ ਵਿਚ ਸੀ।
ਯੂਰਪੀਅਨ ਲੋਕ ਏਸ਼ੀਆ ਵੱਲ ਜਾਂਦੇ, ਜਿੱਥੇ ਕਿ ਸੋਨਾ ਵਾਧੂ ਸੀ ਤੇ ਉਹ ਲੁੱਟ ਮਾਰ ਕਰਕੇ ਲਿਆਉਂਦੇ ਸਨ। ਇਸ ਤੋਂ ਬਿਨਾ ਉਹ ਉਧਰੋਂ ਮਸਾਲੇ ਅਤੇ ਰੇਸ਼ਮ ਆਦਿ ਵੀ ਲਿਆਉਂਦੇ। ਪਰ ਪੰਦਰਵੀਂ ਸਦੀ ਦੇ ਅਖੀਰ ਤੱਕ ਏਸ਼ੀਆ ਵੱਲ ਜਾਣ ਵਾਲੇ ਜਮੀਨੀ ਰਸਤਿਆਂ ‘ਤੇ ਤੁਰਕ ਸਲਤਨਤ ਦਾ ਕਬਜ਼ਾ ਹੋ ਚੁਕਾ ਸੀ। ਇਸ ਦੇ ਨਾਲ ਹੀ ਪੂਰਬੀ ਮੈਡੀਟੇਰੀਅਨ ਸਮੁੰਦਰ ਉਪਰ ਵੀ ਤੁਰਕਾਂ ਦਾ ਕਬਜਾ ਸੀ। ਜਦੋਂ ਇੱਧਰ ਵੱਲ ਦੀ ਜਾਣ ਦੇ ਸਾਰੇ ਰਸਤੇ ਬੰਦ ਹੋ ਗਏ ਤਾਂ ਕਿਸੇ ਵੱਖਰੇ ਸਮੁੰਦਰੀ ਰਾਹ ਦੀ ਲੋੜ ਮਹਿਸੂਸ ਹੋਈ। ਉਸ ਵੇਲੇ ਦੇ ਬੁੱਧੀਮਾਨ ਲੋਕ ਜਾਣਦੇ ਸਨ ਕਿ ਧਰਤੀ ਗੋਲ ਹੈ ਅਤੇ ਜੇ ਇਕ ਪਾਸਿਉਂ ਤੁਰੀਏ ਤਾਂ ਧਰਤੀ ਦਾ ਗੇੜਾ ਕੱਢ ਕੇ ਦੂਸਰੇ ਪਾਸੇ ਦੀ ਉਥੇ ਹੀ ਵਾਪਸ ਆ ਜਾਵਾਂਗੇ। ਸਪੇਨ ਨੇ ਇਕ ਲੰਬੀ ਸਕੀਮ ਬਣਾਈ ਕਿ ਕਿਉਂ ਨਾ ਪੈਸੇਫਿਕ ਸਮੁੰਦਰ ਵਾਲੇ ਪਾਸਿਉਂ ਧਰਤੀ ਦੇ ਉਪਰ ਦੀ ਘੁੰਮ ਕੇ ਏਸ਼ੀਆ ਵੱਲ ਪਹੁੰਚਿਆ ਜਾਵੇ। ਰਸਤਾ ਭਾਵੇਂ ਲੰਬਾ ਹੋਵੇਗਾ ਪਰ ਇਸ ਰਸਤੇ ਕਿਸੇ ਵਿਰੋਧੀ ਦੀ ਰੁਕਾਵਟ ਨਹੀਂ ਹੋਵੇਗੀ।
ਸਪੇਨ ਦੀ ਰਾਜਾਸ਼ਾਹੀ ਨੇ ਇਸ ਸਕੀਮ ਨੂੰ ਅਮਲ ਵਿਚ ਲਿਆਉਂਦਿਆਂ ਆਪਣਾ ਅਮਲਾ-ਫੈਲਾ ਇਸ ਕੰਮ ‘ਤੇ ਲਾ ਦਿੱਤਾ। ਅਮਲੇ ਦੀ ਨਜ਼ਰ ਇਕ ਚੁਸਤ-ਦਰੁਸਤ ਅਤੇ ਪੜ੍ਹੇ ਲਿਖੇ ਬੁੱਧੀਮਾਨ ਇਸਨਾਨ ਉਪਰ ਗਈ, ਉਹ ਸੀ-ਕੋਲੰਬਸ ਕ੍ਰਿਸਟੋਫਰ। ਕੋਲੰਬਸ ਉਸ ਵੇਲੇ ਕਿਸੇ ਸਮੁੰਦਰੀ ਵਪਾਰਕ ਕੰਪਨੀ ਦਾ ਮੈਨੇਜਰ ਸੀ ਅਤੇ ਸਮੁੰਦਰੀ ਬੇੜਿਆਂ ਦਾ ਸੰਚਾਲਨ ਕਰਨ ਵਾਲਾ ਬਹੁਤ ਹੀ ਮਸ਼ਹੂਰ ਮਾਹਰ ਕਾਮਾ ਸੀ। ਇਸ ਤਰ੍ਹਾਂ ਦੇ ਸਮੁੰਦਰੀ ਸਫਰਾਂ ‘ਤੇ ਜਾਣਾ ਉਸ ਦਾ ਜਨੂੰਨ ਸੀ। ਕੋਲੰਬਸ ਨੂੰ ਬੁਲਾ ਕੇ ਉਸ ਨਾਲ ਗੱਲਬਾਤ ਕੀਤੀ ਗਈ ਤੇ ਦੱਸਿਆ ਗਿਆ ਕਿ ਇਸ ਸਫਰ ਉਪਰ ਸਾਰਾ ਖਰਚ ਰਾਜ ਦਾ ਹੋਵੇਗਾ ਅਤੇ ਜੋ ਵੀ ਮਾਲ ਉਹ ਲੈ ਕੇ ਆਵੇਗਾ ਉਸ ਦਾ ਦਸ ਪ੍ਰਤੀਸ਼ਤ ਉਸ ਨੂੰ ਮਿਲੇਗਾ। ਇਸ ਤੋਂ ਬਿਨਾ ਰਾਜ ਪ੍ਰਬੰਧ ਵਿਚ ਉਸ ਨੂੰ ਉਚ ਉਪਾਧੀ ਵੀ ਦਿੱਤੀ ਜਾਵੇਗੀ।
ਕੁਝ ਸੋਚ ਵਿਚਾਰ ਤੋਂ ਬਾਅਦ ਕੋਲੰਬਸ ਨੇ ਸਹਿਮਤੀ ਦੇ ਦਿੱਤੀ। ਅਸਲ ਵਿਚ ਕੋਲੰਬਸ ਤਾਂ ਪਹਿਲਾਂ ਹੀ ਇਸ ਤਰ੍ਹਾਂ ਦਾ ਸਫਰ ਕਰਨ ਲਈ ਉਤਾਵਲਾ ਸੀ। ਉਸ ਨੇ ਦੁਨੀਆਂ ਦੇ ਉਸ ਸਮੁੰਦਰੀ ਰਸਤੇ ਪੂਰੀ ਧਰਤੀ ਘੁੰਮ ਕੇ ਏਸ਼ੀਆ ਵੱਲ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਿਸ ਬਾਰੇ ਕਿਸੇ ਨੂੰ ਕੋਈ ਗਿਆਨ ਨਹੀਂ ਸੀ। ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਉਧਰ ਦਾ ਸਮੁੰਦਰੀ ਰਾਹ ਕਿਸ ਪ੍ਰਕਾਰ ਦਾ ਹੋਵੇਗਾ ਜਾਂ ਉਧਰ ਕੀ ਕੀ ਔਕੜਾਂ ਹੋਣਗੀਆਂ।
ਖੈਰ! ਕੋਲੰਬਸ ਨੇ ਇਸ ਨਵੇਂ ਅਤੇ ਅਣਜਾਣ ਸਫਰ ‘ਤੇ ਜਾਣ ਦੀ ਤਿਆਰੀ ਅਰੰਭ ਦਿੱਤੀ। ਉਸ ਨੇ ਤਿੰਨ ਸਮੁੰਦਰੀ ਬੇੜੇ-ਨੀਨਾ, ਪਿੰਟਾ ਅਤੇ ਸਾਂਤਾ ਮਾਰੀਆ ਤਿਆਰ ਕਰਵਾਏ। ਸਾਂਤਾ ਮਾਰੀਆ ਸਭ ਤੋਂ ਵੱਡਾ ਸੀ, ਜਿਸ ਦੀ ਲੰਬਾਈ ਸੌ ਫੁੱਟ ਦੇ ਕਰੀਬ ਸੀ। ਅਖੀਰ 1492 ਦੇ ਅਗਸਤ ਮਹੀਨੇ ਕੋਲੰਬਸ ਆਪਣੇ ਸਾਥੀਆਂ ਸਮੇਤ ਐਟਲਾਂਟਿਕ ਸਾਗਰ ਦੇ ਅਫਰੀਕੀ ਤੱਟ ਲਾਗਲੇ ਕੇਨਰੀ ਆਈਲੈਂਡ ਤੋਂ ਦੁਨੀਆਂ ਦੇ ਇਸ ਅਣਜਾਣ ਰਾਹ ‘ਤੇ ਰਵਾਨਾ ਹੋ ਗਿਆ। ਉਸ ਦਾ ਬੇੜਾ ਹਰ ਰੋਜ਼ ਕੋਈ ਸੌ ਮੀਲ ਪੈਂਡਾ ਨਿਬੇੜ ਲੈਂਦਾ।
ਕੋਲੰਬਸ ਨੂੰ ਚੱਲਿਆਂ ਤਕਰੀਬਨ ਚਾਰ ਹਫਤੇ ਹੋ ਚੱਲੇ ਸਨ ਪਰ ਏਸ਼ੀਆ ਦੀ ਧਰਤੀ ਦਾ ਕਿਧਰੇ ਨਾਮੋ ਨਿਸ਼ਾਨ ਨਹੀਂ ਸੀ। ਉਸ ਦੇ ਸਾਰੇ ਸਾਥੀ ਹਰ ਵਕਤ ਅੱਖਾਂ ਪਾੜ ਪਾੜ ਕੇ ਆਲੇ ਦੁਆਲੇ ਵੇਖਦੇ ਰਹਿੰਦੇ। ਕੋਲੰਬਸ ਨੇ ਇਹ ਵੀ ਐਲਾਨ ਕਰ ਰੱਖਿਆ ਸੀ ਕਿ ਜੋ ਵੀ ਕਿਧਰੇ ਨਵੀਂ ਧਰਤੀ ਬਾਰੇ ਪਹਿਲਾਂ ਦੱਸੂ, ਉਸ ਨੂੰ ਭਾਰੀ ਇਨਾਮ ਮਿਲੂ। ਮਹੀਨਾ ਭਰ ਗੁਜ਼ਰਨ ਬਾਅਦ ਉਨ੍ਹਾਂ ਨੂੰ ਅਚਾਨਕ ਸਮੁੰਦਰ ਵਿਚ ਪੱਤੇ, ਝਾੜੀਆਂ ਅਤੇ ਹੋਰ ਨਿਤ ਵਰਤਾ ਦੀਆਂ ਚੀਜ਼ਾਂ ਤਰਦੀਆਂ ਦਿਸਣ ਲੱਗੀਆਂ। ਸਭਨਾਂ ਨੇ ਸੋਚਿਆ ਕਿ ਇਹ ਕਿਸੇ ਨੇੜਲੀ ਧਰਤੀ ਦੀਆਂ ਨਿਸ਼ਾਨੀਆਂ ਹਨ। ਸਭ ਉਤਸ਼ਾਹਿਤ ਸਨ। ਫਿਰ ਇਕ ਅੱਧੀ ਰਾਤ ਪਿੱਛੋਂ ਰੋਡਰੀਗੋ ਨਾਂ ਦੇ ਇਕ ਕਾਮੇ ਨੇ ਚੰਦ ਦੀ ਰੋਸ਼ਨੀ ਵਿਚ ਦੂਰ ਕਿਤੇ ਧਰਤੀ ਚਮਕਦੀ ਵੇਖੀ। ਉਸ ਨੇ ਉਸੇ ਵੇਲੇ ਰੌਲਾ ਪਾ ਦਿੱਤਾ ਕਿ ਉਸ ਨੇ ਧਰਤੀ ਵੇਖ ਲਈ ਹੈ। ਸਭ ਉਤਸ਼ਾਹਿਤ ਹੋ ਕੇ ਉਸ ਵੱਲ ਨੂੰ ਭੱਜੇ। ਸਭ ਉਧਰ ਵੇਖਣ ਲੱਗੇ। ਦਿਨ ਚੜ੍ਹਦਾ ਗਿਆ ਤੇ ਧਰਤੀ ਸਾਫ ਦਿਸਣ ਲੱਗੀ। ਆਖਰ ਥੋੜ੍ਹੀ ਹੀ ਦੇਰ ਬਾਅਦ ਸਭਨਾਂ ਨੇ ਸਾਹਮਣੇ ਉਸ ਛੋਟੇ ਜਿਹੇ ਟਾਪੂ ਦੇ ਦਰਸ਼ਨ ਕੀਤੇ। ਬੇੜੇ ਉਧਰ ਨੂੰ ਮੋੜ ਦਿੱਤੇ ਗਏ। ਅੰਤ ਬੇੜੇ ਕੰਢੇ ‘ਤੇ ਜਾ ਲੱਗੇ।
ਇਹ ਟਾਪੂ ਅੱਜ ਦਾ ਬਹਾਮਾਸ ਆਈਲੈਂਡ ਸੀ। ਉਂਜ ਇਹ ਇਨਾਮ ਰੋਡਰੀਗੋ ਨੂੰ ਨਹੀਂ ਸੀ ਮਿਲਿਆ ਕਿਉਂਕਿ ਕੋਲੰਬਸ ਨੇ ਕਿਹਾ ਕਿ ਇਹ ਧਰਤੀ ਉਸ ਨੇ ਪਿਛਲੇ ਦਿਨ ਹੀ ਵੇਖ ਲਈ ਸੀ। ਰੋਡਰੀਗੋ ਭਾਵੇਂ ਇਨਾਮ ਤੋਂ ਵਾਂਝਾ ਰਹਿ ਗਿਆ ਪਰ ਇਕ ਨਵੀਂ ਧਰਤੀ ਲੱਭ ਗਈ ਸੀ। ਵੈਸੇ ਕੋਲੰਬਸ ਨੇ ਆਪਣੇ ਹਿਸਾਬ ਜੋ ਦੂਰੀ ਇਸ ਸਫਰ ਦੀ ਕਿਆਸੀ ਸੀ, ਅਸਲ ਫਾਸਲਾ ਉਸ ਨਾਲੋਂ ਕਿਧਰੇ ਵਧੇਰੇ ਸੀ। ਬਹਾਮਾਸ ਤੱਕ ਪਹੁੰਚਣ ਤੀਕ ਉਸ ਨੇ ਸਾਰੇ ਸਫਰ ਦਾ ਅਜੇ ਮਸਾਂ ਚੌਥਾ ਹਿੱਸਾ ਹੀ ਪੂਰਾ ਕੀਤਾ ਸੀ। ਉਸ ਨੇ ਤਾਂ ਰਾਹ ਵਿਚ ਹੀ ਕਿਧਰੇ ਸਮੁੰਦਰ ਦੀ ਭੇਟ ਚੜ੍ਹ ਜਾਣਾ ਸੀ ਜੇ ਰਸਤੇ ਵਿਚ ਉਸ ਨੂੰ ਇਹ ਅਣਜਾਣ ਅਤੇ ਅਸਲੋਂ ਨਵੀਂ ਧਰਤੀ ਨਾ ਮਿਲਦੀ। ਆਖਰ ਬਾਰਾਂ ਅਕਤੂਬਰ 1492 ਦੇ ਦਿਨ ਕੋਲੰਬਸ ਨੇ ਬਹਾਮਾਸ ਟਾਪੂ ‘ਤੇ ਸਪੇਨੀ ਝੰਡਾ ਗੱਡ ਦਿੱਤਾ।
ਜਿਉਂ ਹੀ ਇਹ ਲੋਕ ਬੇੜਿਆਂ ਤੋਂ ਉਤਰ ਕੇ ਬਾਹਰ ਆਏ ਤਾਂ ਮੁਕਾਮੀ ਲੋਕ ਹੈਰਾਨੀ ਭਰੀ ਖੁਸ਼ੀ ਨਾਲ ਇਨ੍ਹਾਂ ਨੂੰ ਮਿਲਣ ਭੱਜੇ। ਇਹ ਲੋਕ ਉਹ ਸਨ ਜਿਨ੍ਹਾਂ ਨੂੰ ਪਿੱਛੋਂ Ḕਨੇਟਿਵਜ਼ ਦਾ ਇੰਡੀਅਨਜ਼Ḕ ਕਿਹਾ ਗਿਆ। ਇਹ ਲੋਕ ਕੋਲੰਬਸ ਦੇ ਗਰੁਪ ਲਈ ਖਾਣ ਪੀਣ ਦਾ ਸਾਮਾਨ ਅਤੇ ਹੋਰ ਚੀਜ਼ਾਂ ਵਸਤਾਂ ਲੈ ਕੇ ਆਏ। ਹੱਦੋਂ ਵੱਧ ਟਹਿਲ ਸੇਵਾ ਕੀਤੀ, ਕਿਉਂਕਿ ਕੋਲੰਬਸ ਦਾ ਗਰੁਪ ਉਨ੍ਹਾਂ ਲਈ ਇਕ ਅਜੂਬਾ ਹੀ ਸੀ। ਕੋਲੰਬਸ ਨੇ ਪਿੱਛੋਂ ਆਪਣੀ ਡਾਇਰੀ ਵਿਚ ਵੀ ਲਿਖਿਆ ਕਿ ਇਤਨੇ ਮਿਲਣਸਾਰ ਅਤੇ ਭਲੇ ਲੋਕ ਉਸ ਨੇ ਧਰਤੀ ਦੇ ਹੋਰ ਕਿਸੇ ਹਿੱਸੇ ਉਪਰ ਨਹੀਂ ਵੇਖੇ। ਜਦੋਂ ਕੋਲੰਬਸ ਨੇ ਉਨ੍ਹਾਂ ਦੇ ਕੰਨਾਂ ਵਿਚ ਸੋਨੇ ਦੀਆਂ ਛੋਟੀਆਂ ਛੋਟੀਆਂ ਮੁਰਕੀਆਂ ਪਾਈਆਂ ਵੇਖੀਆਂ ਤਾਂ ਉਹ ਮਨ ਹੀ ਮਨ ਬੜਾ ਖੁਸ਼ ਹੋਇਆ। ਉਸ ਨੇ ਸੋਚਿਆ ਕਿ ਹੋਰ ਭਾਵੇਂ ਕੁਝ ਵੀ ਨਾ ਹੋਵੇ ਪਰ ਉਸ ਨੂੰ ਇੱਥੇ ਸੋਨਾ ਜ਼ਰੂਰ ਮਿਲੇਗਾ। ਸੋ ਥੋੜ੍ਹਾ ਵਿਸ਼ਰਾਮ ਕਰਨ ਤੋਂ ਬਾਅਦ ਹੀ ਉਹ ਆਪਣੇ ਕੰਮ ਉਪਰ ਲੱਗ ਗਿਆ-ਕੰਮ ਸੀ ਸੋਨਾ ਇਕੱਠਾ ਕਰਨਾ।
ਉਸ ਵੇਲੇ ਤੱਕ ਇਨ੍ਹਾਂ ਮੁਕਾਮੀ ਇੰਡੀਅਨ ਲੋਕਾਂ ਨੇ ਅਜੇ ਤੱਕ ਲੋਹਾ ਵਰਤੋਂ ਵਿਚ ਲਿਆਉਣਾ ਵੀ ਸ਼ੁਰੂ ਨਹੀਂ ਸੀ ਕੀਤਾ ਅਤੇ ਕਿਸੇ ਖਾਣ ‘ਚੋਂ ਸੋਨਾ ਕੱਢਣਾ ਤਾਂ ਦੂਰ ਦੀ ਗੱਲ ਸੀ। ਉਨ੍ਹਾਂ ਨੇ ਜੋ ਛੋਟੇ ਛੋਟੇ ਗਹਿਣੇ ਪਹਿਨ ਰੱਖੇ ਸਨ, ਉਹ ਸੋਨਾ ਉਨ੍ਹਾਂ ਸਮੁੰਦਰੀ ਤੱਟ ‘ਤੋਂ ਕਿਣਕਿਆਂ ਦੇ ਰੂਪ ਵਿਚ ਇਕੱਠਾ ਕੀਤਾ ਹੋਇਆ ਸੀ। ਉਨ੍ਹਾਂ ਨੂੰ ਸੋਨੇ ਬਾਰੇ ਹੋਰ ਕੁਝ ਨਹੀਂ ਸੀ ਪਤਾ। ਕੋਲੰਬਸ ਨੇ ਉਨ੍ਹਾਂ ਤੋਂ ਬੜੀ ਡੂੰਘੀ ਪੁੱਛ ਪੜਤਾਲ ਕੀਤੀ ਕਿ ਉਹ ਉਸ ਨੂੰ ਸੋਨਾ ਮੁਹੱਈਆ ਕਰਵਾਉਣ। ਪਰ ਉਹ ਭੋਲੇ ਲੋਕ ਕੋਈ ਜਾਣਕਾਰੀ ਨਾ ਦੇ ਸਕੇ। ਅਖੀਰ ਕੋਲੰਬਸ ਸਖਤੀ ‘ਤੇ ਆ ਗਿਆ। ਉਸ ਨੇ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪਰ ਨਤੀਜਾ ਕੋਈ ਨਾ ਨਿਕਲਿਆ।
ਕੋਲੰਬਸ ਆਪਣੀ ਡਾਇਰੀ ਵਿਚ ਲਿਖਦਾ ਹੈ ਕਿ ਅਸੀਂ ਸਿਰਫ ਚਾਲੀ ਜਣਿਆਂ ਨੇ ਸਾਰੇ ਟਾਪੂ ਦੇ ਲੋਕਾਂ ਨੂੰ ਕੈਦੀ ਬਣਾ ਲਿਆ। ਇਹ ਇਸ ਕਰਕੇ ਵੀ ਹੋਇਆ ਕਿ ਉਦੋਂ ਤੱਕ ਮੁਕਾਮੀ ਲੋਕ ਸਿਰਫ ਲੱਕੜ ਦੇ ਹਥਿਆਰ ਵਰਤਦੇ ਸਨ। ਜਦੋਂ ਕਿ ਕੋਲੰਬਸ ਦੇ ਬੰਦਿਆਂ ਕੋਲ ਤਲਵਾਰਾਂ, ਭਾਲੇ ਵਗੈਰਾ ਸਨ। ਆਖਰ ਕੋਲੰਬਸ ਨੇ ਉਨ੍ਹਾਂ ਦੇ ਕੁਝ ਲੋਕ ਬੰਦੀ ਬਣਾ ਲਏ ਤੇ ਨਾਲ ਲੈ ਤੁਰਿਆ ਕਿ ਤੁਸੀਂ ਮੈਨੂੰ ਸੋਨੇ ਦੀਆਂ ਖਾਣਾ ਦੱਸੋ। ਇੱਥੋਂ ਚੱਲ ਕੇ ਉਹ ਅਗਲੇ ਟਾਪੂ (ਅੱਜ ਦਾ ਕਿਊਬਾ) ‘ਤੇ ਪਹੁੰਚੇ। ਇਸ ਤੋਂ ਅਗਾਂਹ ਹਿਸਪੈਨਿਉਲਾ (ਅੱਜ ਦਾ ਹੇਸ਼ੀ ਅਤੇ ਡੋਮਿਨੀਕਨ ਰੀਪਬਲਿਕ) ਟਾਪੂ ਜਾ ਅੱਪੜੇ। ਇੱਥੋਂ ਦੇ ਲੋਕਾਂ ਦੇ ਕੰਨੀਂ ਵੀ ਉਸ ਨੇ ਸੋਨੇ ਦੀਆਂ ਮੁਰਕੀਆਂ ਪਾਈਆਂ ਵੇਖੀਆਂ ਤਾਂ ਉਸ ਨੂੰ ਹੋਰ ਯਕੀਨ ਹੋ ਗਿਆ ਕਿ ਇੱਥੇ ਬਹੁਤ ਵੱਡੇ ਸੋਨੇ ਦੇ ਭੰਡਾਰ ਹਨ। ਹਿਸਪੈਨਿਉਲਾ ਵਿਚ ਹੀ ਕੋਲੰਬਸ ਨੇ ਲੱਕੜੀ ਦਾ ਕਿਲਾ ਬਣਵਾਇਆ ਜਿਸ ਨੂੰ ਅਮਰੀਕਾ ਵਿਚ ਪਹਿਲਾ ਆਰਮੀ ਬੇਸ ਕਹਿ ਸਕਦੇ ਹਾਂ। ਇਸ ਦਾ ਨਾਂ ਉਸ ਨੇ ਨੈਵੀਦਾਦ ਯਾਨਿ ਕ੍ਰਿਸਮਸ ਰੱਖਿਆ। ਇਸ ਕਿਲੇ ਵਿਚ ਉਸ ਨੇ ਆਪਣੇ ਕਾਫੀ ਸਾਥੀ ਛੱਡ ਕੇ ਹੁਕਮ ਦਿੱਤਾ ਕਿ ਉਸ ਦੇ ਮੁੜਨ ਤੱਕ ਉਹ ਸੋਨਾ ਭੰਡਾਰ ਕਰਕੇ ਰੱਖਣ।
ਇੱਥੋਂ ਕੋਲੰਬਸ ਵਾਪਸ ਮੁੜਨ ਲਈ ਤਿਆਰ ਹੋ ਗਿਆ। ਉਸ ਨੇ ਆਪਣੇ ਬੇੜੇ, ਬੰਦੀ ਬਣਾਏ ਇੰਡੀਅਨ ਲੋਕਾਂ ਨਾਲ ਭਰ ਲਏ। ਉਸ ਨੇ ਇਨ੍ਹਾਂ ਨੂੰ ਨਾਲ ਇਸ ਕਰਕੇ ਲਿਆ ਸੀ ਕਿ ਵਾਪਸ ਸਪੇਨ ਜਾ ਕੇ ਇਨ੍ਹਾਂ ਨੂੰ ਗੁਲਾਮਾਂ ਦੀ ਮੰਡੀ ਵਿਚ ਵੇਚ ਕੇ ਪੈਸੇ ਕਮਾਏਗਾ ਪਰ ਜਦੋਂ ਤੱਕ ਉਹ ਸਪੇਨ ਪਹੁੰਚਿਆ, ਇਨ੍ਹਾਂ ‘ਚੋਂ ਬਹੁਤੇ ਬਦਲੇ ਮੌਸਮ ਅਤੇ ਜ਼ਿਆਦਾ ਠੰਡ ਕਰਕੇ ਮਰ ਗਏ।
ਸਪੇਨ ਪਹੁੰਚ ਕੇ ਕੋਲੰਬਸ ਨੇ ਰਾਜੇ ਸਾਹਮਣੇ ਆਪਣਾ ਸਫਰ ਬਿਆਨ ਕੀਤਾ। ਉਸ ਨੇ ਕਿਹਾ ਕਿ ਉਹ ਇਸ ਰਸਤੇ ਏਸ਼ੀਆ ਪਹੁੰਚ ਗਿਆ ਸੀ। ਉਂਜ ਉਹ ਜਾਣਦਾ ਸੀ ਕਿ ਇਹ ਸੱਚ ਨਹੀਂ। ਉਸ ਨੇ ਕਿਊਬਾ ਨੂੰ ਏਸ਼ੀਆ ਦੱਸਿਆ ਅਤੇ ਹਿਸਪੈਨਿਉਲਾ ਨੂੰ ਚੀਨ ਦਰਸਾਇਆ। ਉਸ ਨੇ ਇਨ੍ਹਾਂ ਦੋਨਾਂ ਬਾਰੇ ਬੜਾ ਵਧਾ ਚੜ੍ਹਾ ਕੇ ਬਿਆਨਬਾਜ਼ੀ ਕੀਤੀ। ਉਸ ਦੇ ਦੱਸਣ ਅਨੁਸਾਰ ਇੱਥੇ ਸੋਨੇ ਦੀਆਂ ਬਹੁਤ ਵੱਡੀਆਂ ਖਾਣਾਂ ਅਤੇ ਮਸਾਲਿਆਂ ਦੇ ਭੰਡਾਰ ਹਨ। ਇਸ ਤਰ੍ਹਾਂ ਦੀ ਵਧਾ ਚੜ੍ਹਾ ਕੇ ਬਿਆਨਬਾਜੀ ਕਰਨ ਦਾ ਉਸ ਦਾ ਮੰਤਵ ਅਗਲੇ ਸਫਰ ਲਈ ਸਰਕਾਰੀ ਸਹਾਇਤਾ ਪ੍ਰਾਪਤ ਕਰਨਾ ਸੀ। ਉਸ ਨੇ ਕਿਹਾ ਕਿ ਜੇ ਉਸ ਦੇ ਅਗਲੇ ਸਫਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਉਹ ਅਗਲੀ ਵਾਰ ਸੋਨੇ ਦੇ ਭੰਡਾਰ ਲੱਦ ਕੇ ਲਿਆਵੇਗਾ। ਇੰਨਾ ਹੀ ਨਹੀਂ ਸਗੋਂ ਉਹ ਹਜ਼ਾਰਾਂ ਦੀ ਗਿਣਤੀ ਵਿਚ ਗੁਲਾਮ ਵੀ ਲਿਆਵੇਗਾ।
ਆਖਰ ਰਾਜਾ ਤੇ ਰਾਣੀ ਉਸ ਦੀਆਂ ਗੱਲਾਂ ਨਾਲ ਸਹਿਮਤ ਹੋ ਗਏ ਅਤੇ ਉਸ ਦੇ ਦੂਜੇ ਸਫਰ ਦੀ ਮਨਜ਼ੂਰੀ ਦੇ ਦਿੱਤੀ। ਇਸ ਵਾਰ ਉਸ ਨੂੰ ਸਤਾਰਾਂ ਵੱਡੇ ਬੇੜੇ ਅਤੇ ਕਰੀਬ ਬਾਰਾਂ ਸੌ ਬੰਦੇ ਦਿੱਤੇ ਗਏ। ਇਹ ਸਭ ਕੁਝ ਮਿਲਣ ਪਿਛੋਂ ਕੋਲੰਬਸ ਵਾਪਸ ਹਿਸਪੈਨਿਉਲਾ ਪਹੁੰਚ ਗਿਆ। ਇਸ ਵਾਰ ਉਨ੍ਹਾਂ ਆਉਂਦਿਆਂ ਹੀ ਤਬਾਹੀ ਮਚਾ ਦਿੱਤੀ। ਮੁੱਖ ਮੰਤਵ ਸੀ ਕਿ ਜਿੰਨੀ ਜ਼ਿਆਦਾ ਇਨ੍ਹਾਂ ਲੋਕਾਂ ਦੀ ਕੁੱਟਮਾਰ ਹੋਵੇਗੀ, ਉਨੇ ਹੀ ਵੱਧ ਸੋਨੇ ਬਾਰੇ ਪਤਾ ਲੱਗਣ ਦੇ ਮੌਕੇ ਬਣਨਗੇ। ਉਹ ਜਦੋਂ ਇਕ ਟਾਪੂ ਤੋਂ ਦੂਜੇ ਟਾਪੂ ਘੁੰਮਣ ਲੱਗੇ ਤਾਂ ਉਨ੍ਹਾਂ ਨੂੰ ਪਿੰਡਾਂ ਦੇ ਪਿੰਡ ਖਾਲੀ ਮਿਲੇ। ਕਿਉਂਕਿ ਉਨ੍ਹਾਂ ਦਾ ਮੰਤਵ ਸਮਝਦਿਆਂ ਮੁਕਾਮੀ ਇੰਡੀਅਨ ਲੋਕ ਜੰਗਲਾਂ ਵਿਚ ਜਾ ਲੁਕੇ ਸਨ। ਕੋਲੰਬਸ ਪਿਛਲੀ ਵਾਰ ਬਣਾਏ ਕਿਲੇ ਵਿਚ ਗਿਆ ਤਾਂ ਉਸ ਨੇ ਵੇਖਿਆ ਕਿ ਕਿਲਾ ਖਾਲੀ ਸੀ ਤੇ ਉਸ ਦੇ ਸਾਰੇ ਬੰਦੇ ਇੰਡੀਅਨਾਂ ਨੇ ਮਾਰ ਮੁਕਾਏ ਸਨ। ਕਿਉਂਕਿ ਉਸ ਦੇ ਬੰਦਿਆਂ ਨੇ ਇੰਡੀਅਨਾਂ ਉਪਰ ਹੱਦੋਂ ਵੱਧ ਜੁਲਮ ਕੀਤੇ ਸਨ। ਇਸ ਵਾਰ ਉਸ ਨੇ ਹੇਸ਼ੀ ਨੂੰ ਆਪਣਾ ਅੱਡਾ ਬਣਾਇਆ ਅਤੇ ਉਥੋਂ ਵੱਖੋ ਵੱਖਰੇ ਟਾਪੂਆਂ ‘ਤੇ ਸੋਨੇ ਦੀ ਭਾਲ ‘ਚ ਗਿਆ। ਪਰ ਉਸ ਨੂੰ ਕਿਧਰੇ ਵੀ ਸੋਨਾ ਨਾ ਮਿਲਿਆ। ਉਹ ਪਰੇਸ਼ਾਨ ਹੋ ਉਠਿਆ ਕਿ ਬਿਨਾ ਸੋਨੇ ਦੇ ਭੰਡਾਰ ਲਿਜਾਇਆਂ, ਉਹ ਰਾਜੇ ਸਾਹਮਣੇ ਜਾ ਕੇ ਕੀ ਜੁਆਬ ਦੇਵੇਗਾ।
ਸੋ ਉਸ ਨੇ ਸੋਚਿਆ ਕਿ ਹੋਰ ਨਾ ਸਹੀ ਪਰ ਗੁਲਾਮ ਤਾਂ ਵੱਧ ਤੋਂ ਵੱਧ ਲੈ ਜਾਵਾਂ। ਇਸ ਮੰਤਵ ਨਾਲ ਉਸ ਨੇ ਇਕ ਵੱਡਾ ਹਮਲਾ ਬੋਲ ਕੇ ਦੋ ਹਜ਼ਾਰ ਦੇ ਲੱਗਭੱਗ ਬੱਚੇ, ਔਰਤਾਂ ਤੇ ਮਰਦ ਫੜ੍ਹ ਲਏ। ਫਿਰ ਇਨ੍ਹਾਂ ‘ਚੋਂ ਛਾਂਟ ਕੇ ਪੰਜ ਸੌ ਦਾ ਗਰੁਪ ਤਿਆਰ ਕੀਤਾ ਤੇ ਇਨ੍ਹਾਂ ਨੂੰ ਬੰਦੀ ਬਣਾ ਕੇ ਜਹਾਜਾਂ ਵਿਚ ਚੜ੍ਹਾ ਗੁਲਾਮਾਂ ਵਜੋਂ ਸਪੇਨ ਤੋਰ ਦਿੱਤਾ। ਆਪ ਪਿੱਛੇ ਰਹਿੰਦਿਆਂ ਹੋਰ ਗੁਲਾਮ ਇਕੱਠੇ ਕਰਨ ਅਤੇ ਸੋਨਾ ਲੱਭਣ ਦਾ ਕੰਮ ਕਰਦਾ ਰਿਹਾ। ਜਿਹੜੇ ਲੋਕਾਂ ਨੂੰ ਉਹ ਗੁਲਾਮਾਂ ਦੇ ਤੌਰ ‘ਤੇ ਕੈਦ ਕਰਦਾ ਸੀ, ਉਨ੍ਹਾਂ ‘ਚੋਂ ਬਹੁਤੇ ਤਸ਼ੱਦਦ ਨਾ ਸਹਾਰਦਿਆਂ ਮਰ ਜਾਂਦੇ ਤੇ ਸੋਨਾ ਲੱਭਦਾ ਕੋਈ ਨਹੀਂ ਸੀ।
ਉਧਰ ਸਪੇਨ ਵੱਲ ਤੋਰੇ ਗੁਲਾਮਾਂ ‘ਚੋਂ ਅੱਧਿਓਂ ਵੱਧ ਤਾਂ ਰਾਹ ਵਿਚ ਹੀ ਮਰ ਖਪ ਗਏ। ਬਾਕੀ ਬਚਦੇ ਸਪੇਨ ਵਿਚ ਵੇਚ ਦਿੱਤੇ ਗਏ। ਉਂਜ ਆਪਣੇ ਸਾਰੇ ਕੰਮ ਨੂੰ ਕੋਲੰਬਸ ਬੜੇ ਵਾਜਬ ਢੰਗ ਨਾਲ ਸਹੀ ਠਹਿਰਾਉਂਦਿਆਂ ਕਹਿੰਦਾ ਕਿ ਮੈਂ ਜੋ ਵੀ ਕਰ ਰਿਹਾ ਹਾਂ ਇਹ ਸਭ ਰੱਬ ਦੀ ਖਿਦਮਤ ਲਈ ਕਰ ਰਿਹਾ ਹਾਂ। ਕੋਲੰਬਸ ਨੂੰ ਸੋਨੇ ਦਾ ਨਾ ਮਿਲਣਾ ਪ੍ਰੇਸ਼ਾਨ ਕਰ ਰਿਹਾ ਸੀ। ਅਜੇ ਵੀ ਉਸ ਨੂੰ ਪੂਰਾ ਯਕੀਨ ਸੀ ਕਿ ਹੇਸ਼ੀ ਵਿਚ ਜ਼ਰੂਰ ਸੋਨੇ ਦੇ ਭੰਡਾਰ ਹਨ। ਹੁਣ ਤੱਕ ਇੱਥੇ ਉਸ ਦਾ ਦਬਦਬਾ ਜਾਂ ਕਹਿ ਲਉ ਰਾਜ ਕਾਇਮ ਹੋ ਚੁਕਾ ਸੀ।
ਆਖਰ ਉਸ ਨੇ ਚੌਦਾਂ ਸਾਲ ਤੋਂ ਉਪਰ ਦੀ ਉਮਰ ਦੇ ਸਭ ਲੋਕਾਂ ਨੂੰ ਇਕੱਠੇ ਕਰਕੇ ਸੋਨਾ ਲੱਭਣ ਦਾ ਕੰਮ ਸੌਂਪ ਦਿੱਤਾ। ਪਹਾੜ ਖੋਦ ਕੇ ਵੱਡੇ ਪੱਧਰ ‘ਤੇ ਸੋਨੇ ਦੀ ਭਾਲ ਸ਼ੁਰੂ ਹੋ ਗਈ। ਉਸ ਨੇ ਸਭ ਇੰਡੀਅਨ ਲੋਕਾਂ ਦੇ ਗਲਾਂ ਵਿਚ ਟੈਗ ਪਾ ਦਿੱਤੇ ਤਾਂ ਕਿ ਕੋਈ ਬਿਨਾ ਕੰਮ ਤੋਂ ਨਾ ਰਹੇ। ਨਾਲ ਹੀ ਇਹ ਵੀ ਕਿ ਜੇ ਕੋਈ ਬਿਨਾ ਟੈਗ ਤੋਂ ਮਿਲਦਾ ਤਾਂ ਉਸ ਨੂੰ ਥਾਂ ‘ਤੇ ਹੀ ਮਾਰ ਮੁਕਾ ਦਿੱਤਾ ਜਾਂਦਾ। ਜੋ ਘੱਟ ਕੰਮ ਕਰਦਾ, ਉਸ ਦੇ ਹੱਥ ਕੱਟ ਦਿੱਤੇ ਜਾਂਦੇ। ਖਾਣਾਂ ਵਿਚ ਕੰਮ ਕਰਦੇ ਭੁੱਖੇ ਤਿਹਾਏ ਲੋਕ ਵੱਡੀ ਗਿਣਤੀ ਵਿਚ ਮਰ ਰਹੇ ਸਨ। ਇਸ ਤੋਂ ਬਿਨਾ ਹੋਰਨਾਂ ਕੰਮਾਂ ਲਈ ਇੰਡੀਅਨ ਲੋਕਾਂ ਨੂੰ ਬੰਦੀ ਬਣਾਇਆ ਹੋਇਆ ਸੀ। ਉਨ੍ਹਾਂ ਨੂੰ ਪਸੂਆਂ ਦੀ ਤਰ੍ਹਾਂ ਸੰਗਲ ਪਾ ਕੇ ਰੱਖਿਆ ਜਾਂਦਾ। ਉਨ੍ਹਾਂ ਨੂੰ ਗੱਡਿਆਂ ਅੱਗੇ ਜੋਤਿਆ ਜਾਂਦਾ। ਢੋਅ-ਢੁਆਈ ਲਈ ਉਨ੍ਹਾਂ ਨੂੰ ਗਧਿਆਂ ਵਾਂਗ ਵਰਤਿਆ ਜਾਂਦਾ। ਜੁਲਮਾਂ ਦੀ ਇੰਤਹਾ ਹੋ ਚੁਕੀ ਸੀ। ਇੰਡੀਅਨ ਲੋਕਾਂ ਦੀ ਆਬਾਦੀ ਲਗਾਤਾਰ ਘਟਦੀ ਜਾ ਰਹੀ ਸੀ।
ਵਿਚਾਰੇ ਇੰਡੀਅਨ ਲੋਕਾਂ ਨੂੰ ਬੜੇ ਔਖੇ ਕੰਮ ‘ਤੇ ਲਾ ਦਿੱਤਾ ਗਿਆ। ਸੋਨਾ ਲੱਭਦਾ ਨਹੀਂ ਸੀ ਤੇ ਉਨ੍ਹਾਂ ਦੀ ਜਾਨ ਛੁੱਟਦੀ ਨਹੀਂ ਸੀ। ਜੇ ਕੋਈ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਮਾਰ ਮੁਕਾ ਦਿੱਤਾ ਜਾਂਦਾ। ਜੇ ਕੋਈ ਸੁਆਲ ਕਰਦਾ ਤਾਂ ਖਤਮ ਕਰ ਦਿੱਤਾ ਜਾਂਦਾ। ਚੰਗੀ ਭਲੀ ਆਜ਼ਾਦ ਜ਼ਿੰਦਗੀ ਜਿਉਂ ਰਹੇ ਭਲੇ ਲੋਕਾਂ ਨੂੰ ਕੋਲੰਬਸ ਨੇ ਆ ਕੇ ਪਸੂਆਂ ਵਰਗੇ ਬਣਾ ਦਿੱਤਾ। ਇੰਡੀਅਨ ਲੋਕਾਂ ਨੇ ਇਕੱਠੇ ਹੋ ਕੇ ਲੜਨ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਪਰ ਉਨ੍ਹਾਂ ਦੇ ਮੁਕਾਬਲੇ ਸਪੇਨੀ ਸਿਪਾਹੀ ਮਜ਼ਬੂਤ ਹਥਿਆਰਾਂ ਨਾਲ ਲੈਸ ਸਨ। ਜਦੋਂ ਹੀ ਕਿਤੇ ਵਿਦਰੋਹ ਹੁੰਦਾ ਤਾਂ ਸਪੇਨੀ ਸਿਪਾਹੀ ਹਜ਼ਾਰਾਂ ਇੰਡੀਅਨ ਲੋਕਾਂ ਨੂੰ ਮਾਰ ਮੁਕਾਉਂਦੇ। ਕੋਈ ਵਾਹ ਨਾ ਜਾਂਦੀ ਵੇਖ ਉਨ੍ਹਾਂ ਨੇ ਖੁਦਕੁਸ਼ੀਆਂ ਸ਼ੁਰੂ ਕਰ ਦਿੱਤੀਆਂ। ਇਕ ਵਾਰ ਇਹ ਕੰਮ ਸ਼ੁਰੂ ਹੋਇਆ ਤਾਂ ਇੰਡੀਅਨ ਲੋਕ ਵੱਡੀ ਗਿਣਤੀ ਵਿਚ ਮਰਨ ਲੱਗੇ।
ਹਾਲ ਇਹ ਹੋ ਗਿਆ ਕਿ ਕੁਝ ਕੁ ਸਾਲਾਂ ਵਿਚ ਹੀ ਕੋਲੰਬਸ ਦੇ ਸਪੇਨੀ ਸਿਪਾਹੀਆਂ ਦੇ ਜ਼ੁਲਮ, ਵਿਦਰੋਹ ਅਤੇ ਖੁਦਕੁਸ਼ੀਆਂ ਕਰਕੇ ਲੱਗਭੱਗ ਢਾਈ ਲੱਖ ਇੰਡੀਅਨ ਲੋਕ ਖਤਮ ਹੋ ਗਏ। ਇੰਡੀਅਨ ਲੋਕਾਂ ਦੀ ਆਬਾਦੀ ਦਿਨੋ ਦਿਨ ਘੱਟਦੀ ਗਈ ਕਿਉਂਕਿ ਬਹੁਤੇ ਅੱਤਿਆਚਾਰਾਂ ਵਿਚ ਮਾਰੇ ਜਾਂਦੇ ਸਨ ਅਤੇ ਹਜ਼ਾਰਾਂ ਨੂੰ ਬੇੜਿਆਂ ਵਿਚ ਭਰ ਕੇ ਗੁਲਾਮਾਂ ਦੀ ਮੰਡੀ ਵਿਚ ਲਿਜਾ ਕੇ ਵੇਚ ਦਿੱਤਾ ਜਾਂਦਾ ਸੀ।
ਕੋਲੰਬਸ ਤੋਂ ਬਾਅਦ ਜਿਹੜਾ ਸਪੇਨੀ ਰਾਜਾਸ਼ਾਹੀ ਦਾ ਬੰਦਾ ਇੱਧਰ ਆਇਆ, ਉਸ ਦਾ ਨਾਂ ਸੀ ਵਾਰਤੋਲੋਮੇ ਦਾ ਲਾਸ ਕਾਸਸ। ਉਹ ਇੱਕ ਧਾਰਮਿਕ ਵਿਅਕਤੀ ਸੀ ਅਤੇ ਉਸ ਨੇ ਸਪੇਨ ਦੀ ਹਕੂਮਤ ਇੱਧਰ ਅਮਰੀਕਾ ਵੱਲ ਵਧਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ। ਇਸੇ ਤੋਂ ਖੁਸ਼ ਹੋ ਕੇ ਸਪੇਨ ਸਰਕਾਰ ਨੇ ਉਸ ਨੂੰ ਕਿਊਬਾ ਟਾਪੂ ਉਪਰ ਹਜ਼ਾਰਾਂ ਏਕੜ ਜਮੀਨ ਦਿੱਤੀ। ਇੱਥੇ ਉਸ ਨੇ ਹਜ਼ਾਰਾਂ ਇੰਡੀਅਨ ਲੋਕਾਂ ਨੂੰ ਬੰਦੀ ਬਣਾ ਕੇ ਖੇਤੀ ਦੇ ਕੰਮ ਲਾਇਆ। ਪਰ ਕੁਝ ਹੀ ਦੇਰ ਪਿਛੋਂ ਉਸ ਅੰਦਰ ਮਨੁੱਖਤਾ ਜਾਗ ਉਠੀ ਤੇ ਉਹ ਇੰਡੀਅਨ ਲੋਕਾਂ ਦੇ ਹੱਕਾਂ ਲਈ ਲੜਨ ਲੱਗ ਪਿਆ। ਆਖਰ ਉਹ ਇਕ ਸਮਾਜ ਸੇਵੀ ਹੋ ਨਿਬੜਿਆ। ਉਸ ਨੇ ਵਾਪਸ ਜਾ ਕੇ ਜਿੰਨਾ ਕੁ ਹੋ ਸਕਦਾ ਸੀ, ਇੰਡੀਅਨ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ। ਕੋਲੰਬਸ ਨੇ ਜੋ ਸਾਲਾਂ ਤੱਕ ਇੰਡੀਅਨ ਲੋਕਾਂ ਉਪਰ ਜ਼ੁਲਮ ਕੀਤੇ, ਉਨ੍ਹਾਂ ਦੀ ਸਹੀ ਤਸਵੀਰ ਵਾਰਤੋਲੋਮੇ ਨੇ ਹੀ ਪੇਸ਼ ਕੀਤੀ। ਨਹੀਂ ਤਾਂ ਲੱਖਾਂ ਮਾਸੂਮ ਲੋਕਾਂ ਦੇ ਕਤਲ ਵਕਤ ਦੀ ਧੂੜ ਵਿਚ ਦੀ ਦਬ ਜਾਣੇ ਸਨ।
ਕੋਲੰਬਸ ਨੂੰ ਅੱਜ ਇੱਕ ਹੀਰੋ ਜਾ ਦਰਜਾ ਦਿੱਤਾ ਜਾਂਦਾ ਹੈ। ਉਸ ਦੇ ਨਾਂ ‘ਤੇ ਛੁੱਟੀ ਹੁੰਦੀ ਹੈ ਅਤੇ ਕੋਲੰਬਸ ਡੇ ਦੁਨੀਆਂ ਦੇ ਬਹੁਤ ਸਾਰੇ ਹਿੱਸੇ ਵਿਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਪਰ ਸਾਨੂੰ ਉਨ੍ਹਾਂ ਲੋਕਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਜੋ ਇਸ Ḕਮਹਾਨ ਹੀਰੋḔ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ। ਜਿਨ੍ਹਾਂ ਦੀ ਇਹ ਧਰਤੀ ਸੀ, ਜਿਨ੍ਹਾਂ ਨੇ ਇਸ ਦੀ ਤਰੱਕੀ ਲਈ ਖੂਨ ਪਸੀਨਾ ਇਕ ਕੀਤਾ। ਜੇ ਉਨ੍ਹਾਂ ਇੰਡੀਅਨ ਲੋਕਾਂ ਦੀ ਹਿਸਟਰੀ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਉਹ ਬੜੇ ਭੋਲੇ ਭਾਲੇ, ਇਕ ਦੂਜੇ ਦੇ ਮਦਦਗਾਰ, ਸਾਂਝੇ ਭਾਈਚਾਰੇ ਵਿਚ ਰਹਿਣ ਵਾਲੇ ਅਤੇ ਮਹਾਨ ਪ੍ਰਾਹੁਣਚਾਰੀ ਵਾਲੇ ਲੋਕ ਸਨ। ਉਨ੍ਹਾਂ ਨੇ ਨਵੇਂ ਆਏ ਕੋਲੰਬਸ ਨੂੰ ਉਥੋਂ ਖਦੇੜਨ ਦੀ ਥਾਂ ਉਸ ਦਾ ਸੁਆਗਤ ਕੀਤਾ। ਉਸ ਨੂੰ ਭੋਜਨ ਤੇ ਰੈਣ ਬਸੇਰਾ ਦਿੱਤਾ। ਉਨ੍ਹਾਂ ਨੇ ਕੋਲੰਬਸ ਨੂੰ ਆਪਣੇ ਲਈ ਖਤਰਾ ਨਹੀਂ ਮੰਨਿਆ ਕਿਉਂਕਿ ਇਹ ਉਨ੍ਹਾਂ ਦਾ ਸੁਭਾਅ ਹੀ ਨਹੀਂ ਸੀ। ਸੋ ਜੇ ਕੋਲੰਬਸ ਚਾਹੁੰਦਾ ਤਾਂ ਉਨ੍ਹਾਂ ਦੇ ਨਾਲ ਮਿਲ ਕੇ ਜਾਂ ਉਨ੍ਹਾਂ ਦੇ ਸਹਿਯੋਗ ਨਾਲ ਉਹ ਇੱਥੇ ਕੁਝ ਵੀ ਕਰ ਸਕਦਾ ਸੀ। ਪਰ ਉਹ ਤਾਂ ਇਕ ਰਾਜਸ਼ਾਹੀ ਦਾ ਅਮੀਰ ਨੁਮਾਇੰਦਾ ਸੀ ਜਿਸ ਲਈ ਪਰਜਾ ਕੋਈ ਮਾਇਨੇ ਨਹੀਂ ਸੀ ਰੱਖਦੀ। ਉਸ ਦੁਆਰਾ ਇੰਡੀਅਨ ਲੋਕਾਂ ‘ਤੇ ਕੀਤੇ ਜ਼ੁਲਮਾਂ ਨੂੰ ਮਹਾਨ ਨਸਲਕੁਸ਼ੀ ਮੰਨਿਆ ਜਾਂਦਾ ਹੈ। ਕੋਲੰਬਸ ਵਲੋਂ ਇੰਡੀਅਨ ਲੋਕਾਂ ਦਾ ਘਾਣ ਜਾਰੀ ਰਿਹਾ ਅਤੇ ਅਖੀਰ ਜੋ ਉਨ੍ਹਾਂ ਦਾ ਹਸ਼ਰ ਹੋਇਆ, ਉਹ ਸਾਡੇ ਸਾਹਮਣੇ ਹੈ। ਉਹ ਆਪਣੇ ਹੀ ਘਰ ਵਿਚ ਪਰਾਏ ਬਣ ਕੇ ਰਹਿ ਗਏ।