ਕਿਵੇਂ ਹੋਇਆ ਅਮਰਜੋਤ ਤੇ ਚਮਕੀਲੇ ਦਾ ਮੇਲ-ਜੋਲ

ਅਸ਼ੋਕ ਭੌਰਾ
ਪੰਜਾਬੀ ਗਾਇਕੀ ਵਿਚ ਸ਼ਾਇਦ ਸਭ ਤੋਂ ਵੱਡਾ ਤੇ ਇੱਕੋ ਇਕ ਦੁਖਾਂਤ ਬਣਿਆ ਰਹੇਗਾ ਕਿ ਕਿਸੇ ਮਹਿਲਾ ਗਾਇਕਾ ਦਾ ਕਤਲ ਹੋਇਆ ਹੋਵੇ, ਕਤਲ ਵੀ ਬੇਰਹਿਮੀ ਨਾਲ ਹੋਇਆ ਹੋਵੇ, ਤੇ ਗਾਇਕਾ ਵੀ ਨਾਮਵਰ ਹੋਵੇ। ਉਸ ਦਾ ਸਰੀਰ ਗੋਲੀਆਂ ਨਾਲ ਛਲਣੀ ਕਰ ਦਿੱਤਾ ਗਿਆ ਸੀ। ਖੈਰ! ਇਸ ਬਿਰਤਾਂਤ ਨੂੰ ਤਾਂ ਸਾਰੇ ਜਾਣਦੇ ਨੇ ਪਰ ਇੱਥੇ ਇਕ ਦਿਲਚਸਪ ਗੱਲ ਹੀ ਸਾਂਝੀ ਕਰਾਂਗਾ ਕਿ ਇਕ ਵਿਆਹੇ ਵਰ੍ਹੇ ਗਾਇਕ ਅਮਰ ਸਿੰਘ ਚਮਕੀਲੇ ਦਾ ਅਮਰਜੋਤ ਨਾਲ ਦੋਗਾਣੇ ਗਾਉਣ ਵਿਚ ਪਹਿਲਾ ਸੈਟ ਕਿਵੇਂ ਬਣਿਆ ਅਤੇ ਫਿਰ ਇਹ ਸਬੰਧ ਗ੍ਰਹਿਸਥ ‘ਚ ਕਿਵੇਂ ਤਬਦੀਲ ਹੋ ਗਏ? ਹਾਲਾਂਕਿ ਇਸ ਤੋਂ ਪਹਿਲਾਂ ਚਮਕੀਲਾ ਗੁਰਮੇਲ ਕੌਰ ਨਾਲ ਵਿਆਹਿਆ ਹੋਇਆ ਸੀ ਅਤੇ ਬਾਲ ਬੱਚਿਆਂ ਵਾਲਾ ਸੀ।

ਮੈਂ ਅਮਰਜੋਤ ਨੂੰ ਉਦੋਂ ਹੀ ਜਾਣਨ ਲੱਗਾ, ਜਦੋਂ ਉਹ ਕੁਲਦੀਪ ਮਾਣਕ ਨਾਲ ਸਹਿਯੋਗੀ ਗਾਇਕਾ ਵਜੋਂ ਆਈ। ਕੁਲਦੀਪ ਮਾਣਕ ਨੇ ਆਪਣੀਆਂ ਸਟੇਜਾਂ ‘ਤੇ ਇਕ-ਦੋ ਗੀਤ ਹੀ ਗਵਾਉਣੇ ਹੁੰਦੇ ਸਨ ਤੇ ਬਾਕੀ ਦਾ ਸਾਰਾ ਪ੍ਰੋਗਰਾਮ ਜਾਂ ਅਖਾੜਾ ਉਸ ਨੇ ‘ਕੱਲੇ ਨੇ ਹੀ ਪੇਸ਼ ਕਰਨਾ ਹੁੰਦਾ ਸੀ ਕਿਉਂਕਿ ਮਾਣਕ ਦਾ ਅੰਦਾਜ਼ ਤੇ ਉਸ ਦੇ ਗੀਤਾਂ ਦਾ ਵਿਸ਼ਾ-ਵਸਤੂ ਬਿਲਕੁਲ ਹੀ ਅਲੱਗ ਸੀ।
ਦਿੱਲੀ ਦਰੀਆਗੰਜ ਐਚæ ਐਮæ ਵੀæ ਦੇ ਸਟੂਡੀਓ ‘ਚ ਕੁਲਦੀਪ ਮਾਣਕ ਦੇ ਐਲ਼ ਪੀæ ਪ੍ਰਾਜੈਕਟ ਦੀ ਰਿਕਾਰਡਿੰਗ ਹੋ ਰਹੀ ਸੀ। ਗਰੇਵਾਲ ਅਤੇ ਸੀਤਲ ਨਾਲ ਗਾਉਣ ਵਾਲੀ ਸੀਮਾ ਦੇ ਵੀ ਇਕ ਦੋ ਗੀਤ ਇਸ ਐਲ਼ ਪੀæ ਲਈ ਰਿਕਾਰਡ ਕੀਤੇ ਜਾਣੇ ਸਨ। ਗੱਲ ਕੋਈ 1980-81 ਦੇ ਨੇੜੇ ਤੇੜੇ ਦੀ ਹੋਵੇਗੀ। ਮੈਂ ਸਟੂਡੀਓ ‘ਚ ਹਾਜ਼ਰ ਸਾਂ, ਛੋਟੀ ਉਮਰ ਸੀ ਤੇ ਰਿਹਾ ਵੀ ਇਕ ਦੋ ਘੰਟੇ ਹੀ। ਮਿਊਜ਼ਿਕ ਚਰਨਜੀਤ ਆਹੂਜਾ ਕਰ ਰਿਹਾ ਸੀ। ਐਚæ ਐਮæ ਵੀæ ਦਾ ਮੈਨੇਜਰ ਜ਼ਹੀਰ ਹਾਜ਼ਰ ਸੀ ਤੇ ਦਾਦਾ ਰਿਕਾਰਡਿੰਗ ਇੰਜੀਨੀਅਰ ਸੀ। ਇਹ ਕੁੜੀ ਸਾਰਿਆਂ ਲਈ ਨਵੀਂ ਸੀ ਪਰ ਇਹਦੇ ਵੱਲ ਧਿਆਨ ਇਸ ਕਰਕੇ ਕੇਂਦ੍ਰਿਤ ਹੋ ਰਿਹਾ ਸੀ ਕਿ ਪਹਿਲੀ ਗੱਲ, ਉਹ ਖੂਬਸੂਰਤ ਰੱਜ ਕੇ ਸੀ; ਦੂਜੀ ਗੱਲ, ਉਹ ਸੁਰੀਲੀ ਹੋਣ ਦੇ ਨਾਲ ਨਾਲ ਸ਼ਬਦ ਉਚਾਰਣ ਬੜਾ ਵਧੀਆ ਕਰ ਰਹੀ ਸੀ, ਤੇ ਇਨ੍ਹਾਂ ਗੁਣਾਂ ਵਾਲੇ ਵਿਅਕਤੀ ਨੂੰ ਚਰਨਜੀਤ ਆਹੂਜਾ ਪਿਆਰ ਬੜਾ ਕਰਦਾ ਸੀ। ਪੰਜਾਬੀ ਗਾਇਕੀ ਦੇ ਖੇਤਰ ਵਿਚ ਨਰੋਏ ਪੈਰੀਂ ਪਰਵੇਸ਼ ਕਰਨ ਲਈ ਸ਼ਾਇਦ ਇਹ ਅਮਰਜੋਤ ਦਾ ਪਹਿਲਾ ਦੁਆਰ ਖੁੱਲ੍ਹਣ ਲੱਗਾ ਸੀ। ਗੱਲ ਵੀ ਉਹੀ ਹੋਈ। ‘ਜਾਗੋ ਛੜਿਓ ਵਿਆਹ ਕਰਵਾ ਲਓ, ਵੇਚ ਕੇ ਮੱਝੀਆਂ ਗਾਈਆਂ’, ‘ਹੋ ਗਈ ਲਾਲਾ ਲਾਲਾ ਸਾਰੇ, ਜੱਟੀ ਸੱਚੀਆਂ ਉਚਾਰੇ’, ‘ਬਾਹਾਂ ਵਿਚ ਮੈਂ ਘੁੱਟ ਲਾਂ, ਮੇਰੇ ਖੰਡ ਦੇ ਖਡੌਣਿਆ ਯਾਰਾ’ ਇਹ ਗੀਤ ਕੁਲਦੀਪ ਮਾਣਕ ਦੇ ਖਾਤੇ ‘ਚ ਹਾਲੇ ਤੱਕ ਅਮਰਜੋਤ ਦੀ ਪ੍ਰਾਪਤੀ ਬਣੇ ਹੋਏ ਹਨ। ਉਨ੍ਹਾਂ ਦਿਨਾਂ ‘ਚ ਹੀ ਲੁਧਿਆਣੇ ਦੀ ਗਾਇਕੀ ਮਾਰਕੀਟ ‘ਚ ਇਹ ਚਰਚਾ ਹੋ ਗਈ ਸੀ ਕਿ ਇਕ ਸੁਰੀਲੀ ਕੁੜੀ ਧੜੱਲੇ ਨਾਲ ਪਰਵੇਸ਼ ਕਰ ਰਹੀ ਹੈ। ਪਰ ਇਸ ਗੱਲ ਨੂੰ ਤਾਂ ਪਰਦੇ ‘ਚ ਰਹਿਣ ਦਿਓ ਕਿ ਕਿਉਂ ਕੁਲਦੀਪ ਮਾਣਕ ਦੀ ਅਮਰਜੋਤ ਨਾਲ ਜੋੜੀ ਬਹੁਤੀ ਦੇਰ ਚੱਲ ਨਾ ਸਕੀ। ਇੱਥੋਂ ਤੱਕ ਕਿ ਕੁਝ ਪਰਿਵਾਰਕ ਤਣਾਓ ਵੀ ਪੈਦਾ ਹੋਇਆ ਤੇ ਮਾਣਕ ਦੀ ਧਰਮ ਪਤਨੀ ਸਰਬਜੀਤ ਨਹੀਂ ਚਾਹੁੰਦੀ ਸੀ ਕਿ ਅਮਰਜੋਤ ਕੁਲਦੀਪ ਮਾਣਕ ਨਾਲ ਗਾਵੇ। ਹੌਲੀ ਹੌਲੀ ਉਠਦਾ ਧੂੰਆਂ ਕਈਆਂ ਦੀਆਂ ਅੱਖਾਂ ‘ਚ ਰੜਕਿਆ ‘ਤੇ ‘ਤੜੱਕ’ ਹੋ ਗਈ।
ਇਤਫਾਕ ਇਹ ਹੋਇਆ ਕਿ ਇਸ ਤੋਂ ਬਾਅਦ ਕੁਲਦੀਪ ਮਾਣਕ ਕੁਝ ਸਮੇਂ ਲਈ ਇੰਗਲੈਂਡ ਚਲਿਆ ਗਿਆ। ਉਧਰ ਅਮਰ ਸਿੰਘ ਚਮਕੀਲਾ ਸੁਰਿੰਦਰ ਸ਼ਿੰਦੇ ਨਾਲ ਪੇਟੀ ਵਜਾਉਂਦਾ ਵਜਾਉਂਦਾ ‘ਮੈਂ ਡਿੱਗੀ ਤਿਲਕ ਕੇ’ ਨਾਲ ਗੀਤਕਾਰ ਤਾਂ ਬਣ ਹੀ ਗਿਆ ਸੀ ਪਰ ਸੁਰਿੰਦਰ ਸੋਨੀਆ ਨਾਲ ਉਸ ਦੇ ਪਹਿਲੇ ਈæ ਪੀæ ਰਿਕਾਰਡ ‘ਕੁੜਤੀ ਸੱਤ ਰੰਗ ਦੀ, ਉਤੇ ਘੁੱਗੀਆਂ ਗਟਾਰਾਂ ਪਾਈਆਂ’ ਨੇ ਪੰਜਾਬੀ ਸਰੋਤਿਆਂ ‘ਚ ਤਰਥੱਲੀ ਮਚਾ ਦਿੱਤੀ ਸੀ। ਪੇਂਡੂ ਲੋਕ ਉਹਦੇ ਵੱਲ ਇਕਦਮ ਖਿੱਚੇ ਗਏ ਸਨ। ਉਹਦਾ ਪਹਿਲਾ ਵਿਵਾਦਿਤ ਗੀਤ ‘ਬਾਪੂ ਸਾਡਾ ਗੁੰਮ ਹੋ ਗਿਆ’ ਇਸੇ ਈæ ਪੀæ ਰਿਕਾਰਡ ਵਿਚ ਸੀ। ਪਰ ਇਹਦੇ ‘ਚੋਂ ‘ਠੇਕੇ ‘ਤੇ ਬੈਠਾ ਰਹਿੰਦਾ, ਖੋਲ੍ਹ ਕੇ ਬੋਤਲ ਮੂਹਰੇ’ ਹਿੱਟ ਹੋ ਗਿਆ ਸੀ। ਰੱਬ ਦੀ ਮਰਜ਼ੀ ਸੁਰਿੰਦਰ ਸੋਨੀਆ ਅਤੇ ਅਮਰ ਸਿੰਘ ਚਮਕੀਲੇ ਦਾ ‘ਗੱਡੀ ਚੜ੍ਹਦੀ ਨੇ ਭਨਾ ਲਏ ਗੋਡੇ’ ਵਾਂਗ ਸ਼ੁਰੂਆਤ ‘ਚ ਹੀ ਅਲੱਗ ਅਲੱਗ ਰਸਤਾ ਬਣ ਗਿਆ।
ਕੁਲਦੀਪ ਮਾਣਕ ਦੇ ਦਫਤਰ ਦੇ ਨਾਲ ਧੰਨੇ ਰੰਗੀਲੇ ਦਾ ਦਫਤਰ ਹੁੰਦਾ ਸੀ। ਚਮਕੀਲਾ ਮੈਨੂੰ ਉਥੇ ਟੱਕਰਿਆ। ਅਸੀਂ ਲਗਭਗ ਹਾਣ ਮੰਗਲ ਸੀ, ਚਮਕੀਲਾ ਮੈਥੋਂ ਦੋ ਸਾਲ ਵੱਡਾ ਸੀ। ਉਹ ਮੈਨੂੰ ਦੱਸਣ ਲੱਗਾ, “ਕੁਲਦੀਪ ਮਾਣਕ ਤੇ ਅਮਰਜੋਤ ਦਾ ਸੈਟ ਟੁੱਟ ਗਿਆ ਹੈ, ਬਾਈ ਮੈਂ ਪੱਗਾਂ ਰੰਗੀਆਂ ਨੇ, ਸਵੈਟਰ ਕੋਟੀਆਂ ਬੁਣੇ ਨੇ, ਗਰੀਬ ਘਰ ‘ਚ ਜੰਮਿਆਂ, ਤੂੰ ਮੇਰਾ ਅਮਰਜੋਤ ਨਾਲ ਸੈਟ ਬਣਾ ਸਕਦੈਂ। ਸੋਨੀਆ ਨਾਲ ਮੇਰੇ ਗੀਤ ਹਿੱਟ ਹੋ ਗਏ ਨੇ, ਅਮਰਜੋਤ ਨਾਲ ਮੈਂ ਸਿੱਧੀਆਂ ਪੌੜੀਆਂ ਚੜ੍ਹ ਜਾਊਂ।” ਤੇ ਨਾਲ ਹੀ ਬੁੱਲ੍ਹੀਆਂ ‘ਚ ਹੱਸ ਕੇ ਕਹਿਣ ਲੱਗਾ, “ਹੈ ਬੜੀ ਖੂਬਸੂਰਤ, ਅੱਧੇ ਪ੍ਰੋਗਰਾਮ ਤਾਂ ਊਈਂæææ। ਨਾਲੇ ਇਹ ਦੱਸੀਂ ਕਿ ਕੁਲਦੀਪ ਮਾਣਕ ਕਿੰਨੇ ਕੁ ਪੈਸੇ ਦਿੰਦਾ ਹੁੰਦਾ ਸੀ?”
ਮੈਂ ਉਹਨੂੰ ਜਵਾਬ ਦਿੱਤਾ ਕਿ ਮੇਰੀ ਅਮਰਜੋਤ ਨਾਲ ਕੋਈ ਨੇੜਤਾ ਨਹੀਂ ਪਰ ਇਹ ਮੈਨੂੰ ਪਤੈ ਕਿ ਕੁਲਦੀਪ ਮਾਣਕ ਅਮਰਜੋਤ ਨੂੰ ਪ੍ਰੋਗਰਾਮ ਦਾ ਢਾਈ ਤਿੰਨ ਸੌ ਜਾਂ ਚਾਰ ਸੌ ਦੇ ਦਿੰਦਾ ਸੀ। ਮੈਂ ਉਹਨੂੰ ਇਕ ਰਾਜ਼ ਦੱਸ ਦਿੱਤਾ ਕਿ ਤੇਰਾ ਸੈਟ ਕੌਣ ਬਣਾ ਸਕਦਾ ਤੇ ਉਹ ਢੋਲਕ ਵਜਾਉਣ ਵਾਲਾ ਮਿੱਤਰ ਸਾਡਾ ਦੋਵਾਂ ਦਾ ਸਾਂਝਾ ਵੀ ਰਿਹਾ ਸੀ। ਉਹਨੇ ਦੋ ਚਾਰ ਦਿਨ ਬਾਅਦ ਉਹ ਢੋਲਕ ਮਾਸਟਰ ਲੱਭਿਆ ਤੇ ਫਰੀਦਕੋਟ ਅਮਰਜੋਤ ਦੇ ਘਰੇ ਪਹੁੰਚ ਗਿਆ। ਕਿਉਂਕਿ ਕੁਲਦੀਪ ਮਾਣਕ ਨਾਲੋਂ ਟੁੱਟ ਕੇ ਅਮਰਜੋਤ ਫਰੀਦਕੋਟ ਆਪਣੇ ਘਰ ਵਾਪਿਸ ਚਲੀ ਗਈ ਸੀ। ਚਮਕੀਲੇ ਨੇ ਆਪਣੇ ਸੋਨੀਆ ਨਾਲ ਹਿੱਟ ਗੀਤਾਂ ਦਾ ਹਵਾਲਾ ਦੇ ਕੇ ਅਮਰਜੋਤ ਦੇ ਲੋਕ ਸੰਪਰਕ ਵਿਭਾਗ ‘ਚ ਕੰਮ ਕਰਦੇ ਭਰਾ ਗੁਰਚਰਨ ਨੂੰ ਕਿਹਾ ਕਿ ਅਮਰਜੋਤ ਮੇਰੇ ਨਾਲ ਗਾਉਣ ਲੱਗ ਪਵੇ। ਉਹ ਕਹਿਣ ਲੱਗਾ, “ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਤਾਂ ਪ੍ਰੋਗਰਾਮ ਹੀ ਲਾਉਣੇ ਆ, ਤੂੰ ਬੋਰਡ ‘ਤੇ ਇਹਦਾ ਨਾਂ ਲਿਖ ਲੈ। ਕੰਮ ਚੱਲ ਪਿਆ ਤਾਂ ਅਸੀਂ ਤੇਰੇ ਨਾਲ ਹੋ ਜਾਵਾਂਗੇ।”
ਕਹਿੰਦੇ ਨੇ, ਜਦੋਂ ਭਲੇ ਦਿਨ ਆਉਂਦੇ ਨੇ ਤਾਂ ਪਤਾ ਨ੍ਹੀਂ ਲੱਗਦਾ ਕਿ ਕੁਦਰਤ ਕਿੱਧਰੋਂ ਪਰਵੇਸ਼ ਕਰ ਜਾਂਦੀ ਹੈ। ਚਮਕੀਲੇ ਦੇ ਅਮਰਜੋਤ ਨਾਲ ਮਹੀਨੇ ਦੇ ਦੋ-ਤਿੰਨ ਪ੍ਰੋਗਰਾਮ ਬੁੱਕ ਹੋਣ ਲੱਗ ਪਏ। ਪਹਿਲਾ ਈæ ਪੀæ ਰਿਕਾਰਡ ਜਦੋਂ ਅਮਰਜੋਤ ਨਾਲ ਆਇਆ ਤਾਂ ਇਹਦੇ ‘ਚੋਂ ‘ਮੇਰਾ ਵਿਆਹ ਕਰਵਾਉਣ ਨੂੰ ਜੀਅ ਕਰਦਾ ਬੇਬੇ ਨਾ ਮੰਨਦੀ ਮੇਰੀ ਵੇ’ ਗੀਤ ਨਾਲ ਇਹ ਜੋੜੀ ਸਫਲਤਾ ਦੇ ਹੱਦਾਂ-ਬੰਨੇ ਲੰਘ ਕੇ ਦੋਗਾਣਾ ਗਾਉਣ ਵਾਲਿਆਂ ‘ਚ ਸਭ ਤੋਂ ਮੂਹਰੇ ਆ ਕੇ ਖੜ੍ਹੀ ਹੋ ਗਈ। ਫਿਰ ਇਹ ਉਹੀ ਦਿਨ ਸਨ, ਜਦੋਂ ਇਕ ਪ੍ਰੋਗਰਾਮ ਗੰਗਾਨਗਰ ਹੁੰਦਾ ਸੀ ਤੇ ਦੂਜਾ ਜੈਤੋ। ਪਰ ਇਸੇ ਦੌਰਾਨ ਦੋਹਾਂ ਦਾ ਪਿਆਰ ਵੀ ਅਰੰਭ ਹੋ ਚੁਕਾ ਸੀ। ਇਹਦੇ ਪਿੱਛੇ ਦੋ ਕਾਰਨ ਸਨ-ਪਹਿਲਾ, ਚਮਕੀਲਾ ਚਾਹੁੰਦਾ ਸੀ ਕਿ ਅਸੀਂ ਦੋਵੇਂ ‘ਕੱਠੇ ਗਾਉਂਦੇ ਰਹੇ ਤਾਂ ਸਾਡਾ ਮੁਕਾਬਲਾ ਕਿਸੇ ਤੋਂ ਹੋ ਨਹੀਂ ਸਕੇਗਾ; ਦੂਜਾ, ਅਮਰਜੋਤ ਜੇ ਉਹਦੀ ਪਤਨੀ ਬਣ ਕੇ ਜਾਏਗੀ ਤਾਂ ਲੋਕਾਂ ਦੇ ਦੇਖਣ ਦੀਆਂ ਨਜ਼ਰਾਂ ਬਦਲ ਜਾਣਗੀਆਂ। ਪਰ ਵੱਡਾ ਅੜਿੱਕਾ ਸੀ ਕਿ ਉਹ ਪਹਿਲਾਂ ਵਿਆਹਿਆ ਹੋਇਆ ਸੀ ਤੇ ਹਿੰਦੂ ਮੈਰਿਜ ਐਕਟ ਤਲਾਕ ਤੋਂ ਪਹਿਲਾਂ ਦੂਜੇ ਵਿਆਹ ਦੀ ਆਗਿਆ ਨਹੀਂ ਦਿੰਦਾ। ਇਹ ਤਾਂ ਚਮਕੀਲਾ ਜਾਣੇ, ਉਸ ਨੇ ਪਹਿਲੀ ਪਤਨੀ ਗੁਰਮੇਲ ਕੌਰ ਨੂੰ ਸਮਝਾ ਲਿਆ ਸੀ ਜਾਂ ਫਿਰ ਕਾਨੂੰਨ ਹੱਥ ਵਿਚ ਫੜ ਲਿਆ। ਫਗਵਾੜੇ ਇਕ ਢੋਲਕ ਮਾਸਟਰ ਦੇ ਘਰੇ ਵਿਆਹ ਦੀਆਂ ਰਸਮਾਂ ਹੋਈਆਂ, ਉਸ ਚਮਕੀਲੇ ਦੇ ਹਮਦਰਦ ਢੋਲਕ ਮਾਸਟਰ ਨੇ ਇਸ ਵਿਆਹ ਨੂੰ ਨੇਪਰੇ ਚਾੜ੍ਹਨ ਵਿਚ ਅਮਰਜੋਤ ਦੇ ਪਿਓ ਦਾ ਰੋਲ ਵੀ ਅਦਾ ਕੀਤਾ। ਸ਼ੁਹਰਤ ਦੀ ਹਨੇਰੀ ਵਗਣ ਲੱਗ ਪਈ ਸੀ। ‘ਜੀਜਾ ਲੱਕ ਮਿਣ ਲੈ’ ਗੀਤ ਦੇ ਹਿੱਟ ਹੋਣ ਵੇਲੇ ਕੁਲਦੀਪ ਮਾਣਕ ਵੀ ਮੰਨ ਗਿਆ ਸੀ ਕਿ ਹੁਣ ਇਹ ਅੱਗੇ ਨਿਕਲ ਗਏ ਹਨ।
ਜਦੋਂ ਮਾੜੇ ਦਿਨਾਂ ਦੀ ਦਹਿਸ਼ਤ ਰੱਜ ਕੇ ਸੀ ਤਾਂ ਚਮਕੀਲਾ ਮੈਨੂੰ ਬੱਸ ਅੱਡੇ ‘ਤੇ ਮਾਲਵਾ ਢਾਬੇ ‘ਚ ਇਕ ਕੈਬਿਨ ‘ਚ ਬੈਠਾ ਮਿਲਿਆ। ਉਠ ਕੇ ਜੱਫੀ ਪਾਈ ਤੇ ਇਕ ਰਾਜ਼ ਦੱਸਣ ਲੱਗਾ ਕਿ ਕੈਸੇ ਦਿਨਾਂ ਤੋਂ ਸ਼ੁਰੂਆਤ ਹੋਈ ਸੀ ਤੇ ਦਿਨ ਕਿੱਦਾਂ ਦੇ ਆ ਗਏ ਨੇ। ਜਿਸ ਦਿਨ ਮੈਂ ਤੈਨੂੰ ਇਹ ਪੁੱਛਿਆ ਸੀ ਕਿ ਕੁਲਦੀਪ ਮਾਣਕ ਅਮਰਜੋਤ ਨੂੰ ਕਿੰਨੇ ਪੈਸੇ ਦਿੰਦਾ, ਮੈਂ ਉਹ ਭਾਅ ਪੁੱਛ ਕੇ ਅਮਰਜੋਤ ਨੂੰ ਹਰ ਪ੍ਰੋਗਰਾਮ ਦਾ ਸੱਤ ਸੌ ਰੁਪਿਆ ਦੇਣ ਦੀ ਪੇਸ਼ਕਸ਼ ਕਰ ਦਿੱਤੀ ਸੀ ਤੇ ਪਹਿਲਾ ਪ੍ਰੋਗਰਾਮ ਜਿਸ ਪਿੰਡ ਕਰਾਇਆ, ਉਹ ਇਕ ਫਕੀਰਾਂ ਦੀ ਜਗ੍ਹਾ ‘ਤੇ ਸੀ। ਪ੍ਰਬੰਧਕਾਂ ਤੋਂ ਮੈਂ ਅਮਰਜੋਤ ਦਾ ਸੋਨੇ ਦੀਆਂ ਵਾਲੀਆਂ ਨਾਲ ਸਨਮਾਨ ਕਰਾਇਆ। ਪਰ ਇਹ ਸੋਨੇ ਦੀਆਂ ਵਾਲੀਆਂ ਬਣਾ ਕੇ ਮੈਂ ਲੈ ਗਿਆ ਸੀ। ਮੈਂ ਛੇ ਸੌ ਰੁਪਿਆ ਪ੍ਰੋਗਰਾਮ ਦਾ ਅਲੱਗ ਦਿੱਤਾ ਅਤੇ ਗਿਆਰਾਂ ਸੌ ਰੁਪਿਆ ਜਿਹੜਾ ਪ੍ਰਬੰਧਕਾਂ ਤੋਂ ਅਮਰਜੋਤ ਨੂੰ ਦੁਆਇਆ, ਉਹ ਵੀ ਮੇਰਾ ਹੀ ਸੀ। ਅਮਰਜੋਤ ਦਾ ਘਰੇਲੂ ਨਾ ‘ਬੱਬੀ’ ਸੀ। ਚਮਕੀਲੇ ਨੇ ਇਕ ਹੋਰ ਪਰਦਾ ਚੁੱਕਿਆ ਕਿ ਬਸਤੀ ਜੋਧੇਵਾਲ ਚੌਂਕ ‘ਚ ਜਿਹੜੀ ਧਾਰਮਿਕ ਜਗ੍ਹਾ ਹੈ, ਉਥੇ ਅਮਰਜੋਤ ਤੇ ਚਮਕੀਲਾ ਇਕੱਠੇ ਗਾਉਣ ਗਏ ਸੀ, ਕਿਤੇ ਮੱਥਾ ਟੇਕਣ ਲੱਗਿਆਂ ਚਮਕੀਲੇ ਦਾ ਪੈਰ ਅਮਰਜੋਤ ਦੇ ਪੈਰ ‘ਤੇ ਰੱਖ ਹੋ ਗਿਆ। ਪਰ ਜਿਵੇਂ ਕਿ ਮਨੋਵਿਗਿਆਨੀ ਕਹਿੰਦੇ ਨੇ ਕਿ ਪਿਆਰ ਦੀ ਸ਼ੁਰੂਆਤ ਹੱਥ ਜਾਂ ਪੈਰ ਦੇ ਸਪਰਸ਼ ਨਾਲ ਸ਼ੁਰੂ ਹੁੰਦੀ ਹੈ। ਉਹ ਦੱਸਣ ਲੱਗਾ, ਜਦੋਂ ਮੇਰਾ ਪੈਰ ਅਮਰਜੋਤ ਦੇ ਪੈਰ ਨਾਲ ਲੱਗਾ ਤਾਂ ਉਹ ਹੱਸ ਪਈ। ਆਂਹਦੀ, ‘ਹੁਣ ਪੱਤਾ ਲੱਗਾ ਕਿ ਵਾਲੀਆਂ ਕਿਉਂ ਪਾਉਂਦਾ ਸੀ।’ ਤੇ ਉਹ ਦਿਨ ਗਿਆ, ਅਸੀਂ ਇਕ ਦੂਜੇ ਦੇ ਹੋ ਗਏ। ਹਾਲਾਂਕਿ ਜਿਵੇਂ ਦੋ ਵਿਆਹਾਂ ਵਾਲੇ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਉਨ੍ਹਾਂ ਸਮੱਸਿਆਵਾਂ ਨੇ ਚਮਕੀਲੇ ਨੂੰ ਵੀ ਘੇਰੀ ਰੱਖਿਆ। ਪਰ ਘਰ Ḕਤੇ ਦਹਿਸ਼ਤ ਦੇ ਮਾਹੌਲ ਵਿਚਦੀਂ ਲੰਘ ਕੇ ਵੀ ਉਹ ਪੰਜਾਬੀ ਗਾਇਕੀ ‘ਚ ਝੰਡਾਂ ਕਰਦਾ ਰਿਹਾ।
ਅਮਰਜੋਤ ਦੀ ਵੱਡੀ ਭੈਣ ਜਸਵੰਤ, ਉਸ ਤੋਂ ਛੋਟੀ ਇੰਦਰ ਕਸ਼ਮੀਰੀ-ਸੀਗੀਆਂ ਤਿੰਨੇ ਰੱਜ ਕੇ ਸੋਹਣੀਆਂ। ਨੈਣ ਨਕਸ਼ ਵੀ ਕਮਾਲ ਦੇ ਪਰ ਗਾਉਂਦੀਆਂ ਅਮਰਜੋਤ ਤੇ ਇੰਦਰ ਕਸ਼ਮੀਰੀ ਹੀ ਸਨ। ਇੰਦਰ ਕਸ਼ਮੀਰੀ ਦੇ ਘਰ ਵਾਲੇ ਦਾ ਨਾਂ ਹੀ ਬੂਟਾ ਗੱਪੀ ਹੈ ਤੇ ਇਸੇ ਬੂਟਾ ਗੱਪੀ ਦਾ ਚਮਕੀਲੇ ਨੇ ਆਪਣੇ ਗੀਤਾਂ ਵਿਚ ‘ਬੂਟੇ ਗੱਪੀ ਵਾਂਗੂ ਤੂੰ ਵੀ ਮਾਰੀ ਜਾਵੇਂ ਗੱਪ’ ਨਾਲ ਜ਼ਿਕਰ ਵੀ ਕੀਤਾ। ਉਸੇ ਦਿਨ ਚਮਕੀਲੇ ਨੂੰ ਇਕ ਹੋਰ ਗੱਲ ਪੁੱਛੀ ਸੀ ਕਿ ਥੋਡੀਆਂ ਤਾਰਾਂ ਫਗਵਾੜੇ ਵਾਲੇ ਢੋਲਕ ਮਾਸਟਰ ਨੇ ਜੋੜੀਆਂ? ਉਹ ਹੱਸ ਪਿਆ, “ਅੱਧੀਆਂ ਕੁ। ਪਰ ਜਿੱਦਣ ਮੈਂ ਫਰੀਦਕੋਟ ਅਮਰਜੋਤ ਕੋਲ ਪੇਸ਼ਕਸ਼ ਲੈ ਕੇ ਗਿਆ ਸੀ, ਉਸ ਦਿਨ ਅਮਰਜੋਤ ਦਾ ਭਰਾ ਪੱਪੂ ਵੀ ਲੁਧਿਆਣੇ ਤੋਂ ਨਾਲ ਗਿਆ ਸੀ, ਤੇ ਸਾਡੇ ‘ਕੱਠਿਆਂ ਦੇ ਗਾਉਣ ਦਾ ਮਾਹੌਲ ਪੱਪੂ ਨੇ ਵੀ ਸਿਰਜਿਆ।”
ਨਵੇਂ ਗੀਤ ਚੱਲੀ ਜਾਂਦੇ ਨੇ, ਚਮਕੀਲੇ ਦੇ ਵੀ, ਅਮਰਜੋਤ ਦੇ ਵੀ। ਇਹ ਵੀ ਸ਼ਾਇਦ ਪੰਜਾਬੀ ਗਾਇਕੀ ‘ਚ ਇਕ ਆਪਣੀ ਕਿਸਮ ਦਾ ਰਿਕਾਰਡ ਹੈ ਕਿ ਤਿੰਨ ਦਹਾਕੇ ਪਹਿਲਾਂ ਜਿਨ੍ਹਾਂ ਦਾ ਕਤਲ ਹੋ ਗਿਆ ਸੀ, ਵਿਗਿਆਨਕ ਯੁੱਗ ਦੇ ਬਦਲ ਜਾਣ ਦੇ ਬਾਵਜੂਦ ਚਮਕੀਲੇ ਦੇ ਪ੍ਰਸ਼ੰਸਕਾਂ ਦੇ ਢੇਰ ਲੱਗੇ ਹੋਏ ਹਨ ਤੇ ਅੱਜ ਤੱਕ ਪੰਜਾਬੀਆਂ ਦੇ ਚੇਤੇ ‘ਚੋਂ ਨਾ ਚਮਕੀਲਾ ਵਿਸਰਿਆ ਹੈ ਤੇ ਨਾ ਅਮਰਜੋਤ। ਆਲੋਚਨਾ ਤੇ ਭੰਡੀ ਕਰਨ ਵਾਲੇ ਆਪਣਾ ਕੰਮ ਕਰੀ ਜਾਂਦੇ ਨੇ ਤੇ ਪ੍ਰਸ਼ੰਸਕ ਦੋਵਾਂ ਨੂੰ ਹਾਲੇ ਵੀ ਹੱਥਾਂ ‘ਤੇ ਚੁੱਕੀ ਫਿਰਦੇ ਨੇ।
ਚਮਕੀਲੇ ਨੂੰ ਜਮਾਲਪੁਰ ਕਾਲੋਨੀ ‘ਚ ਬੂਟੇ ਗੱਪੀ ਨੇ ਜਿਹੜਾ ਘਰ ਲੈ ਕੇ ਦਿੱਤਾ, ਉਸ ਘਰ ‘ਚ ਮੈਂ ਅਮਰਜੋਤ ਤੇ ਚਮਕੀਲੇ ਨੂੰ ਵੀ ਮਿਲਣ ਜਾਂਦਾ ਰਿਹਾਂ, ਤੇ ਹਾਲ ਹੀ ਵਿਚ ਉਸੇ ਘਰ ਦੇ ਜਦੋਂ ਉਸ ਦੇ ਪੁੱਤਰ ਜੈਮਲ ਚਮਕੀਲੇ ਦੀਆਂ ਤਸਵੀਰਾਂ ਇਕ ਗਾਇਕ ਵਜੋਂ ਹੀ ਮਾਂ-ਬਾਪ ਨਾਲ ਲੱਗੀਆਂ ਤਾਂ ਮੈਨੂੰ ਲੱਗਾ ਕਿ ਬੋਹੜ ਥੱਲੇ ਬੋਹੜ ਜਾਂ ਪਿੱਪਲ ਹੇਠਾਂ ਪਿੱਪਲ ਤਾਂ ਨਹੀਂ ਲੱਗੇਗਾ ਪਰ ਇਸ ਜੋੜੀ ਨੂੰ ਹਾਲੇ ਲੰਮੇ ਅਰਸੇ ਤੱਕ ਪੰਜਾਬੀ ਦੋਗਾਣਾ ਖੇਤਰ ‘ਚੋਂ ਮਨਫੀ ਕਰਨਾ ਸੋਚਿਆ ਵੀ ਨਾ ਜਾ ਸਕੇਗਾ।