ਹਰਪਾਲ ਸਿੰਘ ਪੰਨੂ
ਫੋਨ: 91-94642-51454
ਦਸ ਸਾਲ ਸੱਤਾ ਦਾ ਸੁਖ ਮਾਣਨ ਪਿੱਛੋਂ ਹਾਰ ਜਾਣ ਉਪਰੰਤ ਅਕਾਲੀਆਂ ਦੀ ਆਲੋਚਨਾ ਹੋਣ ਲੱਗ ਜਾਣੀ ਸੁਭਾਵਿਕ ਹੈ ਪਰ ਇਹ ਦਿਨ-ਬ-ਦਿਨ ਤੇਜ਼ੀ ਫੜ੍ਹਦੀ ਜਾ ਰਹੀ ਹੈ। ਲਗਭਗ ਸਾਰੇ ਮੁੱਦਿਆਂ ‘ਤੇ ਹੁਕਮਰਾਨ ਪੰਜਾਬ ਕਾਂਗਰਸ ਸਰਕਾਰ ਦਾ ਫੇਲ੍ਹ ਹੋ ਜਾਣਾ ਬੇਸ਼ਕ ਅਕਾਲੀਆਂ ਨੂੰ ਰਾਸ ਆ ਸਕਦਾ ਸੀ ਪਰ ਹਾਲਾਤ ਕਿਸ਼ਤੀ ਨੂੰ ਉਲਟ ਧਾਰਾ ਵੱਲ ਧੱਕੀ ਜਾ ਰਹੇ ਹਨ।
ਸੀਨੀਅਰ ਅਕਾਲੀ ਲੀਡਰ, ਸਾਬਕਾ ਵਜ਼ੀਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਕਰਤੂਤ ਸਦਕਾ ਵਰਕਰ ਅਕਾਲੀ ਦਲ ਦੇ ਹੱਕ ਵਿਚ ਦਲੀਲ ਦੇਣ ਤੋਂ ਪਿੱਛੇ ਹਟ ਗਏ ਹਨ। ਨਾਲ ਦੀ ਨਾਲ ਗੁਰਦਾਸਪੁਰ ਚੋਣ ਹਲਕੇ ਤੋਂ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਉਪਰ ਵੀ ਕਿਸੇ ਬੀਬੀ ਨੇ ਬਲਾਤਕਾਰ ਦੇ ਦੋਸ਼ ਮੜ੍ਹ ਦਿੱਤੇ ਹਨ। ਲੰਗਾਹ ਅਤੇ ਸਲਾਰੀਆ ਵਿਰੁਧ ਕਲਿਪਾਂ ਤੇਜ਼ੀ ਨਾਲ ਸੋਸ਼ਲ ਮੀਡੀਏ ‘ਤੇ ਫੈਲ ਰਹੀਆਂ ਹਨ। ਅਕਾਲੀ ਦਲ ਨੇ ਮਜਬੂਰ ਹੋ ਕੇ ਲੰਗਾਹ ਨੂੰ ਪਾਰਟੀ ‘ਚੋਂ ਬਾਹਰ ਕਰ ਦਿੱਤਾ। ਪਹਿਲੋਂ ਮੁਤਵਾਜ਼ੀ ਜਥੇਦਾਰਾਂ ਨੇ, ਫਿਰ ਦੋ ਦਿਨ ਪਿਛੋਂ ਰੈਗੁਲਰ ਜਥੇਦਾਰਾਂ ਨੇ ਲੰਗਾਹ ਨੂੰ ਪੰਥ ਵਿਚੋਂ ਛੇਕਣ ਦਾ ਐਲਾਨ ਕਰ ਦਿੱਤਾ। ਇਸ ਤੋਂ ਬਿਨਾ ਕੋਈ ਚਾਰਾ ਬਚਿਆ ਵੀ ਨਹੀਂ ਸੀ।
ਅਕਾਲੀ ਸਰਕਾਰ ਦੌਰਾਨ ਥਾਂ ਥਾਂ ਗੁਰਬਾਣੀ ਦੀ ਬੇਅਦਬੀ ਹੋਈ, ਰੋਸ ਕਰਦੀਆਂ ਸੰਗਤਾਂ ‘ਤੇ ਪੁਲਿਸ ਫਾਇਰਿੰਗ ਹੋਈ। ਇਥੇ ਹੀ ਬੱਸ ਨਹੀਂ, ਫਾਇਰਿੰਗ ਕਰਨ ਵਾਲੇ ਪੁਲਿਸ ਕਰਮੀਆਂ ਨੂੰ ਬਚਾਉਣ ਵਾਸਤੇ ਐਫ਼ ਆਈæ ਆਰæ ਵਿਚ ਲਿਖਿਆ ਗਿਆ ਕਿ ‘ਅਣਪਛਾਤੇ’ ਵਿਅਕਤੀਆਂ ਨੇ ਫਾਇਰਿੰਗ ਕੀਤੀ। ਮੈਂ ਵੀਡੀਓ ਕਲਿੱਪਾਂ ਵਿਚ ਦੇਖਿਆ, ਬੇਅਦਬੀ ਵਿਰੁਧ ਰੋਸ ਪ੍ਰਗਟਾਉਂਦੇ ਵੱਡੀ ਗਿਣਤੀ ਵਿਚ ਪੇਂਡੂ ਸਿੱਖ ਜੁਆਨ ਸੜਕ ਕਿਨਾਰੇ ਬੈਠੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਸੜਕੀ ਆਵਾਜਾਈ ਨਹੀਂ ਰੋਕੀ, ਲੰਗਰ ਵਰਤਾ ਰਹੇ ਸਨ, ਪੁਲਸੀਆਂ ਨੂੰ ਵੀ ਲੰਗਰ ਛਕਾਉਂਦੇ। ਇਨ੍ਹਾਂ ਮਾਸੂਮਾਂ ਉਪਰ ਫਾਇਰਿੰਗ ਕਰਕੇ ਅਕਾਲੀਆਂ ਨੇ ਕੀ ਸੂਰਮਗਤੀ ਦਿਖਾਈ?
ਹੁਣ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਥਾਪ ਕੇ ਪੜਤਾਲ ਸ਼ੁਰੂ ਕੀਤੀ ਤਾਂ ਅਕਾਲੀਆਂ ਨੂੰ ਚਾਹੀਦਾ ਸੀ ਕਿ ਇਸ ਦਾ ਸਵਾਗਤ ਕਰਦੇ, ਇਨ੍ਹਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਰੌਲਾ ਪਾਇਆ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰ ਅਕਾਲ ਤਖਤ ਕਾਨੂੰਨ ਤੋਂ ਉਪਰ ਹਨ, ਇਹ ਕਿਸੇ ਕਮਿਸ਼ਨ ਅੱਗੇ ਪੇਸ਼ ਨਹੀਂ ਹੋਣਗੇ। ਸ਼੍ਰੋਮਣੀ ਕਮੇਟੀ ਦਾ ਗਠਨ ਭਾਰਤੀ ਕਾਨੂੰਨ ਅਧੀਨ ਹੁੰਦਾ ਹੈ, ਚੋਣ ਸਰਕਾਰ ਕਰਵਾਉਂਦੀ ਹੈ, ਡਿਪਟੀ ਕਮਿਸ਼ਨਰ (ਅੰਮ੍ਰਿਤਸਰ) ਪਹਿਲੇ ਇਜਲਾਸ ਦੀ ਪ੍ਰਧਾਨਗੀ ਕਰਦਾ ਹੈ। ਫਿਰ ਪ੍ਰਧਾਨ ਕਾਨੂੰਨ ਤੋਂ ਉਪਰ ਕਿਵੇਂ ਹੋਇਆ?
ਸ਼੍ਰੋਮਣੀ ਕਮੇਟੀ ਦੀਵਾਨੀ ਤੇ ਫੌਜਦਾਰੀ ਮੁਕੱਦਮੇ ਭਾਰਤੀ ਅਦਾਲਤਾਂ ਵਿਚ ਲੜਦੀ ਹੈ, ਉਥੇ ਇਸ ਦੇ ਨੁਮਾਇੰਦੇ ਰਿਕਾਰਡ ਲੈ ਕੇ ਪੁਜਦੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਰੇਸ਼ਨ ਬਲੂ-ਸਟਾਰ ਦੇ ਮੁਆਵਜ਼ੇ ਦਾ ਮੁਕੱਦਮਾ ਸਰਕਾਰ ਵਿਰੁਧ ਆਪ ਦਾਇਰ ਕੀਤਾ ਸੀ। ਪੇਸ਼ ਹੋਣ ਦੀ ਗੱਲ ਛੱਡੋ, ਪੁਲਿਸ ਨੇ ਤਾਂ ਅਕਾਲ ਤਖਤ ਦਾ ਇਕ ਜਥੇਦਾਰ ਝੂਠਾ ਮੁਕਾਬਲਾ ਬਣਾ ਕੇ ਕਤਲ ਵੀ ਕਰ ਦਿੱਤਾ ਸੀ। ਰਣਜੀਤ ਸਿੰਘ ਕਮਿਸ਼ਨ ਨੇ ਕੇਵਲ ਰਿਕਾਰਡ ਮੰਗਿਆ ਹੈ ਜੋ ਕੋਈ ਵੀ ਕਮੇਟੀ ਮੁਲਾਜ਼ਮ ਨੁਮਾਇੰਦੇ ਵਜੋਂ ਲਿਜਾ ਕੇ ਦਿਖਾ ਸਕਦਾ ਹੈ। ਕੋਈ ਅੰਦਰਲਾ ਡਰ ਅਕਾਲੀਆਂ ਨੂੰ ਇਹ ਬੇਲੋੜੇ ਫੈਸਲੇ ਲੈਣ ਵਾਸਤੇ ਉਕਸਾ ਰਿਹਾ ਹੈ, ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦਾ ਪ੍ਰੇਤ ਪਿੱਛਾ ਕਰਦਾ ਸਾਫ ਦਿਸਦਾ ਹੈ। ਸਤਿਨਾਮ ਸਿੰਘ ਖੁਮਾਰ ਦਾ ਸ਼ਿਅਰ ਹੈ:
ਤੂ ਯੁਹੀਂ ਇਲਜ਼ਾਮ ਦੇਤਾ ਹੈ ਕਿਸੀ ਕੋ ਦੇਖਨਾ,
ਚੋਰ ਤੇਰਾ ਤੇਰੇ ਹੀ ਅੰਦਰ ਸੇ ਪਕੜਾ ਜਾਏਗਾ।
ਲੋਕ ਮੈਨੂੰ ਪੁੱਛਦੇ ਹਨ, ਬਲਾਤਕਾਰੀ ਡੇਰੇਦਾਰ ਨੂੰ ਮਾਫ ਕਰਨ ਵਾਲਾ ਅਕਾਲ ਤਖਤ ਸਤਿਕਾਰਯੋਗ ਹੈ ਕਿ ਉਹ ਜੱਜ ਵਧੀਕ ਸਤਿਕਾਰਯੋਗ ਹੈ ਜਿਸ ਨੇ ਵੀਹ ਸਾਲ ਦੀ ਸਜ਼ਾ ਸੁਣਾ ਦਿੱਤੀ?
ਤਖਤਾਂ ਦੇ ਜਥੇਦਾਰ ਕਾਨੂੰਨ ਤੋਂ ਉਪਰ ਹੋਣ ਕਰਕੇ ਕਮਿਸ਼ਨ ਅੱਗੇ ਪੇਸ਼ ਨਹੀਂ ਹੋਣਗੇ ਪਰ ਪੰਜਾਬ ਵਿਚਲੇ ਤਿੰਨੇ ਤਖਤਾਂ ਦੇ ਜਥੇਦਾਰ ਹੁਕਮ ਮਿਲਣ ਪਿਛੋਂ ਅਕਾਲੀ ਦਲ ਪ੍ਰਧਾਨ ਦੀ ਚੰਡੀਗੜ੍ਹ ਵਿਚਲੀ ਕੋਠੀ ਵਿਚ ਹਾਜਰ ਹੋ ਜਾਂਦੇ ਹਨ! ਡੇਰਾ ਮੁਖੀ ਨੂੰ ਮਾਫੀ ਦੇਣ ਦਾ ਫੈਸਲਾ ਉਥੇ ਹੀ ਹੋਇਆ ਸੀ। ਪਹਿਲਾਂ ਅਕਾਲੀ ਦਲ ਸਾਬਤ ਕਰੇ ਕਿ ਉਹ ਖਾਲਸਈ ਸੰਸਥਾਵਾਂ ਦਾ ਆਦਰ ਕਰਦਾ ਹੈ, ਬਾਕੀ ਸੰਸਾਰ ਪਾਸੋਂ ਇਸ ਆਦਰ ਦੀ ਉਮੀਦ ਇਸ ਪਿੱਛੋਂ ਰੱਖੇ। ਅਜਿਹਾ ਨਾ ਹੋਇਆ ਤਾਂ ਉਹੋ ਹੋਵੇਗਾ ਜੋ ਮੀਰਜ਼ਾਦਿਆਂ ਨਾਲ ਹੋਇਆ ਸੀ।
ਸਾਜ਼ਾਂ, ਗੀਤਾਂ, ਮਜ਼ਾਕਾਂ ਨਾਲ ਪਿੰਡ ਦੇ ਲੋਕਾਂ ਦਾ ਮਨੋਰੰਜਨ ਕਰਦੇ ਮੀਰਜ਼ਾਦਿਆਂ ਨੇ ਏਨੀ ਤਿੱਖੀ ਨਸ਼ਤਰ ਚਲਾ ਦਿੱਤੀ ਕਿ ਲੋਕਾਂ ਨੇ ਗੁੱਸੇ ਵਿਚ ਆ ਕੇ ਕੁਟਾਪਾ ਚਾੜ੍ਹਨ ਦਾ ਫੈਸਲਾ ਕਰ ਲਿਆ। ਮੀਰਜ਼ਾਦੇ ਢੋਲਕੀਆਂ ਛੈਣੇ ਚੁਕ ਕੇ ਖੇਤਾਂ ਵੱਲ ਨੱਸੇ। ਨਰਮੇ ਦੇ ਖੇਤ ਵਿਚ ਲੁਕਣ ਲੱਗੇ ਤਾਂ ਟੀਂਡੇ ਢੋਲਕੀਆਂ ਉਪਰ ਵੱਜਣ ਲੱਗੇ, ਖੜਾਕ ਕਾਰਨ ਫੜ੍ਹੇ ਗਏ। ਲੋਕਾਂ ਪੁਛਿਆ, ਕਿਉਂ ਕੀਤਾ ਸੀ ਏਨਾ ਭੈੜਾ ਮਜ਼ਾਕ? ਕਿਉਂ ਕੀਤੀ ਸਾਡੀ ਬੇਇੱਜਤੀ? ਮੀਰਜ਼ਾਦੇ ਨੇ ਹੱਥ ਜੋੜ ਕੇ ਕਿਹਾ, ਜਜਮਾਨੋ, ਅਸਾਡੀ ਕੀ ਜੁਰਅਤ ਕਿ ਰਿਜ਼ਕਦਾਤਿਆਂ ਦੀ ਬੇਇੱਜਤੀ ਕਰੀਏ। ਅਜ ਦਿਨ ਹੀ ਮਾੜਾ ਚੜ੍ਹਿਆ ਸੀ ਸਾਡੇ ਭਾ ਦਾ। ਜਦੋਂ ਵਕਤ ਮਾੜਾ ਹੋਵੇ, ਉਦੋਂ ਟੀਂਡੇ ਵੀ ਢੋਲਕੀਆਂ ਵਜਾਉਣ ਲੱਗ ਜਾਂਦੇ ਨੇ।
ਅਕਾਲੀ ਦਲ ਵਾਸਤੇ ਸਮਾਂ ਖੁਸ਼ਗਵਾਰ ਨਹੀਂ।