ਗੁਲਜ਼ਾਰ ਸਿੰਘ ਸੰਧੂ
ਬਲੂ ਵ੍ਹੇਲ ਦੀ ਵੰਗਾਰ ਦਾ ਸ਼ਿਕਾਰ ਹੋਏ ਬੱਚਿਆਂ ਦੇ ਮਾਪਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਮੇਰੇ ਬਚਪਨ ਸਮੇਂ ਪੇਂਡੂ ਮਾਂਵਾਂ ਨੂੰ ਦੁੱਧ ਰਿੜਕਣ, ਚੱਕੀ ਝੋਣ ਤੇ ਘਰ ਦੀ ਸਾਫ-ਸਫਾਈ ਅਤੇ ਫਸਲੀ ਉਪਜ ਦੀ ਸਾਂਭ-ਸੰਭਾਲ ਦਾ ਏਨਾ ਕੰਮ ਹੁੰਦਾ ਸੀ ਕਿ ਬੱਚਿਆਂ ਨੂੰ ਅਫੀਮ ਵਾਲੀ ਉਂਗਲੀ ਚੁੰਘਾ ਕੇ ਸੁਆ ਛਡਦੀਆਂ ਸਨ। ਅੱਜ ਸ਼ਹਿਰੀ ਮਾਂਵਾਂ ਖੇਡ ਖਿਡਾਉਣਿਆਂ ਦੀ ਥਾਂ ਟੈਲੀਵਿਜ਼ਨ ਤੇ ਮੋਬਾਈਲ ਨਾਲ ਮਸਤ ਹੋਇਆ ਬੱਚਾ ਵੇਖ ਕੇ ਖੁਸ਼ੀ ਵਿਚ ਫੁੱਲੀਆਂ ਨਹੀਂ ਸਮਾਉਂਦੀਆਂ। ਪੇਂਡੂ ਮਾਂਵਾਂ ਤੇ ਸੱਸਾਂ ਆਪਣੀਆਂ ਨੂੰਹਾਂ-ਧੀਆਂ ਨੂੰ ਵਰਜਦੀਆਂ ਸਨ ਤਾਂ ਇਸ ਗੱਲ ਦਾ ਬੁਰਾ ਮਨਾਇਆ ਜਾਂਦਾ ਸੀ। ਸ਼ਹਿਰੀ ਮਾਂਵਾਂ ਆਪਣੇ ਬੱਚਿਆਂ ਨੂੰ ਟੈਲੀਵਿਜ਼ਨ ਦੇ ਕਾਰਟੂਨ ਤੇ ਮੋਬਾਈਲ ਖੇਡਾਂ ਵਿਚ ਮਸਤ ਵੇਖ ਕੇ ਸੋਚਦੀਆਂ ਹਨ ਕਿ ਉਨ੍ਹਾਂ ਦੇ ਬਾਲਕ ਸਮੇਂ ਦੀ ਗਤੀ ਦੇ ਹਾਣ ਦੇ ਹੋ ਗਏ ਹਨ, ਮਾੜੇ ਨਤੀਜਿਆਂ ਵਲ ਧਿਆਨ ਨਹੀਂ ਦਿੰਦੀਆਂ।
ਪਿਛਲੇ ਦਿਨਾਂ ਦੀਆਂ ਇੱਕੜ-ਦੁੱਕੜ ਘਟਨਾਵਾਂ ਨੇ ਇਸ ਤੱਥ ਉਤੋਂ ਪਰਦਾ ਚੁੱਕ ਦਿੱਤਾ ਹੈ। ਇਨ੍ਹਾਂ ਘਟਨਾਵਾਂ ਨੂੰ ਕਦੀ ਕਦਾਈਂ ਵਾਪਰੀਆਂ ਸਮਝ ਕੇ ਹੋਊ ਪਰੇ ਕਹਿਣਾ ਅਤਿਅੰਤ ਘਾਤਕ ਹੈ। ਬਲੂ ਵ੍ਹੇਲ ਵਰਗੀਆਂ ਖੇਡਾਂ ਨੂੰ ਬੈਨ ਕਰਨਾ ਸੰਭਵ ਨਹੀਂ। ਸਾਡੇ ਵਡੇਰੇ ਗਤਕਾ, ਨੇਜ਼ਾ ਬਾਜ਼ੀ ਤੇ ਤਲਵਾਰਾਂ ਦੀ ਖੇਡ ਦੇਖ ਕੇ ਹੀ ਖੁਸ਼ ਨਹੀਂ ਸਨ ਹੁੰਦੇ, ਅਸਮਾਨੀ ਛਾਲਾਂ ਉਤੇ ਵੀ ਅਸ਼ ਅਸ਼ ਕਰਦੇ ਰਹੇ ਹਨ। ਵੰਗਾਰ ਕੋਈ ਵੀ ਹੋਵੇ, ਚੰਗੀ ਤਾਂ ਲਗਦੀ ਹੈ ਪਰ ਖਤਰਨਾਕ ਹੁੰਦੀ ਹੈ। ਮੌਤ ਨੂੰ ਮੁੱਠੀ ਵਿਚ ਲੈ ਕੇ ਘਰ ਦੇ ਅੰਦਰ ਹੀ ਬੈਠੇ ਰਹਿਣਾ ਅਤਿਅੰਤ ਘਾਤਕ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਾਹਰੀ ਖੇਡਾਂ ਲਈ ਤਿਆਰ ਕਰਨ। ਉਨ੍ਹਾਂ ਦੇ ਅਧਿਆਪਕਾਂ ਨੂੰ ਵੀ। ਸਰੀਰਕ ਰੋਗ ਦਾ ਇਲਾਜ ਹੈ, ਮਾਨਸਿਕ ਰੋਗ ਦਾ ਕੋਈ ਨਹੀਂ। ਜੇ ਕੋਈ ਮਨੋਵਿਗਿਆਨੀ ਇਸ ਤੋਂ ਰਾਹਤ ਦਿਵਾਉਂਦਾ ਹੈ ਤਾਂ ਇਲਾਜ ਏਨਾ ਪੈਸਾ ਤੇ ਸਮਾਂ ਮੰਗਦਾ ਹੈ ਕਿ ਅੱਜ ਦੇ ਯੁਗ ਵਿਚ ਜੁਟਾਉਣਾ ਅਸੰਭਵ ਹੈ। ਦੁੱਖ ਦੀ ਗੱਲ ਹੈ ਕਿ ਬਲੂ ਵ੍ਹੇਲ ਵਰਗੀ ਜਾਨ ਲੇਵਾ ਖੇਡ ਦੀਆਂ ਜੜ੍ਹਾਂ ਅਗਾਂਹ ਵਧੂ ਮੰਨੇ ਜਾਂਦੇ ਦੇਸ਼ਾਂ-ਰੂਸ ਅਤੇ ਚੀਨ ਵਿਚ ਹਨ ਜੋ ਸਾਊਦੀ ਅਰਬ, ਦੱਖਣੀ ਅਫਰੀਕਾ, ਬ੍ਰਾਜ਼ੀਲ, ਬੁਲਗਾਰੀਆ, ਅਰਜਨਟੀਨਾ, ਇਟਲੀ ਤੇ ਹੁਣ ਭਾਰਤ ਤੱਕ ਫੈਲ ਚੁਕੀਆਂ ਹਨ। ਇਹ ਰੋਗ ਸੌ ਤੋਂ ਵੱਧ ਕੀਮਤੀ ਜਾਨਾਂ ਲੈ ਚੁਕਾ ਹੈ ਤੇ ਜੇ ਮਾਪਿਆਂ ਤੇ ਅਧਿਆਪਕਾਂ ਨੇ ਯੋਗ ਚੌਕਸੀ ਨਾ ਵਰਤੀ ਤਾਂ ਹੋਰ ਰਫਤਾਰ ਫੜ ਸਕਦਾ ਹੈ।
ਖੁਸ਼ਵੰਤ ਸਿੰਘ ਸਾਹਿਤ ਉਤਸਵ: ਖੁਸ਼ਵੰਤ ਸਿੰਘ ਦੇ ਜਿਉਂਦੇ ਜੀਅ ਕਸੌਲੀ ਵਿਖੇ ਸਥਾਪਤ ਹੋਏ ਉਸ ਦੇ ਸਾਹਿਤ ਉਤਸਵ ਵਿਚ ਸੇਵਾ ਮੁਕਤ ਜਨਰਲ ਏæ ਜੇæ ਐਸ਼ ਸੰਧੂ ਨੇ ਛੰਬ ਦੇ ਲੜਾਈ ਖੇਤਰ ਦੀ ਬਾਤ ਪਾਈ ਤੇ ਅਦਾਕਾਰ ਅਨੂਪਮ ਖੇਰ ਨੇ ਜ਼ਿੰਦਗੀ ਤੋਂ ਸਿੱਖੇ ਸਬਕਾਂ ਦੀ। ਅਰੁਣ ਸ਼ੋਰੀ ਸਰੋਤਿਆਂ ਨੂੰ ਇਹ ਦੱਸ ਚੁਕਾ ਹੈ ਕਿ ਰਾਜ ਕਰ ਰਹੇ ਹਾਕਮਾਂ ਦੀ ਸਹੀ ਪਛਾਣ ਕੀ ਹੁੰਦੀ ਹੈ ਤੇ ਟੀæ ਸੀæ ਏæ ਰਾਘਵਨ ਭਾਰਤ ਤੇ ਪਾਕਿਸਤਾਨ ਦੀ ਆਪਸੀ ਸਾਂਝ ਦੇ ਅਜੀਬੋ-ਗਰੀਬ ਰਿਸ਼ਤਿਆਂ ਬਾਰੇ। ਖੁਸ਼ਵੰਤ ਦੇ ਘਰ ਆਮ ਹੀ ਮਿਲਦੀ ਰਹਿਣ ਵਾਲੀ ਸ਼ੀਲਾ ਰੈਡੀ ਨੇ ਮੁਹੰਮਦ ਅਲੀ ਜਿਨਾਹ ਦੀ ਕੱਟੜਤਾ ਪਿੱਛੇ ਛੁਪੇ ਹੋਏ ਮਾਨਵੀ ਗੁਣਾਂ ਉਤੋਂ ਪਰਦਾ ਚੁਕਿਆ ਤੇ ਬੱਚੀ ਕਰਕਾਰੀਆ ਨੇ ਖੁਸ਼ਵੰਤ ਸਿੰਘ ਨਾਲ ‘ਇਲਸਟ੍ਰੇਟਡ ਵੀਕਲੀ’ ਵਿਚ ਕੰਮ ਕਰਨ ਵੇਲੇ ਦੀ ਸਾਂਝ ਦਾ।
ਮੈਂ ਕਈ ਸਾਹਿਤ ਉਤਸਵ ਵੇਖੇ ਹਨ, ਕਸੌਲੀ ਵਾਲਾ ਉਤਸਵ ਵਾਹਿਦ ਉਤਸਵ ਹੈ ਜੋ ਲੇਖਕ ਦੇ ਨਾਂ ਉਤੇ ਸਥਾਪਤ ਹੋਇਆ ਹੈ। ਇਸ ਦੀ ਸ਼ਾਨ ਇਸ ਵਿਚ ਹੈ ਕਿ ਇਹ ਪਾਕਿਸਤਾਨ ਨਾਲ ਭਾਰਤ ਦੀ ਸਾਂਝ ਬਣਾ ਕੇ ਰੱਖਣਾ ਚਾਹੁੰਦਾ ਹੈ। ਖੁਸ਼ਵੰਤ ਸਿੰਘ ਦਾ ਬਚਪਨ ਹਡਾਲੀ (ਸਰਗੋਧਾ) ਨਾਂ ਦੇ ਪਿੰਡ ਵਿਚ ਬੀਤਿਆ। ਉਸ ਦੀਆਂ ਲਿਖਤਾਂ ਵਿਚ ਪਾਕਿਸਤਾਨ ਦਾ ਹੇਜ ਸੀ, ਸਭ ਤੋਂ ਵਧ ਪੜ੍ਹੇ ਗਏ ਨਾਵਲ ‘ਪਾਕਿਸਤਾਨ ਮੇਲ’ ਵਿਚ ਵੀ।
ਇਸ ਵਾਰ ਦਾ ਉਤਸਵ ਭਾਰਤੀ ਸੁਤੰਤਰਤਾ ਦੇ 70 ਸਾਲਾਂ ਨੂੰ ਸਮਰਪਿਤ ਸੀ ਪਰ ਇਸ ਵਿਚ ਸੈਨਿਕਾਂ ਦੀ ਜਾਂਬਾਜ਼ੀ ਤੇ ਮੁਟਿਆਰਾਂ ਦੀ ਸੁਰੱਖਿਆ ਬਾਰੇ ਖਾਸ ਗੱਲਾਂ ਹੋਈਆਂ। ਰਾਹੁਲ ਸਿੰਘ ਨੂੰ ਦਾਦ ਦੇਣੀ ਬਣਦੀ ਹੈ ਜੋ ਉਤਸਵ ਨਿਭਾ ਰਿਹਾ ਹੈ। ਇਹ ਪੁੱਛੇ ਜਾਣ ‘ਤੇ ਕਿ ਉਸ ਨੂੰ ਪਿਤਾ ਦੀ ਅਣਹੋਂਦ ਕਿਵੇਂ ਲਗਦੀ ਹੈ? ਉਸ ਨੇ ਬੜਾ ਭਾਵਪੂਰਨ ਉਤਰ ਦਿੱਤਾ, “ਮੈਨੂੰ ਤਾਂ ਲਗਦਾ ਹੈ ਕਿ ਮੇਰਾ ਬਾਪ ਹਾਲੀ ਵੀ ਮੈਨੂੰ ਉਡੀਕ ਰਿਹਾ ਹੈ। ਉਹ ਨਹੀਂ ਸੀ ਚਾਹੁੰਦਾ ਕਿ ਮੈਂ ਘਰ ਪਹੁੰਚਣ ਵਿਚ ਦੇਰੀ ਕਰਾਂ। ਮੈਂ ਉਸ ਦੀ ਇੱਛਾ ਦਾ ਅੱਜ ਵੀ ਪਾਲਣ ਕਰਦਾ ਹਾਂ। ਵੇਲੇ ਸਿਰ ਘਰ ਪਹੁੰਚ ਜਾਂਦਾ ਹਾਂ। ਜਿਵੇਂ ਉਹ ਮੈਨੂੰ ਉਡੀਕ ਰਿਹਾ ਹੋਵੇ।”
ਢਾਹਾਂ ਪਿੰਡ ਦਾ ਕੌਮਾਂਤਰੀ ਮਹੱਤਵ: ਫਗਵਾੜਾ-ਬੰਗਾ ਸੜਕ ਉਤੇ ਪੈਂਦੇ ਪਿੰਡ ਢਾਹਾਂ ਦੇ ਜੰਮਪਲ ਬਰਜ ਢਾਹਾਂ ਵਲੋਂ ਸਥਾਪਤ ਬਹੁਮੁੱਲੇ ਕੌਮਾਂਤਰੀ ਪੁਰਸਕਾਰ ਦਾ ਐਲਾਨ ਹੋ ਗਿਆ ਹੈ। 2017 ਦਾ ਇਹ ਪੁਰਸਕਾਰ 2016 ਵਿਚ ਛਪੇ ਨਾਵਲਾਂ ਤੇ ਕਹਾਣੀ ਦੀਆਂ ਪੁਸਤਕਾਂ ਲਈ ਹੈ। ਪਹਿਲੇ ਨੰਬਰ ਉਤੇ ਆਉਣ ਵਾਲਾ ਪਰਗਟ ਸਿੰਘ ਸਤੌਜ ਮਾਨਸਾ ਦੇ ਸਕੂਲ ਵਿਚ ਅਧਿਆਪਕ ਹੈ ਤੇ ਇਨਾਮ ਦੀ ਰਾਸ਼ੀ 25,000 ਡਾਲਰ (12æ5 ਲੱਖ ਰੁਪਏ)। ਦੋ ਹੋਰ ਪੁਰਸਕਾਰ ਅਲੀ ਅਨਵਰ ਅਹਿਮਦ (ਪਾਕਿਸਤਾਨ) ਤੇ ਨਛੱਤਰ ਸਿੰਘ ਬਰਾੜ (ਬੀæਸੀæ) ਦੇ ਹਿੱਸੇ ਆਏ ਹਨ, ਜਿਨ੍ਹਾਂ ਦੀ ਰਾਸ਼ੀ 5-5 ਹਜ਼ਾਰ ਡਾਲਰ (ਢਾਈ ਢਾਈ ਲਖ ਰੁਪਏ) ਹੈ। ਤਿੰਨਾਂ ਪੁਸਤਕਾਂ ਦੇ ਕ੍ਰਮਵਾਰ ਨਾਂ ਹਨ- ‘ਖਬਰ ਇੱਕ ਪਿੰਡ ਦੀ’ (ਨਾਵਲ), ‘ਤੰਦ ਤੰਦ ਮੈਲੀ ਚਾਦਰ’ (ਕਹਾਣੀਆਂ) ਅਤੇ ਪੇਪਰ ਮੈਰਿਜ (ਨਾਵਲ)।
ਬਰਜ ਢਾਹਾਂ ਬੁੱਧ ਸਿੰਘ ਢਾਹਾਂ ਦਾ ਬੇਟਾ ਹੈ ਜੋ ਨਵਾਂਸ਼ਹਿਰ ਦੇ ਸੱਜੇ ਖੱਬੇ ਗੁਰੂ ਨਾਨਕ ਮਿਸ਼ਨ ਨਾਂ ਵਾਲੇ ਦੋ ਹਸਪਤਾਲ ਸਥਾਪਤ ਕਰਨ ਲਈ ਪ੍ਰਸਿੱਧ ਹੈ। ਫਗਵਾੜਾ ਰੋਡ ਉਤੇ ਢਾਹਾਂ ਕਲੇਰਾਂ ਤੇ ਅਨੰਦਪੁਰ ਸਾਹਿਬ ਰੋਡ ਉਤੇ ਕੁੱਕੜ ਮਾਜਰਾ। ਬਰਜ ਢਾਹਾਂ ਦਾ ਇਹ ਉਦਮ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਵਿਚ ਪੰਜਾਬੀ ਭਾਈਚਾਰੇ ਦੀ ਚੜ੍ਹਤ ਉਤੇ ਹੀ ਮੋਹਰ ਨਹੀਂ ਲਾਉਂਦਾ, ਏਧਰਲੇ ਤੇ ਓਧਰਲੇ ਪੰਜਾਬੀਆਂ ਦੀ ਕੈਨੇਡੀਅਨ ਵਸਨੀਕਾਂ ਨਾਲ ਸਾਂਝ ਪੱਕੀ ਕਰਨ ਲਈ ਵੀ ਜਾਣਿਆ ਜਾਂਦਾ ਹੈ। ਪਿਛਲੇ ਦਿਨਾਂ ਵਿਚ ਬੀæ ਸੀæ ਦੀ ਅਸੈਂਬਲੀ ਲਈ ਮੈਂਬਰ ਚੁਣੀ ਗਈ ਰਚਨਾ ਸਿੰਘ (ਸਪੁਤਰੀ ਰਘਬੀਰ ਸਿੰਘ ਸਿਰਜਣਾ) ਤੇ ਫੈਡਰਲ ਕੈਨੇਡਾ ਦੀ ਯੂਨਾਈਟਡ ਡੈਮੋਕਰੈਟਿਕ ਪਾਰਟੀ ਦਾ ਪ੍ਰਧਾਨ ਚੁਣਿਆ ਜਾਣ ਵਾਲਾ ਕੇਸਾਧਾਰੀ ਸਿੱਖ ਨੌਜਵਾਨ ਜਗਮੀਤ ਸਿੰਘ (ਪੜਪੋਤਰਾ ਸੇਵਾ ਸਿੰਘ ਠੀਕਰੀਵਾਲ) ਵੀ ਇਸ ਧਾਰਨਾ ਦੇ ਸੱਚੇ ਤੇ ਸੁੱਚੇ ਪ੍ਰਮਾਣ ਹਨ। ਕੈਨੇਡੀਅਨ ਪੰਜਾਬੀ ਜ਼ਿੰਦਾਬਾਦ!
ਅੰਤਿਕਾ: ਮਨਮੋਹਨ ਦੀ ‘ਜ਼ੀਲ’ ਵਿਚੋਂ
ਸੁੰਨੀ ਦਹਿਲੀਜ਼ ਉਡੀਕੇ
ਅਣਕਿਆਸੀ ਆਮਦ
ਹੋ ਜਾਂਦੀ ਜੋ ਹਰ ਵਾਰ ਮੁਲਤਵੀ।
ਕਵਿਤਾ ਤਾਂ ਹੀ ਕਵਿਤਾ
ਜੇ ਵਿਆਕੁਲ ਰਹੇ,
ਅਗਲੀ ਮੁਲਾਕਾਤ ਲਈ
ਇੱਕ ਵਾਰ ਫੇਰ ਹੋਣ ਲਈ ਮੁਲਤਵੀ
ਮੁਲਾਕਾਤੀ ਨੂੰ ਸੋਚਦਿਆਂ,
ਹਰ ਵਾਰ, ਨਿਰੰਤਰ।