ਲਾਸ ਵੇਗਸ (ਗੁਰਵਿੰਦਰ ਸਿੰਘ ਵਿਰਕ): ਅਮਰੀਕਾ ਦੇ ਸ਼ਹਿਰ ਲਾਸ ਵੇਗਸ ਵਿਚ 9/11 ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਕਤਲੇਆਮ ਹੋਇਆ ਹੈ। 64 ਸਾਲਾ ਵਿਅਕਤੀ ਨੇ ਸੰਗੀਤ ਜਲਸੇ ਉਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਘਟਨਾ ਵਿਚ 59 ਲੋਕਾਂ ਦੀ ਮੌਤ ਹੋ ਗਈ ਤੇ 500 ਤੋਂ ਵੱਧ ਜ਼ਖ਼ਮੀ ਹੋ ਗਏ। ਇਸ ਕਤਲੇਆਮ ਤੋਂ ਤੁਰੰਤ ਪਿੱਛੋਂ ਭਾਵੇਂ ਇਸਲਾਮਿਕ ਸਟੇਟ (ਆਈæਐਸ਼) ਨੇ ਦਾਅਵਾ ਕਰ ਦਿੱਤਾ ਸੀ ਕਿ ਹਮਲਾਵਰ ਉਨ੍ਹਾਂ ਦਾ ‘ਸਿਪਾਹੀ’ ਹੈ, ਪਰ ਮੁਢਲੀ ਜਾਂਚ ਵਿਚ ਇਸ ਦਾਅਵੇ ਵਿਚ ਕੁਝ ਦਮ ਨਹੀਂ ਜਾਪਿਆ।
ਹਮਲਾਵਰ 23 ਬੰਦੂਕਾਂ ਅਤੇ ਗੋਲੀ-ਸਿੱਕਾ ਇਕ ਲਗਜ਼ਰੀ ਹੋਟਲ ਦੀ 32ਵੀਂ ਮੰਜ਼ਿਲ ਦੇ ਕਮਰੇ ਵਿਚ ਲੈ ਗਿਆ ਤੇ ਕਮਰੇ ਦਾ ਸ਼ੀਸ਼ਾ ਤੋੜ ਕੇ ਸੰਗੀਤ ਜਲਸੇ ਵੱਲ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਜਾਣਕਾਰੀ ਅਨੁਸਾਰ, 64 ਵਰ੍ਹਿਆਂ ਦਾ ਸਟੀਫਨ ਪੈਡੌਕ ਦਸ ਵੱਡੇ ਸੂਟਕੇਸਾਂ ਸਮੇਤ ਹੋਟਲ ਵਿਚ ਆਇਆ ਤੇ ਕਿਸੇ ਨੇ ਉਸ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ। ਹਮਲਾਵਰ ਮਾਨਸਿਕ ਤੌਰ ‘ਤੇ ਇਸ ਤਰ੍ਹਾਂ ਤਿਆਰ ਹੋ ਕੇ ਆਇਆ ਸੀ ਕਿ ਉਸ ਨੇ 10 ਬੰਦੂਕਾਂ ਰਾਹੀਂ ਵਾਰੀ-ਵਾਰੀ ਗੋਲੀਆਂ ਦਾ ਮੀਂਹ ਵਰ੍ਹਾਇਆ। ਅਖੀਰ ਵਿਚ ਹਮਲਾਵਰ ਨੇ ਖੁਦ ਨੂੰ ਗੋਲੀ ਮਾਰ ਲਈ। ਇਹ ਪਹਿਲੀ ਵਾਰ ਨਹੀਂ, ਜਦੋਂ ਅਮਰੀਕਾ ਵਿਚ ਅਜਿਹਾ ਦੁਖਦਾਈ ਕਾਰਾ ਵਾਪਰਿਆ ਹੋਵੇ। ਭੀੜ ਭਰੀਆਂ ਥਾਂਵਾਂ, ਸੰਗੀਤਕ ਸਮਾਰੋਹਾਂ, ਧਾਰਮਿਕ ਸਮਾਗਮਾਂ, ਸਕੂਲਾਂ, ਗਿਰਜਾ ਘਰਾਂ ਤੇ ਗੁਰਦੁਆਰਿਆਂ ਵਿਚ ਅਜਿਹੇ ਕਾਂਡ ਲਗਾਤਾਰ ਵਾਪਰਦੇ ਆ ਰਹੇ ਹਨ। ਇਸ ਪਿੱਛੇ ਮੁੱਖ ਕਾਰਨ ਬੰਦੂਕ ਸਭਿਆਚਾਰ ਮੰਨਿਆ ਜਾਂਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਵੇਂ ਇਸ ਘਟਨਾ ਨੂੰ ‘ਸ਼ੈਤਾਨੀ ਕਾਰਾ’ ਕਰਾਰ ਦਿੱਤਾ, ਪਰ ਉਹ ਬੰਦੂਕ ਸਭਿਆਚਾਰ ਨੂੰ ਨੱਥ ਪਾਉਣ ਲਈ ਇਕ ਸ਼ਬਦ ਵੀ ਨਹੀਂ ਬੋਲੇ, ਕਿਉਂਕਿ ਉਹ ਵੀ ਮੁਲਕ ਵਿਚ ‘ਗੰਨ ਕੰਟਰੋਲ’ ਦਾ ਵਿਰੋਧ ਕਰਨ ਵਾਲਿਆਂ ਵਿਚ ਮੋਹਰੀ ਹਨ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਕੂਲ ਵਿਚ ਗੋਲੀਬਾਰੀ ਦੀ ਘਟਨਾ ਪਿੱਛੋਂ ਗੰਨ ਪਾਲਿਸੀ ਬਣਾਉਣ ਦੀ ਮੰਗ ਕੀਤੀ ਸੀ, ਪਰ ਸੰਸਦ ਵਿਚ ਤਕਰੀਬਨ 70 ਫੀਸਦੀ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ, ਇਸ ਲਈ ਅੱਜ ਤੱਕ ਕੋਈ ਕਾਨੂੰਨ ਨਹੀਂ ਬਣ ਸਕਿਆ। ਹੁਣ ਰਾਸ਼ਟਰਪਤੀ ਡੋਨਲਡ ਟਰੰਪ ਦਾ ਰੁਖ ਹਥਿਆਰ ਸਮਰਥਕ ਵਾਲਾ ਹੈ। ਬੀਤੇ ਵਰ੍ਹੇ ਓਰਲੈਂਡੋ ਦੇ ਨਾਈਟ ਕਲੱਬ ਵਿਚ ਗੋਲੀਬਾਰੀ ਦੀ ਘਟਨਾ ਹੋਈ ਸੀ। ਇਸ ‘ਤੇ ਟਰੰਪ ਦਾ ਮੰਨਣਾ ਸੀ ਕਿ ਜੇ ਕਲੱਬ ਕੋਲ ਹਥਿਆਰ ਹੁੰਦੇ ਤਾਂ ਬਹੁਤ ਸਾਰੇ ਲੋਕਾਂ ਨੂੰ ਮਰਨ ਤੋਂ ਬਚਾਇਆ ਜਾ ਸਕਦਾ ਸੀ। ਯਾਦ ਰਹੇ ਕਿ ਅਮਰੀਕਾ ਦਾ ਅਸਲਾ ਬਾਜ਼ਾਰ ਕਰੋੜਾਂ ਡਾਲਰ ਦਾ ਮਾਲੀਆ ਪੈਦਾ ਕਰਦਾ ਹੈ। ਜ਼ਾਹਰ ਹੈ ਕਿ ਇੰਨਾ ਪੈਸਾ ਬਣਾਉਣ ਵਾਲਾ ਬਾਜ਼ਾਰ ਆਪਣੇ ‘ਤੇ ਕੋਈ ਪਾਬੰਦੀ ਬਰਦਾਸ਼ਤ ਨਹੀਂ ਕਰੇਗਾ, ਇਸ ਲਈ ਹਥਿਆਰ ਬਣਾਉਣ ਤੇ ਵੇਚਣ ਵਾਲੇ ਇਸ ਗੱਲ ਦਾ ਵਿਰੋਧ ਕਰਦੇ ਹਨ ਕਿ ਸਰਕਾਰ ਹਥਿਆਰਾਂ ਬਾਰੇ ਕੋਈ ਨੀਤੀ ਬਣਾਵੇ।
ਅੰਕੜੇ ਦਰਸਾਉਂਦੇ ਹਨ ਕਿ ਪੂਰੇ ਸੰਸਾਰ ਵਿਚ ਜਿੰਨੇ ਹਥਿਆਰ ਆਮ ਲੋਕਾਂ ਕੋਲ ਹਨ, ਉਨ੍ਹਾਂ ਵਿਚੋਂ ਤਕਰੀਬਨ ਅੱਧੇ ਅਮਰੀਕੀਆਂ ਕੋਲ ਹਨ। ਅਮਰੀਕੀ ਲੋਕਾਂ ਕੋਲ ਤਕਰੀਬਨ 31 ਕਰੋੜ ਹਥਿਆਰ ਹਨ। 89 ਫੀਸਦੀ ਅਮਰੀਕੀ ਆਪਣੇ ਕੋਲ ਬੰਦੂਕ ਰੱਖਦੇ ਹਨ ਤੇ ਇਨ੍ਹਾਂ ਵਿਚੋਂ 66 ਫੀਸਦੀ ਲੋਕ ਇਕ ਤੋਂ ਜ਼ਿਆਦਾ ਰਾਈਫਲ ਰੱਖਦੇ ਹਨ। ਅਸਲਾ ਬਾਜ਼ਾਰ ਨਾਲ ਢਾਈ ਲੱਖ ਤੋਂ ਜ਼ਿਆਦਾ ਲੋਕ ਜੁੜੇ ਹੋਏ ਹਨ ਜੋ ਹਰ ਸਾਲ ਇਕ ਕਰੋੜ ਤੋਂ ਜ਼ਿਆਦਾ ਰਿਵਾਲਵਰ, ਪਿਸਤੌਲ ਤੇ ਹੋਰ ਅਸਲਾ ਬਣਾਉਂਦੇ ਹਨ। ਬੰਦੂਕਾਂ ਕਾਰਨ ਹੋ ਰਹੀ ਹਿੰਸਾ ਕਾਰਨ ਅਮਰੀਕਾ ਨੂੰ ਸਾਲਾਨਾ 20 ਹਜ਼ਾਰ ਕਰੋੜ ਦਾ ਨੁਕਸਾਨ ਹੁੰਦਾ ਹੈ। 2012 ਵਿਚ ਹਥਿਆਰਾਂ ਕਾਰਨ ਹੋਣ ਵਾਲਾ ਨੁਕਸਾਨ ਅਮਰੀਕਾ ਦੀ ਕੁੱਲ ਜੀæਡੀæਪੀæ ਦਾ 1æ4 ਫੀਸਦੀ ਹਿੱਸਾ ਸੀ।
ਗੋਲੀਬਾਰੀ ਦੀਆਂ ਘਟਨਾਵਾਂ ਦਾ ਲੇਖਾ-ਜੋਖਾ ਰੱਖਣ ਵਾਲੀ ਸੰਸਥਾ ‘ਗੰਨ ਵਾਇਲੈਂਸ ਆਰਕਾਈਵ’ ਮੁਤਾਬਕ ਅਮਰੀਕਾ ਵਿਚ ਹਰ ਸਾਲ 12 ਹਜ਼ਾਰ ਮੌਤਾਂ ਦਾ ਕਾਰਨ ਬੰਦੂਕਾਂ ਬਣਦੀਆਂ ਹਨ। ਲੰਘੇ 50 ਸਾਲਾਂ ਵਿਚ ਬੰਦੂਕਾਂ ਨੇ 15 ਲੱਖ ਜਾਨਾਂ ਲੈ ਲਈਆਂ। ਇਸ ਵਿਚ ਗੋਲੀਆਂ ਦੀ ਵਾਛੜ ਕਰਨ ਤੇ ਕਤਲ ਦੇ ਮਾਮਲਿਆਂ ਵਿਚ ਹੀ 5 ਲੱਖ ਮੌਤਾਂ ਹੋਈਆਂ ਹਨ। ਇਨ੍ਹਾਂ ਘਟਨਾਵਾਂ ਕਾਰਨ ਹੀ ਅਮਰੀਕੀ ਲੋਕ ਹਥਿਆਰ ਨੀਤੀ ਬਣਾਉਣ ਦੀ ਮੰਗ ਕਰ ਰਹੇ ਹਨ।
_____________________________________________
ਗੋਰਾ ਹੋਣ ਦਾ ਲਾਹਾ ਲੈ ਗਿਆ ਹਮਲਾਵਰ
ਹਮਲਾਵਰ ਸਟੀਫਨ ਪੈਡੌਕ ਹਥਿਆਰਾਂ ਨਾਲ ਭਰੇ ਦਸ ਵੱਡੇ ਸੂਟਕੇਸਾਂ ਸਮੇਤ ਹੋਟਲ ਵਿਚ ਆਇਆ ਤੇ ਕਿਸੇ ਨੇ ਉਸ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਗੌਰਾ ਹੋਣ ਦਾ ਲਾਹਾ ਲੈ ਗਿਆ। ਕਿਉਂਕਿ ਜੇਕਰ ਪੈਡੌਕ ਗੋਰਾ ਹੋਣ ਦੀ ਥਾਂ ਏਸ਼ਿਆਈ ਜਾਂ ਐਫਰੋ-ਅਮਰੀਕੀ ਹੁੰਦਾ ਤਾਂ ਉਸ ਦੇ ਸੂਟਕੇਸਾਂ ਦੀ ਪੂਰੀ ਤਲਾਸ਼ੀ ਹੋਣੀ ਸੀ। ਦੱਸ ਦਈਏ ਕਿ ਡੋਨਲਡ ਟਰੰਪ ਨੇ ਰਾਸ਼ਟਰਪਤੀ ਬਣਨ ਮਗਰੋਂ ਸੱਤ ਇਸਲਾਮਿਕ ਮੁਲਕਾਂ ਉਸੇ ਇਸੇ ਲਈ ਪਾਬੰਦੀ ਲਗਾ ਦਿੱਤੀ ਸੀ ਕਿ ਇਹ ਅਤਿਵਾਦ ਨੂੰ ਸ਼ਹਿ ਦੇ ਰਹੇ ਹਨ। ਮੁਲਕ ਦੇ ਹਵਾਈ ਅੱਡਿਆਂ ‘ਤੇ ਵੀ ਇਨ੍ਹਾਂ ਮੁਲਕਾਂ ਦੇ ਲੋਕਾਂ ਨੂੰ ਸ਼ੱਕ ਦੇ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ।