ਅਮਰੀਕਾ, ਅਤਿਵਾਦ ਅਤੇ ਗੰਨ ਕਲਚਰ

ਲਾਸ ਵੇਗਸ ਵਿਚ ਇਕ ਸਿਰਫਿਰੇ ਵੱਲੋਂ ਕੀਤੀ ਗੋਲੀਬਾਰੀ ਨੇ ਅਮਰੀਕਾ ਹੀ ਨਹੀਂ, ਸਮੁੱਚੇ ਸੰਸਾਰ ਨੂੰ ਦਹਿਲਾ ਕੇ ਰੱਖ ਦਿੱਤਾ ਹੈ। ਇਸ ਮਨੋਵਿਕਾਰੀ ਸ਼ਖਸ ਨੇ ਹੋਟਲ ਦੀ 32ਵੀਂ ਮੰਜ਼ਿਲ ਤੋਂ ਹੇਠਾਂ ਚੱਲ ਰਹੇ ਸੰਗੀਤ ਸਮਾਗਮ ਵਿਚ ਹਿੱਸਾ ਲੈ ਰਹੇ ਲੋਕਾਂ ਉਤੇ ਅੰਧਾ-ਧੁੰਦ ਗੋਲੀਆਂ ਚਲਾ ਕੇ 59 ਜਾਨਾਂ ਲੈ ਲਈਆਂ ਅਤੇ ਸਾਢੇ ਪੰਜ ਸੌ ਦੇ ਕਰੀਬ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਰਾਸ਼ਟਰਪਤੀ ਡੋਨਲਡ ਟਰੰਪ ਭਾਵੇਂ ਆਏ ਦਿਨ ਅਤਿਵਾਦ ਖਿਲਾਫ ਲੜਾਈਆਂ ਦੀਆਂ ਟਾਹਰਾਂ ਅਕਸਰ ਮਾਰਦੇ ਰਹਿੰਦੇ ਹਨ,

ਪਰ ਇਸ ਘਟਨਾ ਨੇ ਅਮਰੀਕੀ ਮਾਨਸਿਕਤਾ ਅਤੇ ਨਕਾਰਾ ਸਿਆਸੀ ਸਿਸਟਮ ਸਾਫ ਜ਼ਾਹਰ ਕਰ ਦਿੱਤਾ ਹੈ। ਕੋਈ ਬੰਦਾ ਬੜੇ ਆਰਾਮ ਨਾਲ ਦਸ ਸੂਟਕੇਸਾਂ ਵਿਚ 16 ਬੰਦੂਕਾਂ ਤੇ 8 ਪਿਸਤੌਲ ਲੈ ਕੇ ਹੋਟਲ ਅੰਦਰ ਚਲਾ ਗਿਆ ਅਤੇ ਕਿਸੇ ਨੇ ਕਿਤੇ ਪੁੱਛਿਆ ਤਕ ਨਹੀਂ! ਅਮਰੀਕਾ ਵਿਚ ਅਜਿਹੀ ਵਾਪਰਨ ਵਾਲੀ ਇਹ ਕੋਈ ਇਕੱਲੀ-ਇਕਹਿਰੀ ਘਟਨਾ ਨਹੀਂ ਹੈ। ਆਏ ਦਿਨ ਇਸ ਤਰ੍ਹਾਂ ਦੀਆਂ ਸਮੂਹਿਕ ਕਤਲਾਂ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹਨ ਅਤੇ ਇਨ੍ਹਾਂ ਘਟਨਾਵਾਂ ਤੋਂ ਬਾਅਦ ਅਮਰੀਕਾ ਦੇ ‘ਗੰਨ ਕਲਚਰ’ ਬਾਰੇ ਬਹਿਸਾਂ ਵੀ ਛਿੜਦੀਆਂ ਹਨ, ਪਰ ਪਰਨਾਲਾ ਸਦਾ ਉਥੇ ਦਾ ਉਥੇ ਹੀ ਰਹਿੰਦਾ ਹੈ। ਅਮਰੀਕਾ ਵਿਚ ਸੰਵਿਧਾਨ ਦੀ ਦੂਜੀ ਸੋਧ ਰਾਹੀਂ ਹਰ ਸ਼ਖਸ ਨੂੰ ਆਪਣੀ ਸਵੈ-ਰੱਖਿਆ ਲਈ ਹਥਿਆਰ ਰੱਖਣ ਦੀ ਖੁੱਲ੍ਹ ਦਿੱਤੀ ਗਈ ਹੈ। ਬਹਿਸਾਂ ਦੌਰਾਨ ਇਸ ਸੋਧ ਵਿਚ ਅਗਾਂਹ ਸੋਧ ਕੀਤੇ ਜਾਣ ਦੀ ਮੰਗ ਬੜੇ ਜ਼ੋਰ ਨਾਲ ਉਠਦੀ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਅੱਠ ਸਾਲ ਦੇ ਕਾਰਜਕਾਲ ਦੌਰਾਨ 15 ਵਾਰ ਇਸ ਸੋਧ ਵਿਚ ਸੋਧ ਦੀ ਕੋਸ਼ਿਸ਼ ਕੀਤੀ, ਤਾਂ ਕਿ ‘ਗੰਨ ਕਲਚਰ’ ਨੂੰ ਕੰਟਰੋਲ ਕੀਤਾ ਜਾ ਸਕੇ; ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਸਕੀ। ਫਿਰ ਆਪਣੇ ਕਾਰਜਕਾਲ ਦੇ ਆਖਰੀ ਸਮੇਂ ਦੌਰਾਨ ਉਨ੍ਹਾਂ ਰਾਸ਼ਟਰਪਤੀ ਦੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਕ ਹੰਭਲਾ ਹੋਰ ਮਾਰਿਆ, ਪਰ ਅਮਰੀਕਾ ਦੀ ਮਜ਼ਬੂਤ ‘ਗੰਨ ਲੌਬੀ’ ਨੇ ਅਜਿਹਾ ਹੋਣ ਨਹੀਂ ਦਿੱਤਾ ਅਤੇ ਰਿਪਬਲਿਕਨ ਪਾਰਟੀ ਇਸ ਹੰਭਲੇ ਦੇ ਖਿਲਾਫ ਭੁਗਤੀ। ਨੈਸ਼ਨਲ ਰਾਈਫਲ ਐਸੋਸੀਏਸ਼ਨ ਦੀ ਅਗਵਾਈ ਹੇਠ ਕੰਮ ਕਰਦੀ ਇਹ ‘ਗੰਨ ਲੌਬੀ’ ਅਸਲ ਵਿਚ ਚਾਹੁੰਦੀ ਹੀ ਨਹੀਂ ਕਿ ਸੰਵਿਧਾਨ ਦੀ ਦੂਜੀ ਸੋਧ ਵਿਚ ਕੋਈ ਅਜਿਹੀ ਸੋਧ ਹੋਵੇ ਜਿਸ ਨਾਲ ਇਸ ਦੇ ਕਰੋੜਾਂ ਡਾਲਰਾਂ ਦੇ ਕਾਰੋਬਾਰ ਨੂੰ ਠੇਸ ਵੱਜੇ। ਇਸ ਐਸੋਸੀਏਸ਼ਨ ਨੂੰ ਰਾਸ਼ਟਰਪਤੀ ਟਰੰਪ ਦੀ ਮੁਕੰਮਲ ਸਰਪ੍ਰਸਤੀ ਮਿਲੀ ਹੋਈ ਹੈ। ਰਾਸ਼ਟਰਪਤੀ ਚੋਣਾਂ ਦੌਰਾਨ ਡੋਨਲਡ ਟਰੰਪ ਰੈਲੀਆਂ ਵਿਚ ਲੋਕਾਂ ਨੂੰ ਸਿੱਧੇ ਸੰਬੋਧਨ ਕਰਦਿਆਂ ਵਾਰ ਵਾਰ ਇਹ ਮੁੱਦਾ ਉਠਾਉਂਦੇ ਰਹੇ ਹਨ, “ਜੇ ਕਿਤੇ ਐਤਕੀਂ ਵੀ ਡੈਮੋਕਰੈਟਿਕ ਪਾਰਟੀ ਜਿੱਤ ਗਈ ਤਾਂ ਫਿਰ ਤੁਸੀਂ ਆਪਣੀ ਰੱਖਿਆ ਲਈ ਗੰਨ ਵੀ ਨਹੀਂ ਰੱਖ ਸਕੋਗੇ।” ਇਸ ਸੂਰਤ ਵਿਚ ਤਾਂ ਸਪਸ਼ਟ ਹੀ ਹੈ ਕਿ ਮੌਜੂਦਾ ਪ੍ਰਸ਼ਾਸਨ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰੇਗਾ। ਇਸ ਵੇਲੇ ਸਾਢੇ ਪੰਜ ਕਰੋੜ ਅਮਰੀਕੀਆਂ ਕੋਲ ਸਵੈ-ਚਾਲਿਤ ਹਥਿਆਰ ਹਨ। ਇਨ੍ਹਾਂ ਹਥਿਆਰਾਂ ਦੀ ਮਾਰ ਕਾਰਨ ਸਾਹਮਣੇ ਆਏ ਅੰਕੜੇ ਹੌਲ ਪਾਉਣ ਵਾਲੇ ਹਨ। ਸਾਲ 2017 ਦੇ ਅਜੇ 9 ਮਹੀਨੇ ਲੰਘੇ ਹਨ ਅਤੇ ਅਜਿਹੀਆਂ ਘਟਨਾਵਾਂ ਵਿਚ ਹੁਣ ਤਕ 11000 ਹਜ਼ਾਰ ਜਾਨਾਂ ਜਾ ਚੁਕੀਆਂ ਹਨ। ਪਿਛਲੇ ਸਾਲ ਜੂਨ ਮਹੀਨੇ ਓਰਲੈਂਡੋ (ਫਲੋਰੀਡਾ) ਦੇ ਇਕ ਨਾਈਟ ਕਲੱਬ ਵਿਚ 49 ਸ਼ਖਸ ਗੋਲੀ ਦਾ ਸ਼ਿਕਾਰ ਬਣ ਗਏ ਸਨ।
ਸਿਤਮਜ਼ਰੀਫੀ ਇਹ ਹੈ ਕਿ ਇੰਨੀਆਂ ਘਟਨਾਵਾਂ ਹੋਣ ਦੇ ਬਾਵਜੂਦ ਅਮਰੀਕੀ ਸਮਾਜ ਦੀ ਆਵਾਜ਼ ‘ਗੰਨ ਕਲਚਰ’ ਦੇ ਖਿਲਾਫ ਨਹੀਂ ਉਠ ਰਹੀ। ਅਸਲ ਵਿਚ ਇਸ ਮਾਮਲੇ ਵਿਚ ਅਮਰੀਕਾ ਆਪਣਾ ਬੀਜਿਆ ਹੀ ਵੱਢ ਰਿਹਾ ਹੈ। ਅਤਿਵਾਦ ਦਾ ਖੌਫ ਹਰ ਅਮਰੀਕੀ ਨਾਗਰਿਕ ਦੇ ਦਿਲ ਅੰਦਰ ਡੂੰਘਾ ਉਤਰ ਚੁਕਾ ਹੈ। ਪਹਿਲਾਂ ਅਲ-ਕਾਇਦਾ ਅਤੇ ਹੁਣ ਇਸਲਾਮਿਕ ਸਟੇਟ ਸੰਸਾਰ ਭਰ ਵਿਚ ਹਊਆ ਬਣੇ ਹੋਏ ਹਨ। ਹੁਣ ਵੀ ਜਦੋਂ ਲਾਸ ਵੇਗਸ ਵਿਚ ਹਮਲੇ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਪਹਿਲਾਂ-ਪਹਿਲ ਇਸ ਨੂੰ ਅਤਿਵਾਦੀ ਹਮਲਾ ਹੀ ਮੰਨਿਆ ਗਿਆ। ਹੋਰ ਤਾਂ ਹੋਰ, ਇਸਲਾਮਿਕ ਸਟੇਟ ਨਾਲ ਸਬੰਧਤ ‘ਅਮਾਕ ਨਿਊਜ਼ ਏਜੰਸੀ’ ਨੇ ਤਾਂ ਇਸ ਹਮਲੇ ਦੀ ਜ਼ਿੰਮੇਵਾਰੀ ਵੀ ਲੈ ਲਈ ਸੀ, ਪਰ ਤੁਰੰਤ ਹੀ ਇਹ ਤੱਥ ਸਾਹਮਣੇ ਆ ਗਿਆ ਕਿ ਇਹ ‘ਅਤਿਵਾਦੀ ਹਮਲਾ’ ਤਾਂ ਕਿਸੇ ਸਿਰਫਿਰੇ ਦਾ ਕਾਰਾ ਸੀ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਦੋਂ ਇਸ ਘਟਨਾ ਨੂੰ ‘ਸ਼ੈਤਾਨ ਦਾ ਕਾਰਾ’ ਕਰਾਰ ਦਿੱਤਾ ਗਿਆ ਸੀ ਤਾਂ ਉਨ੍ਹਾਂ ਦੇ ਜ਼ਿਹਨ ਵਿਚ ਜ਼ਰੂਰ ਹੀ ਇਸਲਾਮਿਕ ਸਟੇਟ ਦੇ ਹਮਲੇ ਵਾਲੀ ਸੋਚ ਹੋਵੇਗੀ। ਖੈਰ, ਡੇਢ ਦਹਾਕਾ ਪਹਿਲਾਂ 9/11 ਵਾਲੇ ਹਮਲਿਆਂ ਤੋਂ ਬਾਅਦ ਅਤਿਵਾਦ ਦਾ ਜਿਹੜਾ ਸਿਲਸਿਲਾ ਚੱਲਿਆ ਸੀ, ਉਹ ਅਜੇ ਤਕ ਰੁਕਣ ਦਾ ਨਾਂ ਨਹੀਂ ਲੈ ਰਿਹਾ। ਉਦੋਂ ਇਨ੍ਹਾਂ ਹਮਲਿਆਂ ਪਿਛੋਂ ਜਦੋਂ ਸਮੁੱਚਾ ਸੰਸਾਰ ਦਹਿਲਿਆ ਬੈਠਾ ਸੀ ਤਾਂ ਮਸ਼ਹੂਰ ਅਮਰੀਕੀ ਵਿਦਵਾਨ ਨੌਮ ਚੌਮਸਕੀ ਵੱਲੋਂ ਸਾਹਮਣੇ ਰੱਖੇ ਇਕ ਹੀ ਨੁਕਤੇ ਨੇ ਸਭ ਦਾ ਧਿਆਨ ਖਿਚਿਆ ਸੀ। ਉਸ ਵਕਤ ਇਸ ਵਿਦਵਾਨ ਨੇ ਕਿਹਾ ਸੀ ਕਿ ਅਮਰੀਕੀ ਵਿਦੇਸ਼ ਨੀਤੀ ਜੋ ਹੋਰ ਮੁਲਕਾਂ ਵਿਚ ਹਿੰਸਾ ਬੀਜਦੀ ਰਹੀ ਹੈ, ਉਸ ਹਿੰਸਾ ਨਾਲ ਹੀ ਹੁਣ ਅਮਰੀਕਾ ਨੂੰ ਦੋ-ਚਾਰ ਹੋਣਾ ਪਿਆ ਹੈ। ਇਹ ਵੱਖਰੀ ਬਹਿਸ ਦਾ ਵਿਸ਼ਾ ਹੈ ਕਿ ਇਸ ਤੋਂ ਬਾਅਦ ਵੀ ਅਮਰੀਕਾ ਦੀ ਹਮਲਾਵਰ ਵਿਦੇਸ਼ ਨੀਤੀ ਵਿਚ ਕੋਈ ਖਾਸ ਤਬਦੀਲੀ ਨਹੀਂ ਹੋਈ ਹੈ। ਹਾਂ, ਅਤਿਵਾਦ ਖਿਲਾਫ ਲੜਾਈ ਦੇ ਨਾਂ ਉਤੇ ਸੰਸਾਰ ਪੱਧਰ ਉਤੇ ਹਥਿਆਰਾਂ ਦੀ ਵਿਕਰੀ ਖੂਬ ਹੋ ਰਹੀ ਹੈ। ਹੁਣ ਵੀ ਹਾਲਾਤ ਉਹੀ ਹਨ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਇਸ ਦਾ ਪ੍ਰਤੱਖ ਪ੍ਰਮਾਣ ਹੈ। ਆਖਿਆ ਗਿਆ ਹੈ ਕਿ ‘ਗੰਨ ਕਲਚਰ’ ਬਾਰੇ ਕੋਈ ਬਹਿਸ-ਮੁਬਾਹਿਸਾ ਕਰਨ ਦਾ ਅਜੇ ਢੁਕਵਾਂ ਸਮਾਂ ਨਹੀਂ ਹੈ। ਉਂਜ, ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਇਸ ਵੇਲੇ ਚਾਹੀਦਾ ਇਹ ਹੈ ਕਿ ‘ਗੰਨ ਕਲਚਰ’ ਕਾਰਨ ਸਮਾਜ ਅੰਦਰ ਪੈਦਾ ਹੋ ਰਹੇ ਹੋਰ ਵਿਕਾਰ ਰੋਕਣ ਲਈ ਇਸ ਮੁੱਦੇ ਬਾਰੇ ਗਹਿਗੱਚ ਬਹਿਸ ਛੇੜੀ ਜਾਵੇ। ਟਰੰਪ ਮਾਅਰਕਾ ਚੋਣਾਂ ਤੋਂ ਬਾਅਦ ਜਦੋਂ ਸਮੁੱਚਾ ਅਮਰੀਕੀ ਸਮਾਜ ਦੋ ਹਿਸਿਆਂ ਵਿਚ ਵੰਡਿਆ ਗਿਆ ਹੋਵੇ ਤਾਂ ਟਰੰਪ ਪ੍ਰਸ਼ਾਸਨ ਤੋਂ ਅਜਿਹੀ ਆਸ ਰੱਖੀ ਨਹੀਂ ਜਾ ਸਕਦੀ ਕਿ ਉਹ ‘ਗੰਨ ਕਲਚਰ’ ਦੇ ਖਾਤਮੇ ਲਈ ਕੋਈ ਕਦਮ ਉਠਾਉਣਗੇ।