ਜਗਮੀਤ ਸਿੰਘ ਕੈਨੇਡਾ ਵਿਚ ਐਨ.ਡੀ.ਪੀ. ਦੇ ਕੌਮੀ ਆਗੂ ਬਣੇ

ਟੋਰਾਂਟੋ: ਕੈਨੇਡਾ ਵਿਚ ਅੰਮ੍ਰਿਤਧਾਰੀ ਨੌਜਵਾਨ ਅਤੇ ਫੌਜਦਾਰੀ ਵਕੀਲ ਜਗਮੀਤ ਸਿੰਘ ਨੇ ਰਾਸ਼ਟਰੀ ਪੱਧਰ ਦੀ ਰਾਜਨੀਤਕ ਪਾਰਟੀ, ਨਿਊ ਡੈਮੋਕਰੇਟਿਕ ਪਾਰਟੀ (ਐਨæਡੀæਪੀæ) ਦਾ ਆਗੂ ਬਣ ਕੇ ਮਾਣਮੱਤਾ ਇਤਿਹਾਸ ਸਿਰਜਿਆ ਹੈ ਅਤੇ ਸਿੱਖ ਕੌਮ ਦਾ ਨਾਂ ਰੌਸ਼ਨ ਕੀਤਾ ਹੈ। ਕੈਨੇਡਾ ਦੇ ਜੰਮਪਲ ਜਗਮੀਤ ਸਿੰਘ (38) ਨੇ ਪਾਰਟੀ ਮੈਂਬਰਾਂ ਦੀਆਂ ਕੁਲ ਪੋਲ ਹੋਈਆਂ ਵੋਟਾਂ ਵਿਚੋਂ 53æ8 ਫੀਸਦੀ ਪ੍ਰਾਪਤ ਕਰ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਅਤੇ ਆਪਣੇ ਵਿਰੋਧੀ ਤਿੰਨ ਉਮੀਦਵਾਰ ਪਛਾੜੇ ਹਨ।

ਜਗਮੀਤ ਸਿੰਘ ਦੇ ਤਿੰਨੇ ਵਿਰੋਧੀ ਉਮੀਦਵਾਰਾਂ ਨੂੰ ਕੁੱਲ 30243 ਵੋਟਾਂ ਮਿਲੀਆਂ ਜਦਕਿ ਜਗਮੀਤ ਸਿੰਘ ਨੇ 35266 ਵੋਟਾਂ ਹਾਸਲ ਕੀਤੀਆਂ। ਵੋਟਾਂ ਦੇ ਪਹਿਲੇ ਦੌਰ ਵਿਚ ਹੀ ਉਨ੍ਹਾਂ ਦੀ ਵੱਡੀ ਜਿੱਤ ਨਾਲ ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਇਸ ਜਿੱਤ ਮਗਰੋਂ ਕਈ ਰਾਜਨੀਤਕ ਮਾਹਿਰਾਂ ਨੇ ਹੈਰਾਨੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਜਗਮੀਤ ਸਿੰਘ ਨੇ ਆਖਿਆ ਕਿ ਅਗਲੇ ਮਹੀਨਿਆਂ ਦੌਰਾਨ ਪਾਰਟੀ ਨੂੰ ਇਕਜੁੱਟ ਰੱਖਣ ਅਤੇ ਕੈਨੇਡਾ ਭਰ ਵਿਚ ਵਿਚਰ ਕੇ ਲੋਕਾਂ ਦਾ ਸਮਰਥਨ ਹਾਸਲ ਕਰਨ ਨੂੰ ਪਹਿਲ ਦੇਣਗੇ ਪਰ ਆਮ ਚੋਣਾਂ ਤੋਂ ਪਹਿਲਾਂ ਕਿਸੇ ਸੰਸਦੀ ਸੀਟ ਤੋਂ ਜ਼ਿਮਨੀ ਚੋਣ ਲੜਨ ਦੀ ਕਾਹਲੀ ਨਹੀਂ ਕਰਨਗੇ। ਪਾਰਟੀ ਆਗੂ ਵਜੋਂ ਫਾਰਗ ਹੋਏ ਟਾਮ ਮੁਲਕੇਅਰ ਦੀ ਜਗ੍ਹਾ ਪਾਰਟੀ ਦੇ ਸੰਸਦੀ ਦਲ ਦੀ ਅਗਵਾਈ ਕਰਨ ਲਈ ਕਿਸੇ ਐਨæਡੀæਪੀæ ਸੰਸਦ ਮੈਂਬਰ ਦੀ ਨਿਯੁਕਤੀ ਜਗਮੀਤ ਸਿੰਘ ਖੁਦ ਕਰਨਗੇ। ਉਨ੍ਹਾਂ ਆਖਿਆ ਕਿ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਅੱਜ ਤੋਂ ਹੀ ਸ਼ਾਮਲ ਹਨ।
______________________________________________
ਠੀਕਰੀਵਾਲਾ ਨਾਲ ਸਬੰਧਤ ਹੈ ਜਗਮੀਤ ਦਾ ਪਿਛੋਕੜ
ਬਰਨਾਲਾ: ਕੈਨੇਡਾ ਵਿਚ ਨਿਊ ਡੈਮੋਕਰੇਟਿਕ ਪਾਰਟੀ ਦੇ ਲੀਡਰ ਚੁਣੇ ਗਏ ਜਗਮੀਤ ਸਿੰਘ ਦਾ ਪਰਿਵਾਰਕ ਪਿਛੋਕੜ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲਾ ਦਾ ਹੈ। ਜਗਮੀਤ ਸਿੰਘ ਦਾ ਜਨਮ ਕੈਨੇਡਾ ਦੇ ਸ਼ਹਿਰ ਸਕਾਰਬਰੋ ਵਿਚ 2 ਜਨਵਰੀ 1979 ਨੂੰ ਪਿਤਾ ਜਗਤਰਨ ਸਿੰਘ ਦੇ ਗ੍ਰਹਿ ਮਾਤਾ ਸਰਦਾਰਨੀ ਹਰਮੀਤ ਕੌਰ ਦੀ ਕੁੱਖੋਂ ਹੋਇਆ।
ਪਿੰਡ ਠੀਕਰੀਵਾਲਾ ਦੇ ਬਜ਼ੁਰਗ ਕੈਪਟਨ ਨਾਹਰ ਸਿੰਘ ਧਾਲੀਵਾਲ ਅਨੁਸਾਰ ਜਗਮੀਤ ਸਿੰਘ ਦੇ ਪੜਦਾਦਾ ਕੈਪਟਨ ਹੀਰਾ ਸਿੰਘ ਧਾਲੀਵਾਲ ਪਿੰਡ ਠੀਕਰੀਵਾਲਾ ਵਿਖੇ ਧਾਲੀਵਾਲ ਪੱਤੀ ਵਿਚ ਰਹਿੰਦੇ ਸਨ। ਕੈਪਟਨ ਹੀਰਾ ਸਿੰਘ ਦੇ ਤਿੰਨ ਲੜਕੇ-ਗੁਰਦੇਵ ਸਿੰਘ, ਸ਼ਮਸ਼ੇਰ ਸਿੰਘ ਤੇ ਸਰਬਜੀਤ ਸਿੰਘ ਹਨ, ਜਿਨ੍ਹਾਂ ਵਿਚੋਂ ਸ਼ਮਸ਼ੇਰ ਸਿੰਘ (ਜਗਮੀਤ ਸਿੰਘ ਦੇ ਦਾਦਾ) ਆਪਣੇ ਪਰਿਵਾਰ ਸਮੇਤ ਬਰਨਾਲਾ ਜਾ ਕੇ ਰਹਿਣ ਲੱਗ ਪਏ। ਭਾਵੇਂ ਜਗਮੀਤ ਸਿੰਘ ਦਾ ਪੰਜਾਬ ਆਉਣ ਦਾ ਸਬੱਬ ਨਹੀਂ ਬਣ ਸਕਿਆ, ਪਰ ਉਨ੍ਹਾਂ ਦੀ ਦਾਦੀ ਬੀਬੀ ਜਸਵਿੰਦਰ ਕੌਰ ਦਾ ਬਰਨਾਲਾ ਵਿਚ ਅੱਜ ਵੀ ਘਰ ਹੈ।