ਜਬਰ ਜਨਾਹ ਤੇ ਧੋਖਾਧੜੀ ਦੇ ਦੋਸ਼ਾਂ ਵਿਚ ਘਿਰਿਆ ਲੰਗਾਹ

ਗੁਰਦਾਸਪੁਰ: ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਖਿਲਾਫ਼ ਥਾਣਾ ਸਿਟੀ (ਗੁਰਦਾਸਪੁਰ) ਵਿਚ ਜਬਰ ਜਨਾਹ ਅਤੇ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਸੁਰੱਖਿਆ ਹੇਠ ਪੀੜਤ ਦਾ ਸਿਵਲ ਹਸਪਤਾਲ ਵਿਚ ਡਾਕਟਰੀ ਮੁਆਇਨਾ ਹੋਇਆ। ਪੀੜਤ ਨੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਨਾਲ ਵੀਡੀਓ ਕਲਿੱਪ ਵੀ ਦਿੱਤੀ, ਜਿਸ ਦੇ ਆਧਾਰ ਉਤੇ ਪੁਲਿਸ ਨੇ ਜਾਂਚ ਮਗਰੋਂ ਕਾਰਵਾਈ ਕੀਤੀ ਹੈ।

ਥਾਣਾ ਸਿਟੀ ਵਿਚ ਸਾਬਕਾ ਅਕਾਲੀ ਮੰਤਰੀ ਖਿਲਾਫ਼ ਦਰਜ ਚਾਰ ਪੰਨਿਆਂ ਦੀ ਐਫ਼ਆਈæਆਰæ ਵਿਚ ਪੀੜਤ ਨੇ ਕਈ ਖੁਲਾਸੇ ਕੀਤੇ ਹਨ। ਉਸ ਨੇ ਉਚ ਅਧਿਕਾਰੀਆਂ ਨੂੰ ਇਨਸਾਫ ਦੀ ਅਪੀਲ ਕਰਦਿਆਂ ਖੁਦ ਅਤੇ ਪਰਿਵਾਰ ਦੀ ਜਾਨ ਨੂੰ ਖਤਰਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਪੀੜਤਾ ਨੇ ਸ਼ਿਕਾਇਤ ਵਿਚ ਦੱਸਿਆ ਕਿ 2008 ਵਿਚ ਉਸ ਦੇ ਪਤੀ ਦੀ ਮੌਤ ਪਿੱਛੋਂ ਦੋ ਬੱਚਿਆਂ ਦੀ ਜ਼ਿੰਮੇਵਾਰੀ ਉਸ ਦੇ ਸਿਰ ਹੋਣ ਕਾਰਨ ਨੌਕਰੀ ਦੀ ਸਖਤ ਲੋੜ ਸੀ। ਇਸ ਕਾਰਨ ਪਹਿਲੀ ਵਾਰ 2009 ਵਿਚ ਪਰਿਵਾਰ ਸਮੇਤ ਸੁੱਚਾ ਸਿੰਘ ਲੰਗਾਹ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਚ ਮਿਲੀ। ਇਸ ਤੋਂ ਬਾਅਦ ਦੋ ਤਿੰਨ ਵਾਰ ਜਦੋਂ ਇਕੱਲੀ ਮਿਲੀ ਤਾਂ ਡਰਾ ਧਮਕਾ ਕੇ ਅਤੇ ਨੌਕਰੀ ਦਿਵਾਉਣ ਦਾ ਆਖ ਕੇ ਸੁੱਚਾ ਸਿੰਘ ਲੰਗਾਹ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ।
ਪੀੜਤ ਨੂੰ ਪਤੀ ਦੀ ਥਾਂ ਤਰਸ ਦੇ ਆਧਾਰ ਉਤੇ ਨੌਕਰੀ ਮਿਲਣ ਤੋਂ ਬਾਅਦ ਵੀ ਬਲੈਕਮੇਲ ਕਰ ਕੇ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਰਿਹਾ। ਉਸ ਨੇ ਲੰਗਾਹ ਉਤੇ ਹੋਰ ਔਰਤਾਂ ਦੀ ਜ਼ਿੰਦਗੀ ਬਰਬਾਦ ਕਰਨ ਦੇ ਨਾਲ-ਨਾਲ ਉਸ ਦੀ ਜ਼ਮੀਨ ਅਤੇ ਮਕਾਨ ਵਿਕਵਾਉਣ ਤੋਂ ਇਲਾਵਾ ਧਮਕਾਉਣ ਦੇ ਕਈ ਗੰਭੀਰ ਦੋਸ਼ ਲਾਏ।
ਇਸ ਸ਼ਿਕਾਇਤ ਦੇ ਆਧਾਰ ਉਤੇ ਉਚ ਅਧਿਕਾਰੀਆਂ ਵੱਲੋਂ ਕੀਤੀ ਸਿਫਾਰਸ਼ ‘ਤੇ ਸੁੱਚਾ ਸਿੰਘ ਲੰਗਾਹ ਖਿਲਾਫ਼ ਆਈæਪੀæਸੀæ ਦੀ ਧਾਰਾ 376, 384, 420 ਅਤੇ 506 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੌਰਤਲਬ ਹੈ ਕਿ ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਸਾਬਕਾ ਅਕਾਲੀ ਵਜ਼ੀਰ ਖਿਲਾਫ਼ ਕੇਸ ਦਰਜ ਹੋਣਾ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਲਈ ਨੁਕਸਾਨ ਦਾ ਸਬੱਬ ਬਣ ਸਕਦਾ ਹੈ। ਸ੍ਰੀ ਲੰਗਾਹ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਹਨ, ਜਿਸ ਕਾਰਨ ਸਲਾਰੀਆ ਦੀ ਚੋਣ ਮੁਹਿੰਮ ਦੀ ਕਮਾਂਡ ਉਨ੍ਹਾਂ ਕੋਲ ਹੈ।
________________________________________________
ਲੰਗਾਹ ਨੇ ਸਿੱਖੀ ਅਸੂਲਾਂ ਦਾ ਘਾਣ ਕੀਤਾ: ਜਥੇਦਾਰ
ਅੰਮ੍ਰਿਤਸਰ: ਸੁੱਚਾ ਸਿੰਘ ਲੰਗਾਹ ਦੀ ਜਬਰ ਜਨਾਹ ਮਾਮਲੇ ‘ਚ ਵਾਇਰਲ ਹੋਈ ਵੀਡੀਓ ਦਾ ਗੰਭੀਰ ਨੋਟਿਸ ਲੈਂਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਲੰਗਾਹ ਨੇ ਸਿੱਖ ਰਹਿਤ ਮਰਿਆਦਾ ਤੇ ਸਿੱਖੀ ਅਸੂਲਾਂ ਦਾ ਘਾਣ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਚੁੱਪੀ ਤੋੜਦਿਆਂ ਲੰਗਾਹ ਦਾ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਅਸਤੀਫਾ ਪ੍ਰਵਾਨ ਕਰ ਲਿਆ। ਜਥੇਦਾਰ ਨੇ ਕਿਹਾ ਕਿ ਸੰਸਾਰ ਭਰ ਵਿਚ ਵਸਦੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਲੋਂ ਇਸ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਥੋੜ੍ਹੀ ਹੈ।
_____________________________________________
ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਕੋਰ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਵੱਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਦਿੱਤੇ ਅਸਤੀਫੇ ਫੌਰੀ ਮਨਜ਼ੂਰ ਕਰ ਲਏ ਹਨ। ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਲੰਗਾਹ ਦਾ ਸੁਨੇਹਾ ਮਿਲਿਆ ਹੈ ਕਿ ਉਹ ਸਾਰੇ ਪਾਰਟੀ ਅਹੁਦਿਆਂ ਤੋਂ ਅਸਤੀਫੇ ਦੇ ਕੇ ਖੁਦ ਨੂੰ ਕਾਨੂੰਨੀ ਪ੍ਰਕਿਰਿਆ ਅੱਗੇ ਪੇਸ਼ ਕਰਨਾ ਚਾਹੁੰਦੇ ਹਨ।