ਬਟਾਲਾ: ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਉਪ ਚੋਣ ਲਈ ਤਿੰਨ ਪ੍ਰਮੁੱਖ ਪਾਰਟੀਆਂ ਦਾ ਵਕਾਰ ਦਾਅ ਉਤੇ ਲੱਗਾ ਹੋਇਆ ਹੈ। ਕਾਂਗਰਸ, ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਡਟੇ ਹੋਏ ਹਨ। ਇਸ ਵੇਲੇ ਪੰਜਾਬ ਭਰ ਵਿਚੋਂ ਪੁੱਜੇ ਵੱਖ-ਵੱਖ ਆਗੂਆਂ ਦੀ ਆਮਦ ਨਾਲ ਪੂਰੀ ਚਹਿਲ-ਪਹਿਲ ਹੈ। ਤਿੰਨਾਂ ਧਿਰਾਂ ਲਈ ਵਕਾਰ ਦਾ ਸਵਾਲ ਬਣੀ ਇਹ ਸੀਟ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲੱਗ ਰਿਹਾ ਹੈ।
ਭਾਵੇਂ ਕਿ ਚੋਣ ਮੀਟਿੰਗਾਂ ਤੇ ਰੈਲੀਆਂ ਵਿਚ ਪਾਰਟੀਆਂ ਦੇ ਬੱਝੇ ਵਰਕਰਾਂ ਦੇ ਇਕੱਠ ਹੋ ਵੀ ਰਹੇ ਹਨ ਪਰ ਸਿਆਣਾ ਵੋਟਰ ਚੁੱਪ ਨਜ਼ਰ ਆ ਰਿਹਾ ਹੈ, ਜਿਸ ਕਾਰਨ ਨਤੀਜੇ ਵੀ ਹੈਰਾਨੀਜਨਕ ਆਉਣ ਦੀ ਸੰਭਾਵਨਾ ਹੈ, ਜਿਥੇ ਇਸ ਵੇਲੇ ਆਪੋ-ਆਪਣੇ ਉਮੀਦਵਾਰ ਦੀ ਜਿੱਤ ਲਈ ਵੱਡੇ ਦਿੱਗਜਾਂ ਦੀ ਸਾਖ ਦਾਅ ਉਤੇ ਲੱਗੀ ਹੋਈ ਹੈ, ਉਥੇ ਉਨ੍ਹਾਂ ਦੇ ਦਿਲ ਘਾਊ-ਮਾਊਂ ਕਰ ਰਹੇ ਹਨ ਕਿ ਹਲਕੇ ਦੇ ਲੋਕ ਜਿੱਤ ਦਾ ਸਿਹਰਾ ਕਿਸ ਉਮੀਦਵਾਰ ਦੇ ਸਿਰ ਬੰਨ੍ਹਣਗੇ।
ਉਪ ਚੋਣ ਜਿੱਤਣਾ ਕਾਂਗਰਸ ਲਈ ਇਸ ਕਰ ਕੇ ਜ਼ਰੂਰੀ ਹੈ ਕਿ ਸੂਬੇ ਵਿਚ ਉਸ ਦੀ ਸਰਕਾਰ ਹੈ ਅਤੇ ਇਸ ਸਰਕਾਰ ਨੂੰ ਬਣਿਆ ਮਹਿਜ਼ 6 ਮਹੀਨੇ ਲੰਘੇ ਹਨ। ਇਹ ਚੋਣ ਜਿੱਤ ਕੇ ਕਾਂਗਰਸ 2019 ਦੀਆਂ ਲੋਕ ਸਭਾ ਚੋਣਾਂ ਦੀ ਜਿੱਤ ਦੀ ਸ਼ੁਰੂਆਤ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਜਿਥੇ ਮੌਜੂਦਾ ਸਰਕਾਰ ਦੇ ਵਿਧਾਇਕ ਆਪਣੇ-ਆਪਣੇ ਹਲਕੇ ਵਿਚੋਂ ਇਕ-ਦੂਜੇ ਤੋਂ ਵੱਧ ਵੋਟਾਂ ਕੱਢਣ ਵਿਚ ਲੱਗੇ ਹੋਏ ਹਨ, ਉਥੇ ਕੁਝ ਮੰਤਰੀ ਆਪਣੀ ਕੁਰਸੀ ਬਚਾਉਣ ਅਤੇ ਕੁਝ ਵਿਧਾਇਕ ਆਪਣੇ ਹਲਕੇ ਵਿਚੋਂ ਵੱਧ ਵੋਟਾਂ ਕੱਢ ਕੇ ਮੰਤਰੀ ਬਣਨ ਦੀ ਦੌੜ ‘ਚ ਵੀ ਹਨ। ਜੇਕਰ ਅਕਾਲੀ-ਭਾਜਪਾ ਗੱਠਜੋੜ ਦੀ ਗੱਲ ਕਰੀਏ ਤਾਂ ਉਸ ਲਈ ਚੋਣ ਜਿੱਤਣ ਇਸ ਲਈ ਨੱਕ ਦਾ ਸਵਾਲ ਹੈ, ਕਿਉਂਕਿ ਕੇਂਦਰ ‘ਚ ਭਾਜਪਾ ਦੀ ਸਰਕਾਰ ਹੈ, ਜਿਸ ਦਾ ਵਾਸਤਾ ਦੇ ਕੇ ਭਾਜਪਾ ਚੋਣ ਜਿੱਤਣਾ ਚਾਹੁੰਦੀ ਹੈ ਤੇ ਸੂਬੇ ਵਿਚ 10 ਸਾਲ ਵੀ ਗੱਠਜੋੜ ਦੀ ਸਰਕਾਰ ਨੇ ਰਾਜ ਹੰਢਾਇਆ ਹੈ। ਤੀਜੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਜੋ ਹੁਣ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਬਣ ਕੇ ਬੈਠ ਚੁੱਕੀ ਹੈ ਅਤੇ ਜਿਸ ਨੇ ਗੱਠਜੋੜ ਨੂੰ ਪਛਾੜਿਆ ਹੈ, ਉਹ ਵੀ ਇਸ ਚੋਣ ਨੂੰ ਜਿੱਤਣ ਲਈ ਪੂਰੀ ਵਾਹ ਲਗਾ ਰਹੀ ਹੈ।
‘ਆਪ’ ਦੇ ਸੂਬਾਈ ਆਗੂ ਆਪਣੇ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਪੂਰੀ ਤਰ੍ਹਾਂ ਡਟੇ ਹੋਏ ਹਨ ਤੇ ਪਾਰਟੀ ਇਹ ਉਪ ਚੋਣ ਜਿੱਤ ਕੇ ਉਕਤ ਦੋਹਾਂ ਪਾਰਟੀਆਂ ਨੂੰ ਖੂੰਜੇ ਲਗਾ ਕੇ ਇਤਿਹਾਸ ਰਚਣਾ ਚਾਹੁੰਦੀ ਹੈ ਪਰ ਅਖੀਰ ਜਿੱਤ-ਹਾਰ ਦੇ ਫੈਸਲੇ ਵਿਚ ਜਿੱਤ ਦਾ ਸਿਹਰਾ ਤਾਂ ਕਿਸੇ ਇਕ ਦੇ ਸਿਰ ਹੀ ਬੱਝਣਾ ਹੈ, ਪਰ ਇਸ ਜਿੱਤ ਦਾ ਲਾੜਾ ਕੌਣ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
_________________________________________________________________
ਜ਼ਿਮਨੀ ਚੋਣ ਲਈ 11 ਉਮੀਦਵਾਰ ਚੋਣ ਪਿੜ ਵਿਚ
ਗੁਰਦਾਸਪੁਰ: ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਨਾਮਜ਼ਦਗੀ ਵਾਪਸ ਲੈਣ ਦੇ ਅੰਤਿਮ ਦਿਨ ਕਿਸੇ ਵੀ ਉਮੀਦਵਾਰ ਨੇ ਆਪਣੇ ਕਾਗਜ਼ ਵਾਪਸ ਨਹੀਂ ਲਏ ਹਨ, ਜਿਸ ਕਾਰਨ ਕੁੱਲ 11 ਉਮੀਦਵਾਰ ਚੋਣ ਪਿੜ ਵਿਚ ਹਨ। ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਹਨ। ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਹੱਥ, ਭਾਜਪਾ ਦੇ ਸਵਰਨ ਸਲਾਰੀਆ ਨੂੰ ਕਮਲ, ਆਮ ਆਦਮੀ ਪਾਰਟੀ ਦੇ ਸੇਵਾ ਮੁਕਤ ਮੇਜਰ ਜਨਰਲ ਸੁਰੇਸ਼ ਕੁਮਾਰ ਖਜੂਰੀਆ ਨੂੰ ਝਾੜੂ, ਅਕਾਲੀ ਦਲ (ਅੰਮ੍ਰਿਤਸਰ) ਦੇ ਕੁਲਵੰਤ ਸਿੰਘ ਨੂੰ ਟਰੱਕ, ਰਜਿੰਦਰ ਸਿੰਘ ਹਿੰਦੋਸਤਾਨ ਸ਼ਕਤੀ ਸੈਨਾ ਪਾਰਟੀ ਨੂੰ ਨਾਰੀਅਲ, ਸੰਤੋਸ਼ ਕੁਮਾਰੀ ਮੇਘ ਦਿਸ਼ਮ ਪਾਰਟੀ ਨੂੰ ਬੰਸਰੀ ਚੋਣ ਨਿਸ਼ਾਨ ਅਲਾਟ ਕੀਤਾ ਗਿਆ ਹੈ।
______________________________________________________
ਲੰਗਾਹ ਕਾਂਡ ਬਣਿਆ ਸਭ ਤੋਂ ਵੱਡਾ ਸਿਆਸੀ ਮੁੱਦਾ
ਅੰਮ੍ਰਿਤਸਰ: ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੁਰਦਾਸਪੁਰ ਜ਼ਿਮਨੀ ਚੋਣ ਵਿਚ ਲੰਗਾਹ ਕਾਂਡ ਹੀ ਸਭ ਤੋਂ ਵੱਡਾ ਸਿਆਸੀ ਮੁੱਦਾ ਬਣ ਗਿਆ ਹੈ। ਅਕਾਲੀ-ਭਾਜਪਾ ਉਮੀਦਵਾਰ ਸਵਰਨ ਸਲਾਰੀਆ ਖਿਲਾਫ਼ ਮੈਦਾਨ ‘ਚ ਉਤਰੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰ ਰਹੇ ਸਿਆਸੀ ਲੀਡਰ ਹਰ ਸਟੇਜ ‘ਤੇ ਸੁੱਚਾ ਸਿੰਘ ਲੰਗਾਹ ਦੀ ਵੀਡੀਓ ਦੀ ਚਰਚਾ ਕਰਦੇ ਹੀ ਦਿਖਾਈ ਦਿੱਤੇ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਅੱਜ ਕੱਲ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਲਈ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਹੀ ਹਰ ਸਟੇਜ ‘ਤੇ ਆਪਣੇ ਭਾਸ਼ਣ ਦੌਰਾਨ ਜ਼ਿਆਦਾ ਜ਼ੋਰ ਸੁੱਚਾ ਸਿੰਘ ਲੰਗਾਹ ਵਾਲੀ ਵੀਡੀਓ ਉਤੇ ਹੀ ਦਿੱਤਾ ਜਾ ਰਿਹਾ ਹੈ, ਹਾਲਾਂਕਿ ਸੁਨੀਲ ਜਾਖੜ ਸਰਕਾਰ ਨੂੰ ਅਪੀਲ ਕਰ ਚੁੱਕੇ ਹਨ ਕਿ ਇਸ ਵਾਇਰਲ ਹੋ ਰਹੀ ਵੀਡੀਓ ‘ਤੇ ਰੋਕ ਲਗਾਈ ਜਾਵੇ ਕਿਉਂਕਿ ਇਸ ਦਾ ਸਾਡੇ ਸਮਾਜ ਉਤੇ ਬੁਰਾ ਅਸਰ ਪੈ ਰਿਹਾ ਹੈ। ਉਧਰ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਲੰਗਾਹ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਪ੍ਰਕਿਰਿਆ ਨਾ ਦਿੱਤੇ ਜਾਣ ਕਰ ਕੇ ਵੀ ਹਰ ਸਿਆਸੀ ਲੀਡਰ ਅਕਾਲੀ ਦਲ ਨੂੰ ਘੇਰ ਰਿਹਾ ਹੈ, ਜਿਸ ਦਾ ਸਿੱਧਾ ਅਸਰ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਦੀ ਜਿੱਤ ਉਤੇ ਪੈ ਸਕਦਾ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸੁੱਚਾ ਸਿੰਘ ਲੰਗਾਹ ‘ਤੇ ਕੇਸ ਦਰਜ ਹੋਣ ਤੋਂ ਬਾਅਦ ਇਹ ਕਿਹਾ ਸੀ ਕਿ ਪੀੜਤਾ ਵੱਲੋਂ ਪੁਲਿਸ ਨੂੰ ਖੁਦ ਹੀ ਸਬੂਤ ਦੇਣ ਦਾ ਮਤਲਬ ਸਾਫ ਹੈ ਕਿ ਅਜਿਹੇ ਵੱਡੇ ਲੋਕ ਕਾਨੂੰਨ ਨੂੰ ਕਿਸ ਤਰ੍ਹਾਂ ਤੋੜ-ਮਰੋੜ ਕੇ ਵਰਤਦੇ ਹਨ। ਜ਼ਿਕਰਯੋਗ ਹੀ ਕਿ ਬੀਤੀਆਂ ਲੋਕ ਸਭ ਚੋਣਾਂ ਦੌਰਾਨ ਅੰਮ੍ਰਿਤਸਰ ਦੇ ਲੋਕਾਂ ਨੇ ਅਕਾਲੀ-ਭਾਜਪਾ ਸਰਕਾਰ ਨਾਲ ਨਾਰਾਜ਼ਗੀ ਦੇ ਚੱਲਦਿਆਂ ਹੀ ਮੌਜੂਦਾ ਵਿੱਤ ਮੰਤਰੀ ਨੂੰ ਹਰਾ ਕੇ ਕੈਪਟਨ ਨੂੰ ਲੋਕ ਸਭਾ ਵਿਚ ਭੇਜਿਆ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਸੁੱਚਾ ਸਿੰਘ ਲੰਗਾਹ ਵਿਰੁੱਧ ਬਲਾਤਕਾਰ ਦੇ ਇਲਜ਼ਾਮਾਂ ਕਾਰਨ ਉਠੇ ਵਿਵਾਦ ਤੋਂ ਬਾਅਦ ਗੁਰਦਾਸਪੁਰ ਦੇ ਲੋਕ ਕਿਸ ਦੇ ਹੱਕ ਵਿਚ ਫਤਵਾ ਜਾਰੀ ਕਰਨਗੇ।