ਗੁਰੂ ਕੀ ਨਗਰੀ ਤੋਂ 25 ਮੁਲਕਾਂ ਦੇ ਨੁਮਾਇੰਦਿਆਂ ਵੱਲੋਂ ‘ਸਦਭਾਵਨਾ’ ਦਾ ਸੱਦਾ

ਅੰਮ੍ਰਿਤਸਰ: ਬਾਰ੍ਹਵੇਂ ਸਾਲਾਨਾ ਗਲੋਬਲ ਯੂਥ ਫੈਸਟੀਵਲ-2017 ਵਿਚ ਹਿੱਸਾ ਲੈਣ ਲਈ ਪੁੱਜੇ 25 ਦੇਸ਼ਾਂ ਦੇ 250 ਨੁਮਾਇੰਦਿਆਂ ਨੇ ਅੰਮ੍ਰਿਤਸਰ ਵਿਚ ‘ਸਦਭਾਵਨਾ ਤੇ ਸਵੱਛਤਾ’ ਵਾਕ ਵਿਚ ਹਿੱਸਾ ਲਿਆ। ਇਨ੍ਹਾਂ ਨੁਮਾਇੰਦਿਆਂ ਤੋਂ ਇਲਾਵਾ ਇਥੋਂ ਦੇ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀ ਵੀ ਸਵੱਛਤਾ ਵਾਕ ਵਿਚ ਸ਼ਾਮਲ ਹੋਏ। ਇਹ ਵਾਕ ਸੇਂਟ ਪਾਲ ਚਰਚ ਤੋਂ ਸ਼ੁਰੂ ਹੋਈ ਤੇ ਹਾਲ ਬਾਜ਼ਾਰ ਸਥਿਤ ਖੇਰੂਦੀਨ ਮਸਜਿਦ ਅਤੇ ਕਟੜਾ ਆਹਲੂਵਾਲੀਆ ਸਥਿਤ ਰਘੂਨਾਥ ਮੰਦਰ ਤੋਂ ਹੋ ਕੇ ਜਲ੍ਹਿਆਂਵਾਲਾ ਬਾਗ ਪੁੱਜੀ। ਵਾਕ ਕਰਦੇ ਹੋਏ ਇਹ ਨੁਮਾਇੰਦੇ ਜਲ੍ਹਿਆਂਵਾਲਾ ਬਾਗ ਤੋਂ ਹਰਿਮੰਦਰ ਸਾਹਿਬ ਪੁੱਜੇ।

ਇਸ ਵਾਕ ਦੀ ਅਗਵਾਈ ਅਮਰੀਕੀ ਗਾਂਧੀ ਕਹੇ ਜਾਂਦੇ ਬਰਨੀ ਮੇਅਰ, ਮਿਸ ਵਰਲਡ ਫਾਈਨਲਿਸਟ ਮਿਸ ਮੰਗੋਲੀਆ, ਬੇਅਤ ਸੈਤਸੇਗ, ਅਟਨਗੇਰਲ ਤੇ ਰੈਵਿਊਲੇਸ਼ਨ ਯੂਨੀਅਨ ਸੀਰੀਆ ਦੇ ਕਾਰਜਕਾਰੀ ਮੈਂਬਰ ਅਬਦੁਲਮੋਨੇਵ ਅਲਸਾਵਾ ਨੇ ਕੀਤੀ। ਇਸ ਮੌਕੇ ਖਾਲਸਾ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾæ ਜੇæਐਸ ਢਿੱਲੋਂ ਨੇ ਦੱਸਿਆ ਕਿ ਵੱਖ-ਵੱਖ ਦੇਸ਼ਾਂ ਤੋਂ ਆਏ ਨੁਮਾਇੰਦਿਆਂ ਨੇ ਹਰਿਮੰਦਰ ਸਾਹਿਬ ਦੇ ਭਾਈ ਗੁਰਦਾਸ ਲੰਗਰ ਘਰ ਵਿਚ ਲੰਗਰ ਛਕਿਆ ਤੇ ਉਥੋਂ ਦਾ ਪ੍ਰਬੰਧ ਵੇਖ ਕੇ ਬਹੁਤ ਪ੍ਰਭਾਵਿਤ ਹੋਏ। ਯੁਵਾ ਸੱਤਾ ਜਥੇਬੰਦੀ ਦੇ ਪ੍ਰਬੰਧਕ ਪ੍ਰਮੋਦ ਸ਼ਰਮਾ ਨੇ ਕਿਹਾ ਕਿ ਗਲੋਬਲ ਯੂਥ ਪੀਸ ਫੈਸਟ 14 ਨੌਜਵਾਨ ਨੁਮਾਇੰਦਿਆਂ ਨਾਲ ਛੋਟੇ ਪੱਧਰ ਉਤੇ ਸ਼ੁਰੂ ਕੀਤਾ ਗਿਆ ਸੀ ਤੇ ਅੱਜ 25 ਦੇਸ਼ਾਂ ਦੇ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਵੱਡਾ ਫੈਸਟੀਵਲ ਬਣ ਗਿਆ ਹੈ। ਦੱਸਣਯੋਗ ਹੈ ਕਿ ਸਮਾਜਿਕ ਸੰਸਥਾ ਯੁਵਾ ਸੱਤਾ ਵੱਲੋਂ ਕਰਾਏ ਜਾ ਰਹੇ ਇਸ ਯੂਥ ਪੀਸ ਫੈਸਟ ਵਿਚ ਭਾਰਤ ਸਣੇ 25 ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ।
________________________________________________
ਠੀਕਰੀਵਾਲਾ ਨਾਲ ਸਬੰਧਤ ਹੈ ਜਗਮੀਤ ਦਾ ਪਿਛੋਕੜ
ਬਰਨਾਲਾ: ਕੈਨੇਡਾ ਵਿਚ ਨਿਊ ਡੈਮੋਕਰੇਟਿਕ ਪਾਰਟੀ ਦੇ ਲੀਡਰ ਚੁਣੇ ਗਏ ਜਗਮੀਤ ਸਿੰਘ ਦਾ ਪਰਿਵਾਰਕ ਪਿਛੋਕੜ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲਾ ਦਾ ਹੈ। ਜਗਮੀਤ ਸਿੰਘ ਦਾ ਜਨਮ ਕੈਨੇਡਾ ਦੇ ਸ਼ਹਿਰ ਸਕਾਰਬਰੋ ਵਿਚ 2 ਜਨਵਰੀ 1979 ਨੂੰ ਪਿਤਾ ਜਗਤਰਨ ਸਿੰਘ ਦੇ ਗ੍ਰਹਿ ਮਾਤਾ ਸਰਦਾਰਨੀ ਹਰਮੀਤ ਕੌਰ ਦੀ ਕੁੱਖੋਂ ਹੋਇਆ।
ਪਿੰਡ ਠੀਕਰੀਵਾਲਾ ਦੇ ਬਜ਼ੁਰਗ ਕੈਪਟਨ ਨਾਹਰ ਸਿੰਘ ਧਾਲੀਵਾਲ ਅਨੁਸਾਰ ਜਗਮੀਤ ਸਿੰਘ ਦੇ ਪੜਦਾਦਾ ਕੈਪਟਨ ਹੀਰਾ ਸਿੰਘ ਧਾਲੀਵਾਲ ਪਿੰਡ ਠੀਕਰੀਵਾਲਾ ਵਿਖੇ ਧਾਲੀਵਾਲ ਪੱਤੀ ਵਿਚ ਰਹਿੰਦੇ ਸਨ। ਕੈਪਟਨ ਹੀਰਾ ਸਿੰਘ ਦੇ ਤਿੰਨ ਲੜਕੇ-ਗੁਰਦੇਵ ਸਿੰਘ, ਸ਼ਮਸ਼ੇਰ ਸਿੰਘ ਤੇ ਸਰਬਜੀਤ ਸਿੰਘ ਹਨ, ਜਿਨ੍ਹਾਂ ਵਿਚੋਂ ਸ਼ਮਸ਼ੇਰ ਸਿੰਘ (ਜਗਮੀਤ ਸਿੰਘ ਦੇ ਦਾਦਾ) ਆਪਣੇ ਪਰਿਵਾਰ ਸਮੇਤ ਬਰਨਾਲਾ ਜਾ ਕੇ ਰਹਿਣ ਲੱਗ ਪਏ। ਭਾਵੇਂ ਜਗਮੀਤ ਸਿੰਘ ਦਾ ਪੰਜਾਬ ਆਉਣ ਦਾ ਸਬੱਬ ਨਹੀਂ ਬਣ ਸਕਿਆ, ਪਰ ਉਨ੍ਹਾਂ ਦੀ ਦਾਦੀ ਬੀਬੀ ਜਸਵਿੰਦਰ ਕੌਰ ਦਾ ਬਰਨਾਲਾ ਵਿਚ ਅੱਜ ਵੀ ਘਰ ਹੈ।