ਰੋਹਿੰਗਿਆ ਦੀ ਬਾਂਹ ਫੜ ਕੇ ਸਿੱਖਾਂ ਨੇ ਖੱਟਿਆ ਜੱਸ

ਚੰਡੀਗੜ੍ਹ: ਮਿਆਂਮਾਰ ਵਿਚੋਂ ਉਜਾੜੇ ਰੋਹਿੰਗਿਆ ਮੁਸਲਮਾਨਾਂ ਨੂੰ ਸ਼ਰਨ ਦੇਣ ਤੋਂ ਭਾਰਤ ਸਣੇ ਕਈ ਮੁਲਕ ਕੰਨੀ ਕਤਰਾ ਰਹੇ ਹਨ ਪਰ ਜਥੇਬੰਦੀ ‘ਖਾਲਸਾ ਏਡ’ ਨੇ ਜਬਰ ਦੇ ਸਤਾਏ ਇਨ੍ਹਾਂ ਲੋਕਾਂ ਦੀ ਸੇਵਾ ਕਰ ਕੇ ਦੁਨੀਆਂ ਦਾ ਧਿਆਨ ਖਿੱਚਿਆ ਹੈ। ‘ਖਾਲਸਾ ਏਡ’ ਵੱਲੋਂ ਕੀਤੀ ਜਾ ਰਹੀ ਮਾਨਵਤਾ ਦੀ ਇਸ ਸੇਵਾ ਦਾ ਹਰ ਕੋਈ ਕਾਇਲ ਹੈ।

ਭਾਰਤ ਸਰਕਾਰ ਨੇ ਤਾਂ ਸੁਪਰੀਮ ਕੋਰਟ ਵਿਚ ਸਪਸ਼ਟ ਕਰ ਦਿੱਤਾ ਹੈ ਕਿ ਉਹ ਰੋਹਿੰਗਿਆ ਮੁਸਲਮਾਨਾਂ ਨੂੰ ਸ਼ਰਨ ਨਹੀਂ ਦੇਵੇਗੀ। ‘ਖਾਲਸਾ ਏਡ’ ਪਿਛਲੇ ਇਕ ਮਹੀਨੇ ਤੋਂ ਰੋਹਿੰਗਿਆ ਮੁਸਲਮਾਨਾਂ ਦੀ ਸੇਵਾ ਵਿਚ ਜੁਟੀ ਹੋਈ ਹੈ। ਜਥੇਬੰਦੀ ਦੇ ਵਾਲੰਟੀਅਰ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿਚ ਰਹਿ ਰਹੇ ਲੋਕਾਂ ਲਈ ਦਵਾਈਆਂ, ਲੰਗਰ, ਪੀਣ ਵਾਲੇ ਪਾਣੀ, ਤਰਪਾਲਾਂ ਤੇ ਕੱਪੜਿਆਂ ਦਾ ਪ੍ਰਬੰਧ ਕਰ ਰਹੇ ਹਨ। ਪੰਜਾਬ ਤੋਂ ਦਰਜਨ ਦੇ ਕਰੀਬ ਵਾਲੰਟੀਅਰਾਂ ਦਾ ਜਥਾ ਪਹੁੰਚਿਆ ਹੋਇਆ ਹੈ।
ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਹ ਜਥਾ ਮਿਆਂਮਾਰ-ਬੰਗਲਾਦੇਸ਼ ਸਰਹੱਦ ਨੇੜੇ ਟੈਕਨਾਫ ਕਸਬੇ ਵਿਚ ਬਣੇ ਸ਼ਰਨਾਰਥੀ ਕੈਂਪਾਂ ਵਿਚ 40-50 ਹਜ਼ਾਰ ਦੇ ਕਰੀਬ ਲੋਕਾਂ ਦੀ ਸਾਂਭ-ਸੰਭਾਲ ਕਰ ਰਿਹਾ ਹੈ। ‘ਖਾਲਸਾ ਏਡ’ ਦੇ ਭਾਰਤ ਵਿਚ ਸੋਸ਼ਲ ਮੀਡੀਆ ਵਿੰਗ ਦੇ ਮੁਖੀ ਗਗਨਦੀਪ ਸਿੰਘ ਮੁਤਾਬਕ ਪੰਜਾਬ ਦੀ ਟੀਮ ਵੱਲੋਂ ਮਿਆਂਮਾਰ ਤੋਂ ਉਜੜ ਕੇ ਆਏ ਲੋਕਾਂ ਲਈ ਦੋ ਵੇਲਿਆਂ ਦੇ ਲੰਗਰ, ਪੀਣ ਵਾਲੇ ਪਾਣੀ, ਦਵਾਈਆਂ, ਕੱਪੜਿਆਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਭਲਾਈ ਕਾਰਜਾਂ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਪ੍ਰਬੰਧ ਕਰਨ ਵਿਚ ਜੁਟੀਆਂ ਹਨ।
_________________________________________________
ਰੋਹਿੰਗਿਆ ਦੀ ਕਿਸ਼ਤੀ ਡੁੱਬੀ, 23 ਹਲਾਕ
ਕੌਕਸ ਬਾਜ਼ਾਰ: ਮਿਆਂਮਾਰ ਦੇ ਰੋਹਿੰਗਿਆ ਮੁਸਲਿਮ ਪਨਾਹਗੀਰਾਂ ਦੀ ਇਕ ਕਿਸ਼ਤੀ ਦੇ ਬੰਗਲਾਦੇਸ਼ ਨੇੜੇ ਸਮੁੰਦਰ ਵਿਚ ਡੁੱਬਣ ਕਾਰਨ ਘੱਟੋ-ਘੱਟ 23 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ (ਯੂæਐਨæ) ਦੇ ਸਕੱਤਰ ਜਨਰਲ ਐਂਤੋਨੀਓ ਗੁਟਰੇਜ਼ ਨੇ ਮਿਆਂਮਾਰ ਨੂੰ ਸਮੱਸਿਆ ਦੇ ਖਾਤਮੇ ਲਈ ਆਖਿਆ ਹੈ। ਗੌਰਤਲਬ ਹੈ ਕਿ ਮਿਆਂਮਾਰ ਦੀ ਫੌਜ ਵੱਲੋਂ ਮੁਲਕ ਦੇ ਘੱਟ ਗਿਣਤੀ ਫਿਰਕੇ ਰੋਹਿੰਗਿਆ ਮੁਸਲਮਾਨਾਂ ਖਿਲਾਫ਼ ਛੇੜੀ ਗਈ ਦਮਨਕਾਰੀ ਮੁਹਿੰਮ ਤੋਂ ਬਚਣ ਲਈ ਕਰੀਬ ਪੰਜ ਲੱਖ ਲੋਕ ਗੁਆਂਢੀ ਮੁਲਕ ਬੰਗਲਾਦੇਸ਼ ਵਿਚ ਪਨਾਹ ਲੈਣ ਲਈ ਮਜਬੂਰ ਹਨ।
____________________________________________________
ਆਕਸਫੋਰਡ ਨੇ ਸੂ ਕੀ ਦੀ ਤਸਵੀਰ ਹਟਾਈ
ਲੰਡਨ: ਆਕਸਫੋਰਡ ਯੂਨੀਵਰਸਿਟੀ ਕਾਲਜ ਨੇ ਆਂਗ ਸਾਂ ਸੂ ਕੀ ਦੀ ਪੇਂਟਿੰਗ ਆਪਣੇ ਮੁੱਖ ਦੁਆਰ ਤੋਂ ਹਟਾ ਦਿੱਤੀ ਹੈ। ਰੋਹਿੰਗਿਆ ਮੁਸਲਮਾਨਾਂ ਖਿਲਾਫ਼ ਵਿੱਢੀ ਗਈ ਮੁਹਿੰਮ ਕਾਰਨ ਮਿਆਂਮਾਰ ਆਗੂ ਦੀ ਆਲੋਚਨਾ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਜਾਪਦੀ ਹੈ। ਸੂ ਕੀ ਨੇ ਸੇਂਟ ਹਿਊ’ਜ਼ ਕਾਲਜ ਤੋਂ 1967 ਵਿਚ ਗਰੈਜੂਏਸ਼ਨ ਕੀਤੀ ਸੀ ਅਤੇ 1999 ਵਿਚ ਉਸ ਦੀ ਤਸਵੀਰ ਕਾਲਜ ਦੇ ਮੁੱਖ ਦੁਆਰ ‘ਤੇ ਲਾਈ ਗਈ ਸੀ।