ਹਨੇਰਾ ਚੀਰਦੀ ਇਬਾਰਤ: ਜੰਗ, ਜਸ਼ਨ ਤੇ ਜੁਗਨੂੰ

ਸੁਰਿੰਦਰ ਸੋਹਲ
ਸੁਖਵਿੰਦਰ ਕੰਬੋਜ ਦੀ ਸੋਚ ਦਾ ਤਰਾਜ਼ੂ ਜੀਵਨ ਦੇ ‘ਹਾਂਦਰੂ’ ਪਾਸੇ ਵੱਲ ਹੀ ਝੁਕਦਾ ਰਿਹਾ ਹੈ। ਇਸ ਕਥਨ ਨੂੰ ਉਸ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ਦਾ ਸਿਰਲੇਖ ‘ਜੰਗ, ਜਸ਼ਨ ਤੇ ਜੁਗਨੂੰ’ ਵੀ ਸਿੱਧ ਕਰਦਾ ਹੈ। ਨਿਰੀ ਧੌਂਸ ਜਮਾਉਣ ਲਈ ਛੇੜੇ ‘ਜੰਗ’ ਦੀ ਨਾਕਾਰਤਾਮਕ ਸ਼ੈਲੀ, ਤਬਾਹਕੁਨ ਸੁਭਾਅ ਅਤੇ ਘਸਮੈਲੀ ਛਵੀ ‘ਤੇ ‘ਜਸ਼ਨ’ ਦਾ ਜ਼ਿੰਦਗੀ-ਭਰਪੂਰ ਰੰਗ ਅਤੇ ‘ਜੁਗਨੂੰ’ ਦਾ ਸਾਕਾਰਾਤਮਕ ਚਾਨਣ ਭਾਰੂ ਹੋ ਜਾਂਦਾ। ਇਹੀ ਜੰਗ ਜਦੋਂ ਆਪਣੇ ਹੱਕ ਖੋਹਣ ਲਈ ਲੜੀ ਜਾਂਦੀ ਹੈ ਤਾਂ ਇਸ ਦੇ ਕੰਬੋਜ-ਕਾਵਿ ਵਿਚ ਅਰਥ ਬਦਲ ਜਾਂਦੇ ਹਨ।

ਸੁਖਵਿੰਦਰ ਕੰਬੋਜ ਇਕ ਖਾਸ ਵਿਚਾਰਧਾਰਕ ਚੇਤਨਾ ਨੂੰ ਪ੍ਰਣਾਇਆ ਕਵੀ ਹੈ। ਆਪਣੀ ਰਾਜਨੀਤਕ ਸਮਝ ਦੀ ਐਨਕ ਥਾਣੀਂ ਸਮਾਜ ਦਾ ਵਿਸ਼ਲੇਸ਼ਣ ਕਰਦਾ ਕਵੀ ਆਪਣੇ ਅਨੁਭਵ ਨੂੰ ਜਦੋਂ ਕਵਿਤਾ ਵਿਚ ਰੂਪਾਂਤ੍ਰਿਤ ਕਰਦਾ ਹੈ ਤਾਂ ਉਸ ਵਿਚੋਂ ਵੱਖਰਾ ਹੀ ਸੁਹਜ-ਸ਼ਾਸਤਰ ਉਦੈ ਹੁੰਦਾ ਹੈ। ਵਿਚਾਰਧਾਰਕ ਪਹੁੰਚ ਅਤੇ ਕਾਵਿ-ਸੁਹਜ ਦਾ ਤਵਾਜ਼ਨ ਉਸ ਦੀ ਕਵਿਤਾ ਦਾ ਮੀਰੀ ਗੁਣ ਹੈ।
ਦੁਨੀਆਂ ‘ਤੇ ਸਿਰਫ ਆਪਣੀ ਸਰਦਾਰੀ ਕਾਇਮ ਕਰਨ ਲਈ ਮਹਾਂਸ਼ਕਤੀ ਵਲੋਂ ਛੇੜੀ ਜੰਗ ਨੇ ਧਰਤੀ ਦੇ ਕਣ-ਕਣ ਨੂੰ ਪ੍ਰਭਾਵਿਤ ਕੀਤਾ ਤਾਂ ਕਵਿਤਾ ਵਰਗੀ ਸੂਖਮ ਵਸਤ ਇਸ ਪ੍ਰਭਾਵ ਤੋਂ ਕਿਵੇਂ ਬਚ ਸਕਦੀ ਸੀ। ਇਸੇ ਲਈ ਸੁਖਵਿੰਦਰ ਕੰਬੋਜ ਮਹਿਸੂਸ ਕਰਦਾ ਹੈ, ‘ਅਲੰਕਾਰਾਂ ਵਿਚ ਐਟਮੀ ਧੂੜ ਭਰ ਗਈ ਹੈ।Ḕ
ਮੰਡੀ ਨੇ ਸੂਖਮ ਚੀਜ਼ਾਂ ਖੋਹ ਕੇ ਫਾਲਤੂ ਤੇ ਨਕਾਰਾ ਵਸਤਾਂ ਨਾਲ ਬੰਦੇ ਦਾ ਘਰ ਅਤੇ ਆਲਾ-ਦੁਆਲਾ ਭਰ ਦਿੱਤਾ ਹੈ। ਇਸ ਬੇਲੋੜੇ ਖਿਲਾਰੇ ਵਿਚ ਜਦੋਂ ਬੰਦੇ ਨੂੰ ਸੂਖਮ ਚੀਜ਼ਾਂ ਦੀ ਯਾਦ ਆਉਂਦੀ ਹੈ ਤਾਂ ਉਸ ਦੀ ਸੋਚ ਵਿਚ ਖਲਿਸ਼ ਪੈਦਾ ਹੁੰਦੀ ਹੈ, ਪਰ ਇਸ ਖਲਿਸ਼ ਨਾਲ ਪੈਦਾ ਹੋਈ ਪੀੜ ਨਜ਼ਰੀਂ ਨਹੀਂ ਪੈਂਦੀ, ਸਿਰਫ ਮਹਿਸੂਸ ਕੀਤੀ ਜਾ ਸਕਦੀ ਹੈ:
ਮੇਰੇ ਕੋਲ ਖੂਬਸੂਰਤ ਪੈਨ ਹੈ
ਕਾਗਜ਼ ਸਲੀਕੇਦਾਰ
ਫੁੱਲ-ਬੂਟਿਆਂ ਨਾਲ ਭਰੇ ਹੋਏ
ਪਰ ਕਵਿਤਾ ਕਿੱਥੇ ਹੈ?æææ

ਘਰਾਂ ‘ਚ ਵਸਤਾਂ ਵਧੀਆਂ ਨੇ
ਲੋੜਾਂ ਤੋਂ ਬਗੈਰ ਵੀ
ਬੜਾ ਕੂੜ-ਕਬਾੜ ਭਰਿਆ ਪਿਆ ਹੈ
ਇਸ ਘਰ ਵਿਚ
ਜੇ ਨਹੀਂ ਮਿਲਦੀ
ਤਾਂ ਇਕ ਚੰਗੀ ਕਵਿਤਾ ਨਹੀਂ ਮਿਲਦੀ (ਪੰਨਾ 75)
ਉਪਰੋਕਤ ਸਤਰਾਂ ਵਿਚ ਆਏ ਸ਼ਬਦ ‘ਘਰ’ ਨੂੰ ਜੇ ‘ਦਿਲ’ ਦੇ ਅਰਥਾਂ ਵਿਚ ਡੀਕੋਡ ਕਰ ਲਿਆ ਜਾਵੇ ਤਾਂ ਬੰਦੇ ਦੀ ਪੀੜ ਹੋਰ ਵੀ ਪ੍ਰਬਲ ਹੋ ਕੇ ਪ੍ਰਗਟ ਹੁੰਦੀ ਹੈ।
ਜੰਗਾਂ ਦਾ ਧੂੰਆਂ ਏਨਾ ਗਹਿਰਾ ਹੈ ਕਿ ਹਰ ਅੱਖ ਅੰਨ੍ਹੀ ਹੋ ਗਈ ਜਾਪਦੀ ਹੈ। ਹਨੇਰੇ ਵਿਚ ਭਟਕਦਾ ਕਵੀ ਆਪਣੀ ਅੰਦਰਲੀ ‘ਲੋਅ’ ਨਾਲ ਰਸਤਾ ਤਲਾਸ਼ ਰਿਹਾ ਹੈ:
ਮੈਨੂੰ ਪਤਾ ਨਹੀਂ ਲੱਗਦਾ
ਭਾਸ਼ਾ ਦੇ ਸਮੁੰਦਰ ਵਿਚ
ਹੁਣ ਕਿਹੜੇ ਮੁਹਾਵਰਿਆਂ ਦੀਆਂ
ਕਿਸ਼ਤੀਆਂ ਤਾਰਾਂ?
ਭਾਸ਼ਾ ਦੀਆਂ ਸੜਕਾਂ ‘ਤੇ
ਮੈਂ ਸਰਪਟ ਦੌੜਦਾ ਹਾਂ
ਤੇ ਸ਼ਬਦਾਂ ਦੀ ਚਾਬੁਕ
ਵਾਰ ਵਾਰ ਮੇਰੇ ਹੀ ਮੱਥੇ ‘ਚ ਵੱਜਦੀ ਹੈ
ਤੇ ਕਹਿੰਦੀ ਹੈ,
ਹੇ ਮੂਰਖ ਕਵੀ!
ਮਨ ਦੀਆਂ ਕੰਦਰਾਂ ਫਰੋਲ
ਲੋਕਾਂ ਦੇ ਸੁਪਨਿਆਂ-ਸੱਧਰਾਂ ਦੀ ਬਾਤ ਪਾ
ਫਿਰ ਦੇਖ ਕਵਿਤਾ ਦੀ ਫਸਲ
ਕਿੰਜ ਲਹਿਰਾਉਂਦੀ ਹੈæææ। (ਪੰਨਾ 76)
ਇੰਜ ਕਵੀ ਸਾਹਿਤ ਦਾ ‘ਲੋਕ-ਪੱਖੀ’ ਪ੍ਰਯੋਜਨ ਵੀ ਅਚੇਤ ਹੀ ਬਿਆਨ ਕਰ ਜਾਂਦਾ ਹੈ।
ਇਸ ਪੁਸਤਕ ਵਿਚ ਦਰਜ ਕਵਿਤਾਵਾਂ ਵਿਚ ਫਿਕਰ ਇਸ ਗੱਲ ਦਾ ਹੈ ਕਿ ਸੁਹਜ, ਸੂਖਮਤਾ, ਕੋਮਲਤਾ ਵਿਰੋਧੀ ਵਰਤਾਰਾ ਏਨਾ ਮਾਰੂ ਹੈ ਕਿ ਇਸ ਨੂੰ ਧੱਕੇ ਨਾਲ ਜੀਵਨ-ਸ਼ੈਲੀ ਵਜੋਂ ਸਵੀਕਾਰ ਕਰਨਾ ਪੈ ਰਿਹਾ ਹੈ। ਇਹ ਜੀਵਨ-ਸ਼ੈਲੀ ਮਨੁੱਖ ਲਈ ਸਰਾਪ ਤੋਂ ਵੱਧ ਹੋਰ ਕੁਝ ਨਹੀਂ ਹੈ:
ਪਾਣੀ ਤਾਂ ਹੁਣ
ਅੱਖਾਂ ‘ਚ ਵੀ ਨਹੀਂ ਬਚਿਆ
ਧਰਤ ਹੇਠ ਤਾਂ ਕੀ ਹੋਣਾ ਹੈæææ।

ਖੁਦਕੁਸ਼ੀ ਹੁਣ ਘਟਨਾ ਨਹੀਂ
ਜੀਵਨ-ਸ਼ੈਲੀ ਬਣ ਗਈ ਹੈ
ਹੁਣ ਮਿਰਜ਼ਾ ਜੰਡ ਥੱਲੇ ਨਹੀਂ
ਬੈਂਕ ਦੀਆਂ ਮਿਸਲਾਂ ‘ਚ ਵੱਢ ਹੁੰਦਾ ਹੈ। (ਪੰਨਾ 60)
ਕਵੀ ਇਸ ਤਾਰਕੋਲ ਵਰਗੇ ਹਨੇਰੇ ਵਿਚ ਵੀ ਆਪਣੀ ‘ਹਾਂ-ਮੁਖੀ’ ਭੂਮਿਕਾ ਦੀ ਤੀਲੀ ਬਾਲਣੀ ਨਹੀਂ ਭੁੱਲਦਾ। ਸਗੋਂ ਉਸ ਦੇ ਸੰਕੇਤ, ਇਸ਼ਾਰੇ ਅਤੇ ਬੋਲ ਉਨ੍ਹਾਂ ਲੋਕਾਂ ਨੂੰ ਉਠਣ ਲਈ ਹੁੱਝਾਂ ਮਾਰਦੇ ਨੇ, ਜਿਨ੍ਹਾਂ ਅੰਦਰ ਅਜੇ ‘ਤੇਲ ਭਿੱਜੀ ਬੱਤੀ’ ਬਾਕੀ ਹੈ, ਸਿਰਫ ਚੇਤਨਾ ਦੀ ਚਿਣਗ ਛੁਹਾਉਣ ਦੀ ਹੀ ਲੋੜ ਹੈ:
ਲਗਾਤਾਰ ਹਰ ਫੈਲ ਰਹੇ ਹਨੇਰੇ ਤੋਂ
ਮੈਂ ਨਜ਼ਮਾਂ ਦੇ ਦੀਵੇ ਜਗਾਉਂਦਾ ਹਾਂ
ਮੁਹਾਵਰਿਆਂ ਦੀ ਉਖਲੀ ਵਿਚ
ਮੈਂ ਭੰਨ੍ਹ ਦਿੰਦਾ ਹਾਂ ਹਥਿਆਰਾਂ ਦਾ ਸਿਰ
ਜੰਗਲ ਦੇ ਗੁਰੀਲੇ ਲਈ
ਮੈਂ ਸ਼ਬਦਾਂ ਦੀ ਲਾਲਟੈਨ ਬਾਲਦਾ ਹਾਂ
ਪਰ ਹਾਇ!
ਇਹ ਸੰਸਿਆਂ ‘ਚ ਘਿਰੀ ਮੇਰੀ ਜਾਨ
ਪਲ ਪਲ ਮੈਥੋਂ ਹੀ ਸ਼ਰਮਿੰਦਾ ਹੋ ਰਹੀ ਹੈ
ਜੋ ਘਰ ਦੀ ਕਿਸ਼ਤ ਟੁੱਟਣ ਤੋਂ
ਸਦਾ ਤ੍ਰਹਿੰਦੀ ਹੈ
ਜੋ ਚੁੱਕਣਾ ਚਾਹੁੰਦੀ ਤਾਂ ਹੈ ਸ਼ਮਸ਼ੀਰ
ਪਰ ਬਿਲਾਂ ਮੂਹਰੇ ਹਾਰ ਜਾਂਦੀ ਹੈ
ਉਠ ਮਨਾ ਘੱਟੋ-ਘਟ ਹੋਰ ਕੁਝ ਨਹੀਂ
ਤਾਂ ਭੇਜ ਉਨ੍ਹਾਂ ਨੂੰ ਬਹਾਰਾਂ ਦੇ ਫੁੱਲ
ਤੇ ਗੁਰੀਲੇ ਦੀ ਗੋਲੀ ਵਰਗੀਆਂ ਕਵਿਤਾਵਾਂ
ਜੋ ਸਦੀ ਨੂੰ ਬਾਂਝ ਹੋਣ ਤੋਂ
ਬਚਾਉਣ ਲਈ ਲੜ ਰਹੇ ਨੇ। (ਪੰਨਾ 67-68)
ਸੁਖਵਿੰਦਰ ਕੰਬੋਜ ਦੀ ਕਵਿਤਾ ਅੱਜ ਦੇ ਵੇਲਿਆਂ ਦੀ ਕਵਿਤਾ ਹੈ। ਉਸ ਦੀ ਕਵਿਤਾ ਵਿਚ ਜ਼ਖਮੀ ਹੋਇਆ ਗਲੋਬ ਹੰਝੂ ਕੇਰਦਾ ਨਜ਼ਰ ਆਉਂਦਾ ਹੈ। ਅਜੋਕਾ ਵਰਤਾਰਾ ਕਵੀ ਦੇ ਅਚੇਤ-ਸੁਚੇਤ ਮਨ ‘ਤੇ ਏਨਾ ਗਹਿਰਾ ਖੁੱਭ ਚੁਕਾ ਹੈ ਕਿ ਉਹ ਮੂੰਹੋਂ ‘ਬੋਲ’ ਵੀ ਕੱਢਣਾ ਚਾਹੁੰਦਾ ਹੈ ਤਾਂ ‘ਆਹ’ ਹੀ ਨਿਕਲਦੀ ਹੈ। ਹੱਸਦੇ ਫੁੱਲਾਂ ਵਰਗੇ ਬਿੰਬ ਵਰਤਣਾ ਚਾਹੁੰਦਾ ਹੈ ਤਾਂ ‘ਬਕਸਿਆਂ ‘ਚ ਬੰਦ ਫੌਜੀ’ ਪ੍ਰਤੀਕ ਬਣ ਕੇ ਪ੍ਰਗਟ ਹੋ ਜਾਂਦੇ ਹਨ:
ਮੈਂ ਲਿਖਣਾ ਚਾਹੁੰਦਾ ਹਾਂ ਪਿਆਰ
ਪਰ ਜ਼ਿੰਦਗੀ ਲਿਖ ਰਹੀ ਹੈ
ਬਗਦਾਦ, ਅਫਗਾਨਿਸਤਾਨ, ਫਰਾਂਸ਼ææ।

ਇਰਾਨ ਤੇ ਦੱਖਣੀ ਕੋਰੀਆ ਦੇ ਆਕਾਸ਼
ਪਤਾ ਨਹੀਂ ਕਿਉਂ?
ਮੇਰੀਆਂ ਸਤਰਾਂ ‘ਚ ਫੈਲ ਗਏ ਨੇ
ਬਕਸਿਆਂ ‘ਚ ਬੰਦ ਫੌਜੀ
ਮੇਰੀ ਕਵਿਤਾ ਦੀ ਲੈਅ ‘ਚ
ਡੂੰਘੇ ਖੁੱਭ ਗਏ ਹਨæææ।

ਇਜ਼ਰਾਈਲੀ ਟੈਂਕਾਂ ਦਿਆਂ ਗੋਲਿਆਂ ਦਾ ਜਵਾਬ
ਨਿਹੱਥੇ ਬੱਚੇ ਪੱਥਰਾਂ ਨਾਲ ਕਰਦੇ ਹਨæææ।

ਕਵਿਤਾ ਦੇ ਛੰਦਾਂ ਵਿਚ
ਭੁੱਖ ਨਾਲ ਵਿਲਕ ਰਹੇ ਨੇ
ਅਫਰੀਕੀ ਸੂਡਾਨ ਦੇ ਬੱਚੇ
ਅਲੰਕਾਰਾਂ ਵਿਚ
ਐਟਮੀ ਧੂੜ ਭਰ ਗਈ ਹੈ। (ਪੰਨਾ 77-78)
ਜੰਗ, ਜੰਗ ਦੇ ਮਾਰੂ ਅਸਰ ਤਾਂ ਕਵੀ ਦਾ ਫਿਕਰ ਹੈ ਹੀ, ਪਰ ਜਿਹੜੀ ਖਤਰਨਾਕ ਜੰਗ ਚਿੰਤਕਾਂ ਵਲੋਂ ਸਥਾਪਤੀ ਦੇ ਹੱਕ ਵਿਚ ਲੜੀ ਜਾ ਰਹੀ ਹੈ, ਉਸ ਦਾ ਕਵੀ ਡਟਵਾਂ ਵਿਰੋਧ ਕਰਦਾ ਹੈ। ਮਨੁੱਖ ਨੂੰ ਆਪਣੀ ਵਿਰਾਸਤ, ਆਪਣੀਆਂ ਜੜ੍ਹਾਂ, ਆਪਣੇ ਅਤੀਤ, ਆਪਣੇ ਨਾਲ ਹੋਏ ਜ਼ੁਲਮਾਂ ਨੂੰ ਭੁੱਲ ਜਾਣ ਦਾ ਸੁਨੇਹਾ ਦਿੰਦਾ ਅਜੋਕਾ ਚਿੰਤਨ ਮਨੁੱਖ ਦੇ ਵਰਤਮਾਨ ਅਤੇ ਭਵਿੱਖ ਲਈ ਅਤਿ-ਘਾਤਕ ਸਿੱਧ ਹੋਵੇਗਾ। ਕਵੀ ਦੀਆਂ ਨਜ਼ਰਾਂ ਵਿਚ ਇਹ ‘ਚਿੰਤਨ’ ਨਹੀਂ, ਮਾਨਵ-ਵਿਰੋਧੀ ਤਾਕਤਾਂ ਦਾ ਈਜਾਦ ਕੀਤਾ ਨਵਾਂ ਹਥਿਆਰ ਹੀ ਹੈ। ਇਸ ਤਰ੍ਹਾਂ ਮਨੁੱਖ ਨੂੰ ਸ਼ਬਦੀ ਅਤੇ ਚਿੰਤਨੀ ਜਾਲ ਵਿਚ ਉਲਝਾ ਕੇ ਉਸ ਦੀ ਸੋਚ ਨੂੰ ਅਸਲੀ ਮਾਨਵੀ ਮੁੱਦਿਆਂ ਤੋਂ ਲਾਂਭੇ ਕਰਨ ਦੀਆਂ ਕੋਝੀਆਂ ਚਾਲਾਂ ਤੋਂ ਵੀ ਕਵੀ ਸੁਚੇਤ ਹੈ:
ਇਕਦਮ ਚੌਂਕ ਜਾਂਦਾ ਹੈ ਹਨੇਰਾ
ਨਵੇਂ ਨਾਅਰੇ ਘੜ੍ਹਦਾ ਹੈ
ਤੇ ‘ਇਤਿਹਾਸ ਦੀ ਮੌਤ’ ਦਾ ਐਲਾਨ ਕਰਦਾ ਹੈ
ਫੂਕੋ ਹੋਰ ਚਾਂਭਲਦਾ ਹੈ
ਉਤਰ-ਆਧੁਨਿਕ ਤੇ ਸੰਰਚਨਾਵਾਦ
ਕਰਿੰਘੜੀ ਪਾਉਂਦੇ ਹਨæææ।
ਨਵੇਂ ਨਵੇਂ ਸੰਦ ਤੇ ਹਥਿਆਰ
ਈਜਾਦ ਹੁੰਦੇ ਹਨ। (ਪੰਨਾ 81)
ਇਸ ਮਾਨਵ-ਵਿਰੋਧੀ ਚਿੰਤਨ ਦੇ ਬਰਾਬਰ ਕਵੀ ਲੋਕ-ਪੱਖੀ ਚਿੰਤਨ ਦਾ ਥੰਮ ਉਸਾਰਨ ਲਈ ਆਪਣੇ ਵਰਗਿਆਂ ਨੂੰ ਆਵਾਜ਼ ਵੀ ਮਾਰਦਾ ਹੈ:
ਓ ਕਵੀਆ!
ਬੋਝੇ ‘ਚ ਲੈ ਕੇ ਅੱਧ-ਲਿਖੀਆਂ ਕਵਿਤਾਵਾਂ
ਮੱਥੇ ‘ਚ ਵੱਜੇ ਜੰਗਲ ਦੇ ਬਿਗਲ ਲੈ ਕੇ
ਰਾਤਾਂ ਨੂੰ ਕਿੰਜ ਸੌਂ ਸਕਦਾ ਏਂ ਮੇਰੇ ਯਾਰ
ਦਾਂਤੇਵਾੜ ਦੀਆਂ
ਅਣ-ਸਸਕਾਰੀਆਂ ਲਾਸ਼ਾਂ ‘ਤੇ ਤੁਰ ਕੇ
ਫਲਸਤੀਨੀ ਬੱਚਿਆਂ ਦੀਆਂ ਆਹਾਂ
ਕਿਉਂ ਨਹੀਂ ਬਣਦੀਆਂ
ਤੇਰੀਆਂ ਨਜ਼ਮਾਂ ਦੀਆਂ ਤਸ਼ਬੀਹਾਂ। (ਪੰਨਾ 83)
ਇਸ ਕਾਵਿ-ਸੰਗ੍ਰਿਹ ਵਿਚ ਆਇਆ ‘ਜੰਗ’ ਦਾ ਜ਼ਿਕਰ ਜੰਗ ਦੇ ਕਈ ਪਹਿਲੂਆਂ ‘ਤੇ ਚਾਨਣਾ ਪਾਉਂਦਾ ਹੈ। ਜੀਵਨ ਦੇ ਹਰ ਖੇਤਰ ਵਿਚ ਜੰਗ ਲੜੀ ਜਾ ਰਹੀ ਹੈ। ਕੋਈ ਮਨੁੱਖ ਦੇ ਹੱਕ ਲੁੱਟਣ ਲਈ ਜੰਗ ਕਰ ਰਿਹਾ ਹੈ, ਕੋਈ ਆਪਣੇ ਹੱਕ ਖੋਹਣ ਵਾਸਤੇ। ਕਿਤੇ ਜੰਗ ਮਿਜ਼ਾਇਲਾਂ ਨਾਲ ਲੜੀ ਜਾ ਰਹੀ ਹੈ, ਕਿਤੇ ਕਲਮਾਂ ਨਾਲ। ਕਿਤੇ ਚਿੰਤਨ ਨਾਲ, ਕਿਤੇ ਨਾਅਰਿਆਂ ਨਾਲ। ਪਰ ਕਵੀ ਦੀ ਸੋਚ ਦਾ ਝੁਕਾਅ ‘ਲੋਕ-ਪੱਖੀ’ ਹੈ। ਉਸ ਨੂੰ ਯਕੀਨ ਹੈ, ਹਨੇਰਾ ਕਿੰਨਾ ਵੀ ਸੰਘਣਾ ਕਿਉਂ ਨਾ ਹੋਵੇ, ਜੁਗਨੂੰ ਆਪਣੇ ਚਾਨਣ ਨਾਲ ਸੂਹੀ ਇਬਾਰਤ ਲਿਖ ਹੀ ਜਾਂਦਾ ਹੈ। ਇਹ ਸੂਹੀ ਇਬਾਰਤ ਹੀ ਜਸ਼ਨ ਮਨਾਉਣ ਦਾ ਸਬੱਬ ਬਣ ਜਾਂਦੀ ਹੈ।
ਹਨੇਰੇ ਦਾ ਪੱਖ ਪੂਰਨ ਵਾਲੇ ਜੁਗਨੂੰ ਦੀ ਰੀਣ ਭਰ ਰੌਸ਼ਨੀ ਵੀ ਬਰਦਾਸ਼ਤ ਨਾ ਕਰਕੇ ਬੌਖਲਾ ਉਠਦੇ ਹਨ। ਇਹ ਉਨ੍ਹਾਂ ਦੇ ਅੰਦਰਲੇ ਖੋਖਲੇਪਨ, ਅਸੁਰੱਖਿਅਤ ਹੋਂਦ, ਧੌਂਸ ਗਵਾਚਣ ਦੇ ਡਰ ਨੂੰ ਹੀ ਪ੍ਰਗਟ ਕਰਦਾ ਹੈ। ਇਸ ਖੋਖਲੇਪਨ ‘ਤੇ ਸਾਰਥਕ ਸੋਚ ਵਾਲੇ ਇਕ ਨਾ ਇਕ ਦਿਨ ਜਿੱਤ ਪ੍ਰਾਪਤ ਕਰ ਲੈਣਗੇ, ਇਹੀ ਕਵੀ ਦਾ ਵਿਸ਼ਵਾਸ ਹੈ:
ਨਵੇਂ ਫੁੱਲ ਧਰਤੀ ‘ਤੇ ਹਮੇਸ਼ਾ ਖਿੜਦੇ ਨੇ
ਧਰਤੀ ਕਦੇ ਵੀ ਬਾਂਝ ਨਹੀਂ ਰਹਿੰਦੀ
ਜ਼ਿੰਦਗੀ ‘ਚ ਜਦੋਂ ਮਿਲਦੇ ਨੇ ਸਭ ਹੋਏ ਖੁਆਰ
ਤਾਂ ਧਰਤੀ ਲੋਰੀਆਂ ਗਾਉਂਦੀ ਏ
ਇਕ ਤੂੰ ਹੈਂ ਕਿ
ਅਜੇ ਵੀ ਇਤਿਹਾਸ ਦੀ ਮੌਤ ਦੇ
ਸੁਪਨੇ ਵੇਖ ਰਿਹਾ ਏਂ
ਟੁੱਟ ਰਿਹਾ ਹੈ ਤੇਰਾ ਤਲਿਸਮ
ਤੂੰ ਹੁਣ ਭਾਵੇਂ ਕਿੰਨੀਆਂ ਜੰਗਾਂ ਛੇੜ
ਸਮੇਂ ਦੀ ਕੁੱਖ ਵਿਚੋਂ
ਜਾਗ ਰਿਹਾ ਹੈ ਅਸਲੀ ਇਨਸਾਨ
ਕਿ ਜਾਗੇ ਬਿਨਾ ਕੋਈ ਚਾਰਾ ਹੀ ਨਹੀਂ ਹੈ।
‘ਜੰਗ, ਜਸ਼ਨ ਤੇ ਜੁਗਨੂੰ’ ਪੁਸਤਕ ਅੱਜ ਦੇ ਜੰਗੀ (ਅੰਦਰੂਨੀ ਅਤੇ ਬਾਹਰੀ) ਦੌਰ ਵਿਚ ਫੈਲੇ ਦਹਿਸ਼ਤ, ਖੌਫ, ਤਬਾਹੀ ਦੇ ਹਨੇਰੇ ਵਿਚ ਟਿਮਟਾਉਂਦੇ ਆਸ ਦੇ ਜੁਗਨੂੰ ਵਾਂਗ ਆਪਣੇ ਹਿੱਸੇ ਦੀ ਸੂਹੀ ਇਬਾਰਤ ਲਿਖਣ ਵਿਚ ਕਾਮਯਾਬ ਹੋਈ ਹੈ।
_____________________________
ਬੱਚੇ ਤੇ ਹਥਿਆਰ
ਬੱਚੇ ਖੇਡ ਰਹੇ ਨੇ ਪਾਣੀ ਦੀਆਂ ਗੰਨਾਂ ਨਾਲ਼
ਇਕ ਦੂਜੇ ਦੇ ਸੰਗ-ਸਾਥ
ਬਿਲਕੁਲ ਦੋ ਦੇਸ਼ਾਂ ਦੀ ਲੜਾਈ ਵਾਂਗ
ਇਕ ਹੱਲਾ ਬੋਲਦਾ ਹੈ
ਦੂਜਾ ਜਵਾਬੀ ਫਾਇਰ ਕਰਦਾ ਹੈ
ਤੀਜਾ ਮਨਾਉਣ ਲਈ ਆ ਰਿਹੈ
ਯੂæ ਐਨæ ਓæ ਦੇ ਵਾਂਗ
ਕੋਈ ਪੱਛਮ ਵੱਲੋਂ ਕੋਈ ਪੂਰਬ ਵੱਲੋਂ
ਇਕ ਪਾਣੀ ਦੀ ਗੰਨ ਲਾਲ ਰੰਗ ਦੀ ਹੈ
ਤੇ ਦੂਜੀ ਬੈਂਗਣੀ
ਸੱਚੀ-ਮੁੱਚੀਂ ਦੁਸ਼ਮਣਾਂ ਦੇ ਵਾਂਗ
ਇਕ ਜਣਾ ਮਰ ਜਾਂਦਾ ਹੈ ਝੂਠੀ-ਮੂਠੀæææ
ਨਹੀਂ ਜਾਣਦੇ ਪਾਣੀ ਦੀ ਜਗ੍ਹਾ
ਉਨ੍ਹਾਂ ਦੀਆਂ ਗੰਨਾਂ ਵਿਚ
ਕਿਸੇ ਨੇ ਅਛੋਪਲੇ ਜਿਹੇ ਬਾਰੂਦ ਭਰ ਜਾਣਾ ਹੈ
ਤੇ ਦੁਨੀਆਂ ਦੇ ਕਿਸੇ ਵੀ ਖਿੱਤੇ ‘ਚੋਂ
ਝੰਡਿਆਂ ‘ਚ ਲਿਪਟੀ ਉਨ੍ਹਾਂ ਦੀ ਲਾਸ਼ ਆਉਣੀ ਹੈ
ਜਿਨ੍ਹਾਂ ਦੇ ਅੰਗਾਂ-ਸਾਕਾਂ ਕੋਲ
ਰੋਣ ਦੀ ਵਿਹਲ ਵੀ ਨਹੀਂ ਹੋਣੀ
ਤੇ ਕੁਝ ਬੱਚਿਆਂ ਕੋਲ ਅੰਗਾਂ ਦੇ ਸਿਵਾ
ਬਿਸਾਖੀਆਂ ਨੇ ਹੋਣਾ ਹੈ
ਤੇ ਕੁਝ ਸਬੂਤਿਆਂ ਦੀਆਂ ਛਾਤੀਆਂ ‘ਤੇ
ਤਮਗਿਆਂ ਨੇ ਸਜਣਾ ਹੈ
ਤੇ ਉਹ!
ਜੋ ਜੰਗ ਵਿਚ ਕਦੇ ਨਹੀਂ ਗਿਆ
ਜਿਸ ਸਿਰਫ ਵੋਟਾਂ ਦੇ ਫੋਕੇ ਫਾਇਰ ਕੀਤੇ
ਉਸ ਨੇ ਉਨ੍ਹਾਂ ਦੀ ਬਹਾਦਰੀ ਦਾ ਗੀਤ
ਵਿਲਕ ਰਹੀ ਪੌਣ ਵਿਚ ਗਾਉਣਾ ਹੈ
ਕੀ ਬੱਚਿਆਂ ਦਾ ਧਰਤ ਉਪਰ
ਇਹ ਹੀ ਆਉਣਾ ਹੈ!

ਸਮਾਂ ਤੇ ਸਥਾਨ
ਮੇਰੇ ਸ਼ਹਿਰ ‘ਤੇ ਰਾਤ
ਉਤਰਦੀ ਨਹੀਂ, ਪੈਂਦੀ ਹੈ ਬਿੱਜ ਵਾਂਗ
ਹਨੇਰਾ ਚਮਗਿੱਦੜ ਵਾਂਗ ਚਿੰਬੜਿਆ ਰਹਿੰਦੈ
ਰਾਤੀਂ ਵੀ, ਸਵੇਰੇ ਵੀ
ਸਦੀਆਂ ਤੋਂ ਚੁੱਪ-ਚਾਪ ਇਹ ਚਾਨਣ
ਕਿਹੜੀ ਤਲਾਸ਼ ਵਿਚ ਹੈ?
ਕਿਸ ਸੱਚ ਦੀ ਭਾਲ ਵਿਚ ਹੈ?
ਸੜਕਾਂ ਤੁਰਦੀਆਂ ਨਹੀਂ
ਭੱਜਦੀਆਂ ਹਨ ਸਰਪਟ
ਬੇਕਾਬੂ ਹੋਈ ਹਥਿਆਰਾਂ ਦੀ ਦੌੜ ਵਾਂਗ
ਗਾਉਂਦੇ ਹੋਏ ਗਾਲ੍ਹਾਂ ਕੱਢਦੇ ਰੈਪਰ ਦੀ ਆਵਾਜ਼
ਸਾਜ਼ਾਂ ਦੇ ਸ਼ੋਰ ਵਿਚ ਗੁੰਮ ਹੈæææ
ਇਕ ਸ਼ੋਰ ਹੈ ਜੋ
ਕੰਨਾਂ ਨੂੰ ਚੀਰਦਾ ਹੈ ਲਗਾਤਾਰ
ਗੀਤ ਦੇ ਭਾਵ
ਭਾਵੇਂ ਪਿਆਰ ਦੀ ਵੀ ਗੱਲ ਕਰਦੇ ਨੇ
ਪਰ ਇਹ ਸੰਗੀਤ ਨਹੀਂ
ਕੰਨਾਂ ‘ਤੇ ਹਮਲਾ ਹੈ ਕੇਵਲ਼ææ
ਕੋਈ ਜੰਗ ਨੂੰ ਜਾ ਰਿਹੈ
ਕੋਈ ਜੰਗ ਤੋਂ ਵਾਪਸ ਆ ਰਿਹੈ
ਕੋਈ ਛੋਟੇ-ਛੋਟੇ ਬੱਚਿਆਂ ਨੂੰ
ਸਕੂਲੇ ਕਤਲ ਕਰਦਾ ਹੈ
ਕੋਈ ਗੈਂਗ ਇਨੀਸੀਏਸ਼ਨ ਲਈ
ਕਤਲ ਕਰਦਾ ਹੈ
ਕਿਸ ਤਰ੍ਹਾਂ ਦੀ ਚੀਕ ਬੁਲਬੁਲੀ ਹੈ ਇਹ
ਮੈਂ ਜਿਨ੍ਹਾਂ ਹਨੇਰੇ ਵਕਤਾਂ ‘ਚ ਰਹਿੰਦਾ ਹਾਂ
ਉਥੇ ਸ਼ਰਮ ਮਰ ਗਈ ਹੈ
ਤੇ ਧਰਮ!
ਕਦੋਂ ਦਾ ਖੁਦਕੁਸ਼ੀ ਕਰ ਗਿਆ ਹੈ
ਸਿਰਫ ਲਾਲਸਾ ਦੀ ਪਹਾੜੀ
ਉਚੀ ਹੋਰ ਉਚੀ ਹੋ ਰਹੀ ਹੈ
ਕਦੇ ਕਦੇ ਸੋਚਦਾ ਹਾਂ
ਮੈਨੂੰ ਹੀ ਕਿਉਂ
ਤੰਗ ਕਰਦੇ ਨੇ ਇਹ ਸਵਾਲ
ਵਕਤ ਦੇ ਸੀਨੇ ‘ਚ ਸ਼ਾਇਦ
ਬਚਿਆ ਨਹੀਂ ਕੋਈ ਮਲਾਲ
ਸਿਰਫ ਮੇਰੀਆਂ ਕਿਤਾਬਾਂ
ਅਜੇ ਵੀ ਖੋਲ੍ਹਦੀਆਂ ਨੇ
ਮੇਰੇ ਲਈ ਸੱਜਰੇ ਜੀਣ-ਯੋਗ ਸੰਸਾਰ
ਮੈਂ ਇਸ ਸਭ ਕਾਸੇ ਦਾ
ਹਿੱਸਾ ਹੋਣ ਤੋਂ ਇਨਕਾਰ ਕਰਦਾ ਹਾਂ
ਇਸੇ ਲਈ ਮੈਂ ਸੱਚ ਦੀ ਭਾਲ ਲਈ
ਨਵੀਆਂ ਕਿਤਾਬਾਂ ਖਰੀਦਣ ਤੁਰ ਪਿਆ ਹਾਂæææ।

ਕਵਿਤਾ ਦੀ ਲਾਜ
ਮੈਂ ਦੇਖ ਲਈਆਂ ਨੇ
ਨਜ਼ਮਾਂ ਦੇ ਪੁਲਾਂ ਤੋਂ
ਥਰਥਰਾਉਂਦੀਆਂ ਡਿਗਦੀਆਂ ਕੱਚੀਆਂ ਤਸ਼ਬੀਹਾਂ
ਜਿਨ੍ਹਾਂ ਨੇ ਹੋਠ ਸਿਰਫ ਲਾਲ ਹੀ ਰੰਗੇ ਸਨ
ਉਹ ਸਮਿਆਂ ਦੇ ਪਹਿਲੇ ਮੀਂਹ ‘ਚ ਹੀ
ਰੰਗੇ ਗਿੱਦੜ ਵਾਂਗ ਧੋਤੇ ਗਏ
ਉਚੀਆਂ ਪੰਚਮ ਸੁਰਾਂ ਦੇ ਸ਼ੋਰ ਵਿਚ
ਉਨ੍ਹਾਂ ਦੇ ਮਸਤਕ ਭੌਂਦੇ ਰਹੇ
ਤੇ ਬਾਲਾਂ ਦੀਆਂ ਮੁਸਕਾਨਾਂ ਤੋਂ
ਅੱਖ ਚੁਰਾ ਕੇ ਉਹ
ਕੇਵਲ ਕਬਰਾਂ ਵੱਲ ਹੀ ਵਧੇ
ਜਿਨ੍ਹਾਂ ਤੋਂ ਪੌਣ ਵੀ ਡਰਦੀ ਸੀ
ਤੇ ਬੱਦਲ ਉਨ੍ਹਾਂ ਤੋਂ ਪੁੱਛ ਕੇ ਵਰ੍ਹਦਾ ਸੀ
ਉਹ ਰੁੱਤਾਂ ਬਦਲਣ ਨਾਲ
Ḕਨਵੇਂ ਸੰਸਾਰ ਨਿਯਮ’ ਲੱਭਦੇ ਰਹੇ
ਇਹ ਤਾਂ ਸਦੀਆਂ ਤੋਂ ਲਿਤਾੜੇ ਲੋਕ ਸਨ
ਜੋ ਮਾਰਕਸ ਜਾਂ ਉਤਰ-ਆਧੁਨਿਕਤਾ ਦੀ
ਪਰਵਾਹ ਕੀਤੇ ਬਿਨਾਂ
ਅੱਗੇ ਵਧਦੇ ਗਏ
ਹਾਲਾਂਕਿ ਰਸਤੇ ‘ਚ ਮੱਕਾਰੀ ਵੀ ਸੀ
ਤੋਪਾਂ ਦਾ ਧੂੰਆਂ ਤੇ ਐਟਮ ਦਾ ਡਰ ਵੀ ਸੀ
ਉਨ੍ਹਾਂ ਦੇ ਦੁੱਖਾਂ ਨੇ
ਇਕ ਹੋਣ ਲਈ ਮਜਬੂਰ ਕੀਤਾ
ਤੇ ਇੰਜ
ਕਵਿਤਾ ਦੀ ਲਾਜ ਬਚੀ ਰਹੀæææ।

ਨਿੱਕੀ ਪਰ ਵੱਡੀ ਕਵਿਤਾ
ਸਟੋਰ ‘ਤੇ ਗੋਲੀ
ਕੰਮ ‘ਤੇ ਗੋਲੀ
ਸਿਨਮਿਆਂ ‘ਚ ਗੋਲੀ
ਸਕੂਲ ‘ਚ ਗੋਲੀ
ਪਿਆਰ ‘ਚ ਗੋਲੀ
ਨਫ਼ਰਤ ‘ਚ ਗੋਲੀ
ਕਿਉਂ ਘਬਰਾਉਂਦੇ ਹੋ ਹੁਣ?
ਜੋ ਬੀਜਿਆ ਹੈ
ਧਰਤੀ ਉਹੀ ਤਾਂ ਉਗਾਉਂਦੀ ਹੈæææ।

ਸ਼ਬਦ
ਤੁਸੀਂ ਮੇਰੇ ਹੱਥ ਖੋਹਣਾ ਚਾਹੁੰਦੇ ਹੋ
ਕਿਉਂਕਿ ਇਨ੍ਹਾਂ ਕੋਲ ਸ਼ਬਦ ਵੀ ਹਨ
ਤੇ ਬੰਦੂਕ ਵੀ ਹੈ
ਹਵਾ ਵਿਚ ਖਿੱਲਰੇ ਪਏ ਨੇ
ਮੇਰੇ ਸੁਰਖ ਇਤਿਹਾਸ ਦੇ ਵਰਕੇ
ਸਰਸਾ ਨਦੀ ਹੋਵੇ ਜਾਂ ਮੰਗੂਵਾਲ
ਉਨ੍ਹਾਂ ਹਮੇਸ਼ਾ ਖੋਹੀ ਹੈ
ਹੀਰਿਆਂ ਹਰਨਾਂ ਦੀ ਚਾਲ
ਹਵਾਨਾ ਹੋਵੇ ਜਾਂ ਅਰਜਨਟੀਨਾ
ਉਹ ਹਮੇਸ਼ਾ ਹੀ ਚਾਹੁੰਦੇ ਨੇ
ਸਾਡੇ ਹੱਥ ਖੋਹੇ ਜਾਣ
ਤੇ ਬਖਸ਼ ਦੇਣ ਸਾਨੂੰ
ਅਤਿ-ਆਧੁਨਿਕ ਬੈਸਾਖੀਆਂ
ਜੋ ਸਿਰਫ ਸਲਾਮ ਕਰਨਾ ਹੀ ਜਾਣਨ
ਉਹ ਚਾਹੁੰਦੇ ਨੇ ਸਾਡੇ ਹੱਥ ਜੇ ਉਠਣ
ਤਾਂ ਸਿਰਫ ਲੈਅ ‘ਚ ਜੁੜੇ ਰਹਿਣ
ਇਸੇ ਲਈ ਉਹ ਨਵੇਂ-ਨਵੇਂ ਸਿੱਧਾਂਤਾਂ ਨਾਲ
ਉਲਝਾਉਂਦੇ ਨੇ ਸਾਨੂੰ
ਮੈਂ ਦੱਸਦਾ ਹਾਂ ਚੀਕ ਕੇ ਇਸ ਵਾਰ
ਕਿਉਂਕਿ ਸ਼ਾਂਤੀ ਤੇ ਸਹਿਜ ਨਾਲ
ਤਾਂ ਤੁਸੀਂ ਸੁਣਦੇ ਹੀ ਨਹੀਂ
ਗੋਲੀ ਵੀ ਦਾਗ ਸਕਦਾ ਹਾਂ
ਤੇ ਵਿੰਨ੍ਹ ਸਕਦਾ ਹਾਂ ਉਹ ਸਾਰੇ ਮਨਸੂਬੇ
ਜੋ ਤੁਸੀਂ ਮੇਰੇ ਕਤਲ ਲਈ ਚਿਤਵੇ ਹਨæææ।