‘ਪਰਵਾਸ ਤੋਂ ਪੰਜਾਬੀਆਂ ਨੇ ਕੀ ਖੱਟਿਆ, ਕੀ ਗੁਆਇਆ?’

‘ਪੰਜਾਬ ਟਾਈਮਜ਼’ ਦੇ 30 ਸਤੰਬਰ ਦੇ ਅੰਕ ਵਿਚ ਛਪੇ ਲੇਖ ‘ਪਰਵਾਸ ਤੋਂ ਪੰਜਾਬੀਆਂ ਨੇ ਕੀ ਖੱਟਿਆ, ਕੀ ਗੁਆਇਆ?’ ਵਿਚ ਡਾæ ਗਿਆਨ ਸਿੰਘ ਨੇ ਨਫੇ- ਨੁਕਸਾਨ ਦੇ ਕਈ ਨੁਕਤੇ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਧਾਰਮਿਕ ਸਥਾਨਾਂ ਦੀ ਦੁਰਵਰਤੋਂ, ਵਿਦਿਆਰਥੀਆਂ ਅਤੇ ਨਵੇਂ ਆਏ ਲੋਕਾਂ ਦੀ ਆਪਣੇ ਹੀ ਭਾਈਚਾਰੇ ਵੱਲੋਂ ਲੁੱਟ-ਖਸੁੱਟ ਅਤੇ ਨਸ਼ਿਆਂ ਦੀ ਤਸਕਰੀ ਆਦਿ ਮਾਮਲੇ ਅਨੈਤਿਕ ਤਾਂ ਹਨ ਹੀ, ਭਾਈਚਾਰੇ ਦੀ ਬਦਨਾਮੀ ਦਾ ਕਾਰਨ ਵੀ ਬਣਦੇ ਹਨ। ਗੁਰਦੁਆਰੇ ਸੰਗਤ ਦੀ ਤਿਲ-ਫੁੱਲ ਭੇਟਾ ਨਾਲ ਚਲਦੇ ਹਨ ਜਿਸ ਪ੍ਰਤੀ ਭਾਈਚਾਰੇ ਨੂੰ ਸਿਰ ਜੋੜ ਕੇ ਸੰਗਤੀ ਰੂਪ ਵਿਚ ਬੈਠ ਕੇ ਫੈਸਲੇ ਲੈਣੇ ਬਣਦੇ ਹਨ। ਜੇ ਕਿਸੇ ਸੁਧਾਰ ਦੀ ਗੁੰਜਾਇਸ਼ ਨਹੀਂ ਜਾਪਦੀ ਤਾਂ ਇਹ ਭੇਟਾ ਹਸਪਤਾਲਾਂ ਜਾਂ ਸਕੂਲਾਂ ਨੂੰ ਦੇਣੀ ਬਣਦੀ ਹੈ ਤਾਂ ਕਿ ਸਮਾਜ ਨੂੰ ਬਿਹਤਰ ਡਾਕਟਰੀ ਸਹਾਇਤਾ ਅਤੇ ਵਿੱਦਿਆ ਦਿੱਤੀ ਜਾ ਸਕੇ।

ਮੈਂ ਇੱਥੇ ਹਾਲ ਹੀ ਵਿਚ ਵਾਪਰੀ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦੀ ਹਾਂ। ਦੋ ਕੁ ਮਹੀਨੇ ਪਹਿਲਾਂ ਮੇਰੀ ਰਿਸ਼ਤੇਦਾਰੀ ਵਿਚ ਇੱਕ ਨੌਜੁਆਨ ਮੁੰਡੇ ਦੀ ਅਚਾਨਕ ਮੌਤ ਹੋ ਗਈ। ਸੋਚਣ ਵਾਲੀ ਗੱਲ ਹੈ ਕਿ ਜੁਆਨ ਬੱਚੇ ਦਾ ਅੰਤਿਮ ਸੰਸਕਾਰ ਕਰਨ ਉਪਰੰਤ ਜਦੋਂ ਸਕੇ-ਸਬੰਧੀ ਗੁਰੂ ਘਰ ਵਿਚ ਅੰਤਿਮ ਅਰਦਾਸ ਸਮੇਂ ਇਕੱਤਰ ਹੁੰਦੇ ਹਨ ਤਾਂ ਉਨ੍ਹਾਂ ਦਾ ਕੀ ਹਾਲ ਹੁੰਦਾ ਹੈ? ਪਹਿਲਾਂ ਤਾਂ ਲੋਕਾਂ ਨੂੰ ਜ਼ਿਆਦਾ ਦੇਰ ਬਿਠਾਈ ਰੱਖਣ ਲਈ ਇੱਕ ਵਾਰ ਪਾਠ ਖਤਮ ਹੋਣ ‘ਤੇ ਅਨੰਦ ਸਾਹਿਬ ਦਾ ਪਾਠ ਤੇ ਅੰਤਿਮ ਅਰਦਾਸ ਕੀਤੀ ਗਈ ਅਤੇ ਮੁੜ ਕੀਰਤਨ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਅਤੇ ਅੰਤਿਮ ਅਰਦਾਸ ਕੀਤੀ ਗਈ ਜਦਕਿ ਮਰਿਆਦਾ ਅਨੁਸਾਰ ਪਾਠ ਦੀ ਸਮਾਪਤੀ ਉਪਰੰਤ ਕੀਰਤਨ ਅਰੰਭ ਕਰ ਦਿੱਤਾ ਜਾਂਦਾ ਹੈ ਅਤੇ ਕੀਰਤਨੀਏ ਸਿੰਘ ਹੀ ਕੀਰਤਨ ਦੇ ਅਖੀਰ ‘ਤੇ ਅਨੰਦ ਬਾਣੀ ਦਾ ਕੀਰਤਨ ਕਰਦੇ ਹਨ। ਅੰਤਿਮ ਸਲੋਕ ਤੇ ਅਰਦਾਸ ਲਈ ਸੰਗਤ ਅਤੇ ਅਰਦਾਸੀਆ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਖੜ੍ਹੇ ਹੋ ਜਾਂਦੇ ਹਨ। ਉਪਰੋਕਤ ਮੌਕੇ ਇਹ ਹੀ ਨਹੀਂ, ਕਥਾ ਕਰਨ ਲਈ ਜੋ ਸਿੰਘ ਬੈਠਾ, ਉਸ ਨੇ ਆਪਣੇ ਤੋਂ ਅਗਲੇ ਡਿਊਟੀ ਵਾਲੇ ਸਿੰਘ ਦੀ ਉਡੀਕ ਵਿਚ ਕਥਾ ਏਨੀ ਲਮਕਾ ਦਿੱਤੀ ਕਿ ਬਹੁਤੀ ਸੰਗਤ ਉਠ ਕੇ ਜਾਣੀ ਸ਼ੁਰੂ ਹੋ ਗਈ। ਫਿਰ ਉਸ ਕਥਾ ਦਾ ਵੀ ਅੰਤਿਮ ਰਸਮਾਂ ਨਾਲ ਕੋਈ ਸਬੰਧ ਨਹੀਂ ਸੀ। ਉਹ ਮੁੜ ਮੁੜ ਗੱਲਾਂ ਦੁਹਰਾਈ ਜਾ ਰਿਹਾ ਸੀ। ਸਿਤਮਜ਼ਰੀਫੀ ਦੇਖੋ, ਇਨ੍ਹਾਂ ਦਾ ਰਵੱਈਆ ਕਿੰਨਾ ਸਵਾਰਥੀ ਹੈ? ਸੋਚ ਕੇ ਹੈਰਾਨੀ ਹੁੰਦੀ ਹੈ।
ਗੁਰੂ ਦਾ ਲੰਗਰ ਗੁਰੂ ਘਰ ਵਿਚ ਆਏ ਹਰ ਮਾਈ ਭਾਈ ਲਈ, ਭੁੱਖੇ ਨੂੰ ਪਰਸ਼ਾਦਾ ਛਕਾਉਣ ਲਈ ਹੁੰਦਾ ਹੈ। ਵੈਸੇ ਵੀ ਜੋ ਕੋਈ ਗੁਰੂ ਦੀ ਹਜ਼ੂਰੀ ਵਿਚ ਆਉਂਦਾ ਹੈ, ਉਹ ਆਪਣੀ ਸ਼ਰਧਾ ਮੁਤਾਬਿਕ ਤਿਲ-ਫੁੱਲ ਭੇਟ ਕਰਦਾ ਹੈ ਅਤੇ ਇਸ ਦੇ ਨਾਲ ਹੀ ਵਿਆਹ-ਸ਼ਾਦੀ ਜਾਂ ਖੁਸ਼ੀ ਸਮੇਂ ਤੁਹਾਨੂੰ ਪਤਾ ਹੁੰਦਾ ਹੈ ਕਿ ਲਗਭਗ ਕਿੰਨੇ ਕੁ ਮਹਿਮਾਨ ਸ਼ਾਮਲ ਹੋਣਗੇ? ਅਫਸੋਸ ਮੌਕੇ ਤੁਸੀਂ ਇਸ ਤੱਥ ਦਾ ਅੰਦਾਜ਼ਾ ਕਿਸ ਤਰ੍ਹਾਂ ਲਾ ਸਕਦੇ ਹੋ ਕਿ ਕਿੰਨੇ ਲੋਕ ਆਉਣਗੇ? ਇੱਥੇ ਹਰ ਫੰਕਸ਼ਨ ਲਈ ਗੁਰਦੁਆਰਿਆਂ ਵਿਚ ਰਕਮ ਮੁਕੱਰਰ ਕੀਤੀ ਹੋਈ ਹੁੰਦੀ ਹੈ। ਉਸ ਮੁਤਾਬਿਕ ਜਦੋਂ ਲੜਕੇ ਦੇ ਪਿਤਾ ਨੇ ਰਕਮ ਅਦਾ ਕੀਤੀ ਤਾਂ ਹਿਸਾਬ ਕਰਨ ਵਾਲਾ ਸਿੰਘ ਕਹਿੰਦਾ, “ਦੋ ਸੌ ਡਾਲਰ ਹੋਰ ਬਣਦਾ ਹੈ, ਤੁਸੀਂ ਕੱਲ ਦੇ ਕੇ ਜਾਉਗੇ?” ਲੜਕੇ ਦੇ ਪਿਤਾ ਨੇ ਦੋ ਸੌ ਡਾਲਰ ਉਸ ਦੇ ਹੱਥ ‘ਤੇ ਧਰ ਕੇ ਥੋੜ੍ਹੇ ਗੁੱਸੇ ਨਾਲ ਕਿਹਾ, “ਕੱਲ ਕਿਉਂ, ਤੁਸੀਂ ਹੁਣੇ ਲਵੋ।” ਇਹ ਹਾਲ ਹੈ ਇੱਥੇ ਗੁਰੂ ਦੇ ਨਾਮ ‘ਤੇ ਚਲਾ ਰਹੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਦਾ।
ਜਿੱਥੋਂ ਤੱਕ ਨੁਕਸਾਨ ਪ੍ਰਤੀ ਉਠਾਏ ਡਾæ ਗਿਆਨ ਸਿੰਘ ਦੇ ਨੁਕਤਿਆਂ ਦਾ ਸਵਾਲ ਹੈ, ਸਾਰੇ ਨੁਕਤਿਆਂ ਨਾਲ ਸਹਿਮਤ ਹੋਣਾ ਮੁਸ਼ਕਿਲ ਜਾਪਦਾ ਹੈ। ਪਹਿਲੀ ਗੱਲ, “ਹੁਣ ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਵਿੱਦਿਆ, ਸਿਹਤ ਸੰਭਾਲ ਅਤੇ ਹੋਰ ਸਾਂਝੇ ਕੰਮਾਂ ਸਬੰਧੀ ਉਹ ਤਰੱਕੀ ਨਹੀਂ ਹੋ ਸਕੀ ਜੋ ਇਨ੍ਹਾਂ ਦੀ ਭਾਗੀਦਾਰੀ ‘ਤੇ ਬਣਦੇ ਜਾਇਜ਼ ਵਿਰੋਧ ਦੁਆਰਾ ਹੋਣੀ ਸੀ।”
ਮੇਰਾ ਵਿਚਾਰ ਹੈ ਕਿ ਪੇਂਡੂ ਸਮਾਜ ਦਾ ਵਿਕਾਸ, ਸਾਂਝੇ ਕੰਮਾਂ ਦੀ ਤਰੱਕੀ ਦਾ ਬਹੁਤ ਕੁਝ ਪ੍ਰਾਂਤਿਕ ਅਤੇ ਕੇਂਦਰੀ ਸਰਕਾਰਾਂ ਦੇ ਰਵੱਈਏ ‘ਤੇ ਵੀ ਆਧਾਰਤ ਹੈ, ਇਹ ਗੱਲ ਸਾਨੂੰ ਕਦੇ ਵੀ ਭੁੱਲਣੀ ਨਹੀਂ ਚਾਹੀਦੀ। ਜਦੋਂ ਮੁਲਕ ਦੀ ਆਜ਼ਾਦੀ ਤੋਂ ਬਾਅਦ ਕੇਂਦਰੀ ਅਤੇ ਰਾਜ ਸਰਕਾਰਾਂ ਵਿਚ ਭਾਗੀਦਾਰ ਜਾਂ ਮਾਅਨੇ ਰੱਖਦੇ ਮੰਤਰੀਆਂ-ਸੰਤਰੀਆਂ, ਅਫਸਰਾਂ ਵਿਚ ਇੱਕ ਆਦਰਸ਼ਵਾਦ ਸੀ, ਉਤਸ਼ਾਹ ਸੀ, ਜਨੂੰਨ ਸੀ, ਉਦੋਂ ਪੰਜਾਬ ਦੇ ਪਿੰਡਾਂ ਵਿਚ ਗਰਾਮ ਸੇਵਕ ਲਾ ਕੇ, ਨਵੇਂ ਸਕੂਲ ਖੋਲ੍ਹ ਕੇ, ਭਾਰਤ ਸੇਵਕ ਸਮਾਜ ਦੇ ਕੈਂਪ ਲਾ ਕੇ ਪਿੰਡਾਂ ਦੇ ਵਿਕਾਸ ਵੱਲ ਧਿਆਨ ਦਿੱਤਾ ਗਿਆ। ਹੁਣ ਸਰਕਾਰਾਂ ਦਾ ਪਿੰਡਾਂ ਵੱਲ ਜਾਂ ਲੋਕਾਂ ਪ੍ਰਤੀ ਕੋਈ ਹਾਂ-ਮੁਖੀ ਰਵੱਈਆ ਨਹੀਂ ਹੈ। ਰਾਜਨੀਤੀ ਵਿਚ ਲੋਕ ਪੈਸਾ ਇਕੱਠਾ ਕਰਨ ਲਈ ਆਉਂਦੇ ਹਨ। ਨੌਕਰੀਆਂ ਲੈਣ ਲਈ ਲੋਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਅਤੇ ਫਿਰ ਉਸ ਪੈਸੇ ਦੀ ਕਈ ਗੁਣਾਂ ਵੱਧ ਪੂਰਤੀ ਅਫਸਰ ਰਿਸ਼ਵਤ ਰਾਹੀਂ ਪੈਸਾ ਇਕੱਠਾ ਕਰਕੇ ਕਰਦੇ ਹਨ। ਪੇਂਡੂ ਸਕੂਲਾਂ, ਲਿੰਕ ਸੜਕਾਂ, ਲੋਕਾਂ ਦੀ ਸਿਹਤ, ਕਿਸਾਨੀ ਅਤੇ ਖੇਤ ਮਜ਼ਦੂਰਾਂ ਦੀ ਮੰਦੀ ਹਾਲਤ ਵੱਲ ਕਿਸੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਹਾਂ, ਵੋਟਾਂ ਲੈਣ ਲਈ ਵਾਅਦੇ ਹਰ ਪਾਰਟੀ ਬਥੇਰੇ ਕਰਦੀ ਹੈ।
ਪਰਵਾਸੀ ਤਾਂ ਭਲਾਂ ਪੰਜਾਬ ਛੱਡ ਆਏ ਹਨ ਪਰ ਜਿਹੜੇ ਪਿੱਛੇ ਰਹਿ ਗਏ ਹਨ, ਉਹ ਵੀ ਹੁਣ ਆਪਣੀ ਸਮਰੱਥਾ ਮੁਤਾਬਿਕ ਬੱਚਿਆਂ ਨੂੰ ਪੜ੍ਹਾਉਣ ਦੇ ਬਹਾਨੇ ਆਪਣੀਆਂ ਜਮੀਨਾਂ ਠੇਕੇ ‘ਤੇ ਦੇ ਕੇ ਅਤੇ ਆਪਣੇ ਚੰਗੇ ਭਲੇ ਬਣੇ ਬਣਾਏ ਘਰ ਛੱਡ ਕੇ ਰਿਹਾਇਸ਼ ਲਈ ਸ਼ਹਿਰਾਂ ਵਿਚ ਮਕਾਨ ਕਿਰਾਏ ‘ਤੇ ਲੈ ਰਹੇ ਹਨ ਜਾਂ ਖਰੀਦ ਰਹੇ ਹਨ। ਸਰਕਾਰਾਂ ਖਿਲਾਫ ਹਰ ਰੋਜ਼ ਬਥੇਰੇ ਧਰਨੇ, ਜਲਸੇ-ਜਲੂਸ ਨਿਕਲਦੇ ਹਨ, ਸਭ ਨੂੰ ਪੁਲਿਸ ਦੀਆਂ ਲਾਠੀਆਂ ਨਾਲ ਚੁੱਪ ਕਰਾ ਦਿੱਤਾ ਜਾਂਦਾ ਹੈ, ਕਿਸੇ ‘ਤੇ ਕੋਈ ਅਸਰ ਨਹੀਂ ਹੁੰਦਾ, ਪਰਵਾਸ ਕਰ ਗਿਆਂ ਦਾ ਵੀ ਨਹੀਂ ਸੀ ਹੋਣਾ।
ਦੂਸਰਾ ਨੁਕਤਾ ਉਨ੍ਹਾਂ ਨੇ ਹੁਨਰਮੰਦ ਪਾੜ੍ਹਿਆਂ ਦੇ ਬਾਹਰ ਆਉਣ ਨਾਲ ਸਰਕਾਰ ਜਾਂ ਸਮਾਜ ਨੂੰ ਹੋ ਰਹੇ ਨੁਕਸਾਨ ਬਾਰੇ ਉਠਾਇਆ ਹੈ, “ਪਰ ਧਿਆਨ ਮੰਗਦਾ ਪੱਖ ਇਹ ਹੈ, ਇਨ੍ਹਾਂ ਦੇ ਹੁਨਰ ਤੇ ਲਿਆਕਤ ਦੇ ਵਿਕਾਸ ਵਿਚ ਸਮਾਜ ਤੇ ਸਰਕਾਰ ਨੇ ਜੋ ਯੋਗਦਾਨ ਪਾਇਆ ਕਿੱਥੇ ਗਿਆ? ਇਨ੍ਹਾਂ ਲਈ ਸਮਾਜ ਤੇ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਸਸਤੀ ਸਿੱਖਿਆ, ਸਿਖਲਾਈ ਆਦਿ ਦਾ ਹਿਸਾਬ ਕੌਣ ਕਰੇਗਾ?” ਅਤੇ “ਪੰਜਾਬ ਵਿਚੋਂ ਕੌਮਾਂਤਰੀ ਪਰਵਾਸ ਸਬੰਧੀ ਜਿਹੜੇ ਹੁਨਰਮੰਦ ਜਾਂ ਪੇਸ਼ਾਵਰ ਲੋਕਾਂ ਅਤੇ ਵਿਦਿਆਰਥੀਆਂ ਦਾ ਪੰਜਾਬ ਤੋਂ ਬਾਹਰਲੇ ਦੇਸ਼ਾਂ ਵਿਚ ਪਰਵਾਸ ਹੋ ਰਿਹਾ ਹੈ, ਉਹ ਦੇਸ਼ ਤੋਂ ਬਾਹਰ ਜਾਣ ਤੋਂ ਪਹਿਲਾਂ ਪੜ੍ਹਾਈ ਜਾਂ ਸਿਖਲਾਈ ਉਪਰ ਸਮਾਜ ਤੇ ਸਰਕਾਰ ਵੱਲੋਂ ਕੀਤਾ ਗਿਆ ਖਰਚ ਵਾਪਸ ਕਰਨ। ਜੇ ਉਹ ਉਚ ਵਿਦਿਆ ਲੈਣ ਲਈ ਜਾਂਦੇ ਹਨ ਤਾਂ ਉਨ੍ਹਾਂ ਤੋਂ ਹਲਫਨਾਮਾ ਲਿਆ ਜਾਵੇ ਕਿ ਦੇਸ਼ ਨਾ ਮੁੜਨ ਦੀ ਹਾਲਤ ਵਿਚ ਉਨ੍ਹਾਂ ਦੇ ਮਾਪੇ ਉਹ ਖਰਚ ਵਾਪਸ ਕਰਨਗੇ।”
ਡਾæ ਗਿਆਨ ਸਿੰਘ ਸ਼ਾਇਦ ਇਹ ਭੁੱਲ ਗਏ ਹਨ ਕਿ ਪੰਜਾਬ ਵਿਚ ਹੁਣ ਵਿੱਦਿਆ ਸਸਤੀ ਨਹੀਂ ਹੈ ਅਤੇ ਨਾ ਹੀ ਵਿੱਦਿਆ ਪ੍ਰਾਪਤ ਕਰਕੇ ਸਾਡੇ ਸਮਿਆਂ ਦੀ ਤਰ੍ਹਾਂ ਬਿਨਾ ਸਿਫਾਰਸ਼ ਅਤੇ ਰਿਸ਼ਵਤ ਦੇ ਕੋਈ ਨੌਕਰੀ ਮਿਲਦੀ ਹੈ। ਸਕੂਲਾਂ-ਕਾਲਜਾਂ ‘ਚ ਅਧਿਆਪਕ ਤੇ ਪ੍ਰਿੰਸੀਪਲ ਨਹੀਂ ਹਨ ਪਰ ਸਰਕਾਰ ਕੋਈ ਭਰਤੀ ਨਹੀਂ ਕਰ ਰਹੀ, ਉਥੋਂ ਵਿੱਦਿਆ ਕਿਹੋ ਜਿਹੀ ਮਿਲੇਗੀ? ਹਸਪਤਾਲ ਡਾਕਟਰਾਂ ਤੋਂ ਖਾਲੀ ਹਨ। ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮਾਂ ਨੂੰ ਕਈ ਕਈ ਮਹੀਨੇ ਤਨਖਾਹ ਨਹੀਂ ਮਿਲਦੀ। ਡਾਕਟਰੀ ਪੜ੍ਹਾਈ ਹੁਣ ਉਥੇ ਮੁਫਤ ਜਾਂ ਸਸਤੀ ਨਹੀਂ ਹੈ, ਇਹ ਬਹੁਤੀ ਕਰਕੇ ਪ੍ਰਾਈਵੇਟ ਹੱਥਾਂ ਵਿਚ ਚਲੀ ਗਈ ਹੈ ਅਤੇ ਵਪਾਰ ਬਣ ਗਈ ਹੈ। ਆਮ ਬੰਦੇ ਦੀ ਤਾਂ ਇਹ ਪਹੁੰਚ ਤੋਂ ਹੀ ਬਾਹਰ ਹੋ ਗਈ ਹੈ। ਯੂਨੀਵਰਸਿਟੀਆਂ ਦੀ ਫੀਸ ਹੁਣ ਹਜ਼ਾਰਾਂ ਨਹੀਂ, ਲੱਖਾਂ ਵਿਚ ਦੇਣੀ ਪੈਂਦੀ ਹੈ। ਜੋ ਉਥੇ ਪਿੱਛੇ ਰਹਿ ਗਏ ਹਨ, ਕੀ ਉਨ੍ਹਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ? ਹਰ ਰੋਜ਼ ਹੁਨਰ-ਯਾਫਤਾ, ਵਿੱਦਿਆ-ਯਾਫਤਾ ਬੇਰੁਜ਼ਗਾਰ ਨੌਜੁਆਨ ਮੁਜਾਹਰੇ ਕਰਦੇ ਹਨ, ਟੈਂਕੀਆਂ ‘ਤੇ ਚੜ੍ਹਦੇ ਹਨ ਪਰ ਕਿਸੇ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕਦੀ।
ਡਾæ ਗਿਆਨ ਸਿੰਘ ਨੂੰ ਇਹ ਲਿਖਣਾ ਚਾਹੀਦਾ ਸੀ ਕਿ ਅਜਿਹੇ ਹੁਨਰਮੰਦਾਂ ਜਾਂ ਵਿੱਦਿਆ-ਯਾਫਤਾ ਬਾਹਰ ਆਉਣ ਵਾਲਿਆਂ ਨੂੰ ਸਰਕਾਰ ਇਹ ਕਹੇ ਕਿ ਆਹ ਪਈ ਹੈ ਪੂਰੀ ਤਨਖਾਹ ਸਮੇਤ ਨੌਕਰੀ, ਤੁਸੀਂ ਏਨੇ ਕੁ ਸਾਲ ਨੌਕਰੀ ਰਾਹੀਂ ‘ਸਰਕਾਰ’ ਅਤੇ ‘ਸਮਾਜ’ ਦੀ ਸੇਵਾ ਕਰਕੇ ਜਾ ਸਕੋਂਗੇ। ਜਿਹੜੇ ਮਾਪੇ ਵਿਦਿਆਰਥੀਆਂ ਨੂੰ ਬਾਹਰ ਭੇਜਦੇ ਹਨ, ਉਹ ਪਤਾ ਨਹੀਂ ਕਿੱਥੋਂ ਕਿੱਥੋਂ ਕਰਜ਼ੇ ਚੁੱਕਦੇ ਹਨ ਜਾਂ ਜਮੀਨਾਂ ਵੇਚਦੇ ਹਨ ਤਾਂ ਕਿ ਉਨ੍ਹਾਂ ਦੀ ‘ਰੋਟੀ’ ਸੁਰੱਖਿਅਤ ਹੋ ਸਕੇ। ਜੇ ਆਪਣੇ ਮੁਲਕ ਵਿਚ ਸੁੱਖ-ਸਹੂਲਤਾਂ, ਸੁਰੱਖਿਅਤ ਵਾਤਾਵਰਣ, ਨੌਕਰੀਆਂ ਹੋਣਗੀਆਂ ਤਾਂ ਕੋਈ ਔਖਾ ਹੋ ਕੇ ਬਾਹਰ ਵੱਲ ਕਿਉਂ ਦੌੜੇਗਾ? ਮੇਰਾ ਵੱਡਾ ਬੇਟਾ ਜਦੋਂ ਪੜ੍ਹਨ ਦੇ ਸਿਲਸਿਲੇ ਵਿਚ ਬਾਹਰ ਆਉਣ ਲੱਗਾ ਤਾਂ ਮੈਂ ਉਸ ‘ਤੇ ਜ਼ੋਰ ਪਾਇਆ ਕਿ ਉਹ ਉਥੇ ਪੰਜਾਬ ਵਿਚ ਰਹਿ ਕੇ ਹੀ ਪੜ੍ਹੇ ਤਾਂ ਉਸ ਦਾ ਮੈਨੂੰ ਇੱਕੋ ਪ੍ਰਸ਼ਨ ਸੀ ਕਿ ਮਾਂ ਕੀ ਤੁਸੀਂ ਮੈਨੂੰ ਕਿਸੇ ਟੌਹੜੇ ਜਾਂ ਬਾਦਲ ਦੀ ਸਿਫਾਰਸ਼ ਬਿਨਾ ਨੌਕਰੀ ਲੈ ਕੇ ਦੇ ਸਕਦੇ ਹੋ? ਇਸ ਦਾ ਮੇਰੇ ਕੋਲ ਕੋਈ ਉਤਰ ਨਹੀਂ ਸੀ ਕਿਉਂਕਿ ਇੱਕ ਇਸਤਰੀ ਹੋਣ ਕਰਕੇ ਮੇਰੀ ਤਾਂ ਯੂਨੀਵਰਸਿਟੀ ਵਿਚ ਪ੍ਰੋਫੈਸਰ ਹੋਣ ਦੇ ਬਾਵਜੂਦ ਏਨੀ ਪਹੁੰਚ ਵੀ ਨਹੀਂ ਸੀ ਕਿ ਮੈਂ ਕਿਸੇ ਦੀ ਸਿਫਾਰਸ਼ ਲੁਆ ਸਕਦੀ। ਮੈਂ ਤਾਂ ਇਸੇ ਘਾਟ ਕਰਕੇ ਆਪਣੀਆਂ ਬਣਦੀਆਂ ਤਰੱਕੀਆਂ ਵੀ ਆਪਣੇ ਪੁਰਸ਼ ਸਹਿਕਰਮੀਆਂ ਨਾਲੋਂ ਬਹੁਤ ਪੱਛੜ ਕੇ ਲੈ ਸਕੀ ਸਾਂ।
ਤੀਜੀ ਅਹਿਮ ਗੱਲ, “ਇਨ੍ਹਾਂ ਪਰਵਾਸੀਆਂ ਵਿਚੋਂ ਕੁਝ ਆਪਣੇ ਪਿੱਛੇ ਰਹਿ ਗਏ ਭੈਣਾਂ-ਭਾਈਆਂ ਦੀ ਜਾਇਦਾਦ ਉਪਰ ਕਾਨੂੰਨੀ ਅਤੇ ਸਮਾਜਿਕ ਤਰੀਕਿਆਂ ਨਾਲ ਕਾਬਜ਼ ਹੋ ਜਾਂਦੇ ਹਨ।” ਇਹ ਗੱਲ ਤਾਂ ਡਾæ ਗਿਆਨ ਸਿੰਘ ਨੇ ਬਿਲਕੁਲ ਉਲਟ ਕੱਢ ਮਾਰੀ। ਪਰਵਾਸੀਆਂ ਦੀਆਂ ਪਿੱਛੇ ਪੰਜਾਬ ਵਿਚ ਮਾਂ-ਬਾਪ, ਭਰਾਵਾਂ ਨੂੰ ਪੈਸੇ ਭੇਜ ਕੇ ਖਰੀਦੀਆਂ ਜਮੀਨਾਂ ਅਤੇ ਕੋਠੀਆਂ ‘ਤੇ ਉਥੋਂ ਵਾਲੇ ਭੈਣ-ਭਰਾ ਹਿੱਸਾ ਦੇਣ ਤੋਂ ਠੁੱਠ ਦਿਖਾ ਰਹੇ ਹਨ। ਅਜਿਹੇ ਇੱਕ ਨਹੀਂ, ਬਹੁਤ ਮਾਮਲੇ ਸਾਹਮਣੇ ਆਏ ਹਨ। ਕਈਆਂ ਨੂੰ ਤਾਂ ਇੱਥੋਂ ਗਿਆਂ ਨੂੰ ਫਸਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ।
ਮੇਜਰ ਕੁਲਾਰ ਬੋਪਾਰਾਏ ਨੇ ਅਜਿਹੇ ਕੇਸਾਂ ਦਾ ਖੁਲਾਸਾ ਕਈ ਵਾਰ ‘ਪੰਜਾਬ ਟਾਈਮਜ਼’ ਵਿਚ ਛਪੇ ਆਪਣੇ ਲੇਖਾਂ ਵਿਚ ਕੀਤਾ ਹੈ। ਕੁਝ ਕੇਸਾਂ ਦਾ ਤਾਂ ਮੈਨੂੰ ਵੀ ਪਤਾ ਹੈ। ਅਮਰੀਕਾ ਤੋਂ ਇੱਕ ਭਾਈ ਸਾਹਿਬ ਚਾਰ ਸਾਲ ਤੋਂ ਆਪਣੇ ਪਰਿਵਾਰ ਨੂੰ ਅਮਰੀਕਾ ਛੱਡ ਕੇ ਲੁਧਿਆਣੇ ਬੈਠੇ ਆਪਣੇ ਭਰਾ ਨਾਲ ਕੇਸ ਲੜ ਰਹੇ ਹਨ ਜਿਸ ਨੇ ਲੁਧਿਆਣੇ ਉਸ ਵੱਲੋਂ ਅਤੇ ਉਸ ਦੇ ਦੂਸਰੇ ਅਮਰੀਕਾ ਰਹਿ ਰਹੇ ਭਰਾ ਵੱਲੋਂ ਬਣਾਈ ਕੋਠੀ ਵਿਚ ਉਨ੍ਹਾਂ ਨੂੰ ਵੜਨ ਨਹੀਂ ਦਿੱਤਾ।
ਹਾਂ, ਬੋਲੀ ਪ੍ਰਤੀ ਜ਼ਰੂਰ ਚਿੰਤਾ ਵਾਲੀ ਗੱਲ ਹੈ। ਪਰ ਇਸ ਲਈ ਜਿੰਮੇਵਾਰ ‘ਪਰਵਾਸ’ ਨਹੀਂ, ਸਾਡਾ ਪੰਜਾਬੀਆਂ ਦਾ ਆਪਣੀ ਮਾਂ-ਬੋਲੀ ਪ੍ਰਤੀ ਰਵੱਈਆ ਹੈ। ਜੇ ਅਸੀਂ ਚਾਹੀਏ ਤਾਂ ਇੱਥੇ ਬੈਠੇ ਵੀ ਆਪਣੇ ਬੱਚਿਆਂ ਨੂੰ ਆਪਣੀ ਬੋਲੀ ਵਿਚ ਪਰਪੱਕ ਕਰ ਸਕਦੇ ਹਾਂ ਜਿਵੇਂ ਬਾਕੀ ਭਾਈਚਾਰਿਆਂ ਦੇ ਲੋਕ ਕਰਦੇ ਹਨ, ਜੋ ਆਪਸ ਵਿਚ ਜਾਂ ਆਪਣੇ ਬੱਚਿਆਂ ਨਾਲ ਆਪਣੀ ਬੋਲੀ ਵਿਚ ਹੀ ਗੱਲ ਕਰਦੇ ਹਨ ਅਤੇ ਬੋਲੀ ਦੀ ਸਿੱਖਿਆ ਵੀ ਜ਼ਰੂਰ ਦਿੰਦੇ ਹਨ। ਇੰਟਰਨੈਟ ਰਾਹੀਂ ਕੋਈ ਵੀ ਭਾਸ਼ਾ ਸਿੱਖ ਸਕਣੀ ਕੋਈ ਔਖਾ ਕੰਮ ਨਹੀਂ ਹੈ। ਕੈਨੇਡੀਅਨ ਸਰਕਾਰ ਨੇ ਤਾਂ ਸਰਕਾਰੀ ਪੱਧਰ ‘ਤੇ ਸਨਿਚਰਵਾਰ ਸਪੈਸ਼ਲ ਕਲਾਸਾਂ ਰਾਹੀਂ ਅਜਿਹਾ ਪ੍ਰਬੰਧ ਕੀਤਾ ਹੋਇਆ ਹੈ। ਅਸੀਂ ਪੰਜਾਬੀ ਤਾਂ ਪੰਜਾਬ ਬੈਠੇ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਸਾਡੇ ਤਥਾਕਥਿਤ ਪਬਲਿਕ ਇੰਗਲਿਸ਼ ਮਾਧਿਅਮ ਸਕੂਲਾਂ ਵਿਚ ਕਿਉਂ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਵਰਜਿਆ ਜਾਂਦਾ ਹੈ? ਕਿਉਂ ਉਹ ਅੰਗਰੇਜ਼ੀ ਜਾਂ ਹਿੰਦੀ ਵਿਚ ਹੀ ਗੱਲ ਕਰ ਸਕਦੇ ਹਨ? ਪਾਕਿਸਤਾਨ ਦੇ ਸਾਰੇ ਸੂਬਿਆਂ ਦੇ ਲੋਕ ਆਪਣੀ ਬੋਲੀ ਬੋਲਦੇ ਹਨ ਪਰ ਪੰਜਾਬੀ ਹੀ ਹਨ ਜੋ ਪੰਜਾਬੀ ਨੂੰ ਛੱਡ ਕੇ ਉਰਦੂ ਬੋਲਣਾ ਜਾਂ ਪੜ੍ਹਨਾ ਪਸੰਦ ਕਰਦੇ ਹਨ।
ਪੰਜਾਬੀ ਯੂਨੀਵਰਸਿਟੀ ਵਿਚ ਮੇਰੀ ਇੱਕ ਕੁਲੀਗ ਦੀ ਬੇਟੀ ਜਦੋਂ ਕਦੀ ਵਿਭਾਗ ਵਿਚ ਆਇਆ ਕਰੇ ਤਾਂ ਉਹ ਹਿੰਦੀ ਵਿਚ ਗੱਲ ਕਰਿਆ ਕਰੇ। ਮੈਂ ਉਸ ਨੂੰ ਪੁੱਛਿਆ ਕਿ ਤੁਹਾਡੀ ਬੇਟੀ ਹਿੰਦੀ ਕਿਉਂ ਬੋਲਦੀ ਹੈ? ਉਸ ਦਾ ਉਤਰ ਸੀ, “ਅਸੀਂ ਮਿਲਟਰੀ ਵਾਲੇ (ਉਸ ਦਾ ਪਤੀ ਮਿਲਟਰੀ ਵਿਚ ਅਫਸਰ ਸੀ) ਸਭ ਹਿੰਦੀ ਹੀ ਬੋਲਦੇ ਹਾਂ।”
-ਡਾæ ਗੁਰਨਾਮ ਕੌਰ, ਕੈਨੇਡਾ