ਵਿਆਹ ਦਾ ਕਾਰਡ

ਜੋਤਿਸ਼ੀ ਅੱਗੇ ਜੇ ਕੋਈ ਜਵਾਨ ਹੱਥ ਕੱਢ ਕੇ ਬੈਠਾ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਹਾਲੇ ਵਿਆਹਿਆ ਹੋਇਆ ਨਹੀਂ ਹੈ ਤੇ ਵਿਆਹੇ-ਵਰ੍ਹੇ ਬੰਦੇ ਜੇ ਆਪਣੀਆਂ ਪਤਨੀਆਂ ਨੂੰ ਆਪ ਜੋਤਿਸ਼ੀ ਕੋਲ ਲੈ ਕੇ ਜਾਣ ਤਾਂ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੇ ਮੁਕੰਮਲ ਪਤੀ ਬਣਨ ਦੀਆਂ ਆਸਾਂ ਮੁੱਕ ਹੀ ਗਈਆਂ ਹਨ। ਕਈ ਵਾਰ ਘਰਾਂ ਵਿਚ ਜੋਤਿਸ਼ੀ ਤੇ ਜੋਤਿਸ਼ ਆਪ ਚੱਲ ਕੇ ਗਏ ਹੁੰਦੇ ਹਨ ਪਰ ਘਰ ਦਿਆਂ ਮਾਲਕਾਂ ਨੂੰ ਭੇਦ ਬੜੀ ਦੇਰ ਬਾਅਦ ਅਖਬਾਰਾਂ ਦੀਆਂ ਸੁਰਖੀਆਂ ‘ਚੋਂ ਲੱਭਦੇ ਹਨ। ਅਸਲ ਵਿਚ ਹਾਲੇ ਵੀ ਕਈ ਮੂਰਖ ਇਸ ਉਡੀਕ ਵਿਚ ਹਨ ਕਿ ਕਰੇਲੇ ਮਿੱਠੇ ਹੋਣ ਲੱਗ ਪੈਣਗੇ। ਹੁਣ ਆਸਾਰ ਏਦਾਂ ਦੇ ਵੀ ਬਣਦੇ ਜਾ ਰਹੇ ਹਨ ਕਿ ਵਿਆਹ ਦੇ ਕਾਰਡ ‘ਤੇ ਤਾਂ ਲਾੜੇ ਦਾ ਨਾਂ ਹੁੰਦੈ, ਮੁਕਲਾਵਾ ਕੋਈ ਹੋਰ ਹੀ ਲੈ ਜਾਂਦੈ।

ਵਿਦੇਸ਼ਾਂ ‘ਚ ਕਈ ‘ਭੋਲੇ ਪੰਛੀਆਂ’ ਨਾਲ ਅਜਿਹੀ ਕੁਪੱਤ ਵਾਹਵਾ ਹੋ ਚੁਕੀ ਹੈ। ਜਦੋਂ ਦੀਆਂ ਘੋਨ-ਮੋਨ ਸਿਰਾਂ ‘ਤੇ ਵੀ ਕਲਗੀਆਂ ਸਜਾਈਆਂ ਜਾਣ ਲੱਗੀਆਂ ਹਨ, ਸਿਹਰੇ ਸਜਾਉਣ ਦਾ ਰਿਵਾਜ ਹੀ ਨਹੀਂ ਮੁੱਕਿਆ ਸਗੋਂ ਕੁੜੀਆਂ ਮੁੰਡਿਆਂ ਨੂੰ ਡੋਲੀ ‘ਚ ਬਿਠਾ ਕੇ ਲਿਆਉਣ ਨੂੰ ਵੀ ਕਾਹਲੀਆਂ ਹੋ ਰਹੀਆਂ ਹਨ। ਕੈਸਾ ਯੁੱਗ ਆ ਗਿਆ ਹੈ ਕਿ ਚਾਲੀ ਕੁ ਟੱਪ ਕੇ ਜ਼ਿਆਦਾਤਰ ਪਤਨੀ ਪਤੀ ਨਾਲ ਨਹੀਂ, ਪਤੀ ‘ਤੇ ਹੱਸ ਰਹੀ ਹੁੰਦੀ ਹੈ। ਇਹੀ ਕਾਰਨ ਹੈ ਕਿ ਕਈ ਵਾਰ ਪਤੀ ਦੀ ਬਿਮਾਰੀ ਦੇ ਲੱਛਣ ਡਾਕਟਰ ਨੂੰ ਰੋਗੀ ਤੋਂ ਪੁੱਛਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ‘ਦਿਨ ਰਾਤ ਡੱਫਦੈ, ਕੱਖ ਨ੍ਹੀਂ ਛੱਡਦਾ, ਚਾਲ-ਚਲਣ ਇਹਦੇ ਨਾਲੋਂ ਘਰ ‘ਚ ਰੱਖੇ ਕੁੱਤੇ ਦਾ ਚੰਗਾ, ਫੁੱਟ ਗਈ ਕਿਸਮਤ, ਚੂਹਾ ਜਿਹਾ ਰਾਤ ਨੂੰ ਕੁਸਕਦਾ ਨ੍ਹੀਂ, ਦਿਨ ਨੂੰ ਦਾਰਾ ਸਿਹੁੰ ਬਣਿਆ ਰਹਿੰਦੈæææ।’ ਜਦੋਂ ਦੇ ਕੁਨੈਕਸ਼ਨ ਡਾਇਰੈਕਟ ਹੋਣ ਲੱਗੇ ਨੇ, ਵਿਚੋਲੇ ਜਾਂਦੇ ਲੱਗੇ ਹਨ। ਪਹਿਲਾਂ ‘ਲਵ’ ਚਿੰਬੜਦੈ, ਫਿਰ ‘ਵਿਆਹ’ ਹੁੰਦੈ ਪਰ ਇਨ੍ਹਾਂ ‘ਚ ਕਈ ਗ੍ਰਹਿਸਥ ਦੇ ਪਹਿਲੇ ‘ਟੇਸ਼ਨ ‘ਤੇ ਉਤਰ ਰਹੇ ਨੇ ਜਾਂ ਫਿਰ ਲਵ ਮੈਰਿਜ ਕਰਵਾਉਣ ਵਾਲੇ ਜੋਤਿਸ਼ੀਆਂ ਕੋਲੋਂ ਪਿਆਰ ਦਾ ਤਵੀਤ ਭਾਲਦੇ ਨੇ। ਖੈਰ! ਵਿਆਹ ਵੀ ਹੋਈ ਜਾਂਦੇ ਨੇ ਤੇ ਵਿਆਹ ਦੇ ਕਾਰਡ ਵੀ ਛਪੀ ਜਾਂਦੇ ਨੇ!

ਐਸ਼ ਅਸ਼ੋਕ ਭੌਰਾ
ਕੋਈ ਮੰਨੇ ਜਾਂ ਨਾ ਪਰ ਸੱਚ ਇਹ ਹੈ ਕਿ ਵਿਆਹ ਅਸਲ ‘ਚ ਇਕ ਲੱਤ ਨਾਲ ਨੱਚਣ ਦਾ ਅਭਿਆਸ ਹੀ ਹੈ ਜਾਂ ਏਦਾਂ ਕਿ ਦੋ ਕਿਰਦਾਰ ਗ੍ਰਹਿਸਥ ਦੀ ਗੱਡੀ ਨੂੰ ਖਿੱਚਦਿਆਂ ਪਿਆਰ ਦੀ ਬੁੱਕਲ ਲੈ ਕੇ ਝਗੜਨ ਦਾ ਹੀ ਰੰਗਮੰਚ ਸਿਰਜਦੇ ਹਨ। ਚਲੋ, ਵਿਆਹ ਦੀ ਗੱਲ ਕਿਤੇ ਫੇਰ ਕਰਾਂਗੇ ਪਰ ਵਿਆਹ ਨਾਲ ਜੋ ਹੋਰ ਬਹੁਤ ਕੁਝ ਜੁੜਿਆ ਹੋਇਆ ਹੈ, ਉਹਦੇ ਇਕ ਪਹਿਲੂ ਤੋਂ ਇੱਥੇ ਗੱਲ ਕਰਦੇ ਹਾਂ। ਰਿਸ਼ਤੇਦਾਰਾਂ, ਮਿੱਤਰਾਂ-ਦੋਸਤਾਂ ਅਤੇ ਸਾਕ-ਸਬੰਧੀਆਂ ਨੂੰ ਜਾਂਝੀ, ਮੇਲੀ ਅਤੇ ਰੌਣਕਾਂ ਦਾ ਛੱਰਾਟਾ ਵਰ੍ਹਾਉਣ ਲਈ ਜੋ ਸੱਦਾ ਦਿੱਤਾ ਜਾਂਦਾ ਹੈ, ਉਹਨੂੰ ਵਿਆਹ ਦਾ ਕਾਰਡ ਕਿਹਾ ਜਾਂਦਾ ਹੈ ਤੇ ਵਰਤਮਾਨ ਯੁੱਗ ਦੀ ਵਿਕਸਿਤ ਨਿਸ਼ਾਨੀ ਹੈ। ਪਰ ਜਦੋਂ ਪ੍ਰਿੰਟਿੰਗ ਮਸ਼ੀਨਾਂ ਨਹੀਂ ਸਨ ਆਈਆਂ, ਜਦੋਂ ਹੋਰ ਸੰਚਾਰ ਸਾਧਨ ਆਮ ਲੋਕਾਂ ਦੀ ਪਹੁੰਚ ਵਿਚ ਨਹੀਂ ਸਨ, ਉਦੋਂ ਪੱਛਮੀ ਸੱਭਿਅਤਾ ਵਿਚ ਰਿਵਾਜ ਸੀ, ਪਈ ਵਿਆਹ ਵਾਲੇ ਘਰ ਦਾ ਕੋਈ ਮੈਂਬਰ ਗਲੀਆਂ ‘ਚ ਉਚੀ ਉਚੀ ਰੌਲਾ ਪਾਉਂਦਾ ਹੁੰਦਾ ਸੀ, “ਮੇਰੇ ਪੁੱਤ ਦਾ ਵਿਆਹ ਹੈ, ਧੀ ਦਾ ਵਿਆਹ ਹੈ, ਜ਼ਰੂਰ ਆਇਓ।”
ਬਰਤਾਨੀਆ ‘ਚ ਇਹ ਪ੍ਰਥਾ ਬਹੁਤ ਚਿਰ ਚੱਲਦੀ ਰਹੀ। ਫਿਰ ਪੰਜਾਬੀ ਸੁਭਾਅ ‘ਚ ਇਸ ਵਿਆਹ ਦੇ ਕਾਰਡ ਦਾ ਪਹਿਲਾ ਨਾਂ ‘ਗੱਠ’ ਹੁੰਦਾ ਸੀ। ਉਦੋਂ ਲਾਗੀ ਜਾਂ ਨਾਈ ਸਾਕ-ਸਬੰਧੀਆਂ ‘ਚ ਪੈਦਲ ਚੱਲ ਕੇ, ਸਾਈਕਲ ‘ਤੇ ਮੌਲੀ ਦਾ ਧਾਗਾ ਤੇ ਨਾਲ ਜ਼ੁਬਾਨੀ ਦੱਸ ਪਾਉਂਦਾ ਸੀ ਕਿ ਫਲਾਣੇ ਦਾ ਵਿਆਹ ਜੇਠ ਚੌਦਾਂ, ਹਾੜ ਪੰਦਰਾਂ ਨੂੰ ਪੱਕਾ ਹੋ ਗਿਆ ਹੈ, ਸਾਰੇ ਜੀਆ ਜੰਤ ਨਾਲ ਪਹੁੰਚੋ। ਘਰ ਦੇ ਫਿਰ ਟਕਾ, ਧੇਲੀ ਜਾਂ ਰੁਪੱਈਆ ਜਾਂ ਲਾਗੀ ਨੂੰ ਵਸਤਰ ਵੀ ਦਿੰਦੇ। ਸੰਚਾਰ ਸਾਧਨ ਵਿਕਸਿਤ ਹੋਏ, ਪਿੰ੍ਰਟਿੰਗ ਮਸ਼ੀਨਾਂ ਆਈਆਂ ਤੇ ਫਿਰ ਵਿਆਹ ਦੇ ਕਾਰਡ ਛਪਣ ਲੱਗ ਪਏ। ਫਿਰ ਇਹ ਸੱਦਾ ਵਿਆਹ ਦੇ ਕਾਰਡਾਂ ‘ਚ ਬਦਲ ਗਿਆ। ਇਸ ਵੇਲੇ ਵਿਆਹ ਦੇ ਕਾਰਡ ਆਪੋ ਆਪਣੀ ਸਮਰੱਥਾ ਮੁਤਾਬਿਕ ਤਿਆਰ ਕਰਵਾਏ ਜਾਂਦੇ ਹਨ।
ਸਟੀਲ ਕਾਰੋਬਾਰੀ ਤੇ ਦੁਨੀਆਂ ਦੇ ਅਮੀਰ ਲੋਕਾਂ ‘ਚ ਗਿਣੇ ਜਾਂਦੇ ਲਕਸ਼ਮੀ ਮਿੱਤਲ ਨੇ ਜਦੋਂ ਧੀ ਦਾ ਵਿਆਹ ਬ੍ਰਸਲਜ਼ (ਬੈਲਜੀਅਮ) ਦੇ ਮਹਿਲਾਂ ਵਿਚ ਕੀਤਾ ਤਾਂ ਕਾਰਡ ਦੇ ਨਾਲ ਚਾਂਦੀ ਦਾ ਮਹਿੰਗਾ ਤੋਹਫਾ ਵੀ ਦਿੱਤਾ। ਆਮ ਲੋਕ ਹੁਣ ਕਾਰਡ ਨਾਲ ਲੱਡੂ, ਵੱਡੇ ਲੋਕ ਵਧੀਆ ਮਠਿਆਈਆਂ ਤੇ ਹੋਰ ਵੱਡੇ ਲੋਕ ਮਹਿੰਗੇ ਡਰਾਈਫਰੂਟ ਵੀ ਦਿੰਦੇ ਹਨ। ਸੱਚ ਇਹ ਹੈ ਕਿ ‘ਵਿਆਹ ਦਾ ਕਾਰਡ’ ਅੱਜ ਦੁਨੀਆਂ ਭਰ ਵਿਚ ਇਕ ਮੁਕੰਮਲ ਕਾਰੋਬਾਰ ਸਮਝਿਆ ਜਾਂਦਾ ਹੈ। ਇਸ ਕਾਰਡ ਨੂੰ ਸ਼ਿੰਗਾਰਨ ਤੇ ਖੂਬਸੂਰਤ ਬਣਾਉਣ ਦੇ ਬੜੇ ਤਰੀਕੇ ਲੱਭ ਲਏ ਗਏ ਹਨ।
ਇਸ ਵਿਆਹ ਦੇ ਕਾਰਡ ਦੀ ਵਿਥਿਆ ਮੇਰੀ ਜ਼ਿੰਦਗੀ ‘ਚੋਂ ਕਦੇ ਮਨਫੀ ਨਹੀਂ ਹੋਈ। ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਸੜਕ ‘ਤੇ ਮਾਹਿਲਪੁਰ ਤੋਂ ਅੱਗੇ ਸੜਕ ਵਿਚਾਲੇ ਪਈ ਇਕ ਨੌਜਵਾਨ ਦੀ ਲਾਸ਼, ਗੁੱਟ ਨਾਲ ਬੰਨ੍ਹੇ ਗਾਨੇ, ਹੱਥਾਂ ਨੂੰ ਲੱਗੀ ਮਹਿੰਦੀ ਤੇ ਨੇੜੇ ਡਿੱਗਿਆ ਪਿਆ ਵਿਆਹ ਦਾ ਕਾਰਡ-ਇਹ ਦੱਸਦਾ ਸੀ ਕਿ ਇਹ ਕਿਸੇ ਵਿਆਹ ਵਾਲੇ ਘਰ ਦਾ ਗੱਭਰੂ ਪੁੱਤ ਹੈ। ਬਹੁਤ ਸਾਰੇ ਲੋਕ ਗੁਜ਼ਰ ਰਹੇ ਸਨ। ਜਿਸ ਪਾਸੇ ਵੱਲ ਉਸ ਨੌਜਵਾਨ ਦਾ ਸਕੂਟਰ ਡਿੱਗਿਆ ਹੋਇਆ ਸੀ, ਉਧਰਲੇ ਪਾਸੇ ਹੀ ਮੈਂ ਵੀ ਆਪਣਾ ਸਕੂਟਰ ਖੜ੍ਹਾ ਕਰ ਭੀੜ ਦਾ ਹਿੱਸਾ ਬਣ ਗਿਆ। ਪੁਲਿਸ ਪਹੁੰਚੀ ਅਤੇ ਵਿਆਹ ਦੇ ਕਾਰਡ ਤੋਂ ਪਤਾ ਲੱਭ ਲਿਆ ਗਿਆ। ਆਮ ਲੋਕਾਂ ਲਈ ਇਹ ਗੱਲ ਇੱਥੇ ਹੀ ਖਤਮ ਹੋ ਗਈ ਸੀ। ਪਰ ਇਹ ਕਹਾਣੀ ਇਸ ਜਗ੍ਹਾ ਤੋਂ ਕੋਈ ਬਹੁਤੀ ਦੂਰ ਦੀ ਨਹੀਂ ਸੀ। ਗੱਭਰੂ ਦਾ ਅਗਲੇ ਦਿਨ ਵਿਆਹ ਹੋਣਾ ਸੀ, ਵਾਜੇ-ਗਾਜੇ ਨਾਲ ਜੰਞ ਚੜ੍ਹਨੀ ਸੀ ਜੋ ਇਕ ਮੁਰਦਾ ਸਰੀਰ ਬਣ ਚੁਕਾ ਸੀ।
ਸਮਾਂ ਕੋਈ ਸਵੇਰੇ ਅੱਠ ਕੁ ਵਜੇ ਦਾ ਹੋਵੇਗਾ। ਮੈਂ ਇਸ ਦਰਦ ਭਰੀ ਵਿਥਿਆ ‘ਚ ਜਾਣ ਦੀ ਕੋਸ਼ਿਸ਼ ਕੀਤੀ ਤੇ ਜੋ ਮੈਂ ਜਾਣਿਆ, ਉਹ ਇਹ ਸੀ ਕਿ ਇਸ ਗੱਭਰੂ ਦਾ ਕਿਸੇ ਕੁੜੀ ਨਾਲ ਪਿਆਰ ਚੱਲ ਰਿਹਾ ਸੀ। ਪਾੜਾ ਗਰੀਬੀ ਤੇ ਅਮੀਰੀ ਦਾ ਸੀ। ਮੁੰਡਾ ਕਲਰਕ ਸੀ। ਕੁੜੀ ਪੀਐਚæਡੀæ ਸੀ ਤੇ ਨੌਕਰੀ ਕਰਦੀ ਸੀ। ਵਾਅਦੇ ਜ਼ਿੰਦਗੀ ਨਿਭਾਉਣ ਦੇ ਹੋਏ ਪਰ ਤੋੜ ਨਾ ਚੜ੍ਹੇ। ਅਮੀਰ ਮਾਪਿਆਂ ਨੇ ਧੀ ਦੀ ਇਕ ਨਾ ਸੁਣੀ। ਇਹ ਵੀ ਹੋਇਆ ਕਿ ਕੁੜੀ ਦੇ ਭਰਾਵਾਂ ਨੇ ਗੱਭਰੂ ਨੂੰ ਕਈ ਵਾਰ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ। ਆਖਰ ਇਕਲੌਤੇ ਪੁੱਤ ਦੇ ਗਰੀਬ ਮਾਂ-ਬਾਪ ਨੇ ਵਿਚ ਵਿਚਾਲੇ ਕੁਝ ਸਿਆਣੇ ਬੰਦਿਆਂ ਨੂੰ ਪਾ ਕੇ ਪੁੱਤਰ ਦਾ ਮੁੱਖ ਉਸ ਅਮੀਰ ਕੁੜੀ ਤੋਂ ਆਪਣੇ ਘਰ ਵੱਲ ਮੋੜ ਲਿਆ। ਰਿਸ਼ਤਾ ਨਵੇਂ ਥਾਂ ਹੋਇਆ ਤੇ ਵਿਆਹ ਦਾ ਦਿਨ ਮੁਕੱਰਰ ਹੋ ਗਿਆ। ਦੇਰ ਰਾਤ ਮਾਈਆਂ ਵਟਣਾ ਲੱਗਾ, ਘੋੜੀਆਂ ਗਾਈਆਂ ਗਈਆਂ ਤੇ ਦਸ ਕੁ ਵਜੇ ਇਹ ਵਿਆਹੁੰਦੜ ਮੁੰਡਾ ਸਕੂਟਰ ਚੁੱਕ ਕੇ ਘਰੋਂ ਨਿਕਲਿਆ ਤਾਂ ਮਾਂ ਨੇ ਕਿਹਾ, ਪੁੱਤ ਤੇਰਾ ਸਾਹਾ ਬੰਨ੍ਹਿਆ ਹੋਇਆ, ਤੂੰ ਘਰ ਤੋਂ ਬਾਹਰ ਨਹੀਂ ਜਾਣਾ। ਪਰ ਪੁੱਤ ਨੇ ਮਾਂ ਦੀ ਨਾ ਮੰਨੀ। ਇਹ ਕਹਿ ਕੇ ਚਲਾ ਗਿਆ ਕਿ ਮੈਂ ਪਿੰਡ ਹੀ ਕਿਸੇ ਦੇ ਘਰ ਜਾ ਰਿਹਾ ਹਾਂ। ਅਸਲ ‘ਚ ਉਸੇ ਪ੍ਰੇਮਿਕਾ ਨੇ ਇਸ ਗਰੀਬੜੇ ਨੂੰ ਇਹ ਤਾਅਨਾ ਮਾਰ ਕੇ ਬੁਲਾਇਆ ਸੀ, “ਤੂੰ ਪਿਆਰ ਤਾਂ ਤੋੜ ਨਾ ਚੜ੍ਹਾ ਸਕਿਆ, ਸਹੁੰਆਂ ਨਾ ਨਿਭਾ ਸਕਿਆ, ਵਾਅਦਿਆਂ ਤੋਂ ਵੀ ਮੁੱਕਰ ਗਿਐਂ, ਤੂੰ ਕਿਸੇ ਹੋਰ ਦਾ ਬਣਨ ਜਾ ਰਿਹਾਂ। ਤੈਨੂੰ ਲੱਖ ਮੁਬਾਰਕ! ਪਰ ਚੰਦਰਿਆ ਮੈਂ ਆ ਤਾਂ ਸਕਦੀ ਨ੍ਹੀਂ ਸੀ, ਤੂੰ ਵਿਆਹ ਦਾ ਕਾਰਡ ਹੀ ਦੇ ਜਾਂਦਾ। ਜੇ ਮੇਰੇ ਲਈ ਤੇਰੇ ਮਨ ‘ਚ ਹਾਲੇ ਵੀ ਕੋਈ ਥਾਂ ਹੈ, ਤਾਂ ਪਰਸੋਂ ਨੂੰ ਜੰਞ ਚੜ੍ਹਨੀ ਆ, ਮੈਨੂੰ ਆਪਣੇ ਵਿਆਹ ਦੇ ਕਾਰਡ ਦੀ ਸ਼ਕਲ ਤਾਂ ਦਿਖਾ ਜਾਈਂ।”
ਇਹ ਕੁਝ ਪੁਲਿਸ ਨੂੰ ਗੱਭਰੂ ਦੇ ਫੋਨ ਵਿਚ ਰਿਕਾਰਡ ਹੋਏ ਮੈਸੇਜ ਤੋਂ ਪਤਾ ਲੱਗਿਆ ਸੀ। ਤਫਤੀਸ਼ ਦੌਰਾਨ ਇਸ ਗਰੀਬ ਮਾਂ-ਬਾਪ ਨਾਲ ਸਭ ਤੋਂ ਵੱਡੇ ਹੋਏ ਧੱਕੇ ਦਾ ਖੁਲਾਸਾ ਹੋਇਆ। ਪ੍ਰੇਮਿਕਾ ਨੇ ਕਾਰਡ ਦੇਣ ਦੇ ਬਹਾਨੇ ਉਸ ਨੂੰ ਘਰ ਸੱਦਿਆ। ਰਸਤੇ ‘ਚ ਆਪਣੇ ਭਰਾਵਾਂ ਤੋਂ ਕਤਲ ਕਰਵਾਇਆ ਤੇ ਟਰੈਕਟਰ-ਟਰਾਲੀ ਉਪਰੋਂ ਲੰਘਾ ਕੇ ਉਸ ਨੂੰ ਦੁਰਘਟਨਾ ਦਾ ਨਾਂ ਦੇ ਦਿੱਤਾ ਗਿਆ। ਪੰਜਾਬ ਦੇ ਇਕ ਬਿਰਧ ਆਸ਼ਰਮ ਵਿਚ ਸ਼ਗਨਾਂ ਦੇ ਗਾਨੇ ਬੰਨ੍ਹੀ ਅਣਿਆਈ ਮੌਤ ਮਰੇ ਪੁੱਤਰ ਦੀ ਯਾਦ ‘ਚ ਵਿਲਕਦਾ ਬਾਪ ਚੀਕ ਚਿਹਾੜਾ ਪਾਉਂਦਾ, “ਓ ਕੋਈ ਮੇਰਾ ਦਰਸ਼ਨ ਲੱਭ ਕੇ ਲਿਆ ਦਿਓ, ਮੈਂ ਉਸ ਨੂੰ ਵਿਆਹ ਤਾਂ ਲਵਾਂ। ਉਹਦੀ ਮਾਂ ਤਾਂ ਚਲੀ ਗਈ ਹੈ, ਹੁਣ ਮੈਂ ਪਾਣੀ ਵੀ ਆਪ ਹੀ ਵਾਰ ਲਵਾਂਗਾ।” ਤੇ ਧਾਹੀਂ ਰੋਂਦਾ, ਦੁਹੱਥੜੀ ਪਿੱਟਦਾ ਇਹ ਬਦਕਿਸਮਤ ਬਾਪ ਮਹੀਨੇ ‘ਚ ਕਈ ਕਈ ਵਾਰ ਬੇਹੋਸ਼ ਹੁੰਦਾ ਹੈ। ਉਸ ਨੌਜਵਾਨ ਦੀ ਲਾਸ਼ ਤੇ ਵਿਆਹ ਦਾ ਕਾਰਡ ਮੇਰੀਆਂ ਅੱਖਾਂ ਅੱਗਿਓਂ ਵਾਰ ਵਾਰ ਗੁਜ਼ਰਦੇ ਹੀ ਰਹਿੰਦੇ ਹਨ।
ਗੱਲ ਪੰਜਾਬ ਦੇ ਕਾਲੇ ਦੌਰ ਦੀ ਹੈ। ਇਕ ਵਿਆਹ ਲਈ ਛਪਿਆ ਜਲੰਧਰ ਦੀ ਪ੍ਰੈਸ ‘ਚੋਂ ਇਕ ਬੜਾ ਮਹਿੰਗਾ ਕਾਰਡ। ਹਿਮਾਚਲ ਦੀਆਂ ਪਹਾੜੀਆਂ ਨਾਲ ਲੱਗਦੇ ਪੰਜਾਬ ਦੇ ਇਕ ਪਿੰਡ ਦਾ ਵਾਕਿਆ। ਕਾਰਡ ਨਾਲ ਬਾਲੂਸ਼ਾਹੀ ਦੇ ਡੱਬੇ। ਮਿਲਟਰੀ ਬੈਂਡ ਦੀਆਂ ਧੁਨਾਂ। ਬਰਾਤ ਵਿਆਹੁਣ ਲਈ ਤੁਰੀ, ਖਾਂਦੇ-ਪੀਂਦੇ ਘਰ ‘ਚੋਂ ਗਈ ਬਰਾਤ, ਔਰਤਾਂ ਦੇ ਮਹਿੰਗੇ ਕੱਪੜੇ, ਹੱਥਾਂ ‘ਤੇ ਮਹਿੰਦੀ, ਪੂਰਾ ਹਾਰ ਸ਼ਿੰਗਾਰ, ਗੱਡੀ ‘ਚੋਂ ਉਤਰ ਕੇ ਲਾੜਾ ਘੋੜੀ ‘ਤੇ ਚੜ੍ਹਿਆ। ਹਾਲੇ ਵਾਜੇ ਦੀ ਪਹਿਲੀ ਧੁਨ ਹੀ ਨਿਕਲੀ ਸੀ ਕਿ ਨਾਲ ਹੀ ਨਿਕਲ ਆਏ ਚਾਰ ਨੌਜਵਾਨ, ਮੂੰਹ ਢਕੇ ਹੋਏ, ਹੱਥਾਂ ‘ਚ ਹਥਿਆਰ, “ਵਜਾਉਂਦੇ ਆਂ ਤੁਹਾਡਾ ਵਾਜਾ, ਠਹਿਰੋ ਜ਼ਰਾ, ਤੁਹਾਨੂੰ ਸਾਡਾ ਹੁਕਮ ਨਹੀਂ ਸੀ ਪਤਾ ਕਿ ਬਰਾਤ ਨਾਲ ਪੰਜ ਬੰਦੇ ਹੀ ਜਾਣਗੇ?”
ਲਾੜਾ ਘੋੜੀ ਤੋਂ ਲਾਹ ਲਿਆ। ਲਾੜੀ ਦਾ ਪਰਿਵਾਰ ਤੇ ਰਿਸ਼ਤੇਦਾਰ ਅੰਦਰ ਵੜ੍ਹ ਗਏ। ਮਿਲਣੀ ਵਾਲੀਆਂ ਗੱਠਾਂ ਵੀ ਨਾਲ ਹੀ ਚੁੱਕ ਕੇ ਲੈ ਗਏ ਤੇ ਕਰੀਬ ਸਵਾ ਕੁ ਸੌ ਬੰਦੇ ਦੀ ਬਰਾਤ ਨੂੰ ਜਿਸ ਕੰਮ ਲਈ ਲਾ ਦਿੱਤਾ ਗਿਆ, ਇਉਂ ਲੱਗਦਾ ਸੀ, ਜਿਵੇਂ ਕਿਸੇ ਨੇ ਹੱਥ ਤਾਂ ਫੁੱਲਾਂ ਨੂੰ ਪਾਇਆ ਹੋਵੇ ਪਰ ਅੱਗਿਓਂ ਖੜੱਪਾ ਨਾਗ ਨਿਕਲ ਆਇਆ ਹੋਵੇ। ਪੋਹ ਦੀ ਠੰਡ ਤੇ ਪਿੰਡ ਦੀ ਫਿਰਨੀ ਨਾਲ ਤਿੰਨ ਚਾਰ ਫੁੱਟ ਉਚਾ ਗੋਹੇ ਦਾ ਢੇਰ। ਸਾਰੇ ਲਾ ਲਏ ਪਾਥੀਆਂ ਪੱਥਣ, ਬਖਸ਼ਿਆ ਇਹ ਸੀ ਕਿ ਚਲੋ ਲਾੜੇ ਨੂੰ ਕੰਧ ‘ਤੇ ਬੈਠਣ ਦਾ ਮੌਕਾ ਦੇ ਦਿੱਤਾ ਕਿ ਉਸ ਤੋਂ ਪਾਥੀਆਂ ਦੀ ਸੇਵਾ ਨਹੀਂ ਲਈ ਗਈ। ਨੌਂ ਵਜੇ ਪਿੰਡ ਢੁੱਕੀ ਬਾਰਾਤ ਦੁਪਹਿਰ ਦੇ ਖਾਣੇ ਵੇਲੇ ਤੱਕ ਪਾਥੀਆਂ ਹੀ ਪੱਥਦੀ ਰਹੀ। ਇੰਜ ਮਹਿੰਦੀ ਵਾਲੇ ਹੱਥਾਂ ਨੂੰ ਗੋਹੇ ਦਾ ਪਲੇਥਣ ਵੀ ਲੱਗਦਾ ਰਿਹਾ। ਸਿਰਫ ਦਸ ਜਣਿਆਂ ਨੂੰ ਹੀ ਵਿਆਹ ਦੇ ਸਮਾਗਮ ਵਿਚ ਸ਼ਾਮਿਲ ਹੋਣ ਦੀ ਛੋਟ ਦੇ ਕੇ ਬਾਕੀਆਂ ਨੂੰ ਪਿੰਡ ਦੇ ਬਸੀਮੇ ਤੱਕ ਦੌੜਾ ਕੇ ਬਾਹਰ ਕੱਢਿਆ ਗਿਆ। ਜਾਣ ਲੱਗੇ ਵਿਆਹੁੰਦੜ ਦੇ ਹੱਥ ‘ਚ ਉਹਦਾ ਹੀ ਮਹਿੰਗਾ ਕਾਰਡ ਫੜਾ ਕੇ ਉਹ ਚਾਰੇ ਏæਕੇæ ਸੰਤਾਲੀ ਦਾ ਮੂੰਹ ਉਹਦੇ ਵੱਲ ਸਿੱਧਾ ਕਰਕੇ ਕਹਿਣ ਲੱਗੇ, ਯਾਦ ਰੱਖੇਂਗਾ ਕਿ ਕਾਰਡ ਤਾਂ ਸੋਨੇ ਰੰਗ ਦੇ ਛਪਾਏ ਸੀ ਪਰ ਆਪ ਲਹੂ ਲੁਹਾਣ ਹੋਣ ਤੋਂ ਬਚ ਗਿਆਂ।
ਇਨ੍ਹਾਂ ਵਾਕਿਆਤ ਤੋਂ ਕੁਝ ਹੀ ਦਿਨਾਂ ਬਾਅਦ ਜੰਞ ਚੜ੍ਹਨ ਦੀ ਮੇਰੀ ਵੀ ਵਾਰੀ ਸੀ। ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਸੀ। ਬਰਾਤ ‘ਚ ਵੱਡੀ ਗਿਣਤੀ ‘ਚ ਗਾਉਣ ਵਾਲਿਆਂ ਤੇ ਗਾਉਣ ਵਾਲੀਆਂ ਨੇ ਸ਼ਾਮਿਲ ਹੋਣਾ ਸੀ। ਚਲੋ ਸੰਪਰਕ ਸੂਤਰ ਬਣਾ ਕੇ ਬਚਾ ਤਾਂ ਕਰ ਲਿਆ ਪਰ ਸ਼ਾਮ ਤੱਕ ਦਿਲ ਨੂੰ ਧੁੜਕੂ ਧੁੜਕੂ ਏਦਾਂ ਲੱਗਦੀ ਰਹੀ ਜਿਵੇਂ ਡਾਕਟਰ ਕਈ ਵਾਰ ਮਰਨ ਵਾਲੇ ਮਰੀਜ਼ ਦੇ ਪਰਿਵਾਰ ਨੂੰ ਕਹਿੰਦੇ ਨੇ, “ਸੇਵਾ ਕਰ ਲਓ, ਹੁਣ ਤਾਂ ਕੁਝ ਘੜੀਆਂ ਦਾ ਹੀ ਪ੍ਰਾਹੁਣਾ ਹੈ” ਤੇ ਰੋਗੀ ਸ਼ਾਮ ਨੂੰ ਉਠ ਕੇ ਭੰਗੜਾ ਪਾਉਣ ਲੱਗ ਪਵੇ, ਤਾਂ ਇਹ ਨਜ਼ਾਰਾ ਕੁਝ ਵੱਖਰੀ ਹੀ ਕਿਸਮ ਦਾ ਹੁੰਦਾ ਹੈ।
ਉਂਜ ਵੱਖਰੀ ਗੱਲ ਇਹ ਸੀ ਮੇਰੇ ਵਿਆਹ ਦਾ ਕਾਵਿਕ ਕਾਰਡ ਜਲੰਧਰ ਤੋਂ ਤਾਂ ਨਹੀਂ, ਲੁਧਿਆਣੇ ਤੋਂ ਛਪਿਆ ਸੀ। ਉਨ੍ਹਾਂ ਦਿਨਾਂ ‘ਚ ਇਸ ਕਾਰਡ ਦੀ ਸ਼ਬਦਾਵਲੀ ਕਿਸੇ ਮਾੜੇ ਗੀਤ ਜਿੰਨੀ ਪ੍ਰਸਿੱਧੀ ਖੱਟ ਗਈ ਸੀ। ਪ੍ਰੈਸ ਵਾਲਿਆਂ ਦੇ ਦੱਸਣ ਮੁਤਾਬਿਕ ਸੈਂਕੜੇ ਪਰਿਵਾਰਾਂ ਨੇ ਮੁੰਡੇ-ਕੁੜੀ ਦਾ ਨਾਂ-ਥਾਂ ਬਦਲ ਕੇ ਇੰਨ-ਬਿੰਨ ਉਹੀ ਕਾਰਡ ਵੰਡਿਆ ਸੀ। ਬਰਾਤਾਂ ਰੋਕਣ ਦੇ ਦੌਰ ‘ਚ ਇਸ ਕਾਰਡ ਦਾ ਪ੍ਰਸਾਰ ਜ਼ਰੂਰ ਹੋ ਗਿਆ ਸੀ। ਨਾ ਇਹ ਦਿਨ ਭੁੱਲਦੇ ਨੇ, ਨਾ ਉਹ ਵਾਕਿਆ ਭੁੱਲਦਾ ਹੈ। ਕਈ ਵਾਰ ਸੋਚਦਾ ਹਾਂ ਕਿ ਮਾੜੇ ਦੌਰ ‘ਚੋਂ ਚੰਗੇ ਭਲੇ ਨਿਕਲ ਆਏ ਹਾਂ। ਪਰ ਵਿਆਹ ਦਾ ਲੱਡੂ ਮੇਰਾ ਵੀ ਬਾਕੀਆਂ ਵਾਂਗ ਹੀ ਭੁਰਦਾ ਹੈ। ਜਿਨ੍ਹਾਂ ਨੇ ਖਾ ਲਿਆ, ਉਨ੍ਹਾਂ ਦੀ ਜੀਭ ਸੁਆਦ ਨਾਲ ਰੱਜ ਗਈ ਹੈ, ਜਿਨ੍ਹਾਂ ਨੇ ਖਾਣਾ ਹੈ, ਉਹ ਜੀਭ ਨੂੰ ਵਾਰ ਵਾਰ ਅੰਦਰ-ਬਾਹਰ ਕਰੀ ਜਾ ਰਹੇ ਨੇ। ਚਲੋ ਰਾਜੇ-ਮਹਾਰਾਜੇ ਕੱਪੜਿਆਂ ‘ਤੇ ਸੱਦਾ-ਪੱਤਰ ਭੇਜਦੇ ਰਹੇ ਨੇ, ਆਮ ਲੋਕ ਲਾਗੀਆਂ ਰਾਹੀਂ ਤੇ ਹੁਣ ਇਹ ਥਾਂ ਵਧੀਆ ਕਿਸਮ ਦੇ ਕਾਰਡਾਂ ਨੇ ਲੈ ਲਈ ਹੈ। ਪਰ ਗ੍ਰਹਿਸਥ ਦੀ ਗੱਡੀ ਦੇ ਪਹੀਏ ਸਫਰ ਸ਼ੁਰੂ ਹੁੰਦਿਆਂ ਹੀ ਲੀਹੋਂ ਲੱਥਣੇ ਸ਼ੁਰੂ ਹੋ ਜਾਂਦੇ ਨੇ।
ਇਨ੍ਹਾਂ ਦਿਨਾਂ ‘ਚ ਹੀ ਇਕ ਗੀਤ ਆਇਆ ਸੀ ਕਿ ‘ਤੇਰੇ ਵਿਆਹ ਦਾ ਕਾਰਡ ਪੜ੍ਹ ਕੇ ਤਾਂ ਐਵੇਂ ਹੀ ਦਿਲ ਭਰ ਆਇਆ ਸੀ’ ਤੇ ਮੈਂ ਜਦੋਂ ਵੀ ਵਿਆਹ ਦਾ ਕਾਰਡ ਵੇਖਦਾ ਹਾਂ ਤਾਂ ਦਿਲ ਤਾਂ ਨਹੀਂ ਭਰਦਾ ਪਰ ਹੋਰ ਬੜਾ ਕੁਝ ਉਛਲਣ ਲੱਗ ਪੈਂਦਾ ਹੈ।
_____________________
ਗੱਲ ਬਣੀ ਕਿ ਨਹੀਂ?
ਐਸ਼ ਅਸ਼ੋਕ ਭੌਰਾ
ਲੁੱਚਪੁਣੇ ਦਾ ਬਿਸਤਰਾ
ਕੂੰਜਾਂ ਧਾਹਾਂ ਮਾਰਨ ਲੱਗੀਆਂ ਹੋ ਗਿਆ ਬਾਗ ਵੀਰਾਨ।
ਨਬਜ਼ ਖਲੋ ਗਈ ਅਬਲਾ ਦੀ ਬਸ ਨਹੀਂ ਨਿਕਲਦੀ ਜਾਨ।
ਨਾ ਕੋਈ ਦੀਨ ਇਮਾਨ ਰਹਿ ਗਿਆ ਨਾ ਕੋਈ ਸ਼ਰਮ ਹਯਾ।
ਇਕ ਦੂਜੇ ਨੂੰ ਪੁੱਛਣ ਲੋਕੀਂ ਹੋਇਆ ਕੀ ਏ ਆਹ?
ਮਰ ਮਰ ਜਾਣ ਸਿਆਣੇ ਬੰਦੇ ਵੇਖ ਨੇਤਾ ਦੇ ਰੰਗ,
ਚਿੱਟੀ ਦਾੜ੍ਹੀ ਧੌਲਾ ਝਾਟਾ ਕਿੱਲੀ ਟੰਗ’ਤੀ ਸੰਗ।
ਸੱਚ ਕਹਾਣੀ, ਝੂਠਾ ਬੰਦਾ, ਮੂੰਹ ਹੋ ਗਿਆ ਬੰਦ।
ਕੈਮਰਾ ਅੱਗ ਉਗਲਦਾ ਸੱਚੀਂ, ਵੇਖ ਨ੍ਹੀਂ ਹੁੰਦਾ ਗੰਦ।
ਲੰਗੋਟੀ ਖੁੱਲ੍ਹ ਗਈ ਪਾਪਾਂ ਦੀ ਪਈ ਸਿਰ ਸੁਆਹ,
ਚਾਰ ਚੁਫੇਰੇ ਉਠਿਆ ਧੂੰਆਂ, ਕਿੱਦਾਂ ਆਵੇ ਸਾਹ?
ਕਿੱਥੇ ਛੱਡਦਾ ਹਲਕਿਆ ਕੁੱਤਾ, ਮੂੰਹ ਵਿਚ ਆਇਆ ਹੱਡ।
ਹੱਦਾਂ ਟੱਪੀਆਂ ਸਾਰੀਆਂ ਹੁਣ ਅੱਗੇ ਆ ਗਈ ਖੱਡ।
ਰਾਜਨੀਤੀ ਦਾ ਗਰਕਿਆ ਬੇੜਾ ਕਦੋਂ ਆਏਗਾ ਰਾਸ?
ਚਿੱਕੜ ਵਿਚੋਂ ਨਿਕਲਣ ਦੀ ਹੁਣ ਕਿੱਥੇ ਬੱਝਦੀ ਆਸ?
ਬੇਸ਼ਰਮੀ ਤੇ ਲੁੱਚਪੁਣੇ ਦਾ ਬਿਸਤਰਾ ਲਿਆ ਵਿਛਾਅ,
ਤਾਂ ਫਿਰ ਸੁਣਦੀ ਬੇਵੱਸ ਦੀ ਹੁਣ ਨਿਕਲੀ Ḕਭੌਰੇ’ ਧਾਹ।